Just wanted to share this poem.. written by Amandeep Singh Dhaliwal, my husband :). He shared this on facebook but i could not stop myself from sharing it on Punjabizm as well.
There you go!
ਸੱਚ ਪੁੱਛੋਂ ਤਾਂ ਮੈਂ ਇਹ ਕਵਿਤਾ ਲਿਖਣੀ ਨਹੀਂ ਸੀ ਚਹੁੰਦਾ। ਪਰ ਕੁੱਝ ਦਿਨ ਪਹਿਲਾਂ ਮੈਂ YouTube ਤੇ ਇੱਕ ਪਾਕਿਸਤਾਨੀਂ ਹਾਸਰਸ ਕਵਿਤਾ ਸੁਣੀ। ਉਸ ਦੀ ਲੈ ਮੇਰੇ ਮਨ ਵਿੱਚ ਅਟਕ ਗਈ ਤੇ ਮੈਥੋਂ ਹੇਠਲੀਆਂ ਲਾਇਨਾਂ ਲਿਖੇ ਬਿਣਾਂ ਰਿਹਾ ਨਾਂ ਗਿਆ। - Aman
(ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਅਪੀਲ ਕਿ ਉਹ ਹੁਣ ਤਾਂ ਪੰਜਾਬ ਦੀ ਸਿਆਸਤ ਦਾ ਖਹਿੜਾ ਛੱਡੇ!)
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ।
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ।
ਆਵੇ ਸੁੱਖ ਦਾ ਸਾਹ ਉਏ ਬਾਦਲ।
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ।
ਬਾਬਾ! ਤੇਰੀਆਂ ਮਿਨਤਾਂ ਕਰਦਾਂ,
ਨੱਕ ਨਾਲ ਸੱਤ ਲਕੀਰਾਂ ਕਢਦਾਂ,
ਨੋਟਾਂ ਦੇ ਨਾਲ ਭਰਿਆ ਟੈਚੀ,
ਕਹੇਂ ਤਾਂ ਤੇਰੇ ਪੈਰੀਂ ਧਰਦਾਂ (ਜਾਂ ਫਿਰ ਘਰੇ ਪਹੁੰਚਦਾ ਕਰਦਾਂ)
ਪਰ ਹੁਣ ਸੀਟ ਲੰਬੀ ਦੀ ਛੱਡਕੇ, ਫੜ੍ਹ ਬਾਦਲ ਦਾ ਰਾਹ ਉਏ ਬਾਦਲ।
ਹੁਣ ਤਾਂ ਬਾਦਲ ਜਾਹ ਉਏ ਬਾਦਲ!
ਬਾਦਲ!
ਹਰ ਬੰਦੇ ਦਾ ਵੇਲਾ ਹੁੰਦੈ।
ਹਰ ਬੰਦਾ ਇੱਕ ਉਮਰ ਹੰਢਾ ਕੇ,
ਅਕਲਾਂ ਦੇ ਸਭ ਤੀਰ ਚਲਾ ਕੇ,
ਘਾਟ-ਘਾਟ ਦਾ ਪਾਣੀ ਪੀ ਕੇ,
ਚੌਂ-ਕੂਟਾਂ ਦੀ ਮਿੱਟੀ ਗਾਹ ਕੇ,
ਹਫ਼ ਜਾਂਦੈ; ਤੌਬਾ ਕਰ ਲੈਂਦੈ।
ਕੁਰਸੀ ਛੱਡ, ਮੰਜਾ ਫ਼ੜ ਲੈਂਦੈ।।
ਸੁੱਖ-ਸਬਰ ਦੀ ਨੰਨ੍ਹੀਂ ਛਾਵੇਂ, ਤੂੰ ਵੀ ਮੰਜਾ ਡਾਹ ਉਏ ਬਾਦਲ।
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!
ਜਦੋਂ ਸੀ ਤੇਰਾ ਸੂਰਜ ਚੜਿਆ,
ਤੂੰ ਨਾਂ ਕਿਸੇ ਬਲਾ ਤੋਂ ਡਰਿਆ।
ਕੀ ਬਰਨਾਲਾ, ਕੀ ਤਲਵੰਡੀ,
ਟਹੁੜਾ ਤੱਕ ਨਾਂ ਅੱਗੇ ਖੜਿਆ।
ਜੋ ਵੀ ਨਿਵਿਆਂ ਚੰਗਾ ਰਹਿ ਗਿਆ,
ਜੋ ਵੀ ਅੜਿਆ, ਸੋ ਹੀ ਝੜਿਆ।
ਸੰਤ ਫ਼ਤਹਿ ਸਿੰਘ ਝੁਰਦਾ ਹੋਣੈ, ਤੈਨੂੰ ਡੋਰ ਫੜਾ ਉਏ ਬਾਦਲ।
ਸਾਡੀ ਨਹੀਂ ਤਾਂ ਸੰਤਾਂ ਖਾਤਰ, ਤੂੰ ਵੀ ਫ਼ਤਹਿ ਬਲਾ ਉਏ ਬਾਦਲ।
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!
ਪਰ ਹੁਣ ਕੁਝ ਹਾਲਾਤ ਬਦਲ ਗਏ,
ਲੋਕਾਂ ਦੇ ਜਜ਼ਬਾਤ ਬਦਲ ਗਏ।
ਹੁਣ ਨਾਂ ਸੰਗਤ ਦਰਸ਼ਨ ਭਾਲੇ,
ਨਾਂ ਝੂਠਾਂ ਦੇ ਪਹੁਲ-ਪਿਆਲੇ।
ਹੁਣ ਸਭ ਨੂੰ ਇਨਸਾਫ ਚਾਹੀਦੈ,
ਦਿਲ ਦਾ ਆਗੂ ਸਾਫ ਚਾਹੀਦੈ,
ਹੱਕ ਦੀ ਬਿਜਲੀ ਚਹੁੰਦੇ ਨਾਂ ਕਿ, ਬਿਜਲੀ ਦਾ ਬਿੱਲ ਮਾਫ ਚਾਹੀਦੈ।
ਹੁਣ ਮਾਇਆ ਦੇ ਜਾਲ ਨਹੀਂ ਚੱਲਣੇ, ਅਉਣ ਲੱਗੈ ਬਦਲਾ ਉਏ ਬਾਦਲ।
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!
ਬਾਦਲ, ਮੈਂ ਮਨਦਾਂ..।
ਪੁੱਤ ਨੂੰ ਪੈਰਾਂ ਸਾਰ ਕਰਨ ਲਈ,
ਹਰ ਕੋਈ ਹੀਲਾ ਕਰਨਾ ਪੈਂਦੈ।
ਅਮਰ ਵੇਲ ਨੂੰ ਪਾਲਣ ਖਾਤਰ,
ਹਰੇ ਰੁੱਖਾਂ ਨੁੰ ਝੜਨਾ ਪੈਂਦੈ।
ਪਰ ਜੇ ਪੁੱਤ ਨਿਕੰਮਾਂ ਨਿੱਕਲੇ,
ਸਬਰਾਂ ਦਾ ਘੁੱਟ ਭਰਨਾ ਪੈਂਦੈ।
ਡਿਗਦੇ ਪੁੱਤ ਦੇ ਮੋਢੇ ਦੇ ਨਾਲ,
ਮੋਢਾ ਲਾ ਕੇ ਖੜਨਾਂ ਪੈਂਦੈ।।
ਪਰ ਜੇ ਪੁੱਤ ਨਾਂ ਲਵੇ ਸਲਾਹਾਂ,
ਫਿਰ ਜਿਉਂਦੇ ਜੀ ਮਰਨਾਂ ਪੈਂਦੈ,
ਇਹ ਘਾਟਾ ਵੀ ਜਰਨਾਂ ਪੈਂਦੈ।।
ਵੇਖ ਲਿਆ ਤੇਰਾ ਪੁੱਤ ਅਜਮਾ ਕੇ,
ਕਈ ਸਾਰੇ ਅਹੁਦਿਆਂ ਤੇ ਲਾ ਕੇ।
ਹੈ ਨੀਂ ਤੇਲ ਤਿਲਾਂ ਵਿੱਚ ਮਾਸਾ, ਸਾਰਾ ਜੱਗ ਗਵਾਹ ਉਏ ਬਾਦਲ।
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!
ਪੁੱਤ ਤੇਰੇ ਨੇਂ ਹੋਕਾ ਦਿੱਤਾ,
ਰਾਜ ਨਹੀਂ, ਸੇਵਾ ਚਹੁੰਦਾ ਹਾਂ।
ਪਰ ਲੱਛਣਾਂ ਨੇ ਸਾਬਤ ਕਰਤਾ,
ਸੇਵਾ ਨਹੀਂ ਮੇਵਾ ਚਹੁੰਦਾ ਹਾਂ।।
ਬੱਸਾਂ ਦੇ ਪਰਮਿਟ ਚਹੁੰਦਾ ਹਾਂ।
ਰੇਤੇ ਦਾ ਬਿਜ਼ਨਸ ਚਹੁੰਦਾ ਹਾਂ।
ਸਭ ਠੇਕਿਆਂ ਦੀ ਠੇਕੇਦਾਰੀ,
ਕੰਮ ਨਿੱਜੀ, ਗੱਡੀ ਸਰਕਾਰੀ।
ਪਰ ਲੋਕੀਂ ਕੋਏ ਅੰਨੇਂ ਨਹੀਂ ਹਨ,
ਸਭ ਦਿਸਦੈ, ਸਾਰਿਆਂ ਨੁੰ ਦਿਸਦੈ।
ਵੋਟਾਂ ਵੇਲੇ ਪਤਾ ਲੱਗੂ ਕੀ ਰੰਗ ਉੱਘੜਦੈ,
ਲਾਰਿਆਂ ਦਾ ਕੀ ਮੁੱਲ ਪੈਂਦੈ,
ਸੱਚ ਕੀ ਭਾਅ ਵਿਕਦੈ।
ਜਨਤਾ ਦੇ ਗੁੱਸੇ ਤੋਂ ਲਗਦੈ, ਮੁੰਡਾ ਬੇ-ਪਰਵਾਹ ਉਏ ਬਾਦਲ!
ਸੇਵਾ ਦਾ ਅਜੇ ਵੱਲ ਨੀਂ ਆਇਆ, ਰਾਜ ਕਰਨ ਦੀ ਚਾ ਉਏ ਬਾਦਲ?
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!
ਬਾਦਲ!
ਸੁਣਿਐਂ ਹੁਣ ਕੋਈ ਨਵਾਂ ਦੀਵਾਨਾ ਉੱਠਿਆ ਏ,
ਲਗਦਾ ਏ ਕੋਈ ਆਸ਼ਕ ਨਵੇਂ ਵਿਚਾਰਾਂ ਦਾ।
ਕਹਿੰਦਾ ਏ ਪੰਜਾਬ ਜਗਾ ਕੇ ਰਹਿਣਾ ਏ,
ਸੁਣ ਕੇ ਆਸਣ ਹਿੱਲ ਰਿਹੈ ਸਰਕਾਰਾਂ ਦਾ।
ਗੱਲ ਵੀ ਸੁਣਿਐਂ ਕੰਮ ਦੀ ਕਰਦੈ; ਝਿਪਦਾ ਨੀਂ।
ਬੰਦਾ ਵਚਨ ਦਾ ਪੱਕਾ ਲਗਦੈ; ਵਿਕਦਾ ਨੀਂ।
ਸੁਣਿਐਂ ਸਭ ਨੂੰ ਹੱਸ ਕੇ ਮਿਲਦੈ, ਨਿੱਘਾ ਬੜਾ ਸੁਭਾਅ ਉਏ ਬਾਦਲ।
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!
ਆਵੇ ਸੁੱਖ ਦਾ ਸਾਹ ਉਏ ਬਾਦਲ।
ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!