ਯਾਦ ਕਰਾਂ ਸਾਥੀਓ ਅੱਜ ਓਹ ਮੈਂ ਨਜਾਰੇ,
ਛੋਟੇ ਛੋਟੇ ਹੁੰਦਿਆਂ ਨੇ ਕਿਤੇ ਵੱਢੇ ਕਾਰੇ.
ਰੁਸਣਾ ਮਨਾਉਣਾ ਇਹ ਤਾ ਆਮ ਜਿਹੀ ਗੱਲ ਸੀ,
ਅੱਧੇ ਉਹਦੇ ਵੱਲ ਅੱਧੇ ਮੁੰਡੇ ਮੇਰੇ ਵੱਲ ਸੀ.
ਬਾਪੂਆਂ ਤੇ ਭਾਪਿਆਂ ਦਾ ਨਾਮ ਲੈਂ ਕੇ ਛੇੜਨਾ,
ਨਲਕਾ ਬਾਬੇ ਕਾਲੇ ਦਾ ਜਾਣ ਬੁੱਝ ਗੇੜਨਾ.
ਦੁੱਧ ਵਿੱਚ ਪਾਣੀ ਪਾਉਦੇ ਨੂੰ ਅਸੀ ਫੜਨਾਂ,
ਸੋਟੀ ਲੈ ਕੇ ਮਗਰ ਭੱਜੇ ਨਾਲੇ ਸਾਨੂੰ ਲੜਨਾਂ.
ਜੂਲੇ ਨਾਲ ਝੂਟੇ ਲੈਣੇ, ਗੱਡੇ ਉਤੇ ਚੜ ਕੇ,
ਕਈ ਵਾਰੀ ਕੁਟਿਆਂ ਸੀ ਸਾਨੂੰ ਉਹਨਾ ਫੜ ਕੇ.
ਕਿੱਕਰਾਂ ਤੇ ਚੜ ਕੇ ਘੁਗੀਆਂ ਦੇ ਆਂਡੇ ਤੋੜੇ,
ਉਡਾਉਦੇ ਮਾਖੋ ਮੱਖੀਆਂ ਦੂਰ ਤੋ ਹੀ ਮਾਰ ਰੋੜੇ.
ਪਿੱਠੂ ਅਤੇ ਲੱਕੜ ਕੜਾਲਾ ਅਸੀ ਖੇਡਣਾ,
ਤੁਰੇ ਜਾਦੇ ਸਾਥੀ ਤਾਈ ਲੱਤ ਮਾਰ ਡੇਗਣਾਂ.
ਕੁੱਕੜਾਂ ਦੇ ਮਗਰ ਭੱਜ ਉਹਨਾ ਤਾਈ ਫੜਨਾਂ,
ਮਾਂਲਕਾਂ ਨੇ ਰੋਕਣਾ ਤੇ ਨਾਲੇ ਸਾਨੂੰ ਲੜਨਾਂ.
ਪੀਘਾਂ ਉਤੇ ਘੂਟੇ ਲੈਣੇ ਧੱਕੇ ਨਾਲ ਖਹਿ ਕੇ,
ਵਾਰੀ ਨਹੀ ਉਡੀਕੀ ਕਦੇ ਲਾਈਨ ਵਿੱਚ ਬਹਿ ਕੇ.
ਕੁੜੀਆਂ ਦੇ ਨਾਲ ਅਸੀ ਗੁਡੀਆਂ ਪਟੋਲੇ ਸਾੜੇ,
ਮੀਂਹ ਕਦੇ ਨਹੀ ਸੀ ਆਈਆ, ਅਸੀ ਜਾਦੇ ਧੂਪੇ ਰਾੜੇ.
ਪੈਂਦੇ ਮੀਹ ਵਿੱਚ ਅਸੀ ਗਲੀਆਂ ਚ ਭੱਜਦੇ,
ਡਰਦੇ ਸੀ ਬੜਾ ਜਦੋ ਬੱਦਲ ਉਚੀ ਗੱਜਦੇ.
ਘਰੋ ਚੋਰੀ ਦਾਣੇ ਚੁੱਕ ਜਰਾ ਵੀ ਨਾ ਡਰਨਾਂ,
ਘਰ ਦਿਆਂ ਨੇ ਜਾਕੇ ਭੱਠੀ ਵਾਲੀ ਨਾਲ ਲੜਨਾਂ.
ਰੋਟੀ ਖਾਣ ਲੱਗੇ ਅਸੀ ਬੜੀ ਛੇਤੀ ਰੱਜਦੇ ਸੀ,
ਸੁਨਣ ਲਈ ਬਾਤਾਂ ਬੁੱਢੇ ਬਾਪੂ ਕੋਲ ਭੱਜਦੇ ਸੀ.
ਆਟੇ ਦੀਆਂ ਚਿੜੀਆਂ ਤਵੇ ਤੇ ਬਣਾਉਣੀਆਂ,
ਡੱਕਿਆਂ ਤੇ ਟੰਗ ਫਿਰ ਸਾਥੀਆਂ ਨੂੰ ਦਿਖਾਉਣੀਆਂ.
ਦੇਰ ਰਾਤ ਤੱਕ ਅਸੀ ਗਲੀਆਂ ਵਿੱਚ ਖੇਡਦੇ,
ਬੁਝੀ ਹੋਈ ਧੂਣੀ ਤਾਈਂ ਜਾ ਕੇ ਅਸੀ ਛੇੜਦੇ.
ਕਬੂਤਰਾਂ ਨੂੰ ਚੋਗਾ ਪਾਉਣਾ ਕੋਠੇ ਉੱਤੇ ਚੜ ਕੇ,
ਬੜਾ ਮਨ ਖੁਸ਼ ਹੋਇਆ ਵੇਖੇ ਸਹੇ ਫੜ ਕੇ.
ਟਰੈਕਟਰ ਟਰਾਲੀ ਬਣਾ ਮਿੱਟੀ ਵਿੱਚ ਖੇਡਦੇ,
ਡੱਬੇ ਨਾਲ ਤਾਗਾ ਬੰਨ ਪਿਛੇ ਪਿਛੇ ਰੇੜਦੇ.
ਵਿਹੜੇ ਵਿੱਚ ਜਦੋ ਅਸੀ ਚਰਖਾ ਭਜਾਉਦੇ ਸੀ,
ਮਾਂ ਨੂੰ ਸ਼ਿਕਾਇਤਾ ਜਾ ਕੇ ਕਈ ਬੇਲੀ ਲਾਉਂਦੇ ਸੀ.
ਗਿਲੀਆਂ ਵੱਟਾਂ ਤੇ ਭੱਜ ਉਚੀ ਰੌਲਾ ਪਾਉਦੇ ਸੀ,
ਘਰੋ ਜਦੋ ਅਸੀ ਖੇਤ ਰੋਟੀ ਲੈ ਕੇ ਜਾਦੇ ਸੀ.
ਪਿੰਡ ਦੇ ਸਕੂਲੋ ਆਉਣਾ ਪੈਰ ਉਦੋ ਸੜਦੇ,
ਫੱਟੀ ਸੁੱਟ ਰੇਤਾ ਉਤੇ, ਫੱਟੀ ਉਤੇ ਚੜਦੇ.
ਮੋਟਾ ਸੇਠ ਹੱਟੀ ਵਾਲਾ ਸਬਜੀ ਵੇਚਣ ਆਉਦਾ ਸੀ,
ਬੱਚਿਆਂ ਲਈ ਟਾਫੀਆਂ ਤੇ ਪੋਪਲੇ ਲਿਆਉਦਾ ਸੀ.
ਕੋਠੇ ਤੇ ਸਪੀਕਰ ਲੱਗਾ ਤਾ ਮਾਂ ਸਾਨੂੰ ਕਹਿੰਦੀ ਸੀ,
ਪਿੰਡ ਵਿੱਚ ਕਿਸੇ ਦੀ ਰੋਪਣਾ ਪੈਦੀ ਸੀ.
ਆਥਣੇ ਮੱਝਾਂ ਅਸੀ ਛੱਪੜ ਚ ਨੁਹਾਉਣੀਆਂ,
ਕਦੇ ਕਦੇ ਚੋਰੀ ਚੋਰੀ ਆਪ ਵੀ ਚੁਭੀਆਂ ਲਾਉਣੀਆਂ.
ਬਾਪੂ ਜਦੋ ਖੇਤੋ ਆਉਦਾਂ ਅਸੀ ਰਾਹ ਵਿੱਚ ਖੜਦੇ,
ਝੂਟੇ ਲੈਣ ਲਈ ਫਿਰ ਬੋਤੀ ਉਤੇ ਚੜਦੇ.
ਅੱਜ ਵੀ ਉਹ ਨਜਾਰੇ ਮੈਨੂੰ ਚੇਤੇ ਆਉਦੇ ਨੇ,
ਬੈਠੇ ਯਾਰ ਜਦੇ ਉਹ ਗੱਲ ਦੁਹਰਾਉਦੇ ਨੇ.
ਜਿੰਦਗੀ ਦੀ ਦੌੜ ਵਿੱਚ ਸਭ ਕੰਮੀ ਕਾਰੀ ਪੈ ਗਏ,
"ਬਲਕਾਰ" ਸਾਡੇ ਬਾਰੇ ਵੀ ਲਿਖੀ ਯਾਰ,
ਸਭ ਮਾਣ ਨਾਲ ਕਹਿ ਗਏ.......(4/12/2000)