Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
…ਬਾਂਸ ਸੁਗੰਧ ਨ ਹੋਇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
…ਬਾਂਸ ਸੁਗੰਧ ਨ ਹੋਇ

‘ਬਾਪੂ’ ਆਸਾਰਾਮ ਖ਼ਿਲਾਫ਼ ਇੱਕ ਨਾਬਾਲਗ ਕੰਨਿਆ ਵੱਲੋਂ ਸਰੀਰਕ ਸ਼ੋਸ਼ਣ ਦਾ ਮੁਕੱਦਮਾ ਦਰਜ ਕਰਵਾਉਣ ਤੋਂ ਬਾਅਦ ਚਿੱਟੇ ਚੋਲੇ ’ਤੇ ਕਾਲਖ਼ ਦੇ ਛਿੱਟੇ ਸਾਫ਼ ਦਿਖਾਈ ਦਿੰਦੇ ਹਨ। ਸ਼ਰਧਾ ਤਾਰ-ਤਾਰ ਹੋਣ ਪਿੱਛੋਂ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਆਸਾਰਾਮ ਦੇ ਪੋਸਟਰਾਂ ’ਤੇ ਕਾਲਾ ਰੰਗ ਪੋਤਿਆ ਹੈ। ਇਹ ਸ਼ਰਮਨਾਕ ਘਟਨਾ ਪੰਦਰਾਂ ਅਗਸਤ ਵਾਲੇ ਦਿਨ ਬਾਪੂ ਦੀ ‘ਕੁਟੀਆ’ (ਮਹਿਲਨੁਮਾ ਆਸ਼ਰਮ) ਵਿੱਚ ਵਾਪਰੀ ਦੱਸੀ ਜਾਂਦੀ ਹੈ ਜਦੋਂ ਸਾਰਾ ਦੇਸ਼ ਆਜ਼ਾਦੀ ਦੇ ਜਸ਼ਨਾਂ ਵਿੱਚ ਮਸ਼ਰੂਫ਼ ਸੀ।
ਬਹੱਤਰ ਸਾਲਾਂ ਨੂੰ ਢੁਕੇ ਆਸਾਰਾਮ ਦਾ ਜਨਮ ਸਤਾਰਾਂ ਅਪਰੈਲ 1941 ਨੂੰ ਬੇਰਾਨੀ ਪਿੰਡ (ਹੁਣ ਪਾਕਿਸਤਾਨ ਵਿੱਚ) ਵਿਖੇ ਹੋਇਆ। ਉਸ ਦਾ ਨਾਂ ਆਸਾਮੱਲ ਰੱਖਿਆ ਗਿਆ। ਲੋਕ ਕਹਾਵਤ, ‘ਮਾਇਆ ਤੇਰੇ ਤੀਨ ਨਾਮ, ਪਰਸਾ, ਪਰਸੂ, ਪਰਸਾਰਾਮ’ ਵਾਂਗ ਆਸਾਮੱਲ ਤੋਂ ਉਹ ਆਸਾਰਾਮ ਅਤੇ ਫਿਰ ਬਾਪੂ ਆਸਾਰਾਮ ਬਣ ਗਿਆ। ਜਿਸ ਡੇਰੇ ਖ਼ਿਲਾਫ਼ ਜਿੰਨੀ ਧੁੰਦ ਫੈਲਾਈ ਜਾਵੇ, ਉਸ ਦਾ ਪਸਾਰ ਓਨਾ ਹੀ ਵੱਧ ਹੁੰਦਾ ਹੈ। ਇਹ ਧੁੰਦ ਆਮ ਸ਼ਰਧਾਲੂ ਦੀਆਂ ਅੱਖਾਂ ਰਾਹੀਂ ਉਸ ਦੇ ਮਨ-ਮਸਤਕ ਵਿੱਚ ਪਹੁੰਚ ਕੇ ਉਸ ਦੀ ਚੇਤਨਾ ਨੂੰ ਵਲ੍ਹੇਟ ਲੈਂਦੀ ਹੈ। ਸ਼ਰਧਾ ਨੂੰ ਅੰਨਿ੍ਹਆਂ ਕਰਨ ਲਈ ਹੀ ‘ਸਾਖੀਆ’ ਘੜੀਆਂ ਜਾਂਦੀਆਂ ਹਨ। ਉਸ ਦੀ ਜੀਵਨੀ ਮੁਤਾਬਕ ਕਿਸੇ ਅਜਨਬੀ ਵਪਾਰੀ (ਮਹਾਪੁਰਸ਼) ਨੇ ਉਸ ਦੇ ਪਿਤਾ ਨੂੰ ਦੱਸਿਆ ਸੀ ਕਿ ਉਸ ਦੇ ਘਰ ਚਮਤਕਾਰੀ ਪੁੱਤਰ ‘ਪ੍ਰਗਟ’ ਹੋਣ ਵਾਲਾ ਹੈ। ਜਦੋਂ ਬਾਲਕ ਤਿੰਨ ਸਾਲ ਦਾ ਹੋਇਆ ਤਾਂ ਇੱਕ ਪਰਸੂਰਾਮ ਮਹਾਰਾਜ ਨੇ ਭਵਿੱਖਬਾਣੀ ਕੀਤੀ ਕਿ ਆਸਾਮੱਲ ਦੁਨੀਆਂ ਦਾ ਪਾਰ ਉਤਾਰਾ ਕਰੇਗਾ। ਉਸ ਦੀ ਮਾਤਾ ਨੇ ਆਪਣੇ ਬੱਚੇ ਨੂੰ ਸੋਨੇ-ਚਾਂਦੀ ਦੀਆਂ ਤਾਰਾਂ ਨਾਲ ਜੜਿਆ ਬਸਤਰ ਪੁਆਇਆ ਤਾਂ ਉਹ ਅੰਬਰ ਨਾਲ ਗੱਲਾਂ ਕਰਨ ਲੱਗਿਆ। ਉਸ ਨੇ ਕਿਹਾ, “ਮੈਂ ਤੇਰੇ ਤੋਂ ਘੱਟ ਨਹੀਂ। ਤੂੰ ਸੂਰਜ, ਚੰਨ ਅਤੇ ਤਾਰਿਆਂ ਨਾਲ ਲੱਦਿਆ ਏਂ, ਮੈਂ ਵੀ ਤਾਂ ਹੀਰੇ-ਜਵਾਹਰਾਤ ਨਾਲ ਜੜਿਆ ਹੋਇਆ ਹਾਂ।” ਖ਼ੈਰ, ਆਸਾਰਾਮ ਬਣਨ ਤੋਂ ਪਹਿਲਾਂ ਉਸ ਨੇ ਧਾਰਮਿਕ ਪੁਸਤਕਾਂ ਦਾ ਗਹਿਨ ਅਧਿਐਨ ਕੀਤਾ। ਧਿਆਨ ਕੇਂਦਰਤ ਕਰਨ ਤੋਂ ਬਾਅਦ ਉਸ ਨੇ ਰਿਧਿ-ਸਿਧਿ ’ਤੇ ਫ਼ਤਿਹ ਹਾਸਲ ਕਰਨ ਵੱਲ ਕਦਮ ਚੁੱਕਿਆ। ਉਹ ਅਜੇ ਛੋਟਾ ਹੀ ਸੀ ਕਿ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਘਰ ਦੀ ਸਾਰੀ ਜ਼ਿੰਮੇਵਾਰੀ ਦੋਵਾਂ ਪੁੱਤਰਾਂ ’ਤੇ ਆਣ ਪਈ। ਉਨ੍ਹਾਂ ਖ਼ੂਬ ਮਿਹਨਤ ਕੀਤੀ। ਹੱਥੀਂ ਕਾਰ ਕਰਨ ਤੋਂ ਬਾਅਦ ਘਰ ਮੁੜ ਖੜਾ ਹੋਇਆ। ਆਸਾਰਾਮ ਦੀ ਜੀਵਨੀ ਮੁਤਾਬਕ ਘਰਦਿਆਂ ਨੇ ਉਸ ਦਾ ਵਿਆਹ ਤਾਂ ਕਰਵਾ ਦਿੱਤਾ ਪਰ ਉਸ ਦੀ ਲਿਵ ਰੱਬ ਨਾਲ ਲੱਗੀ ਹੋਈ ਸੀ। ਉਹ ਆਪਣੀ ਪਤਨੀ ਕੋਲੋਂ ਦੂਰ ਰਹਿਣ ਲੱਗ ਪਿਆ। ਦੇਸ਼ ਦੀ ਵੰਡ ਤੋਂ ਬਾਅਦ ਸਿੰਧ (ਪਾਕਿਸਤਾਨ) ਤੋਂ ਖਾਲੀ ਹੱਥ ਆਏ ਪਰਿਵਾਰ ਵਿੱਚ ਆਸਾਰਾਮ ਦੀ ‘ਚਮਤਕਾਰੀ’ ਸ਼ਖ਼ਸੀਅਤ ਸਦਕਾ ਲਹਿਰਾਂ-ਬਹਿਰਾਂ ਹੋ ਗਈਆਂ। ਚਾਰ-ਪੰਜ ਫੁੱਟ ਖੇਤਰਫਲ ਵਾਲੇ ਕਮਰੇ ਵਿੱਚ ਸਾਧਨਾ ਕਰਨ ਵਾਲੇ ਆਸਾਰਾਮ ਦੇ ਸੈਂਕੜੇ ਏਕੜਾਂ ਵਿੱਚ ਫ਼ੈਲੇ ਆਸ਼ਰਮ, ਜਿਨ੍ਹਾਂ ਨੂੰ ਉਹ ‘ਕੁਟੀਆ’ ਕਹਿੰਦਾ ਹੈ, ਖੁੱਲ੍ਹ ਗਏ। ਆਮ ਸ਼ਰਧਾਲੂਆਂ ਵੱਲੋਂ ਵਿਖਾਈ ਗਈ ਅੰਨ੍ਹੀ ਸ਼ਰਧਾ ਉਸ ਨੂੰ ਵਰਗਲਾ ਕੇ ਓਝੜੇ ਰਾਹ ਪਾ ਗਈ। ਉਸ ਦੇ ਆਸ਼ਰਮ ਵਿਵਾਦਾਂ ਵਿੱਚ ਘਿਰਨ ਲੱਗ ਪਏ। ਥੋੜ੍ਹੀ ਕੁ ਆਲੋਚਨਾ ਨਾਲ ਹੀ ਉਹ ਅੱਗ-ਬਗੂਲਾ ਹੋਣ ਲੱਗ ਪਏ। ਜਿਸ ਮੁਖਾਰਬਿੰਦ ਵਿੱਚੋਂ ਪ੍ਰਭੂ ਦੇ ਗੁਣ-ਗਾਣ ਹੁੰਦੇ ਸਨ, ਉਸ ’ਚੋਂ ਕੌੜੇ ਸ਼ਬਦ ਨਿਕਲਣੇ ਸ਼ੁਰੂ ਹੋ ਗਏ ਜਿਸ ਨਾਲ ਸਾਧਨਾ ਖੁੰਢੀ ਹੋਣ ਲੱਗ ਪਈ। ਇੱਕ ਵੇਲੇ ਉਨ੍ਹਾਂ ਦੀ ਕੁਟੀਆ ਬੱਚਿਆਂ ਦੀ ਮੌਤ ਕਾਰਨ ਚਰਚਾ ਵਿੱਚ ਆਈ। ਕਦੇ ਉਨ੍ਹਾਂ ’ਤੇ ਜ਼ਮੀਨ ਹੜੱਪਣ ਦੇ ਦੋਸ਼ ਲੱਗੇ। ਗਾਜ਼ੀਆਬਾਦ ਵਿੱਚ ਆਯੋਜਿਤ ਸੰਤ ਸਮਾਗਮ ਦੌਰਾਨ ਆਸਾਰਾਮ ਨੇ ਇੱਕ ਟੀ.ਵੀ. ਕੈਮਰਾਮੈਨ ਦੇ ਕੰਨ ’ਤੇ ਇਸ ਕਰ ਕੇ ਥੱਪੜ ਜੜ ਦਿੱਤਾ ਕਿ ਉਹ ਉਨ੍ਹਾਂ ਮੁਤਾਬਕ ਕਵਰੇਜ ਨਹੀਂ ਸੀ ਕਰ ਰਿਹਾ। ਇਸ ਤੋਂ ਬਾਅਦ ਉੱਥੇ ਜੁੜੀ ‘ਸਾਧ-ਸੰਗਤ ਖਿੜਖਿੜਾ ਕੇ ਹੱਸ ਪਈ। ਗੁਜਰਾਤ ਵਿੱਚ ਆਸਾਰਾਮ ਦੇ ਚੇਲਿਆਂ ਨੇ ਇੱਕ ਨੰਨ੍ਹੀ ਬੱਚੀ ਨੂੰ ਉਨ੍ਹਾਂ ਦੇ ਸਾਹਮਣੇ ਇਸ ਕਰ ਕੇ ਕੁਟਾਪਾ ਚਾੜ੍ਹਿਆ ਕਿ ਉਹ ਬਾਪੂ ਦੀ ਗੱਡੀ ਨਾਲ ਖੜ ਕੇ ਉਨ੍ਹਾਂ ਦੇ ਨੇੜਿਉਂ ਦਰਸ਼ਨ ਕਰਨਾ ਚਾਹੁੰਦੀ ਸੀ। ‘ਬਾਪੂ ਜੀ’ ਨੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਿਆ ਤੇ ਫਿਰ ਆਪਣੀ ਗੱਡੀ ਵਿੱਚ ਸਵਾਰ ਹੋ ਗਏ। ਜਲੰਧਰ ਵਿੱਚ ਸ਼ਰਧਾਲੂਆਂ ਨਾਲ ਖਚਾਖਚ ਭਰੇ ਪੰਡਾਲ ਵਿੱਚ ਉਨ੍ਹਾਂ ਨੇ ਆਪਣੇ ਦੋ ਸੇਵਾਦਾਰਾਂ ਨੂੰ ਕੰਨ ਫੜਵਾ ਕੇ ਇਸ ਲਈ ਸ਼ਰ੍ਹੇਆਮ ਬੈਠਕਾਂ ਕਢਵਾਈਆਂ ਕਿ ਉਨ੍ਹਾਂ ਅਤਿ ਗਰਮੀ ਹੋਣ ਦੇ ਬਾਵਜੂਦ ਮੰਚ ’ਤੇ ਪੱਖਿਆਂ ਦਾ ਇੰਤਜ਼ਾਮ ਨਹੀਂ ਸੀ ਕੀਤਾ।
‘ਬਾਪੂ’ ਆਸਾਰਾਮ ਦੀ ਉਸ ਵੇਲੇ ਖ਼ੂਬ ਆਲੋਚਨਾ ਹੋਈ ਜਦੋਂ ਉਨ੍ਹਾਂ ਦਸੰਬਰ 2012 ਨੂੰ ਚੱਲਦੀ ਬਸ ਵਿੱਚ ਗੈਂਗ ਰੇਪ ਦਾ ਸ਼ਿਕਾਰ ਹੋਈ ‘ਦਾਮਿਨੀ’ ਦੀ ਸਿੰਗਾਪੁਰ ਦੇ ਹਸਪਤਾਲ ਵਿੱਚ ਹੋਈ ਮੌਤ ਤੋਂ ਬਾਅਦ ਕਟਾਕਸ਼ ਕਰਦਿਆਂ ਕਿਹਾ, “ਜੇ ਉਸ ਕੰਨਿਆ ਨੇ ਮੰਤਰ ਪੜ੍ਹਿਆ ਹੁੰਦਾ, ਆਰੋਪੀਆਂ ਦੇ ਹੱਥ-ਪੈਰ ਫੜ ਕੇ ਉਨ੍ਹਾਂ ਨੂੰ ਭਰਾ ਕਿਹਾ ਹੁੰਦਾ ਤਾਂ ਉਸ ਦਾ ਇਹ ਹਸ਼ਰ ਨਾ ਹੁੰਦਾ।” ਆਸਾਰਾਮ ਨੇ ਪੁਰਸ਼ਾਂ ਖ਼ਿਲਾਫ਼ ਕਰੜੇ ਕਾਨੂੰਨ ਬਣਾਉਣ ਦੀ ਵਿਰੋਧਤਾ ਕਰਦਿਆਂ ਖ਼ਦਸ਼ਾ ਪ੍ਰਗਟ ਕੀਤਾ ਕਿ ਇਸ ਨਾਲ ਉਨ੍ਹਾਂ (ਪੁਰਸ਼ਾਂ) ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਹੋ ਸਕਦੇ ਹਨ। ਆਪਣੀ ਇਸ ਥੋਥੀ ਦਲੀਲ ਨੂੰ ਦੰਦੇ ਲਾਉਣ ਲਈ ਉਨ੍ਹਾਂ ਮਿਥਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ‘ਬਾਪੂ’ ਨੇ ‘ਪ੍ਰਵਚਨ’ ਕੀਤਾ ਕਿ ਅਸ਼ਵਥਾਮਾ ਨੇ ਭਾਵੇਂ ਦਰੋਪਦੀ ਦੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਫਿਰ ਵੀ ਉਸ ਨੇ ਉਸ ਤੋਂ ਬਦਲਾ ਲੈਣ ਦਾ ਵਿਰੋਧ ਕਰਦਿਆਂ ਕਿਹਾ, “ਅੱਜ ਮੈਂ ਪੀੜਤ ਹਾਂ, ਇਸ ਨੂੰ ਮਾਰਨ ਨਾਲ ਕੋਈ ਹੋਰ ਮਾਂ ਰੋਏਗੀ।” ਮਹਾਨਕੋਸ਼ ਵਿੱਚ ਉਪਰੋਕਤ ਘਟਨਾ ਨੂੰ ਇਸ ਤੋਂ ਉਲਟ ਦਰਸਾਇਆ ਗਿਆ ਹੈ, “ਦਰੋਪਦੀ ਨੇ ਰੋ-ਰੋ ਕੇ ਆਖਿਆ ਕਿ ਮੇਰੇ ਪੁੱਤਰ ਦਾ ਬਦਲਾ ਲਿਆ ਜਾਵੇ…।” ਦਾਮਿਨੀ ਦੀ ਘਟਨਾ ਤੋਂ ਬਾਅਦ ਆਸਾਰਾਮ ਨੇ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਦੇ ਜੱਜਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਰਸ਼ਾਂ ਖ਼ਿਲਾਫ਼ ਹੋਰ ਕੜੇ ਕਾਨੂੰਨ  ਬਣਾਉਣ ਨਾਲ ਆਖਰ ਔਰਤਾਂ ਹੀ ਦੁੱਖੀ ਹੋਣਗੀਆਂ ਕਿਉਂਕਿ ਉਹ ਕਿਸੇ ਦਾ ਪੁੱਤਰ, ਕਿਸੇ ਦਾ ਭਰਾ ਜਾਂ ਪਤੀ ਵੀ ਹੈ। ਇਸ ਤੋਂ ਜਾਪਦਾ ਹੈ ਕਿ ਜਿਵੇਂ ‘ਬਾਪੂ’ ਨੂੰ ਭਵਿੱਖ ਦਾ ਗਿਆਨ ਪਹਿਲਾਂ ਹੀ ਹੋ ਗਿਆ ਸੀ। ਇਸੇ ਲਈ ਸ਼ਰਧਾਲੂ ਉਨ੍ਹਾਂ ਨੂੰ ‘ਕਰਨੀ ਵਾਲੇ ਸੰਤ’ ਕਹਿ ਕੇ ਮੁਖਾਤਿਬ ਹੁੰਦੇ ਹਨ। ਇੱਕ ਹੋਰ ਸਮਾਗਮ ਵਿੱਚ ‘ਪ੍ਰਵਚਨ’ ਕਰਦਿਆਂ ਉਨ੍ਹਾਂ ਕਿਹਾ, “ਕਲਯੁਗ ਆ ਗਿਆ ਹੈ, ਤੇਰਾਂ-ਤੇਰਾਂ ਸਾਲ ਦੇ ਬੱਚੇ ਮਾਂ-ਬਾਪ ਬਣ ਰਹੇ ਹਨ। ਇਹ ਚੰਗੇ ਸੰਸਕਾਰਾਂ ਦੀ ਘਾਟ ਹੈ। ਇਹ ਵੀ ਇੱਕ ਇਤਫ਼ਾਕ ਹੈ ਕਿ ਉਨ੍ਹਾਂ ’ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਬੱਚੀ ਦੀ ਉਮਰ ਵੀ ਮਹਿਜ਼ ਸੋਲਾਂ ਸਾਲ ਹੈ। ਕਾਨੂੰਨ  ਮੁਤਾਬਕ ਭਾਵੇਂ ਦੋਸ਼ ਸਾਬਤ ਹੋਣ ਤਕ ਉਹ ਨਿਰਦੋਸ਼ ਹਨ ਫਿਰ ਵੀ ਇਹ ਪਹਿਲੀ ਵਾਰ ਨਹੀਂ ਜਦੋਂ ਉਹ ਗੰਭੀਰ ਵਿਵਾਦਾਂ ਵਿੱਚ ਘਿਰੇ ਹਨ। ਉਨ੍ਹਾਂ ਦੇ ਆਸ਼ਰਮ ਵਿੱਚ ਕਵਰੇਜ ਕਰਨ ਪਹੁੰਚੇ ਮੀਡੀਆ ਕਰਮੀਆਂ ’ਤੇ ਉਨ੍ਹਾਂ ਦੀਆਂ ਸ਼ਰਧਾਲੂ  ਬੀਬੀਆਂ ਹਨ ਤਾਂ ਸਪਸ਼ਟ ਹੈ ਕਿ ਉਨ੍ਹਾਂ ਨੂੰ ਉਹ ਸੰਸਕਾਰ ਨਹੀਂ ਮਿਲੇ ਜਿਨ੍ਹਾਂ ਦਾ ਜ਼ਿਕਰ ‘ਬਾਪੂ’ ਅਕਸਰ ਕਰਿਆ ਕਰਦੇ ਸਨ। ਇਸ ਹਮਲੇ ਨਾਲ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਜਰਜਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਵੀ ਆਸਾਰਾਮ ਟਰਸਟ ਦੀ ਮੀਡੀਆ ਸਲਾਹਕਾਰ ਨੀਲਮ ਦੂਬੇ ਨੇ ‘ਬਾਪੂ’ ਨੂੰ ਨਿਰਦੋਸ਼ ਸਾਬਤ ਕਰਨ ਲਈ ਕਿਹਾ ਕਿ ਦੋਸ਼ ਤਾਂ ਭਗਤ ਕਬੀਰ, ਗੁਰੂ ਨਾਨਕ, ਮਹਾਤਮਾ ਬੁੱਧ, ਤੁਲਸੀ ਦਾਸ, ਸਾਈਂ ਬਾਬਾ ਅਤੇ ਹੋਰ ਸੰਤ-ਮਹਾਤਮਾਵਾਂ ’ਤੇ ਵੀ ਲੱਗੇ ਸਨ। ਇਸ ਤੋਂ ਬਾਅਦ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਕੇਸ ਦਰਜ ਕਰਵਾਇਆ ਸੀ। ਕਬੀਰ ਜੀ ਦਾ ਸ਼ਲੋਕ ਹੈ:
ਕਬੀਰ ਕਸਾਉਟੀ ਰਾਮ ਕੀ
ਝੂਠਾ ਟਿਕੈ ਨਾ ਕੋਇ

ਭਗਤੀ ਲਹਿਰ ਦੇ ਮਹਾਪੁਰਸ਼ਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੇ ਕੁਬੋਲ, ਅਗਿਆਨ ਅਤੇ ਹੰਕਾਰ ਦਾ ਪ੍ਰਗਟਾਵਾ ਹਨ। ਗੁਰਬਾਣੀ ਵਿੱਚ ਅੰਕਿਤ ਹੈ, “ਸੰਤ ਕਾ ਦੋਖੀ ਅਧ ਬੀਚ ਤੇ ਟੂਟੈ” (ਭਾਵ ਅਧਵਾਟਿਓਂ ਟੁੱਟ ਜਾਂਦਾ ਹੈ)। ਕਬੀਰ ਸਾਹਿਬ ਫ਼ਰਮਾਉਂਦੇ ਹਨ:
ਕਬੀਰ ਬਾਂਸ ਬਡਾਈ ਬੂਡਿਆ, ਇਉ ਮਤ ਡੂਬਹੁ ਕੋਇ
ਚੰਦਨ ਕੇ ਨਿਕਟੇ ਬਸੈ, ਬਾਂਸ ਸੁਗੰਧ ਨ ਹੋਇ
(ਭਾਵ ਚੰਦਨ ਦੇ ਬਿਰਖ ਨਾਲ ਜਿਹੜੇ ਛਛੇਰੇ ਰੁੱਖ ਉੱਗਦੇ ਹਨ, ਉਹ ਵੀ ਸੁਗੰਧਤ ਹੋ ਜਾਂਦੇ ਹਨ। ਦੂਜੇ ਪਾਸੇ ਬਾਂਸ ਆਪਣੇ ਹੰਕਾਰ ਅੰਦਰ ਡੁੱਬ ਗਿਆ ਹੈ ਜਿਸ ਕਰਕੇ ਉਹ ਭਾਵੇਂ ਚੰਦਨ ਦੇ ਕੋਲ ਉੱਗ ਪਵੇ ਤਾਂ ਵੀ ਉਸ ਵਿੱਚੋਂ ਸੁਗੰਧ ਨਹੀਂ ਆਉਂਦੀ)। ਬਾਂਸ ਵਰਗੇ ਕਈ ‘ਬਾਪੂ’ ਸਿੱਖ ਅਤੇ ਹੋਰ ਕੌਮਾਂ ਵਿੱਚ ਵੀ ਆਸਾਨੀ ਨਾਲ ਲੱਭ ਸਕਦੇ ਹਨ। ਬਸ ਵੇਖਣ ਵਾਲੀ ਅੱਖ ਚਾਹੀਦੀ ਹੈ ਜਿਹੜੀ ਧੁੰਦ ਦਾ ਪਰਦਾ ਚਾਕ ਕਰ ਸਕਦੀ ਹੋਵੇ।

 

ਵਰਿੰਦਰ ਵਾਲੀਆ

03 Sep 2013

Reply