ਜੀਣ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ...
ਅਵਤਾਰ ਸਿੰਘ ਸੰਧੂ ਉਰਫ਼ ਪਾਸ਼ 9 ਸਤੰਬਰ 1950 ਨੂੰ ਰੋਜ਼ਾਨਾ ਜਨਮਦੇ ਬੱਚਿਆਂ ਵਾਂਗ ਹੀ ਤਲਵੰਡੀ ਸਲੇਮ ਵਿੱਚ ਜਨਮਿਆ ਸੀ । ਮੁੱਢਲੀ ਵਿੱਦਿਆ ਪਰਾਪਤ ਕਰਦਿਆਂ ਅਜੇ 19 ਕੁ ਸਾਲ ਦਾ ਅਲੂੰਆਂ ਜਿਹਾ ਮੁੰਡਾ ਸੀ ਜਦੋਂ ਉਸਦਾ ਮੇਲ-ਜੋਲ ਨਕਸਲੀਆਂ ਨਾਲ ਹੋਣਾ ਸ਼ੁਰੂ ਹੋ ਗਿਆ । ਅਗਲੇ ਸਾਲ ਹੀ 'ਲੋਹ ਕਥਾ' ਲਿਖਕੇ ਇਹ ਅਲੂੰਆਂ ਜਿਹਾ ਮੁੰਡਾ ਬੀ. ਐਸ.ਐਫ. ਦੀ ਨੌਕਰੀ ਛੱਡਣ ਵਾਲੇ ਅਵਤਾਰ ਸਿੰਘ ਤੋ ਲੋਹ ਪੁਰਸ਼ ਅਵਤਾਰ ਪਾਸ਼ ਬਣ ਗਿਆ । 1972 ਵਿੱਚ ਇਸ ਖੇਤਾਂ ਦੇ ਪੁੱਤ ਨੇ ਆਪਣੇ ਵਿਚਾਰਾਂ ਦਾ ਬੀਜ ਹੋਰਨਾਂ ਖੇਤਾਂ ਵਿੱਚ ਬੀਜਣ ਲਈ ਪਰਚਾ 'ਸਿਆੜ' ਕੱਢਿਆ । ਪਿੱਛੋਂ ਮੋਗਾ ਗੋਲੀ ਕਾਂਡ ਵਿੱਚ ਹੋਈ ਗਿਰਫਤਾਰੀ ਦੌਰਾਨ ਸਿਆੜ ਬੰਦ ਕਰਨਾ ਪਿਆ । ਅਗਲੇ ਸਾਲ 1973 ਵਿੱਚ ਉਹ 'ਉੱਡਦੇ ਬਾਜ਼ਾਂ ਮਗਰ' ਵੀ ਆਇਆ ਕਿਉਂਕਿ ਉਹ ਰੀਂਗਣ, ਤੁਰਨ ਅਤੇ ਦੌੜਨ ਤੋਂ ਕਿਤੇ ਜ਼ਿਆਦਾ ਮਹੱਤਵ ਉੱਡਣ ਨੂੰ ਦਿੰਦਾ ਸੀ । ਵਰਿਆਂ ਦੇ ਜੀ ਪਰਚਾਉਣ ਵਾਲੇ ਖਿਡੌਣੇ ਨੂੰ ਉਹ ਜ਼ਿੰਦਗੀ ਨਹੀਂ ਸਮਝਦਾ ਸੀ ।
ਪਾਸ਼ ਨੇ ਵੱਖ-ਵੱਖ ਸਮਿਆਂ ਵਿੱਚ 'ਹੇਮ ਜਯੋਤੀ' ਅਤੇ 'ਹਾਕ' ਪਰਚਿਆਂ ਦੀ ਕਮਾਨ ਵੀ ਸੰਭਾਲੀ । 1974 ਵਿੱਚ ਮਿਲਖਾ ਸਿੰਘ ਦੀ ਜੀਵਨੀ 'ਫਲਾਇੰਗ ਸਿੱਖ' ਲਿਖ ਕੇ ਦਿੱਤੀ । 1978 ਵਿੱਚ ਰਾਜਵਿੰਦਰ ਨਾਲ ਵਿਆਹ ਤੇ ਇੱਕ ਧੀ ਵਿੰਕਲ ਦਾ ਜਨਮ ਹੋਇਆ । ਇਸੇ ਸਾਲ ਉਹ 'ਸਾਡੇ ਸਮਿਆਂ ਵਿੱਚ' ਸੰਗ੍ਰਹਿ ਰਾਹੀਂ ਜ਼ੋਰਦਾਰ ਹਾਜ਼ਰੀ ਲਵਾਉਂਦਾ ਹੈ । 'ਖਿੱਲਰੇ ਹੋਏ ਵਰਕੇ' ਪਾਸ਼ ਦੀਆਂ ਖਿੰਡਰੀਆਂ-ਪੁੰਡਰੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ।1986 ਵਿੱਚ ਉਹ ਇੰਗਲੈਂਡ ਹੁੰਦਾ ਹੋਇਆ ਕੈਲੇਫੋਰਨੀਂਆ ਪਹੁੰਚਿਆ ਅਤੇ 'ਐਂਟੀ ਫਰੰਟ' ਨਾਂਅ ਦਾ ਪਰਚਾ ਕੱਢਿਆ ।
ਅਵਤਾਰ ਪਾਸ਼ ਜ਼ਿੰਦਗੀ ਨੂੰ ਪਿਆਰਨ ਤੇ ਪਰਚਾਰਨ ਵਾਲਾ ਕਵੀ ਸੀ । ਉਹ ਸਮਝਦਾ ਸੀ ਕਿ ਆਦਮੀ ਕੋਲ ਆਪਣੇ ਸਾਹਾਂ ਤੇ ਮੁੜਕੇ ਦੀ ਹਮਕ ਤੋਂ ਇਲਾਵਾ ਜ਼ਿੰਦਗੀ ਵਰਗਾ ਵੀ ਕੁਝ ਹੋਣਾ ਚਾਹੀਦਾ ਹੈ । ਇਸ ਲਈ ਉਹ ਐਂਵੇਂ-ਮੁੱਚੀਂ ਦਾ ਕੁਝ ਨਹੀਂ ਚਹੁੰਦਾ ਸੀ ਜੋ ਵਕਤ ਦੇ ਥਪੇੜਿਆਂ ਨਾਲ ਖਤਮ ਹੋ ਜਾਵੇ । ਇਸ ਲਈ ਉਹ ਬੁੱਢੇ ਮੋਚੀ ਦੀ ਗੁੰਮੀ ਅੱਖ ਦੀ ਲੋਅ ਅਤੇ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਬਣ ਕੇ ਜਿਉਣਾ ਚਹੁੰਦਾ ਸੀ । ਉਸ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ ਲੁਕ-ਲੁਕ ਪੀਣ ਦੀ ਕੋਈ ਸ਼ੈਅ ਨਹੀਂ ਸੀ । ਉਹ ਜ਼ਿੰਦਗੀ ਨੂੰ ਗਲ਼ੇ ਤੱਕ ਡੁੱਬ ਕੇ ਜਿਉਣਾ ਚਹੁੰਦਾ ਸੀ ।
ਅਵਤਾਰ ਪਾਸ਼ ਮਨੁੱਖਤਾ ਦਾ ਸ਼ਾਇਰ ਸੀ । ਆਮ ਲੋਕਾਂ ਤੇ ਕਿਰਤੀ ਕਾਮਿਆਂ ਦੇ ਵਿਰੋਧ ਵਿੱਚ ਕੀਤੇ ਜਾਣ ਵਾਲੇ ਫੈਸਲਿਆਂ 'ਤੇ ਘਾਹ ਬਣ ਕੇ ਉੱਗਣ ਦੀ ਇੱਛਾ ਰੱਖਦਾ ਸੀ । ਉਸਦੀ ਕਵਿਤਾ ਸਥਾਪਤੀ ਦਾ ਵਿਰੋਧ ਕਰਦੀ ਸੀ । 23 ਮਾਰਚ 1988 ਨੂੰ ਮਨੁੱਖਤਾ ਨੂੰ ਚਾਨਣ ਵੰਡਣ ਵਾਲਾ ਇਹ ਦੀਪ ਹਨੇਰੇ ਦੇ ਖੁਦਾਵਾਂ ਦੁਆਰਾ ਬੁਝਾ ਦਿੱਤਾ ਗਿਆ । ਭਾਵੇਂ ਕਿ ਪਾਸ਼ ਦੀ ਕਵਿਤਾ ਆਪਣੇ ਪਿੰਡ ਦੇ ਯਾਰਾਂ ਦੋਸਤਾਂ ਦੇ ਮਸਲਿਆਂ ਦਾ ਹੱਲ ਨਹੀਂ ਕਰਦੀ ਸੀ, ਆਪਣੀ ਮਹਿਬੂਬ ਦੇ ਅੱਥਰੇ ਚਾਵਾਂ ਦੀ ਪੂਰਤੀ ਨਹੀਂ ਕਰਦੀ ਸੀ, ਪਤਨੀ ਤੇ ਬੱਚੀ ਦੀਆਂ ਖਾਹਿਸ਼ਾਂ ਪੂਰੀਆਂ ਕਰਨੋਂ ਵੀ ਅਸਮਰੱਥ ਸੀ ਪਰ ਉਹ ਕਿਰਤ ਦੀ ਲੁੱਟ ਨੂੰ ਸਭ ਤੋਂ ਖਤਰਨਾਕ ਕਹਿੰਦੀ ਹੈ, ਮਹਿਬੂਬਾ ਤੋਂ ਪਤਨੀ ਬਣੀ ਕੁੜੀ ਨੂੰ ਭੈਣ ਕਹਿਣ ਦੀ ਹਿੰਮਤ ਰੱਖਦੀ ਹੈ ਅਤੇ ਸ਼ਹੀਦ ਹੋਇਆਂ ਦੀ ਯਾਦ ਨੂੰ ਤਾਜ਼ਾ ਰੱਖਣ ਦਾ ਹੋਕਾ ਦਿੰਦੀ ਹੈ । ਭਵਿੱਖ ਵਿੱਚ ਵੀ ਇਹ ਕਵਿਤਾ ਸੰਘਰਸ਼ ਲਈ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ ।
" ਜੀਣ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਭਰੇ ਟਰੈਫਿਕ ਵਿੱਚ ਚੌਫਾਲ ਲਿਟ ਜਾਣ
ਤੇ ਸਲਿਪ ਕਰ ਦੇਣਾ
ਵਕਤ ਦਾ ਬੋਝਲ ਪਹੀਆ.."
-ਹਰਿੰਦਰ ਬਰਾੜ