Punjabi Music
 View Forum
 Create New Topic
 Search in Forums
  Home > Communities > Punjabi Music > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀ ਗਾਇਕੀ ਦਾ ਹੀਰਾ ਮੁਹੰਮਦ ਆਲਮ ਲੁਹਾਰ

ਪੰਜਾਬੀ ਗਾਇਕੀ ਦਾ ਹੀਰਾ ਗਾਇਕ ਸੀ ਮੁਹੰਮਦ ਆਲਮ ਲੁਹਾਰ
ਹਰਦਿਆਲ ਥੂਹੀ


ਲਹਿੰਦੇ ਪੰਜਾਬ ਦੇ ਜੋੜੀ (ਅਲਗੋਜ਼ੇ) ਨਾਲ ਗਾਉਣ ਵਾਲੇ ਗਾਇਕਾਂ ਵਿੱਚ ਆਲਮ ਲੁਹਾਰ ਦਾ ਇੱਕ ਵੱਖਰਾ ਅਤੇ ਵਿਸ਼ੇਸ਼ ਥਾਂ ਹੈ। ਆਲਮ ਲੁਹਾਰ ਦੀ ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਵਿੱਚ ਬਹੁਤ ਸਾਰੀ ਰਿਕਾਰਡਿੰਗ ਹੋਈ ਮਿਲਦੀ ਹੈ। ਅਨਾਇਤ ਕੋਟੀਏ ਨਵਾਬ ਘੁਮਾਰ ਦੇ ਵਾਂਗ ਆਲਮ ਨੇ ਆਪਣੀ ਗਾਇਕੀ ਦਾ ਆਰੰਭ ਲੋਕ ਗਾਥਾਵਾਂ ਤੋਂ ਹੀ ਕੀਤਾ। ਸੁਚੇਤ ਜਾਂ ਅਚੇਤ ਰੂਪ ਵਿੱਚ ਆਲਮ ਨੇ ਨਵਾਬ ਦਾ ਪ੍ਰਭਾਵ ਜ਼ਰੂਰ ਕਬੂਲਿਆ ਹੈ। ਰਿਕਾਰਡਿੰਗ ਦੇ ਆਰੰਭ ਵਿੱਚ ‘ਨਵਾਬ ਘੁਮਾਰ ਅਨਾਇਤ ਕੋਟੀਆ ਆਂਹਦੈ ਜੀ’ ਦੀ ਤਰਜ਼ ’ਤੇ ਆਲਮ ਵੀ ਕਹਿੰਦੈ, ‘ਮਸ਼ਕੀਨ ਲੁਹਾਰ ਆਸ਼ਕੋਸ਼ੀ ਆਂਹਦੈ ਜੀ’। ਇਸ ਦੇ ਬਾਵਜੂਦ ਆਲਮ ਨੇ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਨਵਾਬ ਘੁਮਾਰ ਦੀ ਸਿੱਧੀ ਸਾਦੀ ਗਾਇਕੀ ਪੇਂਡੂ ਲੋਕਾਂ ਤਕ ਸੀਮਤ ਰਹੀ ਪਰ ਆਲਮ ਲੁਹਾਰ ਦੀ ਗਾਇਕੀ ਦਾ ਸਫ਼ਰ ਲੋਕ ਛੋਹ ਵਾਲੀ ਪੇਂਡੂ ਗਾਇਕੀ ਤੋਂ ਸ਼ੁਰੂ ਹੋ ਕੇ ਪੜ੍ਹੇ-ਲਿਖੇ ਸ਼ਹਿਰੀ ਵਰਗ ਤਕ ਪਹੁੰਚਿਆ। ਉਸ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤਕ ਪੈੜਾਂ ਪਾਈਆਂ।
ਆਲਮ ਲੁਹਾਰ ਨੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਪਿੰਡ ਆਸ਼ਕੋਸ਼ ਵਿਖੇ 22 ਅਗਸਤ 1928 ਨੂੰ ਮੁਸਲਮਾਨ ਲੁਹਾਰਾਂ ਦੇ ਘਰ ਜਨਮ ਲਿਆ। ਉਸ ਨੇ ਰਸਮੀ ਤੌਰ ’ਤੇ ਕੋਈ ਸਕੂਲੀ ਵਿੱਦਿਆ ਪ੍ਰਾਪਤ ਨਹੀਂ ਕੀਤੀ ਅਤੇ ਨਾ ਹੀ ਕਿਧਰੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਉਸ ਸਮੇਂ ਪਿੰਡਾਂ ਵਿੱਚ ਨਵਾਬ ਘੁਮਾਰ ਦੀ ਗਾਇਕੀ ਦਾ ਬੋਲਬਾਲਾ ਸੀ ਅਤੇ ਗ੍ਰਾਮੋਫੋਨ ਤੇ ਤਵਿਆਂ ਵਿੱਚ ਵੀ ਉਸ ਦੀ ਆਵਾਜ਼ ਥਾਂ-ਥਾਂ ਗੂੰਜਦੀ ਸੀ। ਇਸ ਦਾ ਪ੍ਰਭਾਵ ਆਲਮ ’ਤੇ ਵੀ ਪਿਆ। ਇਸੇ ਤਰਜ਼ ’ਤੇ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ। ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਰੀਗਲ ਨੇ ਉਸ ਦੀ ਆਵਾਜ਼ ਨੂੰ ਕਾਲੇ ਤਵਿਆਂ ਵਿੱਚ ਰਿਕਾਰਡ ਕੀਤਾ। ਤਵਾ ਨੰ. ਆਰ.ਐਲ. 3049 ਮਿਰਜ਼ੇ ਦੀ ਗਾਥਾ ਨਾਲ ਸਬੰਧਤ ਹੈ ਜਿਸ ਦੇ ਬੋਲ ਹਨ ‘ਸੁੱਤਾ ਮਿਰਜ਼ਾ ਉਠਿਆ’, ‘ਬੁਰਾ ਕੀਤਾ ਸਾਹਿਬਾਂ’। ਤਵੇ ਦੇ ਨੰਬਰ ਤੋਂ ਇਹ ਰਿਕਾਰਡਿੰਗ 1945-46 ਦੀ ਪ੍ਰਤੀਤ ਹੁੰਦੀ ਹੈ। ਇਸ ਤੋਂ ਬਾਅਦ ਵੱਖ-ਵੱਖ ਕੰਪਨੀਆਂ, ਰੇਡੀਓ, ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਉਸ ਦੀ ਆਵਾਜ਼ ਵਿੱਚ ਢੇਰਾਂ ਦੇ ਢੇਰ ਰਿਕਾਰਡਿੰਗ ਹੋਈ। ਆਲਮ ਦੀ ਸਮੁੱਚੀ ਗਾਇਕੀ ਨੂੰ ਮੋਟੇ ਰੂਪ ਵਿੱਚ ਅਸੀਂ ਚਾਰ ਵਰਗਾਂ ਵਿੱਚ ਵੰਡ ਸਕਦੇ ਹਾਂ¸
ੳ) ਲੋਕ ਗਾਥਾਵਾਂ ¸ ਪੂਰਨ, ਹੀਰ, ਮਿਰਜ਼ਾ, ਯੂਸਫ਼-ਜਲੈਖਾਂ, ਢੋਲ ਸੰਮੀ, ਦੁੱਲਾ ਆਦਿ।
ਅ) ਹੋਰ ਲੋਕ ਕਾਵਿ ਰੂਪ ¸ ਟੱਪੇ, ਮਾਹੀਆ, ਬਾਰਾਂਮਾਹ, ਜੁਗਨੀ ਆਦਿ।
ੲ) ਪੰਜਾਬੀ ਗੀਤ¸ ਵਾਜ਼ਾਂ ਮਾਰੀਆਂ, ਦਿਲ ਵਾਲਾ ਦੁੱਖੜਾ, ਹੁਣ ਕੀ ਮੇਰਾ ਜ਼ੋਰ ਨੀ ਗੁੱਡੀਏ, ਮੈਂ ਵਿਆਹ ਕਰਕੇ ਪਛਤਾਇਆ ਆਦਿ।
ਸ) ਦੋਗਾਣੇ ¸ ਦੋਗਾਣੇ ਜ਼ਿਆਦਾਤਰ ਲੋਕ ਕਾਵਿ ਵਿੱਚੋਂ ਹੀ ਲਏ ਗਏ ਹਨ। ਇਨ੍ਹਾਂ ਵਿੱਚ ਔਰਤ ਗਾਇਕਾਵਾਂ ਨੇ ਉਸ ਦਾ ਸਾਥ ਦਿੱਤਾ ਹੈ।


ਆਲਮ ਦੀ ਅਲਗੋਜ਼ਿਆਂ ਨਾਲ ਗਾਈ ਹੋਈ ਬਹੁਤ ਸਾਰੀ ਰਿਕਾਰਡਿੰਗ ਮਿਲਦੀ ਹੈ। ਪੂਰਨ, ਢੋਲ ਸੰਮੀ, ਮਿਰਜ਼ਾ, ਹੀਰ, ਦੁੱਲ੍ਹਾ ਆਦਿ ਲੋਕ ਗਾਥਾਵਾਂ ਤੋਂ ਇਲਾਵਾ ਜੁਗਨੀ, ਬਾਰਾਂਮਾਹ ਆਦਿ ਰਚਨਾਵਾਂ ਅਲਗੋਜ਼ਿਆਂ ਨਾਲ ਹੀ ਗਾਈਆਂ ਹੋਈਆਂ ਹਨ। ਇਸ ਸਾਰੀ ਰਿਕਾਰਡਿੰਗ ਵਿੱਚ ਆਲਮ ਦੀ ਇਕੱਲੇ ਦੀ ਹੀ ਆਵਾਜ਼ ਹੈ, ਉਸ ਦਾ ਕੋਈ ‘ਪਾਛੂ’ ਨਹੀਂ ਹੈ। ਚਿਮਟਾ ਉਸ ਦਾ ਪਸੰਦੀਦਾ ਸਾਜ਼ ਸੀ, ਜੋ ਮਹਿਬੂਬ ਵਾਂਗ ਹਮੇਸ਼ਾਂ ਉਸ ਦੇ ਨਾਲ ਰਿਹਾ। ਗਲੀਆਂ ਵਿੱਚ ਮੰਗਣ ਵਾਲਿਆਂ ਤੋਂ ਖੋਹ ਕੇ ਆਲਮ ਨੇ ਚਿਮਟੇ ਨੂੰ ਇੱਕ ਲੋਕ ਸਾਜ਼ ਵਜੋਂ ਮਾਣਤਾ ਦਿਵਾਈ। ਜੋੜੀ ਅਤੇ ਚਿਮਟੇ ਤੋਂ ਇਲਾਵਾ ਤਾਲ ਲਈ ਉਸ ਨੇ ਢੋਲਕ ਨੂੰ ਹੀ ਲਿਆ ਹੈ।
ਜੋੜੀ ’ਤੇ ਆਲਮ ਦਾ ਸਾਥ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਜੋੜੀ ਵਾਦਕਾਂ ਵੱਲੋਂ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਫ਼ਜ਼ਲ ਕਰੀਮ ਕਸਾਈ ਸਰਾਏ ਆਲਮਗੀਰ ਵਾਲਾ, ਚੌਧਰੀ ਅਬਦੁੱਲ ਗਨੀ ਲਾਇਲਪੁਰ ਵਾਲਾ, ਮੁਹੰਮਦ ਸ਼ਫੀ ਵਾੜੇ ਵਾਲਾ, ਰਹਿਮਾ ਨਾਈ ਅਲੀ ਚੱਕ ਵਾਲਾ, ਫਤੇ ਮੁਹੰਮਦ ਝੰਡੇਆਲ ਵਾਲਾ ਆਦਿ ਸ਼ਾਮਲ ਹਨ। ਫ਼ਜ਼ਲ ਕਰੀਮ ਕਸਾਈ ਨੇ ਉਸ ਦਾ ਹੋਰਾਂ ਨਾਲੋਂ ਜ਼ਿਆਦਾ ਸਾਥ ਨਿਭਾਇਆ ਹੈ।
ਆਲਮ ਨੇ ਆਪਣੀ ਰਿਕਾਰਡਿੰਗ ਵਿੱਚ ਰਚਨਾ ਦਾ ਆਰੰਭ ਖੂਬਸੂਰਤ ਪ੍ਰਸੰਗਾਂ ਦੀ ਪੇਸ਼ਕਾਰੀ ਨਾਲ ਕੀਤਾ ਹੋਇਆ ਹੈ। ਆਪਣੇ ਆਪ ਨੂੰ ‘ਮਸ਼ਕੀਨ ਲੁਹਾਰ’ ਆਖਦਾ ਹੋਇਆ ਉਹ ਬੜੇ ਸੰਖੇਪ ਵਿੱਚ ਕਾਵਿ ਨੁਮਾ ਵਾਰਤਕ ਰਾਹੀਂ ਰਚਨਾ ਦਾ ਸਾਰੰਸ਼ ਬਿਆਨ ਕਰਦਾ ਹੈ। ਵਿਸ਼ੇ ਨਾਲ ਸਬੰਧਤ ਇੱਕ ਤਸਵੀਰ ਸਰੋਤਿਆਂ ਦੀਆਂ ਅੱਖਾਂ ਅੱਗੇ ਰੂਪਮਾਨ ਹੋ ਜਾਂਦੀ ਹੈ। ਇੱਕ ਦੋ ਉਦਾਹਰਣਾਂ ਪੇਸ਼ ਹਨ¸
* ‘ਮਸ਼ਕੀਨ ਲੁਹਾਰ ਆਸ਼ਕੋਸ਼ੀ ਆਂਹਦੈ ਜੀ, ਗੁਰੂ ਨੇ ਕਿਹਾ ਚੇਲਿਆਂ ਨੂੰ, ਜਾਓ ਕਿਤੋਂ ਪਾਣੀ ਲਿਆਓ, ਮੈਂ ਛਿੰਝ ਕਰੂਲੀਆਂ ਕਰਕੇ ਰੱਬ-ਰੱਬ ਕਰ ਲਾਂ। ਚੇਲਿਆਂ ਨੇ ਜਾ ਕੇ ਡੋਰੀਆਂ ਸੁੱਟੀਆਂ ਖੂਹ ਦੇ ਵਿੱਚ, ਅੱਗੋਂ ਪੂਰਨ ਦੀ ਲੋਥ ’ਚੋਂ ਅਵਾਜ਼ ਆਉਂਦੀ ਏ। ਚੇਲੇ ਉਹਨੂੰ ਕਿਵੇਂ ਬਾਹਰ ਕੱਢਦੇ ਨੇ? ਗੁਰੂ ਕਿਵੇਂ ਖੂਹ ’ਤੇ ਜਾ ਕੇ ਕੀ ਕਰਦੈ? ਹਲਾ ਬਈ, ਫ਼ਜ਼ਲ ਕਰੀਮ ਕਸਾਈਆ, ਸਰਾਏ ਆਲਮਗੀਰ ਵਾਲਿਆ, ਉਹ ਕੀ ਆਂਹਦੈ…?
* ‘ਮਸ਼ਕੀਨ ਲੁਹਾਰ ਆਸ਼ਕੋਸ਼ੀ ਆਂਹਦੈ ਜੀ, ਦੁੱਲ੍ਹਾ ਜੁਆਨ ਬਾਹਰੋਂ ਆਉਂਦਾ ਏ, ਮਾਤਾ ਲੱਧੀ ਉਹਨੂੰ ਮੱਤ ਲੱਗੀ ਦੇਣ। ਉਹ ਕਿਹੜੀ ਮੱਤ ਦਿੰਦੀ ਐ? ਹਲਾ ਬਈ ਮੁਹੰਮਦ ਸ਼ਫੀ ਵਾੜੇਵਾਲਿਆ ਕੀ ਆਂਹਦੀ ਏ ਮਾਤਾ ਲੱਧੀ…?’’
* ‘ਮਸ਼ਕੀਨ ਲੁਹਾਰ ਆਸ਼ਕੋਸ਼ੀ ਆਂਹਦੈ ਜੀ, ਪੀਰਾਂ ਦਿੱਤਾ ਬਾਰਾਂਮਾਹ ਲਿਖਦੈ, ਉਹ ਕਿਹੜੇ ਬਾਰਾਂਮਾਹ ਲਿਖਦੈ? ਹਲਾ ਬਈ ਚੌਧਰੀ ਅਬਦੁੱਲ ਗਨੀ ਲਾਇਲਪੁਰ ਆਲਿਆ, ਉਹ ਕੀ ਆਖਦੈ…?
ਪ੍ਰਸੰਗ ਤੋਂ ਬਾਅਦ ਜੋੜੀ ਦੇ ਨਾਲ ਦੂਜੇ ਸਾਜ਼ ਸ਼ੁਰੂ ਹੋ ਜਾਂਦੇ ਹਨ ਤੇ ਸਰੋਤੇ ਝੂੰਮਣ ਲੱਗ ਜਾਂਦੇ ਹਨ। ਕਈ ਰਚਨਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਲਮ ਪਰੰਪਰਿਕ ਗਾਇਕਾਂ ਵਾਂਗ ਪ੍ਰਸੰਗ ਤੋਂ ਬਾਅਦ ਦੋ ਤੁਕੇ ਜਾਂ ਚਹੁੰ ਤੁਕੇ ਬੰਦਾਂ ਦਾ ਪ੍ਰਯੋਗ ਕਰਦਾ ਹੈ। ਇਸ ਨਾਲ ਪ੍ਰਭਾਵ ਹੋਰ ਵਧ ਜਾਂਦਾ ਹੈ¸

19 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

* ‘ਮੈਨੂੰ ਸਭੇ ਪੀੜਾਂ ਨੇ ਮੰਦੀਆਂ,
ਪਰ ਬੁਰੀ ਭਾਈਆਂ ਦੀ ਪੀੜ।
ਪੁੱਤਰ ਮੋਏ ਨਾ ਭੁੱਲਦੇ ਆਲਮਾ,
ਭਾਵੇਂ ਹੋ ਕੇ ਮਰਨ ਫ਼ਕੀਰ।
ਖਾਧਿਆਂ ਤਾਮ ਨਾ ਰੱਜਦਾ,
ਠੱਲ੍ਹਿਆਂ ਨੀਂ ਰਹਿੰਦਾ ਨੀਰ।
ਕਾਹਨੂੰ ਭੈਣਾਂ ਨੇ ਜਿਉਂਦੀਆਂ,
ਵਿਛੜ ਜਾਣ ਜਿਨ੍ਹਾਂ ਦੇ ਵੀਰ।
(ਮਿਰਜ਼ਾ)
* ‘ਮਾਂ ਦੁੱਲ੍ਹੇ ਦੀ ਵਰਜਦੀ,
ਉਹਨੂੰ ਮੱਤਾਂ ਦੇ ਸਮਝਾ।
ਤੈਨੂੰ ਸ਼ੇਰਨੀ ਅੱਗੇ ਮੈਂ ਸੁੱਟਿਆ,
ਤੈਨੂੰ ਰੱਖਿਐ ਆਪ ਖ਼ੁਦਾ। (ਦੁੱਲ੍ਹਾ)
ਆਲਮ ਬੜੇ ਫ਼ਖਰ ਨਾਲ ਆਪਣੇ ਆਪ ਨੂੰ ‘ਲੁਹਾਰ’ ਅਖਵਾਉਂਦਾ ਸੀ। ਆਪਣੀਆਂ ਰਚਨਾਵਾਂ ਦੇ ਪ੍ਰਸੰਗ ਤਾਂ ਉਹ ਸ਼ੁਰੂ ਹੀ ‘ਮਸ਼ਕੀਨ ਲੁਹਾਰ ਆਸ਼ਕੋਸ਼ੀ ਆਂਹਦੈ ਜੀ’ ਤੋਂ ਕਰਦਾ ਹੈ। ਰਚਨਾਵਾਂ ਦੇ ਵਿੱਚ ਵੀ ਵਾਰ-ਵਾਰ ਉਹ ਇਸ ਸ਼ਬਦ ਦੀ ਵਰਤੋਂ ਕਰਦਾ ਹੈ। ਕਿਤੇ-ਕਿਤੇ ਤਾਂ ਉਸ ਨੇ ਲੁਹਾਰੇ ਕੰਮ ਦੀ ਵੀ ਸਰਾਹੁਣਾ ਕੀਤੀ ਹੈ। ਜੁਗਨੀ ਦੇ ਇੱਕ ਬੰਦ ਵਿੱਚ ਕਹਿੰਦਾ ਹੈ¸
* ‘ਇਹ ਜਵਾਨੀ ਚਾਰ ਦਿਹਾੜੇ, ਖ਼ੁਸ਼ੀਆਂ ਨਾਲ ਹੰਢਾਈਏ।
ਜ਼ਿੰਦਗੀ ਦਾ ਕੋਈ ਮਾਣ ਨਹੀਂ, ਭਾਵੇਂ ਭਲਕੇ ਹੀ ਮਰ ਜਾਈਏ।
ਸੱਪਾਂ ਦੇ ਪੁੱਤਰ ਯਾਰ ਨੀਂ ਬਣਦੇ, ਚੂਲੀਏਂ ਦੁੱਧ ਪਿਲਾਈਏ।
ਗਈ ਜਵਾਨੀ ਫੇਰ ਨੀਂ ਆਉਣੀ, ਲੱਖ ਖੁਰਾਕਾਂ ਖਾਈਏ।
ਓ ਛੱਡ ਲੁਹਾਰਾ ਗਾਉਣ ਦਾ ਖਹਿੜਾ, ’ਤੇ ਸੰਨ੍ਹੀ, ਥੋੜ੍ਹਾ ਵਾਹੀਏ।
ਓ ਸਾਈ ਮੇਰਿਆ ਜੁਗਨੀ…
‘ਮਿੱਟੀ ਦਾ ਬਾਵਾ’ ਗੀਤ ਜਿਸ ਸ਼ਿੱਦਤ ਨਾਲ ਉਸ ਨੇ ਗਾਇਆ ਹੈ, ਉਸ ਦਾ ਕੋਈ ਜਵਾਬ ਨਹੀਂ। ਇਸ ਵਿਚਲੀ ਦਰਦ ਵਿਛੋੜੇ ਦੀ ਤੜਫ਼ ਤੇ ਹੂਕ ਸਰੀਰ ਵਿੱਚ ਝਰਨਾਹਟ ਛੇੜ ਦਿੰਦੀ ਹੈ। ‘ਵਾਜਾਂ ਮਾਰੀਆਂ’ ਤੇ ‘ਦਿਲ ਵਾਲਾ ਦੁਖੜਾ’ ਗੀਤਾਂ ਵਿੱਚ ਇੱਕ ਬੇਵੱਸ ਮਨੁੱਖ ਦੀ ਬੇਵਸੀ ਦਾ ਪ੍ਰਗਟਾਵਾ ਆਪਣੀ ਮਿਸਾਲ ਆਪ ਹੈ। ਇੱਕ ਵਾਰ ਇੱਕ ਹਾਦਸੇ ਦੌਰਾਨ ਆਲਮ ਦੀ ਲੱਤ ਟੁੱਟ ਗਈ। ਉਸ ਨੂੰ ਹਸਪਤਾਲ ਭਰਤੀ ਹੋਣਾ ਪਿਆ। ਏਥੇ ਉਸ ਵੱਲ ਕੋਈ ਵਿਸ਼ੇਸ਼ ਤਵੱਜੋਂ ਨਾ ਦੇਵੇ। ਡਾਕਟਰ ਤੇ ਨਰਸਾਂ ਉਸ ਦੇ ਬੁਲਾਉਣ ’ਤੇ ਵੀ ਉਸ ਕੋਲ ਨਾ ਆਉਣ। ਇਸ ਸਮੇਂ ਹੀ ਉਸ ਦੇ ਅਮਰ ਗੀਤ ‘ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ’ ਦੀ ਰਚਨਾ ਹੋਈ।
ਆਪਣੀ ਗਾਇਕੀ ਦੇ ਸਿਰ ’ਤੇ ਆਲਮ ਵਿਦੇਸ਼ਾਂ ਤਕ ਪਹੁੰਚਿਆ, ਜਿੱਥੇ ਉਸ ਨੇ ਪੰਜਾਬੀ ਸਰੋਤਿਆਂ ਦੇ ਨਾਲ-ਨਾਲ ਵਿਦੇਸ਼ੀ ਸਰੋਤਿਆਂ ਨੂੰ ਵੀ ਪ੍ਰਭਾਵਿਤ ਕੀਤਾ। ਪੈਸਾ ਅਤੇ ਸ਼ੁਹਰਤ ਦੋਵੇਂ ਕਮਾਏ।
ਗਾਇਕੀ ਸਦਕਾ ਹੀ ਆਲਮ ਦੀ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਤਕ ਪਹੁੰਚ ਹੋਈ। ਉਸ ਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਪਿੱਠਵਰਤੀ ਗਾਇਕ ਵਜੋਂ ਗਾਇਆ। ਕੁਝ ਫ਼ਿਲਮਾਂ ਵਿੱਚ ਉਸ ਦੇ ਖਾੜੇ ਫ਼ਿਲਮਾਏ ਗਏ। ਬਾਅਦ ਵਿੱਚ ਉਸ ਨੇ ਕੁਝ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ। ਆਲਮ ਦੇ ਗਾਏ ਅਨੇਕਾਂ ਗੀਤਾਂ ਵਿੱਚੋਂ ਕੁਝ ਇੱਕ ਦੇ ਮੁੱਖੜੇ ਇਸ ਪ੍ਰਕਾਰ ਹਨ¸
* ‘ਚਿਮਨੀ ਬੇਗ਼ਮ ਚੜ੍ਹ ਪਈ, ਉਸ ਕਰ ਲਈ ਧਾਅ ਓ ਧਾਅ।
ਉਹਦਾ ਪਹਿਲਾ ਡੇਰਾ ਸ਼ਾਹਦਰੇ, ਦੂਜਾ ਦੁਲ੍ਹੇ ਦੀ ਬਾਰ ਵਿੱਚ ਲਾ।
* ‘ਮਾਤਾ ਲੱਧੀ ਪਈ ਬੋਲਦੀ, ਆਂਹਦੀ ਸੁਣ ਦੁੱਲਿਆ ਸਰਦਾਰ ਓਏ।
ਬਾਹਮਣ ਦਾ ਪੁੱਤਰ ਨਾ ਛੇੜੀਏ, ਜਦੋਂ ਉਤਰੇ ਹੋਣ ਸਰਾਧ ਓਏ।
* ‘ਨੀ ਤੂੰ ਦੇਖ ਜੰਡੋਰਾ ਬਾਰ ਦਾ, ਏਹਦੀ ਕੈਸੀ ਛਾਂ ਬਣੀ।
ਇਹਦੀਆਂ ਕੋਰਾਂ ਨਾਲ ਜ਼ਮੀਨ ਦੇ, ਜਿੱਥੇ ਪੈਂਦੀ ਨਹੀਂ ਕਣੀ।
ਘੋੜੀ ਕਿਉਂ ਦੁਪਹਿਰੀਂ ਮਾਰੀਏ, ਕਿਹੜੀ ਸਿਰ ’ਤੇ ਫਾਤ ਬਣੀ।
ਤੈਨੂੰ ਲੈ ਚੱਲਾਂ ਦਿਨ ਡੀਗੜੇ, ਤੂੰ ਦਾਨਾਬਾਦ ਵੜੀਂ।
* ‘ਲਿਖ ਕੇ ਸੰਮੀ ਉਠ ਖਲੋਤੀ, ਬੰਦ ਕਰ ਮੋਹਰ ਲਗਾਈ।
ਚਿੱਠੀ ਦਰਦ ਫਿਰਾਕਾਂ ਵਾਲੀ, ਹੀਰੇ ਦੇ ਗਲ਼ ਪਾਈ।
* ‘ਚੜ੍ਹਦੇ ਚੇਤਰ ਚੇਤਾ ਮੇਰਾ ਭੁੱਲ ਗਿਆ ਦਿਲਬਰ ਨੂੰ
ਨਾ ਆਇਓਂ ਨਾ ਕੋਲ ਬੁਲਾਵੇਂ, ਬੈਠਾ ਮੱਲ ਕਬਰ ਨੂੰ।
ਤੀਲੀ ਲਾ ਕੇ ਫੂਕ ਦਿਆਂ ਜੇ, ਸੋਹਣੇ ਬਾਝੋਂ ਘਰ ਨੂੰ।
ਆਲਮ ਜਿੱਧਰ ਨੂੰ ਵੀ ਵਗਿਆ ਹੈ, ਦਰਿਆ ਬਣ ਕੇ ਵਗਿਆ ਹੈ। ਭਾਵੇਂ ਲੋਕ ਗਾਥਾਵਾਂ ਦੀ ਗੱਲ ਹੋਵੇ, ਭਾਵੇਂ ਲੋਕ ਗੀਤਾਂ ਜਾਂ ਉਸ ਦੇ ਆਪਣੇ ਲਿਖੇ ਗੀਤਾਂ ਦੀ ਜਾਂ ਫੇਰ ਦੋਗਾਣਿਆਂ ਦੀ। ਉਸ ਨੇ ਆਪਣੀ ਵਿਲੱਖਣ ਆਵਾਜ਼ ਅਤੇ ਵਿਸ਼ੇਸ਼ ਅੰਦਾਜ਼ ਰਾਹੀਂ ਅਨੇਕਾਂ ਰਚਨਾਵਾਂ ਨੂੰ ਅਮਰ ਬਣਾ ਦਿੱਤਾ ਹੈ।
ਆਪਣੇ ਸੰਗੀਤ ਸਫ਼ਰ ਦੇ ਨਾਲ-ਨਾਲ ਆਲਮ ਨੇ ਆਪਣੇ ਪਰਿਵਾਰਕ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਉਸ ਨੇ ਚਾਰ ਵਿਆਹ ਕਰਵਾਏ। ਚਾਰ ਪਤਨੀਆਂ ਤੋਂ ਉਸ ਦੇ ਘਰ ਅੱਠ ਪੁੱਤਰਾਂ ਅਤੇ ਪੰਜ ਧੀਆਂ ਨੇ ਜਨਮ ਲਿਆ। ਪੁੱਤਰਾਂ ਵਿੱਚੋਂ ਮੁਹੰਮਦ ਆਰਿਫ ਲੁਹਾਰ ਨੇ ਆਪਣੇ ਪਿਤਾ ਦੀਆਂ ਪੈੜਾਂ ’ਤੇ ਚੱਲ ਕੇ ਆਪਣੀ ਵੱਖਰੀ ਹੋਂਦ ਸਥਾਪਤ ਕੀਤੀ। ਲਹਿੰਦੇ ਪੰਜਾਬ ਵਿੱਚ ਅੱਜ ਆਰਿਫ਼ ਲੁਹਾਰ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ।
ਦੁਨੀਆਂ ਭਰ ਵਿੱਚ ਪੰਜਾਬੀ ਗਾਇਕੀ ਦੇ ਝੰਡੇ ਗੱਡਣ ਵਾਲੇ ਇਸ ਫੱਕਰ ਗਾਇਕ ਦੀ ਅਚਾਨਕ ਇੱਕ ਕਾਰ ਹਾਦਸੇ ਵਿੱਚ 3 ਜੁਲਾਈ, 1989 ਨੂੰ ਮੌਤ ਹੋ ਗਈ। ਭਾਵੇਂ ਆਲਮ ਅੱਜ ਸਾਡੇ ਦਰਮਿਆਨ ਨਹੀਂ, ਪਰ ਤਵਿਆਂ, ਫ਼ਿਲਮਾਂ ਅਤੇ ਕੈਸੇਟਾਂ ਵਿੱਚ ਰਿਕਾਰਡ ਉਸ ਦੀ ਆਵਾਜ਼ ਹਮੇਸ਼ਾਂ ਸਾਡੇ ਕੰਨਾਂ ਵਿੱਚ ਗੂੰਜਦੀ ਰਹੇਗੀ ਅਤੇ ਉਸ ਦੀ ਯਾਦ ਦਿਵਾਉਂਦੀ ਰਹੇਗੀ।

ਮੋਬਾਈਲ: 84271-00341

19 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ , ਬਹੁਤ ਬਹੁਤ ਧਨਵਾਦ .........ਏਦਾ ਦੀਆਂ ਜਾਣਕਾਰੀਆ ਸਾਝੀਆ ਕਰਨ ਲਈ.............

20 Feb 2012

Reply