Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਗ--ਬਲਬੀਰ ਕੌਰ ਸੰਘੇੜਾ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਅੱਗ--ਬਲਬੀਰ ਕੌਰ ਸੰਘੇੜਾ
ਮੈਂ ਬੈਂਕ ਵਿਚ ਕੰਮ ਕਰਦੀ ਸਾਂ, ਜਿੱਥੇ ਮੇਰਾ ਵਾਹ ਹਰ ਤਰ੍ਹਾਂ ਦੇ ਲੋਕਾਂ ਨਾਲ਼ ਪੈਂਦਾ ਸੀ। ਬੈਕਾਂ ਵਿਚ ਹਰ ਕੋਈ ਆਉਂਦਾ ਜਾਂਦਾ ਹੈ। ਹਰ ਇਕ ਨਾਲ਼ ਹੀ ਇਕ ਕਿਸਮ ਦੀ ਸਾਂਝ ਰੱਖਣੀ ਪੈਂਦੀ ਹੈ। ਕਦੀ-ਕਦੀ ਤਾਂ ਕਸਟਮਰਾਂ ਨਾਲ਼ ਰਲ ਕੇ ਬੈਠਣਾ ਵੀ ਪੈਂਦਾ ਹੈ। ਉਨ੍ਹਾਂ ਨਾਲ਼ ਕੰਮ ਕਰਦੇ ਸਮੇਂ ਗੱਪ-ਸ਼ੱਪ, ਬੋਲ-ਚਾਲ, ਗੱਲਾਂ-ਬਾਤਾਂ, ਫਾਰਮਾਂ ਦੀ ਭਰ-ਭਰਾਈ, ਕਿੰਨਾ ਹੀ ਨਿੱਕ-ਸੁੱਕ ਜਿਹਾ ਰਲਿਆ ਹੁੰਦਾ ਹੈ। ਜਦੋਂ ਉਹ ਕਸਟਮਰ ਤੁਰ ਜਾਂਦਾ ਹੈ ਤਾਂ ਹੱਥ ਵਿਚ ਰਹਿ ਜਾਂਦੇ ਹਨ ਕਾਗਜ਼, ਜਾਂ ਫੇਰ ਉਨ੍ਹਾਂ ਤੇ ਲਿਖੀ ਹੋਈ ਜਾਣਕਾਰੀ। ਉਨ੍ਹਾਂ ਦੇ ਜਾਣ ਬਾਦ ਨਾ ਤਾਂ ਉਹ ਬੰਦੇ ਹੀ ਚੇਤੇ ਰਹਿੰਦੇ ਹਨ ਤੇ ਨਾ ਹੀ ਗੱਲਾਂ। ਚੇਤੇ ਰਹਿੰਦਾ ਹੈ, ਸਿਰਫ਼ ਕਰਾਇਆ ਗਿਆ ਕੰਮ ਅਤੇ ਜਾਂ ਫੇਰ ਅੱਗੋਂ ਕਰਨ ਵਾਲਾ ਕੰਮ, ਕਿੱਥੇ ਫਾਰਮ ਭੇਜਣੇ ਹਨ, ਤੇ ਇਨ੍ਹਾਂ ਭਰੇ ਹੋਏ ਫਾਰਮਾਂ ਨਾਲ਼ ਗਾਹਕ ਨੂੰ ਕੀ ਮਿਲਿਆ ਜਾਂ ਬੈਂਕ ਨੂੰ ਕੀ ਨਫ਼ਾ ਹੋਇਆ ਵਗੈਰਾ-ਵਗੈਰਾ।

ਬੱਸ ਇਸੇ ਤਰ੍ਹਾਂ ਦੀ ਇਕ ਬੈਠਕ ਸੀ, ਜਦੋਂ ਕਿਸੇ ਔਰਤ ਨੇ ਆਪਣੇ ਆਦਮੀ ਨੂੰ ਮੇਰੇ ਕੋਲ ਬੈਠੇ ਹੋਏ ਦੇਖ ਲਿਆ। ਉਹ ਵੀ ਕੋਈ ਕੰਮ ਕਰਵਾਉਣ ਬੈਂਕ ਵਿਚ ਆਈ ਹੋਈ ਸੀ। ਉਹ ਆਪਣੇ ਆਦਮੀ ਨੂੰ ਮੇਰੇ ਕੋਲ ਬੈਠਾ ਵੇਖ ਕੇ ਅੱਗ ਭਬੂਕਾ ਹੋ ਗਈ ਸੀ। ਬਾਹਰ ਰੀਸੈਪਸ਼ਨ ਵਿਚ ਉਹ ਰੌਲੀ ਪਾਉਂਦੀ ਹੋਈ ਆਖ ਰਹੀ ਸੀ, 'ਮੈਂ ਹੁਣੇ ਹੀ ਉਸ ਅੰਦਰ ਬੈਠੀ ਕੁੜੀ ਨੂੰ ਮਿਲਣਾ ਹੈ। ਉਹ ਜਿਹੜਾ ਆਦਮੀ ਅੰਦਰ ਬੈਠਾ ਹੈ, ਮੈਂ ਉਸ ਬਾਰੇ ਉਸਨੂੰ ਜਾਣਕਾਰੀ ਦੇਣੀ ਹੈ ਕਿ ਉਹ ਕਿਸ ਤਰ੍ਹਾਂ ਦਾ ਲੁੱਚਾ ਤੇ ਕਮੀਨਾ ਆਦਮੀ ਹੈ। ਮੈਂ ਉਸਨੂੰ ਚੰਗੀ ਤਰ੍ਹਾਂ ਜਾਣਦੀ ਹਾਂ ... ਕਿਉਂਕਿ ਉਹ ਮੇਰਾ ਖਸਮ ਏ। ਮੈਂ ਜਾਣਦੀ ਹਾਂ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਏ ... ਮੈਂ ਜਾਣਦੀ ਹਾਂ ... ਤੇ ਮੈਂ ਜਾਣਦੀ ਹਾਂ ... ।'

ਸਾਰਾ ਸਟਾਫ਼ ਉਸਦੀ ਇਸ ਬੇਹੂਦਗੀ ਤੋਂ ਪਰੇਸ਼ਾਨ ਹੋ ਗਿਆ ਸੀ। ਬੈਂਕ ਦੀ ਟੈਲਰ ਨੇ ਮੈਨੇਜਰ ਨੂੰ ਸੱਦ ਲਿਆਂਦਾ ਸੀ ਤੇ ਉਸ ਨੇ ਸਕਿਊਰਿਟੀ ਬੁਲਾ ਕੇ ਉਸ ਔਰਤ ਨੂੰ ਬਾਹਰ ਭੇਜ ਦਿੱਤਾ। ਭਲਾ ਬੈਂਕ ਕਿਵੇਂ ਝੱਲ ਲਵੇ ਇਸ ਤਰ੍ਹਾਂ ਦਾ ਸ਼ੋਰ-ਸ਼ਰਾਬਾ? ਉਨ੍ਹਾਂ ਨੂੰ ਆਪਣੇ ਇਮੇਜ਼ ਦਾ ਵੀ ਖਿਆਲ ਹੁੰਦਾ ਏ।

... ਤੇ ਉਹ ਔਰਤ ਸਿਰ ਖਪਾ-ਖਪਾ ਕੇ ਚਲੀ ਗਈ। ਸ਼ਾਪਿੰਗ ਮਾਲ ਵਿਚ ਬੈਂਕ ਦੇ ਆਲੇ-ਦੁਆਲੇ ਕਿੰਨਾ ਚਿਰ ਬੁੜ-ਬੁੜ ਕਰਦੀ ਤੁਰੀ ਫਿਰਦੀ ਰਹੀ। ਜਦੋਂ ਥੱਕ ਗਈ ਤਾਂ ਉਹ ਘਰ ਨੂੰ ਚਲੇ ਗਈ।

ਦੂਜੀ ਸਵੇਰ ਮੇਰੇ ਘਰ, ਮੇਰਾ ਟੈਲੀਫੋਨ ਖੜਕਿਆ। ਮੈਂ ਜਦੋਂ ਹੈਲੋ ਆਖਿਆ ਹੀ ਸੀ ਤਾਂ ਉਹ ਔਰਤ ਤੇਜ਼-ਤੇਜ਼ ਕੁਝ ਬੋਲ ਰਹੀ ਸੀ। ਮੇਰੀ ਸਮਝ ਵਿਚ ਕੁਝ ਨਹੀਂ ਸੀ ਪੈ ਰਿਹਾ ਤੇ ਮੈਂ ਰੌਂਗ ਨੰਬਰ ਆਖ ਕੇ ਟੈਲੀਫੋਨ ਦਾ ਰਸੀਵਰ ਠੱਪ ਦੇਣੀ ਰੱਖ ਦਿੱਤਾ।

ਉਸਨੇ ਫੇਰ ਫੋਨ ਡਾਇਲ ਕੀਤਾ। ... ਤੇ ਮੈਂ ਫੇਰ ਰੌਂਗ ਨੰਬਰ ਆਖ ਕੇ ਫੋਨ ਰੱਖ ਦਿੱਤਾ। ਮੇਰੇ ਮਨ ਵਿਚ ਇਕ ਸੋਚ ਧੂਣੀ ਧੁਖਾ ਬੈਠੀ ਸੀ। ਇਹ ਔਰਤ ਕੌਣ ਹੈ? ਕਿਉਂ ਮੈਨੂੰ ਫੋਨ ਕਰਦੀ ਹੈ? ਕੀ ਕਹਿਣਾ ਚਾਹੁੰਦੀ ਹੈ? ਮੈਨੂੰ ਹੀ ਕਿਉਂ? ਕਿੱਥੋਂ ਇਸਨੇ ਮੇਰਾ ਫੋਨ ਨੰਬਰ ਲਿਆ ਹੋਵੇਗਾ?

ਮੱਥੇ ਦੀ ਸੋਚ ਵਿਚ ਸਵਾਲ-ਦਰ-ਸਵਾਲ ਉੱਕਰੀ ਜਾ ਰਹੇ ਸਨ। ... ਤੇ ਹਰ ਖੜਕਦੀ ਘੰਟੀ ਤੋਂ ਮੈਨੂੰ ਡਰ ਲਗ ਰਿਹਾ ਸੀ। ਨਾ ਜਾਣੇ ਕੌਣ ਹੋਵੇਗੀ? ਬਥੇਰੇ ਸਿਰ ਫਿਰੇ ਲੋਕ ਹਨ ਅੱਜ ਕਲ। ਅੱਜ ਦੀ ਜ਼ਿੰਦਗੀ ਨੇ ਸ਼ਾਇਦ ਦਿਮਾਗੀ ਸੰਤੁਲਨ ਗੁਆ ਦਿੱਤੈ ਹੋਣੈ? ... ਕਿੰਨੇ ਹੀ ਕੇਸ ਸੁਣਦੇ ਹਾਂ ਟੀ.ਵੀ. 'ਤੇ, ਕਿ ਕਿਵੇਂ ਲੋਕ, ਦੂਜੇ ਲੋਕਾਂ ਨੂੰ ਸਟਾਕਿੰਗ (ਲੁਕ-ਛਿੱਪ ਕੇ ਪਿੱਛਾ ਕਰਨਾ) ਕਰਦੇ ਰਹਿੰਦੇ ਹਨ। ਜਿਸਦਾ ਪਿੱਛਾ ਕੀਤਾ ਜਾਂਦਾ ਹੈ, ਉਸ ਵਲੋਂ ਕੋਈ ਹੁੰਘਾਰਾ ਨਾ ਮਿਲਣ ਤੇ ਉਹ, ਉਸ ਹੀ ਇਨਸਾਨ ਨੂੰ ਮਾਰ ਵੀ ਦਿੰਦੇ ਹਨ। ਇਹ ਪੱਛਮ ਦੇ ਦੇਸ਼ਾਂ ਵਿਚ ਕਿਸੇ ਅਪਣੱਤ ਦੀ ਸਾਂਝ ਲਈ ਤੜਪ, ਵਧੀ ਹੋਈ ਤਨਹਾਈ, ਪ੍ਰੀਵਾਰਕ ਜੀਵਨ ਟੁੱਟ-ਭੱਜ ਦੇ ਕਾਰਨ, ਤੇ ਜਾਂ ਕਿਸੇ-ਨਾ-ਕਿਸੇ ਸਖਸ਼ ਨਾਲ਼ ਸਬੰਧਤ ਹੋਣ ਲਈ ਜਾਂ ਆਪਣਾ ਨਾਤਾ ਜੋੜਨ ਦੇ ਲਈ, ਇਸ ਤਰ੍ਹਾਂ ਦੀ ਹਰਕਤ ਕਰਦੇ ਹਨ।

ਮੈਂ ਸੋਚ ਰਹੀ ਸਾਂ ਇਹ ਸਭ ਕੁਝ। ਮੈਨੂੰ ਪਤਾ ਕੁਝ ਨਹੀਂ ਸੀ ਲਗ ਰਿਹਾ। ਖਿਆਲਾਂ ਦੀ ਤੰਦੋ-ਤਾਣੀ ਉਲਝਦੀ ਹੀ ਜਾ ਰਹੀ ਸੀ।

ਦੋ-ਚਾਰ ਦਿਨ ਇਸੇ ਤਰ੍ਹਾਂ ਬੀਤ ਗਏ। ਉਸਨੇ ਕਈ ਵੇਰਾਂ ਫੋਨ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕੋਈ ਨਵੀਂ ਮੁਸੀਬਤ ਗਲ ਨਹੀਂ ਸਾਂ ਪਾਉਣੀ ਚਾਹੁੰਦੀ। ਸੋਚਦੀ ਸਾਂ ਕਿੱਧਰੇ ਇਹ ਹੀ ਨਾ ਹੋਵੇ ਕਿ ਜਾਹ ਜਾਂਦੀਏ ਮੇਰੇ ਵਿਹੜੇ ਫੇਰਾ ਪਾਉਂਦੀ ਜਾਈਂ। ਉਂਜ ਮਨ ਦੀ ਕਿਸੇ ਨੁੱਕਰੇ ਉਸ ਲਈ ਹਮਦਰਦੀ ਵੀ ਸੀ। ਉਸ ਦੀ ਆਵਾਜ਼ ਵਿਚ ਇਕ ਦਰਦ ਸੀ, ਦਰਦ ਦੀ ਆਹਟ ਸੀ, ਅੰਦਰ ਦੱਬੇ ਹੋਏ ਸ਼ੋਰ ਦੀ ਸਰਸਰਾਹਟ ਸੀ।

... ਤੇ ਫੇਰ ਕਈ ਦਿਨ ਮੇਰਾ ਟੈਲੀਫੋਨ ਖੜਕਿਆ ਹੀ ਨਾ। ਮੈਂ ਵੀ ਸੋਚਿਆ, ਸ਼ਾਇਦ ਉਹ ਆਪ ਹੀ ਸੋਚ-ਸਮਝ, ਥੱਕ-ਹਾਰ ਕੇ ਚੁੱਪ ਕਰ ਗਈ ਹੋਵੇਗੀ।

ਉਸ ਤੋਂ ਕੁਝ ਦਿਨ ਬਾਦ, ਉਹ ਮੈਨੂੰ ਅਪਾਇੰਟਮੈਂਟ ਬਣਾ ਕੇ ਮਿਲਣ ਬੈਂਕ ਵਿਚ ਹੀ ਆ ਗਈ। ਮੈਂ ਉਸਨੂੰ ਨਾ ਪਹਿਚਾਣਦੀ ਸਾਂ ਤੇ ਨਾ ਹੀ ਜਾਣਦੀ ਸਾਂ। ਉਹ ਮੇਰੇ ਕੈਬਿਨ ਵਿਚ ਜਦੋਂ ਵੜੀ ਤਾਂ ਬੜੀ ਹੀ ਸੱਜੀ-ਫੱਬੀ, ਉਧੇੜ-ਉਮਰ ਦੀ ਔਰਤ, ਮੋਟਾ-ਠੁੱਲਾ ਸਰੀਰ, ਗੋਰਾ-ਚਿੱਟਾ ਰੰਗ, ਮੇਕਅੱਪ ਨਾਲ਼ ਲੱਥ-ਪੱਥ, ਅੱਖਾਂ ਵਿਚ ਕਜਲੇ ਦੀ ਧਾਰ, ਚੁੰਨੀ ਮੋਢੇ 'ਤੇ ਸਿੱਟੀ ਹੋਈ ਤੇ ਉਹ 'ਤਾਵਲੀ-'ਤਾਵਲੀ ਅੰਦਰ ਆ ਕੇ ਕੁਰਸੀ ਵਿਚ ਧੜੱਮ ਕਰਦੀ ਬੈਠ ਗਈ।

ਉਸਨੇ ਆਉਂਦੀ ਨੇ ਹੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਬੋਲਣ ਢੰਗ ਤੋਂ ਉਹ ਚੰਗੀ, ਸਲੀਕੇ ਵਾਲੀ ਔਰਤ ਜਾਪਦੀ ਸੀ।

ਮੈਂ, ਉਸਦੇ ਆਉਣ ਦੇ ਮਕਸਦ ਨੂੰ ਪੁੱਛਣ ਲਈ ਹਾਲੀਂ ਸੋਚ ਹੀ ਰਹੀ ਸਾਂ ਜਦੋਂ ਨੂੰ ਉਹ ਆਪ ਹੀ ਬੋਲ ਪਈ, "ਮੇਰਾ ਨਾਂ ਸੰਤੋਸ਼ ਏ ਜੀ। ਮੈਂ ਘਰ ਤੁਹਾਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਰੌਂਗ ਨੰਬਰ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ।" ਆਖ ਉਹ ਚੁੱਪ ਹੋ ਗਈ।

ਪਤਾ ਨਹੀਂ ਕਿਉਂ, ਉਸ ਵਲੋਂ ਆਪਣੀ ਜਾਣ-ਪਛਾਣ ਕਰਾਉਣ ਨਾਲ਼, ਮੇਰੀ ਕੋਠੀ ਧੜਕੀ। ਪਰ ਮੈਂ ਨਜ਼ਰ ਉਸ ੳੁੱਤੇ ਟਿਕਾਈ ਰੱਖੀ ਤੇ ਆਪਣੇ ਅੰਦਰਲੇ ਬਦਲਦੇ ਹਾਵ-ਭਾਵ ਨੂੰ ਆਪਣੇ ਚਿਹਰੇ 'ਤੇ ਨਾ ਆਉਣ ਦਿੱਤਾ। ਮੈਂ ਵੱਡਾ ਸਾਰਾ ਜੇਰਾ ਕਰਕੇ ਉਸਨੂੰ ਆਖਿਆ, "ਮੇਰਾ ਖਿਆਲ ਹੈ, ਮੈਂ ਆਪਨੂੰ ਜਾਣਦੀ ਨਹੀਂ ਹਾਂ? ਕੀ ਤੁਸੀਂ ਮੇਰੇ ਨਾਲ਼ ਕੋਈ ਗੱਲ ਕਰਨੀ ਹੈ ਜਾਂ ਬੈਂਕ ਦਾ ਕੋਈ ਕੰਮ ਹੈ?"

ਮੇਰਾ ਮਨ ਅੰਦਰੋਂ ਉਂਜ ਡਰੂੰ-ਡਰੂੰ ਕਰੀ ਜਾ ਰਿਹਾ ਸੀ। ਮੇਰੀ ਨਜ਼ਰ ਬਾਹਰਲੇ ਸਟਾਫ਼ ਤੇ ਘੁੰਮ ਰਹੀ ਸੀ ਤਾਂਕਿ ਮੈਂ ਕਿਸੇ ਨੂੰ ਲੋੜ ਪੈਣ ਵੇਲੇ ਮਦਦ ਲਈ ਸੱਦ ਸਕਾਂ। ਮੇਰੇ ਹੱਥ ਆਪ-ਮੁਹਾਰੇ ਮੇਰੇ ਡੈਸਕ ਦੇ ਹੇਠਾਂ ਲੱਗੇ ਹੋਏ ਇਕ ਬਟਨ ਤੇ ਜਾ ਰੁਕੇ। ਇਹ ਐਮਰਜੈਂਸੀ ਬਟਨ ਸੀ ਜਿਸਨੂੰ ਦੱਬਣ ਨਾਲ਼ ਮੈਂ ਬਾਹਰਲੀ ਮਦਦ ਲੈ ਸਕਦੀ ਸਾਂ। ਪਰ ਮੇਰੇ ਵਿਚ ਉਹ ਬਟਨ ਦਬਾਉਣ ਦਾ ਜਿਵੇਂ ਜੇਰਾ ਜਿਹਾ ਨਾ ਪਿਆ। ਜੇ ਕਰ ਪੰਜਾਬੀ ਔਰਤ ਦੀ ਥਾਂਹ ਹੋਰ ਕੋਈ ਔਰਤ ਹੁੰਦੀ, ਜਿਵੇਂ ਗੋਰੀ ਜਾਂ ਕਾਲੀ ਤਾਂ ਸ਼ਾਇਦ ਬਟਨ ਛੇਤੀਂ ਦੱਬਿਆ ਜਾਂਦਾ। ਇਹ ਵੀ ਮੇਰੇ ਅੰਦਰ ਛੁਪਿਆ ਹੋਇਆ ਕਿਸੇ ਕਿਸਮ ਦਾ ਭੇਦ-ਭਾਵ ਹੋਵੇਗਾ। ਵਰਨਾ ਮੇਰੇ ਹੱਥ ਇਸ ਤਰ੍ਹਾਂ ਨਾ ਰੁਕਦੇ। ਉਂਜ ਮੈਂ ਆਪਣਾ ਹੱਥ ਬਟਨ ਦੇ ਉੱਤੇ ਟਿਕਾਈ ਰੱਖਿਆ।

"ਬੈਂਕ ਦਾ ਕੰਮ ਵੀ ਹੈ ... ਸੋਚਿਆ ਤੁਸੀਂ ਆਪਣੀ ਬੋਲੀ ਵਿਚ ਚੰਗੀ ਗੱਲ ਕਰ ਲਵੋਗੇ। ਮਾੜੀ-ਮੋਟੀ ਅੰਗ੍ਰੇਜ਼ੀ ਤਾਂ ਮੈਂ ਬੋਲ ਲੈਂਦੀ ਹਾਂ, ਪਰ ਫੇਰ ਵੀ ਘੋਟ-ਘੋਟ ਕੇ ਬੋਲਦਿਆਂ ਹੋਇਆਂ, ਉੱਕ ਹੀ ਜਾਈਦਾ ਹੈ। ਦੂਸਰਾ, ਤੁਹਾਨੂੰ ਉਂਜ ਵੀ ਮਿਲ਼ਣਾ ਸੀ।"

ਮੈਂ ਬੈਂਕ ਦੇ ਕੰਮ ਬਾਰੇ ਤਾਂ ਜਿਵੇਂ ਸੁਣਿਆ ਹੀ ਨਹੀਂ ... “ਉਂਜ ਵੀ ਮਿਲ਼ਣਾ ਸੀ ਦੇ ਚੱਕਰ ਵਿਚ ਮੈਂ ਉਲਝ ਗਈ। ਇਸਨੇ ਮੈਨੂੰ ਕਿਉਂ ਮਿਲਣਾ ਸੀ? ਕੌਣ ਹੈ ਇਹ ਔਰਤ? ਕਿਉਂ ਮੇਰੇ ਮਗਰ-ਮਗਰ ਫਿਰ ਰਹੀ ਏ? ਮੈਨੂੰ ਇਉਂ ਭਾਸਿਆ ਜਿਵੇਂ ਮੇਰੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਟਪਕ ਪਈਆਂ ਹੋਣ ਤੇ ਮਨ ਵਿਚ ਘਬਰਾਹਟ ਜਿਹੀ ਹੋਣ ਲਗ ਪਈ ਹੋਵੇ। ਮੈਂ ਆਪਣੇ ਹੀ ਮਨ ਨੂੰ ਵਾਰ-ਵਾਰ ਸਮਝਾ ਰਹੀ ਸਾਂ। ਆਪਣੇ ਮਨ ਦੀ ਤਨਹਾਈ ਨੂੰ ਵੀ, ਮੈਂ ਉਸਤੋਂ ਲੁਕਾ ਰਹੀ ਸਾਂ।

ਉਸਨੇ ਬੈਠੀ ਨੇ ਗੱਲ ਤੋਰੀ, "ਮੈਂ ਤਾਂ ਜੀ, ਤੁਹਾਨੂੰ ਜਾਣਦੀ ਵੀ ਨਹੀਂ। ਪਰ ਉਸ ਦਿਨ ਮੈਂ ਆਪਣੇ ਖਸਮ ਨੂੰ ਤੁਹਾਡੇ ਕੋਲ ਬੈਠੇ ਹੋਏ ਵੇਖਿਆ ਤਾਂ ਪਤਾ ਨਹੀਂ ਕਿਉਂ ਇਕ ਕ੍ਰੋਧ ਮੇਰੇ ਅੰਦਰ ਉਠ ਖੜੋਤਾ। ਸੋਚਿਆ, ਤੁਹਾਨੂੰ ਉਸ ਮਰਦ ਬਾਰੇ ਦੱਸ ਹੀ ਦਿਆਂ।"

"ਤੁਸੀਂ ਆਪਣੇ ਮਰਦ ਬਾਰੇ ਮੈਨੂੰ ਕਿਉਂ ਦੱਸਣਾ ਚਾਹੁੰਦੇ ਹੋ? ਤੁਹਾਨੂੰ ਇਹ ਤਾਂ ਪਤਾ ਹੀ ਏ ਕਿ, ਇਹ ਇਕ ਬੈਂਕ ਏ। ਇੱਥੇ ਤਾਂ ਭਾਂਤ-ਸੁਭਾਂਤੇ ਬੰਦੇ ਆਉਂਦੇ ਹਨ। ਆਉਂਦੇ ਹਨ ਅਤੇ ਆਪਣਾ ਕੰਮ ਕਰਾ ਕੇ ਚਲੇ ਜਾਂਦੇ ਹਨ। ਪਰ ਉਨ੍ਹਾਂ ਬੰਦਿਆਂ ਨਾਲ਼ ਸਾਡਾ ਕੀ ਨਾਤਾ? ਜਿਹੜਾ ਵੀ ਤੁਹਾਡਾ ਆਦਮੀ ਹੈ ... ਸਾਡਾ ਤਾਂ ਉਹ ਸਿਰਫ਼ ਕਸਟਮਰ ਹੈ, ਉਸ ਦੀ ਨਿੱਜੀ ਜ਼ਿੰਦਗੀ ਨਾਲ਼ ਸਾਡਾ ਕੀ ਵਾਹ? ਸਾਡੇ ਲਈ, ਸਾਡੇ ਸਾਰੇ ਹੀ ਗਾਹਕ ਇਕੋ ਜਿਹੇ ਹਨ। ਤੁਸੀਂ ਹੋਵੋਂ ਜਾਂ ਤੁਹਾਡਾ ਮਰਦ ਹੋਵੇ ਜਾਂ ਕੋਈ ਹੋਰ ਹੋਵੇ, ਸਾਨੂੰ ਕੀ ਫ਼ਰਕ ਪੈਂਦਾ ਹੈ।" ਮੈਂ ਸਭ ਕੁਝ ਇਕੋ ਸਾਹੇ ਕੁਝ-ਕੁ ਗਰਮ ਜਿਹੀ ਹੁੰਦੀ ਨੇ ਆਖ ਦਿੱਤਾ। ਮੈਨੂੰ ਇੰਜ ਭਾਸਿਆ ਜਿਵੇਂ ਮੈਂ ਉਸਨੂੰ ਕਿਸੇ ਫਿਲਮ ਦਾ ਘਟੀਆ ਜਿਹਾ ਡਾਇਲਾਗ ਬੋਲ ਕੇ ਆਖ ਰਹੀ ਹੋਵਾਂ ਕਿ ‘ਇੱਥੇ ਤਾਂ ਬਹੁਤ ਲੋਕ ਆਉਂਦੇ ਹਨ। ਮੈਨੂੰ ਆਪਣੇ ਹੀ ਬੋਲਾਂ ਤੋਂ ਨਫ਼ਰਤ ਜਿਹੀ ਵੀ ਹੋਈ।

ਉਹ ਮੈਨੂੰ ਹਦਾਇਤ ਦਿੰਦੀ ਹੋਈ ਬੋਲੀ, "ਭੈਣਾਂ! ਇਹ ਤੂੰ ਭੁੱਲ ਕਰਦੀ ਏਂ ... ਜਿਹੜਾ ਉਹ ਮੇਰਾ ਮਰਦ ਸੀ, ਤੁਹਾਡੇ ਕੋਲ ਬੈਠਾ ਹੱਸ ਰਿਹਾ ਸੀ, ਇਕ ਮੀਸਣੀ ਜਿਹੀ ਮੁਸਕਾਨ, ਉਸਨੂੰ ਮੈਂ ਵਰ੍ਹਿਆਂ ਤੋਂ ਜਾਣਦੀ ਹਾਂ। ਮੈਂ ਉਸਦੀਆਂ ਜ਼ਲੀਲ ਹਰਕਤਾਂ ਨੂੰ ਵੀ ਜਾਣਦੀ ਹਾਂ। ਤੁਸੀਂ ਇਕ ਪੰਜਾਬੀ ਔਰਤ ਹੋ, ਇਸ ਲਈ ਮੈਂ ਆਪਣਾ ਫਰਜ਼ ਸਮਝਦੀ ਹਾਂ ਤੁਹਾਨੂੰ ਸੁਚੇਤ ਕਰਾਂ। ਤੁਸੀਂ ਨਹੀਂ ਜਾਣਦੇ, ਉਹ ਮਰਦ ਜਿਸ ਦੇ ਕੋਲ ਦੀ ਵੀ ਲੰਘ ਜਾਵੇ ਉਸਨੂੰ ਬਦਨਾਮੀ ਤੋਂ ਬਿਨਾਂ ਕੁਝ ਨਹੀਂ ਦੇ ਕੇ ਜਾਵੇਗਾ। ਹਰ ਉਸ ਔਰਤ ਦੇ ਦਾਮਨ ਤੇ ਉਸਨੇ ਦਾ ਲਾਇਆ ਹੈ ਜਿਸ ਨਾਲ਼ ਉਸਨੇ ਹੱਸ ਕੇ ਗੱਲ ਕੀਤੀ ਹੈ। ਇਸੇ ਲਈ ਮੈਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੀ ਸੀ।" ਉਸਨੇ ਵੀ ਸਭ ਕੁਝ ਜਿਵੇਂ ਇਕੱਠਾ ਹੀ ਆਖ ਦਿੱਤਾ। ਤੇ ਮੇਰੀ ਭਲਾਈ ਬਾਰੇ ਚਿੰਤਾ ਵੀ ਦੱਸ ਦਿੱਤੀ।

"ਪਰ ਭੈਣ ਜੀ! ਸਾਡੇ ਕੋਲ ਤਾਂ ਇਸ ਤਰ੍ਹਾਂ ਹਜ਼ਾਰਾਂ ਲੋਕ ਆਉਂਦੇ ਹਨ, ਇਕ ਤੁਹਾਡੇ ਮਰਦ ਦਾ ਹੀ ਡਰ ਕਿਉਂ? ਉਸ ਬਾਰੇ ਹੀ ਤੁਹਾਨੂੰ ਚਿੰਤਾ ਕਿਉਂ?"

"ਵਕਤ ਹੈ ਤਾਂ ਸਭ ਕੁਝ ਦੱਸ ਦਿੰਦੀ ਹਾਂ ... ਆਖੋ ਤਾਂ ਫੇਰ ਦੱਸ ਦਿਆਂਗੀ। ਉਸ ਆਦਮੀ ਨੇ ਮੇਰਾ ਜੀਵਨ ਨਸ਼ਟ ਕੀਤਾ ਹੈ। ਮੇਰਾ ਹੀ ਨਹੀਂ ... ਮੇਰੀ ਧੀ ਦਾ ਜੀਵਨ ਵੀ ਨਸ਼ਟ ਕੀਤਾ ਹੈ।"

"ਇਹ ਬੈਂਕ ਹੈ ਭੈਣ ਜੀ, ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਡੇ ਨਾਲ਼ ਬਹੁਤੀ ਦੇਰ ਗੱਲ ਨਹੀਂ ਕਰ ਸਕਾਂਗੀ। ਲਿਆਓ ਕਿਸ ਕੰਮ ਆਏ ਹੋ, ਪਹਿਲਾਂ ਉਹ ਕਰ ਲਈਏ।"

ਉਸਨੇ ਆਰ.ਐਸ.ਪੀ. (Retired Saving Plan) ਦੇ ਫਾਰਮ ਮੇਰੇ ਮੋਹਰੇ ਰੱਖ ਦਿੱਤੇ। ਇਹ ਫਾਰਮ ਹਰ ਵਰ੍ਹੇ ਲੋਕ ਭਰ ਕੇ ਇਸ ਪਲੈਨ ਵਿਚ ਪੈਸੇ ਜਮ੍ਹਾਂ ਕਰਾ ਦਿੰਦੇ ਹਨ ਜਿਸਦੇ ਕਾਰਨ ਗੌਰਮੈਂਟ ਵਲੋਂ ਕਾਮਿਆਂ ਨੂੰ ਟੈਕਸ ਦੀ ਛੋਟ ਮਿਲ ਜਾਂਦੀ ਹੈ। ਇਹ ਔਰਤ ਵੀ ਇਸ ਸਕੀਮ ਦਾ ਫਾਇਦਾ ਉਠਾਉਣਾ ਚਾਹੁੰਦੀ ਸੀ।

ਮੈਂ ਫਾਰਮ ਲੈ ਕੇ ਲੋੜੀਂਦਾ ਕੰਮ ਕਰਵਾ ਕੇ ਉਸਨੂੰ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਤੇ ਉਸਨੂੰ ਜਾਣ ਲਈ ਆਖ ਦਿੱਤਾ।

ਉਹ ਪੈਰ ਮਲਦੀ ਹੋਈ, ਤੇ ਮੈਨੂੰ ਵਾਰਨਿੰਗ ਦਿੰਦੀ ਹੋਈ, "ਕਿਸੇ ਦਿਨ ਪਛਤਾਓਗੇ ਤੁਸੀਂ" ਆਖ ਕਹਿੰਦੀ ਹੋਈ ਉਹ ਉਥੋਂ ਚਲੇ ਗਈ।

ਕੀ ਬਿਪਤਾ ਪਈ? ਕਿਉਂ ਇਹ ਮੇਰਾ ਖਹਿੜਾ ਨਹੀਂ ਛੱਡਦੀ? ਮੇਰੇ ਆਪਣੇ ਮਨ ਵਿਚ ਇਕ ਸੂਈ ਜਿਹੀ ਚੁੱਭਣ ਲੱਗ ਪਈ ਸੀ।

ਕਈ ਦਿਨ ਏਸੇ ਤਰ੍ਹਾਂ ਹੀ ਨਿਕਲ ਗਏ। ... ਤੇ ਫੇਰ ਇਕ ਦਿਨ ਉਹ ਸ਼ਾਪਿੰਗ-ਮਾਲ ਵਿਚ ਤੁਰੀ ਫਿਰ ਰਹੀ ਸੀ। ਮੈਂ ਟਿਮ ਹੌਰਟਨ (ਚਾਹ, ਕੌਫ਼ੀ ਅਤੇ ਸਨੈਕਸ ਆਦਿ ਦਾ ਕੌਫ਼ੀ ਹਾਊਸ) ਵਾਲਿਆਂ ਦਿਉਂ ਕੌਫ਼ੀ ਦਾ ਕੱਪ ਲੈਣ ਜਾ ਰਹੀ ਸਾਂ। ਉਸਨੂੰ ਵੇਖ ਕੇ ਮੇਰੇ ਮਨ ਵਿਚ ਉਸਦੇ ਬੋਲੇ ਹੋਏ ਸ਼ਬਦ ਗੂੰਜ ਰਹੇ ਸਨ। ਮੈਂ ਚਾਹਿਆ ਵੀ ਕਿ, ਉਸ ਨਾਲ਼ ਨਾ ਹੀ ਕੋਈ ਗੱਲ ਕਰਾਂ ਪਰ ਮਨ-ਮਸਤਕ ਦੇ ਕਿਸੇ ਕੋਨੇ ਵਿਚ ਇਕ ਆਵਾਜ਼ ਆ ਰਹੀ ਸੀ, ਅਸੀਂ ਇਨ੍ਹਾਂ ਮੁਲਕਾਂ ਵਿਚ ਆ ਕੇ, ਕਿੰਨੇ ਖੁਦਗਰਜ਼ ਹੋ ਗਏ ਹਾਂ। ਕਿਸੇ ਦਾ ਦੁੱਖ-ਦਰਦ ਵੀ ਨਹੀਂ ਸੁਣ-ਸੁਣਾ ਸਕਦੇ। ਹਰ ਇਕ ਨੂੰ ਪੈਸੇ ਦੀ ਦੌੜ ਲੱਗੀ ਹੋਈ ਹੈ। ਕਿਸੇ ਰਿਸ਼ਤੇ ਦਾ ਕੋਈ ਖਾਸ ਅਰਥ ਨਹੀਂ ਰਿਹਾ। ਦੋਸਤੀਆਂ ਲਈ ਵਕਤ ਨਹੀਂ। ਦੁੱਖ-ਸੁੱਖ ਸਾਂਝਾ ਕਰੀਏ ਤਾਂ ਕਿਸ ਤਰ੍ਹਾਂ? ਕਿਸ ਨਾਲ਼?

ਉਸ ਵੇਲੇ ਮੈਨੂੰ ਆਪਣਾ ਚੇਤਾ ਵੀ ਆ ਰਿਹਾ ਸੀ, ਕਿਵੇਂ ਕਿਸੇ ਦਿਨ ਮੈਂ ਏਸ ਮੁਲਕ ਵਿਚ ਭਟਕ ਰਹੀ ਸਾਂ। ਮੇਰਾ ਕੋਈ ਸਾਥ ਦੇਣ ਵਾਲਾ ਨਹੀਂ ਸੀ। ਕਿਸੇ ਰਿਸ਼ਤੇਦਾਰ, ਕਿਸੇ ਆਂਢ-ਗੁਆਂਢ ਨੇ ਮੇਰੀ ਬਾਤ ਹੀ ਨਹੀਂ ਸੀ ਪੁੱਛੀ। ਮੇਰੇ ਪਤੀ ਨੇ ਮੈਨੂੰ ਦਾਰੂ ਪੀ ਕੇ, ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਸੀ ਤੇ ਮੈਂ ਸਿਆਲ਼ ਦੀ ਪਈ ਹੋਈ ਬਰਫ਼ ਵਿਚ ਨੰਗੇ-ਪੈਰੀਂ ਘਰੋਂ ਬੇਦੁਹਾਈ ਨਿਕਲ ਕੇ ਦੌੜੀ ਸਾਂ। ਉਸ ਵੇਲੇ ਕਿਸੇ ਨੇ ਮੇਰੀ ਬਾਂਹ ਨਹੀਂ ਸੀ ਫੜੀ। ਬੱਸ ਸਟਾਪ ਦੇ ਕੋਲ ਭੱਜੀ ਤੁਰੀ ਜਾਂਦੀ ਤੇ ਵੀ, ਇਕ ਆਪਣੀ ਪੰਜਾਬੀ ਔਰਤ ਖੜੀ, ਬੱਸ ਦੀ ਉਡੀਕ ਕਰਦੀ ਮੈਨੂੰ ਦੇਖਦੀ ਹੀ ਰਹੀ ਸੀ। ਉਸਨੂੰ ਤਾਂ ਸ਼ਾਇਦ ਚਿੰਤਾ ਸੀ ਖਰਾਬ ਮੌਸਮ ਦੀ, ਤੇ ਘਰ ਪਹੁੰਚਣ ਦੀ ਤੇ ਮੈਨੂੰ ਚਿੰਤਾ ਸੀ ਪੈ ਰਹੀ ਰਾਤ ਦੀ, ਸਿਰ ਤੇ ਪੈ ਰਹੀ ਬਰਫ ਦੀ ਕਿ ਕਿਹੜੀ ਛੱਤ ਹੇਠਾਂ ਉਸ ਰਾਤ ਮੈਂ ਆਪਣਾ ਸਿਰ ਲੁਕੋਣਾ ਸੀ।

ਚਿੱਟੀ ਬਰਫ਼ ਨਾਲ਼ ਢੱਕੀ ਹੋਈ ਸੜਕ ਵਿਚ ਮੈਂ ਇਕ ਪੁਲੀਸ ਕਾਰ ਨੂੰ ਰੋਕ ਲਿਆ ਸੀ। ਅਤੇ ਉਨ੍ਹਾਂ ਨੇ ਮੈਨੂੰ ਕਿਸੇ ਸ਼ੈਲਟਰ (ਘਰੋਂ ਬੇਘਰ ਹੋਈਆਂ ਔਰਤਾਂ ਤੇ ਬੱਚਿਆਂ ਲਈ ਬਣੇ ਹੋਏ ਅਦਾਰੇ) ਵਿਚ ਪਹੁੰਚਾ ਦਿੱਤਾ ਸੀ। ਫੇਰ ਕਈ ਮਹੀਨੇ ਸ਼ੈਲਟਰਾਂ ਵਿਚ ਧੱਕੇ ਖਾ-ਖਾ ਕੇ ਮੈਂ ਆਪਣਾ ਆਪ ਸਾਂਭਣ ਜੋਗੀ ਹੋ ਗਈ ਸਾਂ। ... ਤੇ ਹੁਣ, ਜਿਵੇਂ ਆਪਣੇ ਆਪਨੂੰ ਮੈਂ ਕੰਮ ਵਿਚ ਗੱਡ ਲਿਆ ਸੀ। ਉਸ ਜ਼ਿੰਦਗੀ ਨੂੰ ਭੁਲਾ ਹੀ ਦਿੱਤਾ ਸੀ। ਉਸ ਘਰ ਵੀ ਮੈਂ ਮੁੜ ਕੇ ਪੈਰ ਨਹੀਂ ਸੀ ਪਾਇਆ ਜਿਸ ਵਿਚੋਂ ਮੈਨੂੰ ਵਾਰ-ਵਾਰ ਕੁੱਟ-ਮਾਰ ਕੇ ਕੱਢ ਦਿੱਤਾ ਜਾਂਦਾ ਸੀ।

ਮੈਂ ਪੜ੍ਹੀ-ਲਿਖੀ ਸਾਂ। ਚੰਗੇ ਕੰਮ ਤੇ ਲਗ ਗਈ ਸਾਂ। ਉਸ ਰਿਸ਼ਤੇ ਦੇ ਕੋਹੜ ਨੂੰ ਵੀ ਮੈਂ ਆਪ ਕੱਟ ਦਿੱਤਾ ਸੀ ਜਿਹੜਾ ਮੈਨੂੰ ਇਕ ਬੋਤਲ ਦੇ ਲਈ ਬੇਘਰ ਕਰ ਦਿੰਦਾ ਸੀ। ਮੈਂ ਉਨ੍ਹਾਂ ਰਿਸ਼ਤਿਆਂ 'ਤੇ ਵੀ ਕਾਂਟਾ ਫੇਰ ਦਿੱਤਾ ਸੀ ਜਿਹੜੇ ਕੰਨੋ ਬੋਲੇ ਅਤੇ ਮੂੰਹੋਂ ਗੂੰਗੇ ਸਨ।

... ਤੇ ਮੈਂ ਜ਼ਿੰਦਗੀ ਦੀ ਹੋਰ ਕੋਈ ਸਾਂਝ ਪਾਉਣੀ ਚਾਹੀ ਹੀ ਨਹੀਂ ਸੀ। ਕੀ ਲੈਣਾ ਸੀ ਓਸ ਤਰ੍ਹਾਂ ਦੀ ਜ਼ਿੰਦਗੀ ਤੋਂ? ... ਇਹ ਸਭ ਕੁਝ ਸੋਚਦਿਆਂ ਹੋਇਆਂ ਮੈਂ ਉਸਨੂੰ ਕੋਲੋਂ ਲੰਘਦੀ ਨੂੰ ਬੁਲਾ ਹੀ ਲਿਆ।

"ਸਾ...ਸਰੀ ਕਾਲ ਜੀ, ਮੈਂ ਤਾਂ ਸੋਚਿਆ, ਤੁਸੀਂ ਮੇਰੇ ਨਾਲ਼ ਗੱਲ ਹੀ ਨਹੀਂ ਕਰਨੀ ਚਾਹੁੰਦੇ, ਇਸ ਲਈ ਮੈਂ ਵੀ ਮੂੰਹ ਭਵਾ ਕੇ ਹੀ ਤੁਰ ਚੱਲੀ ਸਾਂ।" ਉਸਨੇ ਮੈਨੂੰ ਜਿਵੇਂ ਮੇਰੀ ਪਹਿਲੀ ਭੁੱਲ ਨਿਹੋਰੇ ਜਿਹੇ ਨਾਲ਼ ਯਾਦ ਕਰਾਈ।

"ਨਹੀਂ ਐਸੀ ਕੋਈ ਗੱਲ ਨਹੀਂ ਹੈ। ਆਓ ਕੌਫ਼ੀ ਪਿਆਵਾਂ।" ਮੈਂ ਉਸ ਨਾਲ਼ ਕੁਝ ਪਲ ਗੁਜ਼ਾਰਨ ਦੀ ਚਾਹਤ ਨਾਲ਼ ਆਖਿਆ।

"ਕਿਉਂ ਨਹੀਂ ... ।" ਆਖ ਕੇ ਉਹ ਮੇਰੇ ਮਗਰ ਤੁਰ ਪਈ।

ਮੈਨੂੰ ਐਡੀ ਛੇਤੀਂ ਉਸਦੇ ਹਾਂਅ ਕਰਨ ਦੀ ਆਸ ਨਹੀਂ ਸੀ। ਤੇ ਹੁਣ ਇਕ ਪਛਤਾਵਾ ਮੇਰੇ ਧੁਰ ਅੰਦਰ ਨੂੰ ਚੀਰਦਾ ਹੋਇਆ ਲੰਘ ਰਿਹਾ ਸੀ।

ਮੈਂ ਦੋ ਕੌਫੀ ਦੇ ਕੱਪ ਲਏ ਅਤੇ ਇਕ ਕੋਨੇ ਵਿਚ ਪਏ ਟੇਬਲ ਵਲ ਨੂੰ ਹੋ ਤੁਰੀ।

ਉਹ ਵੀ ਮੇਰੇ ਮਗਰ-ਮਗਰ ਆ ਗਈ।

ਮੈਂ ਉਲਝਣ ਵਿਚ ਸਾਂ। ਪਤਾ ਨਹੀਂ ਸੀ ਲਗ ਰਿਹਾ ਕਿ ਗੱਲ ਕਿੱਥੋਂ ਸ਼ੁਰੂ ਕਰਾਂ।

ਉਹ ਮੇਰੇ ਵਲ ਮੋਟੀਆਂ-ਮੋਟੀਆਂ ਅੱਖਾਂ ਰਾਹੀਂ ਬਿੱਟ-ਬਿੱਟ ਤੱਕ ਰਹੀ ਸੀ।

ਸਰਸਰੀ ਜਿਹੀ ਗੱਲ-ਬਾਤ ਤੁਰੀ। ਅੱਗੇ ਪਿੱਛੇ ਦਾ ਪਤਾ ਕਰਨ ਵਾਂਗ ਹੀ। ... ਤੇ ਤੁਰਦੀ-ਤੁਰਦੀ ਗੱਲ ਉਸਦੇ ੳੁੱਤੇ ਹੀ ਆ ਗਈ। ਉਹ ਬਿਨਾਂ ਬਰੇਕਾਂ ਲਾਏ, ਗੱਲ ਨੂੰ ਤੋਰੀ ਜਾ ਰਹੀ ਸੀ। ਆਖਣ ਲੱਗੀ, "ਭੈਣਾਂ! ਮੈਂ ਐਡੀ ਅਨਪੜ੍ਹ ਨਹੀਂ ਹਾਂ। ਪੰਜਾਬ ਵਿਚ ਮੈਂ ਵੀ ਦਸਵੀਂ ਪਾਸ ਕੀਤੀ ਹੋਈ ਐ। ਮੈਂ ਚੰਗੇ ਘਰ ਦੀ ਧੀ ਹਾਂ। ਮੇਰਾ ਬਾਪ ਮਿਲਟਰੀ ਦਾ ਆਫ਼ੀਸਰ ਸੀ। ਸਾਡੇ ਘਰ ਧੀਆਂ ਨੂੰ ਬੜੀ ਦਲੇਰੀ ਨਾਲ਼ ਪਾਲਿਆਂ ਤੇ ਪੜ੍ਹਾਇਆ ਗਿਆ ਸੀ। ਪਰ ਮੁਸੀਬਤ ਤਾਂ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਮਾਂ-ਬਾਪ ਵੀ ਸਮਾਜ ਵਿਚ ਆਪਣਾ ਮੂੰਹ-ਮੱਥਾ ਰੱਖਦੇ-ਰੱਖਦੇ ਪੜ੍ਹਾਈਆਂ ਹੋਈਆਂ ਧੀਆਂ ਨੂੰ ਉਨ੍ਹਾਂ ਆਦਮੀਆਂ ਦੇ ਪੱਲੇ ਬੰਨ ਦਿੰਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕਦੀ ਕੁਝ ਪਤਾ ਹੀ ਨਹੀਂ ਹੁੰਦਾ। ਉਹ ਆਦਮੀ ਕੌਣ ਹੈ? ਉਸਦਾ ਕਿਰਦਾਰ ਕੀ ਐ? ਉਸਦੇ ਖਿਆਲ ਉਨ੍ਹਾਂ ਦੀ ਧੀ ਨਾਲ਼ ਮਿਲਦੇ ਨੇ ਜਾਂ ਨਹੀਂ? ਉਹ ਤਾਂ ਸਿਰਫ਼ ਇਹ ਦੇਖਦੇ ਨੇ ਕਿ ਮੁੰਡਾ ਬਾਹਰ ਕਨੇਡਾ ਗਿਆ ਹੋਇਐ। ਜਦੋਂ ਧੀ ਉੱਧਰ ਲੰਘ ਗਈ ਤਾਂ ਸਾਡਾ ਵੀ ਪਾਸਪੋਰਟ ਤਿਆਰ-ਬਰ-ਤਿਆਰ। ਅਸੀਂ ਅੱਜ ਨਹੀਂ ਤਾਂ ਕਲ ਨੂੰ ਜਹਾਜੇ ਚੜ੍ਹਨ ਲਈ ਬਿਸਤਰੇ ਬੰਨੇ-ਕੁ-ਬੰਨੇ।

ਮੇਰੇ ਨਾਲ਼ ਵੀ ਏਸੇ ਤਰ੍ਹਾਂ ਹੋਇਆ। ਮੇਰੇ ਮਿਲਟਰੀ ਅਫ਼ਸਰ ਬਾਪ ਨੇ ਮੈਨੂੰ ਹੁਕਮ ਦਿੱਤਾ, ‘ਤੂੰ ਕੈਨੇਡਾ ਜਾ ਰਹੀ ਏਂ। ਤੇਰੀ ਮੰਗਣੀ ਕਰ ਦਿੱਤੀ ਐ।

ਮੈਂ ਕਿਹਾ, ‘ਮੈਨੂੰ ਤਾਂ ਪਹਿਲਾਂ ਪੁੱਛ ਲਿਆ ਹੁੰਦਾ। ਏਨੀ ਹੀ ਗੱਲ ਸੀ ਕਿ ਤਾੜ ਕਰਦੀ ਚੁਪੇੜ ਮੇਰੇ ਮੂੰਹ ਤੇ ਵੱਜੀ। ਮੈਂ ਬੌਂਦਲੀ ਹੋਈ ਚੁੱਪ ਕਰਕੇ ਬੈਠ ਗਈ। ਗੱਲ ਕੀ, ਮਹੀਨੇ ਦੇ ਅੰਦਰ ਹੀ ਮੇਰਾ ਵਿਆਹ ਵੀ ਧਰ ਦਿੱਤਾ ਗਿਆ ਸੀ। ਨਾ ਮੈਂ ਉਸ ਆਦਮੀ ਨੂੰ ਦੇਖਿਆ ਸੀ, ਜਿਸ ਨਾਲ਼ ਜ਼ਿੰਦਗੀ ਗੁਜ਼ਾਰਨੀ ਸੀ ਤੇ ਨਾ ਹੀ ਉਸਨੇ ਮੈਨੂੰ। ਵਿਆਹ ਤੋਂ ਕੋਈ ਚਾਰ-ਪੰਜ ਕੁ ਦਿਨ ਪਹਿਲਾਂ ਮੈਨੂੰ ਮੇਰੇ ਸੁਸਰਾਲ ਵਾਲੇ ਦੇਖਣ ਲਈ ਆਏ। ਉਨ੍ਹਾਂ ਵਿਚ ਮੇਰਾ ਇਹ ਖਸਮ ਵੀ ਸੀ। ਮਧਰਾ, ਕਾਲਾ, ਮੋਟਾ-ਠੁੱਲਾ। ਉਮਰ ਦਾ ਵੀ ਮੈਥੋਂ ਕਾਫ਼ੀ ਵੱਡਾ।

ਬਾਪ ਦੇ ਸਾਮ੍ਹਣੇ ਮੈਂ ਕੋਈ ਹੋਰ ਉਜ਼ਰ ਕਰ ਹੀ ਨਾ ਸਕੀ। ਜੇ ਕਰ ਕੁਝ ਬੋਲਦੀ ਤਾਂ ਮਾਰ ਪੈਣੀ ਸੀ, ਜੇ ਮੈਨੂੰ ਮਾਰ ਨਾ ਪੈਂਦੀ ਤਾਂ ਮੇਰੀ ਮਾਂ ਦੇ ਜਿਸਮ ਨੇ ਇਹ ਸਿਤਮ ਝੱਲਣਾ ਸੀ। ਬਾਪ ਨੂੰ ਸਿਰਫ਼ ਕੈਨੇਡਾ ਦੀ ਹਰੀ ਧਰਤੀ ਦੀ ਚਾਹ ਨਜ਼ਰ ਆ ਰਹੀ ਸੀ।

ਸੋ ਭੈਣਾਂ, ਮੈਂ ਵਿਆਹੀ ਗਈ। ਇਸ ਇਨਸਾਨ ਨੇ ਮੈਨੂੰ ਕਦੀ ਬੀਵੀ ਦੇ ਤੌਰ ਤੇ ਸਮਝਿਆ ਹੀ ਨਹੀਂ। ਮੈਂ ਤਾਂ ਇਸ ਲਈ ਕੋਈ ਸ਼ੈਅ ਸਾਂ, ਜਦੋਂ ਜੀਅ ਕੀਤਾ ਗੁੰਨ-ਮਧੋਲ ਲਈ ਤੇ ਜਦੋਂ ਜੀਅ ਕੀਤਾ ਕੁੱਟ-ਮਾਰ ਲਈ। ਕਿਸੇ ਇਨਸਾਨ ਵਿਚ ਇਸਦਾ ਮੋਹ ਨਹੀਂ ਸੀ। ਆਪਣੀ ਮਾਂ-ਭੈਣਾਂ ਨੂੰ ਵੀ ਗਾਲ਼ਾਂ ਕੱਢ ਲੈਂਦਾ ਸੀ। ਪਤਾ ਨਹੀਂ ਇਸਦੇ ਨਾਲ਼ ਕੀ ਬੀਤਿਆ ਹੋਵੇਗਾ ਜਿਸ ਕਾਰਨ, ਇਹ ਏਸ ਤਰ੍ਹਾਂ ਦਾ ਹੋ ਗਿਆ ਸੀ। ਇਕ ਆਪਣੇ ਬਾਪ ਤੋਂ ਡਰਦਾ ਸੀ। ਜਦੋਂ ਉਹ ਘਰ ਵੜਦਾ ਤਾਂ ਇਹ ਦਰਵਾਜ਼ੇ ਦੇ ਓਹਲੇ ਲੁਕ ਜਾਂਦਾ। ਉਹ ਵੀ ਪੂਰਾ ਚੰਡਾਲ ਸੀ। ਕਿਸੇ ਦੀ ਇੱਜ਼ਤ-ਆਬਰੂ ਦਾ ਓਸ ਨੂੰ ਵੀ ਕੋਈ ਖਿਆਲ ਨਹੀਂ ਸੀ। ਜਿਸ ਤਰ੍ਹਾਂ ਇਸਦਾ ਪਿਓ ਘਰ ਵਿਚ ਮੇਰੀ ਸੱਸ ਨੂੰ ਮਾਰਦਾ-ਕੁੱਟਦਾ ਸੀ, ਤੇ ਧੀਆਂ ਨੂੰ ਗਾਲ਼ਾਂ ਕੱਢ ਲੈਂਦਾ ਸੀ, ਉਸੇ ਤਰ੍ਹਾਂ ਏਹ ਮੈਨੂੰ ਮਾਰ-ਕੁੱਟ ਲੈਂਦਾ।

ਮੇਰੀ ਸੱਸ ਆਖਦੀ, ‘ਕੋਈ ਨਹੀਂ ਧੀਏ, ਪ੍ਰਦੇਸ ਜਾਕੇ ਏਸ ਨੂੰ ਸਿੱਧੇ ਰਾਹ ਪਾ ਲਵੀਂ। ਮੈਂ ਵੀ ਭੈਣਾਂ ਪ੍ਰਦੇਸ ਦੀਆਂ ਆਸਾਂ ਲਾ ਕੇ ਬੈਠ ਗਈ।

ਮੈਂ ਬੈਠੀ ਉਸਦੀਆਂ ਗੱਲਾਂ ਸੁਣ ਰਹੀ ਸਾਂ। ਉਹ ਆਪਣੀ ਉਸੇ ਰਫ਼ਤਾਰ ਦੇ ਨਾਲ਼ ਗੱਲ ਜਾਰੀ ਰਖਦੀ ਹੋਈ ਬੋਲੀ ਜਾ ਰਹੀ ਸੀ।

... ਤੇ ਫੇਰ ਭੈਣਾਂ, ਮੈਂ ਏਸ ਇਨਸਾਨ ਦੇ ਨਾਲ਼ ਕੈਨੇਡਾ ਵੀ ਆ ਗਈ। ਕੈਨੇਡਾ ਆ ਕੇ ਮੇਰੇ ਨਾਲ਼ ਹੋਰ ਵੀ ਤਸ਼ੱਦਦ ਹੋਣ ਲੱਗੇ। ਜੇ ਕਰ ਮੈਂ ਕੋਈ ਉੱਤਰ ਦਿੰਦੀ ਤਾਂ ਬਾਪ ਦੀ ਚੁਪੇੜ ਕੀ ਸੀ, ਜੋ ਇਸ ਇਨਸਾਨ ਦੇ ਹੱਥ ਦਾ ਥਪੇੜਾ ਪੈਂਦਾ। ਨਾ ਹੀ ਮੈਨੂੰ ਕੈਨੇਡਾ ਬਾਰੇ ਜਾਣਕਾਰੀ ਸੀ, ਤੇ ਨਾ ਹੀ ਕਾਨੂੰਨ ਦਾ ਪਤਾ ਸੀ। ਬਾਹਰ ਨਿਕਲਦੀ ਤਾਂ ਇਹ ਆਦਮੀ ਸ਼ੱਕੀ ਨਜ਼ਰਾਂ ਨਾਲ਼ ਮੈਨੂੰ ਹਰ ਇਕ ਮਰਦ ਦੀ ਰੰਨ ਬਣਾ ਦਿੰਦਾ। ਕਿਸੇ ਨਾਲ਼ ਗੱਲ ਕਰਦੀ ਤਾਂ ਇਹ ਸਮਝਦਾ, ਜ਼ਰੂਰ ਹੀ ਮੇਰੇ ਉਸ ਮਰਦ ਨਾਲ਼ ਨਜ਼ਾਇਜ ਸੰਬੰਧ ਹੋਣਗੇ। ਪਲ-ਪਲ ਮੈਂ ਦਹਿਲ ਕੇ ਕੱਟਦੀ। ਕੰਮ ਤੋਂ ਆਉਂਦਾ ਤਾਂ ਦੋ ਚਾਰ ਮੇਰੇ ਪਹਿਲਾਂ ਜੜ ਦਿੰਦਾ। ਸਮਝੋ ਜਿੰਨਾ ਚਿਰ ਇਹ ਮੇਰੇ ਇਕ ਦੋ ਥੱਪੜ ਨਾ ਮਾਰ ਲਵੇ, ਤਾਂ ਇਸਨੂੰ ਰੋਟੀ ਨਾ ਹਜ਼ਮ ਹੁੰਦੀ। ਕੰਮ ਤੋਂ ਆ ਕੇ ਦਾਰੂ ਦੀ ਬੋਤਲ ਖੋਲ੍ਹ ਕੇ ਬੈਠ ਜਾਂਦਾ। ਜਦੋਂ ਉਹ ਖਤਮ ਹੋ ਜਾਂਦੀ ਤਾਂ ਉਸੇ ਨਾਲ਼ ਮੇਰੀ ਧੁਲਾਈ ਹੋ ਜਾਂਦੀ। ਨਾ ਇਹ ਮੈਨੂੰ ਕਿਸੇ ਨਾਲ਼ ਮਿਲਣ-ਗਿਲਣ ਦਿੰਦਾ ਤੇ ਨਾ ਹੀ ਕਿਸੇ ਦੇ ਘਰ ਆਉਂਦਾ ਜਾਂਦਾ ਤੇ ਨਾ ਹੀ ਕਿਸੇ ਨੂੰ ਸੱਦਦਾ।

ਇਨ੍ਹਾਂ ਹੀ ਦਿਨਾਂ ਵਿਚ ਮੇਰੇ ਪੇਟ ਵਿਚ ਬੱਚਾ ਠਹਿਰ ਗਿਆ। ਮੇਰੇ ਮਨ ਵਿਚ ਵੀ ਮੇਰੇ ਜੀਵਨ ਲਈ ਇਕ ਆਸ ਦੀ ਕਿਰਨ ਚਮਕੀ। ਸੋਚਿਆ ਸ਼ਾਇਦ ਬੱਚੇ ਲਈ ਹੀ ਇਹ ਬਦਲ ਜਾਵੇ। ਪਰ ਜਦੋਂ ਮੈਂ ਇਹ Éਬਰ ਆਪਣੇ ਆਦਮੀ ਨੂੰ ਦਿੱਤੀ ਤਾਂ ਇਹ ਗੁੱਸੇ ਵਿਚ ਅੱਗ ਭਬੂਕਾ ਹੋ ਗਿਆ। ਉਸੇ ਹੀ ਗੁੱਸੇ ਵਿਚ ਇਸਨੇ ਮੇਰੇ ਪੇਟ ਵਿਚ ਆਪਣੇ ਬੂਟ ਦੀ ਕਿੱਕ ਮਾਰ ਕੇ ਮੈਨੂੰ ਬੇਹੋਸ਼ ਕਰ ਦਿੱਤਾ। ਮੈਨੂੰ ਉਸ ਵੇਲੇ ਪਤਾ ਲੱਗਾ ਜਦੋਂ ਮੈਂ ਹਸਪਤਾਲ ਵਿਚ ਪਈ ਸਾਂ। ਲਹੂ-ਲੁਹਾਨ ਹੋਈ ਪਈ। ਪੇਟ ਏਸ ਤਰ੍ਹਾਂ ਸੀ ਜਿਵੇਂ ਕੋਈ ਦਾਤਰੀ ਨਾਲ਼ ਅੰਦਰ ਵੱਢ ਰਿਹਾ ਹੁੰਦਾ ਹੈ। ਇਹ ਮੇਰੇ ਕੋਲ ਬੈਠਾ ਮਾਫ਼ੀਆਂ ਮੰਗ ਰਿਹਾ ਸੀ। ਮੈਨੂੰ ਉਸ ਵੇਲੇ ਇਸ ਗੱਲ ਦਾ ਕੋਈ ਗਿਆਨ ਨਹੀਂ ਸੀ ਕਿ ਇਸਦੀ ਇਸ ਹਰਕਤ ਨਾਲ਼ ਇਸਨੂੰ ਸਜ਼ਾ ਹੋ ਸਕਦੀ ਹੈ। ਜੇ ਕਰ ਪਤਾ ਹੁੰਦਾ ਤਾਂ ਮੈਂ ਇਸਨੂੰ, ਉਸ ਵੇਲੇ ਕਦੀ ਵੀ ਨਾ ਬਖਸ਼ਦੀ। ਮੇਰੇ ਪੇਟ ਵਿਚ, ਮੇਰਾ ਜੇਠਾ ਬੱਚਾ, ਸਾਹ ਲੈਣ ਤੋਂ ਬਿਨਾਂ ਹੀ ਇਸਨੇ ਕਤਲ ਕੀਤਾ ਸੀ। ਇਹ ਕਿਸ ਤਰ੍ਹਾਂ ਦਾ ਇਨਸਾਨ ਸੀ? ਆਪਣੀ ਹੀ ਔਲਾਦ ਦਾ ਕਾਤਲ? ਕੌਣ ਬਖਸ਼ੂ ਇਸਨੂੰ? ਕਿਹੜਾ ਰੱਬ ਇਸਨੂੰ ਕੋਈ ਠਿਕਾਣਾ ਦੇਊ? ਪਰ ਮੈਂ ਔਰਤ ਸਾਂ ਤੇ ਬੇਗਾਨੇ ਮੁਲਕ ਵਿਚ, ਮੈਂ ਫੇਰ ਏਸ ਦੀਆਂ ਗੱਲਾਂ ਵਿਚ ਆ ਗਈ। ਸੋਚਿਆ, ਸ਼ਾਇਦ ਇਹ ਸਮਝ ਗਿਆ ਹੈ। ਪਰ ਕਿੱਥੇ?

ਕੁਝ ਦੇਰ ਤਾਂ ਇਹ ਮੈਨੂੰ ਪਿਆਰ ਨਾਲ਼ ਬੁਲਾਉਂਦਾ ਰਿਹਾ। ਮਾਰਨੋ ਵੀ ਹਟ ਗਿਆ। ਮੈਂ ਸੋਚਿਆ, ਇਹ ਹੁਣ ਬੰਦਾ ਬਣ ਗਿਆ ਹੈ। ਤੇ ਮੇਰੇ ਅੰਦਰ ਵੀ ਏਸ ਲਈ ਮੋਹ ਜਿਹਾ ਜਾਗ ਉੱਠਿਆ।

ਉਸੇ ਹੀ ਮੋਹ ਦੀ ਤਾਣੀ ਵਿਚ ਮੈਂ ਫੇਰ ਹਾਮਲਾ ਹੋ ਗਈ। ਇਹ ਮੈਨੂੰ ਵਾਰ-ਵਾਰ ਡਰਾਉਣ-ਧਮਕਾਉਣ ਲੱਗ ਪਿਆ। ਆਖਦਾ, ਅਬਾਰਸ਼ਨ ਕਰਾ ਦੇਹ। ਜਦੋਂ ਮੈਂ ਜਵਾਬ ਦੇ ਦਿੱਤਾ ਤਾਂ ਏਸ ਦੀ ਫੇਰ ਉਹੀ ਆਦਤ, ਹਰ ਰੋਜ਼ ਹੀ ਮੇਰੀ ਖਾਤਰ ਹੋ ਜਾਂਦੀ। ਬੋਲ-ਬੋਲ ਤੇ ਇਹ ਮੈਨੂੰ ਮਾਰਦਾ। ਪਰ ਇਸ ਵਾਰੀ ਮੈਂ ਆਪਣੇ ਬੱਚੇ ਲਈ ਥੋੜੀ ਸÉਤ ਵੀ ਹੋ ਗਈ ਸਾਂ। ਪਤਾ ਨਹੀਂ ਕਿਉਂ ਮੇਰੇ ਮਨ ਵਿਚ ਇਕ ਭੈਅ ਵੀ ਬੈਠ ਗਿਆ ਸੀ ਕਿ ਇਹ ਮੈਨੂੰ ਕਿੱਧਰੇ ਮਾਰ ਹੀ ਨਾ ਦੇਵੇ।

ਮੈਨੂੰ ਥੋੜ੍ਹੀ ਬਹੁਤੀ ਅੰਗ੍ਰੇਜ਼ੀ ਤਾਂ ਆਉਂਦੀ ਹੀ ਸੀ। ਜਦੋਂ ਇਹ ਕੰਮ ਤੇ ਚਲਿਆ ਜਾਂਦਾ ਤਾਂ ਮੈਂ ਆਂਢ-ਗੁਆਂਢ ਨਾਲ਼ ਥੋੜ੍ਹੀਆਂ-ਬਹੁਤੀਆਂ ਗੱਲਾਂ-ਬਾਤਾਂ ਕਰਨ ਲੱਗ ਪਈ। ਮੈਨੂੰ ਮੇਰੇ ਹੱਕਾਂ ਬਾਰੇ ਵੀ ਪਤਾ ਲਗਣ ਲਗ ਪਿਆ। ਹੁਣ ਮੈਂ ਕਦੀ-ਕਦਾਈਂ ਏਸ ਨੂੰ ਜਵਾਬ ਵੀ ਦੇ ਦਿੰਦੀ। ਭਾਵੇਂ ਉਸਦੇ ਬਦਲੇ ਮੈਨੂੰ ਮਾਰ ਹੀ ਖਾਣੀ ਪੈਂਦੀ। ਏਸ ਤਰ੍ਹਾਂ ਦੇ ਹਾਲਾਤ ਵਿਚ ਹੀ ਮੈਂ ਆਪਣੀ ਧੀ ਨੂੰ ਜਨਮ ਦਿੱਤਾ। ਏਹ ਨਾ ਮੈਨੂੰ ਦੇਖਣ ਹਸਪਤਾਲ਼ ਆਇਆ ਤੇ ਨਾ ਹੀ ਆਪਣੀ ਧੀ ਨੂੰ। ਮੈਂ ਆਪਣੀ ਧੀ ਲਈ, ਆਪਣੀ ਜ਼ਿੰਦਗੀ ਨੂੰ ਸੁਆਰਨਾ ਵੀ ਸ਼ੁਰੂ ਕਰ ਦਿੱਤਾ। ਜਿਸ ਮੇਰੇ ਬਾਪ ਨੇ ਕੈਨੇਡਾ ਦੀ ਖਾਤਰ ਮੈਨੂੰ ਏਸ ਜਹਾਲਤ ਵਿਚ ਸੁੱਟਿਆ ਸੀ, ਮੈਂ ਉਸਨੂੰ ਵੀ ਏਥੇ ਨਾ ਬੁਲਾਇਆ। ਸੋਚਿਆ ਕਿਉਂ ਬੁਲਾਵਾਂ? ਕੀ ਕੀਤਾ ਉਸਨੇ ਮੇਰੇ ਲਈ? ਕੀ ਦਿੱਤਾ ਉਸਨੇ ਮੇਰੀ ਮਾਂ ਨੂੰ? ਝਿੜਕਾਂ, ਥੱਪੜ, ਪੈਰ-ਪੈਰ ਤੇ ਗਾਲ਼ਾਂ ਕਿ ਤੂੰ ਦੋ ਧੀਆਂ ਜੰਮ ਧਰੀਆਂ। ਮੈਂ ਉਸ ਦੀ ਵੀ ਮੁੜ ਕੇ ਬੱਤੀ ਨਾ ਵਾਹੀ। ਮੇਰੀ ਮਾਂ ਤਾਂ ਮੇਰੇ ਵਿਆਹ ਤੋਂ ਦੋ ਸਾਲ ਬਾਦ ਹੀ ਤੁਰ ਗਈ ਸੀ। ਤੁਰ ਗਈ ਸੀ ਜਾਂ ਮੇਰੇ ਬਾਪ ਨੇ ਤੋਰ ਦਿੱਤੀ ਸੀ। ਵੱਡੀ ਭੈਣ ਆਪਣੇ ਘਰ ਸੀ। ਮੇਰੀ ਜ਼ਿੰਦਗੀ ਵਿਚ ਦੋ ਮਰਦ, ਇਕ ਬਾਪ ਅਤੇ ਦੂਜਾ ਖਸਮ, ਆਏ ਸਨ। ਦੋਨੋਂ ਹੀ ਔਰਤ ਨੂੰ ਆਪਣੀ ਜੱਦੀ ਜਾਇਦਾਦ ਸਮਝਣ ਵਾਲੇ। ... ਮੈਂ ਹੁਣ ਸੋਚ ਰਹੀ ਸਾਂ ਆਪਣੀ ਧੀ ਲਈ। ਮੈਂ ਨਹੀਂ ਸਾਂ ਚਾਹੁੰਦੀ ਕਿ ਮੇਰੀ ਧੀ ਨੂੰ ਕੋਈ ਮਰਦ ਜਾਇਦਾਦ ਸਮਝੇ। ਮੈਂ ਉਸਨੂੰ ਪੜ੍ਹਾ-ਲਿਖਾ ਕੇ ਇਕ ਹਿੰਮਤ ਵਾਲੀ ਕੁੜੀ ਬਣਾਉਣੀ ਚਾਹੁੰਦੀ ਸਾਂ।

"ਤੁਸੀਂ ਉਸ ਤੋਂ ਵੱਖ ਕਿਉਂ ਨਹੀਂ ਹੋ ਗਏ? ... ਆਖਰ ਇਹ ਕੈਨੇਡਾ ਏ?" ਮੈਂ ਸਵਾਲ ਕੀਤਾ।

"ਐਨਾ ਸੌਖਾ ਨਹੀਂ ਹੈ ਵੱਖ ਹੋਣਾ ਭੈਣਾਂ। ਅੰਦਰ ਚੀਰ ਕੇ ਫ਼ੈਸਲੇ ਕਰਨੇ ਪੈਂਦੇ ਹਨ। ਸ਼ਾਇਦ ਇਸ ਲਈ ਮੈਂ ਕਮਜ਼ੋਰ ਹੀ ਸਾਂ। ਪਰ ਮੈਂ ਆਪਣੀ ਧੀ ਲਈ ਹੱਠ ਕਰਨਾ ਚਾਹੁੰਦੀ ਸਾਂ। ਜੀਵਨ ਦੀ ਗੱਡੀ ਏਸ ਤਰ੍ਹਾਂ ਦੀ ਦੁਬਿਧਾ ਵਿਚ ਹੀ ਚਲਦੀ ਰਹੀ। ਇਹ ਦਾਰੂ ਪੀ ਕੇ ਬੋਲ ਲੈਂਦਾ, ਤੇ ਮੈਂ ਵੀ ਚਾਰ ਤੱਤੀਆਂ-ਠੰਡੀਆਂ ਸੁਣਾ ਦਿੰਦੀ। ਨਾ ਇਹ ਘਰੋਂ ਨਿਕਲਦਾ ਤੇ ਨਾ ਹੀ ਮੈਂ। ਸੋਚਿਆ, ਜਿਸ ਤਰ੍ਹਾਂ ਇਹ ਚਲਦਾ ਹੈ, ਉਸੇ ਤਰ੍ਹਾਂ ਮੈਂ ਵੀ ਚਲ ਲਵਾਂਗੀ।

ਕੁੜੀ ਸਾਲ ਕੁ ਦੀ ਹੋ ਗਈ ਤਾਂ ਮੈਂ ਵੀ ਕੰਮ ਤੇ ਲੱਗ ਗਈ। ਕੁੜੀ ਨੂੰ ਬੇਬੀ ਸਿਟਰ ਦੇ ਕੋਲ ਛੱਡ ਜਾਣਾ ਅਤੇ ਆਪ ਕੰਮ ਤੇ ਚਲੀ ਜਾਣਾ। ਵਾਪਿਸ ਆ ਕੇ ਕੁੜੀ ਨੂੰ ਬੇਬੀ ਸਿਟਰ ਦਿਉਂ ਚੁੱਕ ਕੇ ਆਉਣਾ, ਘਰ ਆ ਕੇ ਰਸੋਈ ਦਾ ਕੰਮ, ਘਰ ਦੀ ਸਾਫ਼-ਸਫ਼ਾਈ, ਆਦਮੀ ਨਾਲ਼ ਗਾਲ਼ੀ-ਗਲੋਚ, ਇਹ ਸਭ ਹਰ ਰੋਜ਼ ਦਾ ਰੁਟੀਨ ਬਣ ਗਿਆ। ਉਂਜ ਸਾਡੀ ਮੀਆਂ-ਬੀਵੀ ਦੀ ਆਪਸ ਵਿਚ ਸਿਰ ਦੀ ਛੱਤ ਤੋਂ ਬਿਨਾਂ, ਕੋਈ ਸਾਂਝ ਨਾ ਰਹੀ।

ਏਸੇ ਤਰ੍ਹਾਂ ਕਈ ਸਾਲ ਨਿਕਲ ਗਏ। ... ਇਸਨੇ ਹਰ ਰੋਜ਼ ਦੀ ਦਾਰੂ ਨਾਲ਼, ਕਦੀ ਕੰਮ ਤੇ ਜਾਣਾ ਅਤੇ ਕਦੀ ਨਾ ਜਾਣਾ। ਆਖਿਰ ਕੰਮ ਵਾਲਿਆਂ ਨੇ ਇਸਨੂੰ ਜਵਾਬ ਦੇ ਦਿੱਤਾ। ਇਹ ਵਿਹਲਾ ਹੋ ਕੇ ਘਰ ਬੈਠ ਗਿਆ। ਜਦੋਂ ਮੈਂ ਘਰ ਵੜਦੀ ਤਾਂ ਘਰ ਵਿਚੋਂ ਦਾਰੂ ਦੀ ਬਦਬੂ ਆਉਂਦੀ। ਹੁਣ ਘਰ ਮੇਰੀ ਤਨਖਾਹ ਨਾਲ਼ ਚਲਣ ਲਗ ਪਿਆ। ਬੇਕਾਰੀ ਦਾ ਭੱਤਾ ਵੀ ਕਿੰਨਾ ਚਿਰ ਮਿਲਦਾ? ਮੇਰੇ ਕੋਲੋਂ ਬੇਬੀ ਸਿਟਰ ਦੇ ਪੈਸੇ, ਘਰ ਦਾ ਰੈਂਟ, ਬਿੱਲ-ਬੱਤੀਆਂ, ਰੋਟੀ ਦਾ ਖਰਚਾ, ਦਾਰੂ ਦਾ ਖਰਚਾ ਨਾ ਤੁਰਦਾ।

ਇਨ੍ਹਾਂ ਹੀ ਦਿਨਾਂ ਵਿਚ ਪਤਾ ਨਹੀਂ ਕਿਉਂ ਇਸ ਆਦਮੀ ਵਿਚ ਇਕ ਤਬਦੀਲੀ ਆ ਗਈ। ਇਹ ਆਪਣੇ ਆਪ ਨੂੰ ਸੁਆਰਨ ਲਗ ਪਿਆ। ਬਾਹਰ ਨਿਕਲਦਾ ਤਾਂ ਅਤਰ-ਫੁਲੇਲ ਲਾ ਕੇ। ਘਰ ਪਰਤਦਾ ਤਾਂ ਹੱਥ ਵਿਚ ਨੋਟਾਂ ਦਾ ਥੱਬਾ। ਮੈਂ ਸੋਚਿਆ, ਸ਼ਾਇਦ ਕਿਸੇ ਕੰਮ-ਕਾਰ ਤੇ ਲਗ ਗਿਆ ਹੋਣੈ। ਅੱਗੇ ਕਿਹੜਾ ਇਹ ਮੈਨੂੰ ਕੋਈ ਭੇਤ ਦਿੰਦਾ ਸੀ ਜਿਹੜਾ ਹੁਣ ਕੋਲ ਬੈਠ ਕੇ ਮੇਰੇ ਨਾਲ਼ ਗੱਲ ਕਰਨ ਲਗੇਗਾ। ਉਂਜ ਵੀ ਮੈਂ ਸੋਚਿਆ, ਸ਼ਾਇਦ ਏਸ ਬੰਦੇ ਨੂੰ ਅਕਲ ਆ ਹੀ ਗਈ ਹੋਵੇਗੀ? ਪਰ ਕਿੱਥੇ? ਇਹ ਆਪਣੇ ਕੰਮ ਨਾਲ਼ ਵਿਹਾਰ ਰੱਖਦਾ ਤੇ ਮੈਂ ਆਪਣੇ ਨਾਲ਼।

ਇਹ ਦੋ-ਚਾਰ ਕਹਿ ਲੈਂਦਾ ਤੇ ਮੈਂ ਦੋ-ਚਾਰ ਸੁਣਾ ਦਿੰਦੀ। ਵੱਖ ਹੋਣ ਦਾ ਜੇਰਾ ਨਾ ਪਿਆ। ਸੋਚਿਆ, ਘਰ ਵਿਚ ਇਹ ਕੁੜੀ ਇਸਦੀ ਧੀ ਐ। ਬਾਹਰ ਹੋਰ ਕਿਸੇ ਦੀ ਇਹ ਕੀ ਲੱਗੀ? ਜੀਵਨ ਇਸੇ ਤਰ੍ਹਾਂ ਚਲਦਾ ਰਿਹਾ। ਕੁੜੀ ਵੀ ਬਾਰ੍ਹਾਂ-ਤੇਰਾਂ ਵਰ੍ਹਿਆਂ ਦੀ ਹੋ ਗਈ।

ਤੇ ਫੇਰ ਭੈਣਾਂ ... ਮੈਨੂੰ ਤਾਂ ਉਸ ਦਿਨ ਪਤਾ ਲੱਗਾ ਜਦੋਂ ਇਕ ਦਿਨ ਪੁਲੀਸ ਸਟੇਸ਼ਨ ਤੋਂ ਮੇਰੀ ਧੀ ਦਾ ਫੋਨ ਆਇਆ। ਮਰਦੀ-ਡਿੱਗਦੀ ਮੈਂ ਉੱਥੇ ਪਹੁੰਚੀ। ਜੋ ਮੈਨੂੰ ਉੱਥੇ ਜਾ ਕੇ ਪਤਾ ਚਲਿਆ, ਭੈਣਾਂ, ਜਿਵੇਂ ਜ਼ਮੀਨ ਮੈਨੂੰ ਨਿਘਰਨ ਲਈ ਥਾਂਹ ਹੀ ਨਾ ਦੇਵੇ। ਮੇਰੀ ਧੀ ਆਪਣਾ ਸਿਰ ਆਪਣੇ ਹੱਥਾਂ ਵਿਚ ਲੈਕੇ ਬੈਠੀ ਜ਼ਾਰੋ-ਜ਼ਾਰ ਰੋ ਰਹੀ ਸੀ। ਇਕ ਲੇਡੀ ਪੁਲੀਸ ਅਫ਼ਸਰ ਨੇ ਮੈਨੂੰ ਇਕ ਪਾਸੇ ਕਰਕੇ ਦੱਸਿਆ, ਤੁਹਾਡੀ ਧੀ ਨੇ ਰਿਪੋਰਟ ਲਿਖਾਈ ਹੈ ਕਿ ਉਸਦਾ ਬਾਪ ਉਸ ਨਾਲ਼ ਬਦਫੈਲੀ ਕਰਦਾ ਹੈ। ਏਥੇ ਹੀ ਬੱਸ ਨਹੀਂ, ਸਾਨੂੰ ਸ਼ੱਕ ਹੈ ਕਿ ਤੁਹਾਡਾ ਆਦਮੀ ਰੈਡੱਲਾਈਟ ਇਲਾਕੇ ਵਿਚ ਸਕੂਲਾਂ ਦੀਆਂ ਕੁੜੀਆਂ ਨੂੰ ਸਪਲਾਈ ਵੀ ਕਰਦਾ ਹੈ। ਸਾਡੇ ਹੀ ਗੁਆਂਢੀਆਂ ਦੀ ਗੋਰੀ ਕੁੜੀ ਜੈਨਟ ਵੀ ਇਸਨੇ ਇਸੇ ਕੰਮ ਲਾ ਲਈ ਸੀ।

ਭੈਣਾਂ ਉਸ ਵੇਲੇ ਮੈਨੂੰ ਪਤਾ ਨਾ ਲੱਗੇ ਕਿ ਮੈਂ ਉਸ ਆਦਮੀ ਨੂੰ ਜਾਨੋ ਕਿਵੇਂ ਮਾਰ ਦਿਆਂ। ਮੇਰੇ ਕੰਮ ’ਤੇ ਜਾਣ ਤੋਂ ਬਾਅਦ ਮੇਰੀ ਧੀ ਨੂੰ, ਕਿਹੜੇ-ਕਿਹੜੇ ਤਸੀਹੇ ਉਸਨੇ ਦਿੱਤੇ ਹੋਣਗੇ? ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਇਕ ਬਾਪ ਆਪਣੀ ਹੀ ਧੀ ਨਾਲ਼ ... ਤੌਬਾ ... ਤੌਬਾ। ਆਪਣੇ ਕੰਨਾਂ ਨੂੰ ਹੱਥ ਲਾਉਂਦੀ ਹੋਈ ਉਹ ਆਖ ਰਹੀ ਸੀ।

"ਤੁਹਾਡੀ ਧੀ ਨੇ ਤੁਹਾਨੂੰ ਕਿਉਂ ਨਾ ਦੱਸਿਆ?" ਮੈਂ ਸਵਾਲ ਕੀਤਾ

"ਉਹ ਤਾਂ ਬੱਚੀ ਸੀ। ਉਸਨੂੰ ਡਰਾ-ਧਮਕਾ ਲਿਆ ਸੀ ਕਿ, ਜੇ ਕਰ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੀ ਮਾਂ ਨੂੰ ਜਾਨੋ ਮਾਰ ਦਿਆਂਗਾ। ਸਕੂਲ ਵਾਲ਼ਿਆਂ ਪਤਾ ਨਹੀਂ ਇਹ ਭੇਦ ਮੇਰੀ ਧੀ ਤੋਂ ਕਿਵੇਂ ਕੱਢ ਲਿਆ, ਤੇ ਉਨ੍ਹਾਂ ਨੇ ਪੁਲੀਸ ਕੋਲ ਰਿਪੋਰਟ ਕਰ ਦਿੱਤੀ।"

... ਉਹ ਫੇਰ ਹੌਕਾ ਜਿਹਾ ਭਰਦੀ ਬੋਲੀ, "ਉਸਤੋਂ ਬਾਅਦ ਉਸਨੂੰ ਜੇਲ੍ਹ ਤਾਂ ਹੋਣੀ ਹੀ ਸੀ। ਇਹ ਤਾਂ ਸਾਨੂੰ ਕੇਸ ਚਲਣ ਤੋਂ ਬਾਦ ਪਤਾ ਲੱਗਾ, ਉਸਨੇ ਕਿੰਨੀਆਂ ਸਕੂਲਾਂ ਵਿਚ ਪੜ੍ਹਦੀਆਂ ਕੁੜੀਆਂ ਨੂੰ ਵਰਗਲਾ ਕੇ ਲੋਕਾਂ ਲਈ ਸਪਲਾਈ ਕੀਤਾ ਹੈ। ਮੈਂ ਹੋਰ ਕੌਮਾਂ ਵਿਚ ਤਾਂ ਇਹ ਕੁਝ ਸੁਣਦੀ ਸਾਂ, ਮੈਂ ਇਹ ਕੁਝ ਟੀ.ਵੀ. ਤੇ ਵੀ ਦੇਖਦੀ ਸਾਂ ਕਿ ਕਿਵੇਂ ਆਪਣੇ ਬੰਦੇ ਜਾਂ ਹੋਰ ਦੂਜੀਆਂ ਕੌਮਾਂ ਦੇ ਬੰਦੇ ਸਕੂਲਾਂ ਵਿਚ ਡਰੱਗ ਸਪਲਾਈ ਕਰਦੇ ਹਨ ਜਾਂ ਬੱਚਿਆਂ ਨੂੰ ਵਰਗਲਾਉਂਦੇ ਹਨ, ਪਰ ਕਦੀ ਇਹ ਨਹੀਂ ਸੀ ਸੋਚਿਆ ਕਿ ਮੇਰਾ ਹੀ ਆਦਮੀ ਇਹ ਕੰਮ ਵੀ ਕਰ ਸਕਦਾ ਹੋਵੇਗਾ, ਤੇ ਮੇਰੀ ਹੀ ਧੀ ਨਾਲ਼ ਵੀ ਏਸ ਤਰ੍ਹਾਂ ਹੋ ਸਕਦਾ ਹੈ?"

ਮੈਂ ਓਸ ਦਿਨ, ਆਪਣੀ ਧੀ ਨੂੰ ਨਾਲ਼ ਲੈ ਕੇ ਉਸ ਘਰੋਂ ਬਾਹਰ ਨਿਕਲ ਆਈ। ਉਹ ਘਰ ਮੈਨੂੰ ਮੇਰੀਆਂ ਖਾਹਸ਼ਾਂ ਦਾ ਅਤੇ ਮੇਰੀ ਮਾਸੂਮ ਧੀ ਦੀਆਂ ਪੁੰਗਰਦੀਆਂ ਆਸਾਂ ਦਾ ਕਬਰਸਤਾਨ ਲਗਾ। ਮੈਂ ਖੁਦ ਤਸੀਹੇ ਸਹਿ ਸਕਦੀ ਸਾਂ ਪਰ ਆਪਣੀ ਧੀ ਨਾਲ਼ ਹੋ ਰਿਹਾ ਇਹ ਜ਼ੁਲਮ ਕਿਵੇਂ ਸਹਿ ਲੈਂਦੀ? ਸੋਚਦੀ ਹਾਂ ਕਿਵੇਂ ਧੀਆਂ ਬਾਪ ਦੇ ਸਿਰ ਤੇ ਮਹਿਫੂਜ਼ ਮਹਿਸੂਸ ਕਰਨਗੀਆਂ? ... ਤੇ ਹੁਣ ਭੈਣਾਂ, ਜਦੋਂ ਵੀ ਇਹ ਮਰਦ ਕਿਸੇ ਔਰਤ ਨਾਲ਼ ਗੱਲ ਕਰਦਾ ਵਿਖਾਈ ਦਿੰਦਾ ਹੈ, ਮੈਨੂੰ ਜਿਵੇਂ ਰੋਹ ਚੜ੍ਹ ਜਾਂਦਾ ਹੈ। ਮੇਰੇ ਅੰਦਰ ਨੂੰ ਚੀਰਦਾ ਹੋਇਆ ਕੁਝ ਲੰਘਦਾ ਹੈ। ਏਸ ਤਰ੍ਹਾਂ ਦੇ ਹੈਵਾਨ ਨੂੰ ਕੋਈ ਕਨੂੰਨ ਵੀ ਜ਼ਿੰਦਗੀ ਭਰ ਸੀਖਾਂ ਅੰਦਰ ਨਹੀਂ ਰੱਖਦਾ। ਪੰਜ-ਸੱਤ ਸਾਲ ਅੰਦਰ ਕੱਟ ਕੇ ਇਹ ਫੇਰ ਬਾਹਰ ਆ ਗਿਆ ਹੈ। ਤੇ ਉਧਰ ਮੇਰੀ ਧੀ, ਹਰ ਹਫ਼ਤੇ ਸਾਇਕਾਇਟਰਿਸਟਾਂ (ਦਿਮਾਗੀ ਡਾਕਟਰਾਂ) ਦੇ ਗੇੜੇ ਕੱਢਦੀ ਹੈ। ਉਮਰ ਭਰ ਉਹ ਕਿਸੇ ਮਰਦ ਤੇ ਇਤਬਾਰ ਕਰ ਹੀ ਨਹੀਂ ਸਕੇਗੀ।

"ਕੀ ਤੁਸੀਂ ਉਸਨੂੰ ਸਮਝਾਉਂਦੇ ਨਹੀਂ, ਸਾਰੇ ਮਰਦ ਉਸਦੇ ਬਾਪ ਵਰਗੇ ਨਹੀਂ ਹੁੰਦੇ।"

"ਵਥੇਰਾ ਸਮਝਾਉਂਦੀ ਹਾਂ ਭੈਣਾਂ, ਪਰ ਜਿਹੜੇ ਜ਼Éਲ਼ਮ ਉਸਦੇ ਲੱਗੇ ਹਨ, ਉਹ ਤਾਂ ਉਹ ਹੀ ਜਾਣਦੀ ਹੈ। ਉਸਨੂੰ ਕੀ ਪਤਾ ਸੀ ਕਿ, ਉਸਦਾ ਬਾਪ ਹੈਵਾਨ ਹੈ ਜਿਸਨੂੰ ਸਹੀ-ਗਲਤ ਦਾ ਵੀ ਨਹੀਂ ਪਤੈ। ਬੱਚੇ ਤਾਂ ਮਾਂ-ਬਾਪ ਤੇ ਰੱਬ ਵਰਗਾ ਭਰੋਸਾ ਕਰਦੇ ਹੁੰਦੇ ਨੇ। ਮੇਰੀ ਧੀ, ਕਿਸੇ ਤੇ ਵੀ ਹੁਣ ਭਰੋਸਾ ਨਹੀਂ ਕਰਦੀ।"

"ਸ਼ਾਇਦ ਇਹ ਜ਼ਖ਼ਮ ਤਾਂ ਆਪਣੇ ਆਪ ਹੀ ਭਰੇ ਜਦੋਂ ਕਿਸੇ ਦੀ ਚਾਹਤ ਉਸ ਦੇ ਮਨ ਵਿਚ ਉੱਠੇ।" ਮੈਂ ਉਸਨੂੰ ਆਖਿਆ।

"ਇਹ ਤਾਂ ਠੀਕ ਐ ... ਉਹ ਚਾਹਤ ਉੱਠੇ ਤਾਂ ਸਹੀ। ਉਸਦੀ ਜ਼ਿੰਦਗੀ ਵਿਚ ਇਕ ਲੜਕਾ ਆਇਆ ਸੀ, ਜੋ ਉਸਨੂੰ ਬਹੁਤ ਚਾਹੁੰਦਾ ਸੀ, ਪਰ ਉਹ ਕਿਵੇਂ ਉਸ ਉੱਤੇ ਵੀ ਇਤਬਾਰ ਕਰ ਲਵੇ? ਮੈਂ ਵਥੇਰਾ ਉਸਨੂੰ ਸਮਝਾਉਂਦੀ ਹਾਂ, ਤੇਰੇ ਬਾਪ ਦਾ ਅਤੇ ਇਸ ਬੰਦੇ ਦਾ ਫ਼ਰਕ ਹੈ। ਪਰ ਉਹ ਤਾਂ ਜਦੋਂ ਵੀ ਕਿਸੇ ਨੂੰ ਦੇਖਦੀ ਹੈ ਤਾਂ ਉਸਦੇ ਅੰਦਰ ਜਿਵੇਂ ਅੱਗ ਬਲਣ ਲੱਗ ਪੈਂਦੀ ਹੈ।"

ਉਸਦੀ ਗਾਥਾ ਸੁਣ ਕੇ ਮੈਂ ਸਮਝ ਸਕੀ ਸਾਂ ਕਿ ਕਿਉਂ ਇਸ ਔਰਤ ਦੇ ਅੰਦਰ ਵੀ ਉਸ ਆਦਮੀ ਨੂੰ ਦੇਖ ਕੇ ਅੱਗ ਭੜਕ ਪਈ ਸੀ। ... ਤੇ ਉਸਨੂੰ ਕਹਿਣ ਲਈ, ਜਿਵੇਂ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਸਨ ਰਹੇ।
20 Jul 2009

Reply