Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਜ਼ ਅੱਖ ਵਾਲਾ ਕਵੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਾਜ਼ ਅੱਖ ਵਾਲਾ ਕਵੀ

ਸ਼ਿਵ ਕੁਮਾਰ ਬਟਾਲਵੀ (23.7.1936-8.10.1973) ਜੇ ਮਹਿਬੂਬ ਸ਼ਾਇਰ ਹੈ ਤਾਂ ਅਵਤਾਰ ਸਿੰਘ ਪਾਸ਼ (9.9.1950-23.3.1988) ਮਹਾਨ ਕਵੀ ਹੈ। ਪਹਿਲਾ ਮੌਤ ਦੀ ਗੋਦ ਵਿੱਚ ਸਕੂਨ ਭਾਲਦਾ ਸੀ ਜਦੋਂਕਿ ਦੂਜਾ ਮੌਤ ਦੇ ਚਿਹਰੇ ਤੋਂ ਨਕਾਬ ਚੁੱਕ ਕੇ ਜ਼ਿੰਦਗੀ ਦੀ ‘ਚਾਰ ਸੌ ਵੀਹ’ ਨੂੰ ਸ਼ਰ੍ਹੇਆਮ ਬੇਪਰਦ ਕਰ ਦੇਣਾ ਲੋਚਦਾ ਸੀ:
ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ, ਸ਼ਰ੍ਹੇਆਮ ਬੇਪਰਦ ਕਰ ਦੇਣਾ।
ਇਹ ਵੀ ਇੱਕ ਅਜੀਬ ਇਤਫ਼ਾਕ ਹੈ ਕਿ ਦੋਵੇਂ ਕਵੀ ਲਗਪਗ ਇੱਕੋ ਜਿੰਨੀ ਅਉਧ ਹੰਢਾ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸ਼ਿਵ, ਪਾਸ਼ ਤੋਂ 14 ਕੁ ਸਾਲ ਵੱਡਾ ਸੀ ਤੇ ਉਸ ਤੋਂ ਪੰਦਰਾਂ ਕੁ ਸਾਲ ਪਹਿਲਾਂ ਤੁਰ ਗਿਆ। ਸ਼ਿਵ ਕੁਮਾਰ ਨੂੰ ਪਾਸ਼ ਜ਼ਿੰਦਗੀ ਦਾ ਮਤਰੇਆ (ਮਤੇਆ, ਭਾਵ ਮਾਂ ਜੇਹਾ) ਪੁੱਤਰ ਮੰਨਦਾ ਹੈ:
‘ਸ਼ਿਵ ਕੁਮਾਰ ਮਰ ਗਿਆ ਹੈ, ਪੰਜਾਬੀ ਕਵਿਤਾ ਦਾ ਇੱਕ ਦੌਰ ਉਸ ਦੇ ਨਾਲ ਸ਼ੁਰੂ ਹੋਇਆ ਸੀ, ਉਸ ਦੇ ਨਾਲ ਹੀ ਖ਼ਤਮ ਹੋ ਗਿਆ ਹੈ। ਉਹ ਜਿੰਨਾ ਜੀਵਿਆ ਇੱਕ ਦੌਰ ਬਣ ਕੇ ਜੀਵਿਆ। ਇਹ ਖ਼ੁਸ਼ਕਿਸਮਤੀ ਦੁਨੀਆਂ ਦੇ ਬੜੇ ਘੱਟ ਸ਼ਾਇਰਾਂ ਨੂੰ ਨਸੀਬ ਹੁੰਦੀ ਹੈ। ਬੀਮਾਰ ਜ਼ਿੰਦਗੀ ਦਾ ਦਰਦ ਉਹਨੇ ਭਰਪੂਰ ਵੇਗ ਨਾਲ ਲਿਖਿਆ ਅਤੇ ਜੀਵਿਆ। ਸ਼ਾਇਦ ਇਹ ਸਭ ਤੋਂ ਵੱਡੀ ਖ਼ਿਦਮਤ ਸੀ ਜੋ ਇੱਕ ਬੀਮਾਰ ਇਨਸਾਨ ਲੋਕਾਂ ਦੀ ਕਰ ਸਕਦਾ ਹੈ। ਉਹ ਜ਼ਿੰਦਗੀ ਦਾ ਮਤਰੇਆ ਪੁੱਤਰ ਸੀ, ਜਿਹਨੂੰ ਕਦੇ ਵੀ ਜ਼ਿੰਦਗੀ ਨਾਲ ਮਾਂ ਵਾਂਗ ਪਿਆਰ ਨਹੀਂ ਆਇਆ। ਉਹਦੀ ਪੂਰੀ ਉਮਰ ਜ਼ਿੰਦਗੀ ਨੂੰ ਕਦੇ ਨਾ ਬਖ਼ਸ਼ਿਆ ਜਾਣ ਵਾਲਾ ਮਜ਼ਾਕ ਹੈ, ਇਸ ਖ਼ੂਬਸੂਰਤ ਸ਼ਾਇਰ ਦਾ ਨਾ ਕਦੇ ਜ਼ਿੰਦਗੀ ਅਤੇ ਕਵਿਤਾ ਬਾਰੇ ਨਜ਼ਰੀਆ ਸਾਫ਼ ਹੋਇਆ ਤੇ ਨਾ ਉਹਨੇ ਕਦੇ ਏਸ ਲਈ ਕੋਸ਼ਿਸ਼ ਹੀ ਕੀਤੀ, ਇਹੀ ਅਸਪਸ਼ਟਤਾ ਉਹਦੀ ਬੀਮਾਰੀ ਸੀ, ਇਹੀ ਅਸਪਸ਼ਟਤਾ ਉਹਦੀ ਤਾਕਤ ਸੀ। … ਸੇਖੋਂ ਨੇ ਕਿਹਾ ਸ਼ਿਵ ਉੱਥੋਂ ਸ਼ੁਰੂ ਕਰਦਾ ਹੈ ਜਿੱਥੇ ਕੀਟਸ (Keats) ਨੇ ਖ਼ਤਮ ਕੀਤਾ … ਹੋਰ ਅਨੇਕਾਂ ਨਵੇਂ ਲੇਖਕਾਂ ਵਾਂਗ ਮੇਰੇ ਲਿਖਣ ਦਾ ਸ਼ੌਕ ਪੈਦਾ ਹੋਣ ਪਿੱਛੇ ਉਹਦੀ ਕਵਿਤਾ ਦਾ ਵੱਡਾ ਹੱਥ ਹੈ। ਸੱਤ ਸਾਲ ਪਹਿਲਾਂ ਮੈਂ ਉਹਦੀਆਂ ਕਵਿਤਾਵਾਂ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਇੱਕ ਲੰਮਾ ਸਾਰਾ ਸੱਤ-ਅੱਠ ਸਫ਼ਿਆਂ ਦਾ ਜਜ਼ਬਾਤੀ ਜਿਹਾ ਸ਼ਰਧਾ ਭਰਿਆ ਖ਼ਤ ਲਿਖਿਆ ਸੀ ਤੇ ਉਹਨੇ ਹੁਣ ਤਕ ਉਹ ਕਿਸੇ ਸਰਮਾਏ ਵਾਂਗ ਸੰਭਾਲ ਕੇ ਰੱਖਿਆ ਹੋਇਆ ਸੀ। ਮਗਰੋਂ ਉਹਦੇ ਦੱਸਣ ਮੁਤਾਬਿਕ ਮੇਰੇ ਫੜੇ ਜਾਣ ’ਤੇ ਉਹਨੇ ਏਸ ਖ਼ਤ ਨੂੰ ਆਧਾਰ ਬਣਾ ਕੇ ਇੱਕ ਸ਼ਾਨਦਾਰ ਕਵਿਤਾ ਵੀ ਲਿਖੀ, ਇਹ ਉਹ ਸਮਾਂ ਸੀ ਜਦੋਂ ਹਰ ਕੋਈ ਉਹਦੇ ਸ਼ਕਤੀਸ਼ਾਲੀ ਕਹਿਣ ਢੰਗ ਅਤੇ ਨਿਵੇਕਲੇ ਰੰਗ ਉੱਤੇ ਫ਼ਿਦਾ ਹੋਇਆ ਪਿਆ ਸੀ। ਸਮੇਂ ਅਤੇ ਸੂਝ ਦੇ ਵਿਕਾਸ ਨਾਲ ਮੇਰੇ ਉਹਦੀ ਕਵਿਤਾ ਬਾਰੇ ਵਿਚਾਰ ਬਦਲਦੇ ਰਹੇ, ਇੱਕ ਸਮਾਂ ਉਹ ਵੀ ਆਇਆ ਜਦ ਮੈਂ ਉਹਦੀਆਂ ਕੁਝ ਕਵਿਤਾਵਾਂ ਨਾਲ ਬੁਰੀ ਤਰ੍ਹਾਂ ਨਫ਼ਰਤ ਵੀ ਕੀਤੀ, ਜਿਵੇਂ ‘‘ਸੁਣੋ ਸੁਣੋ ਆਵਾਜ਼ ਹਿੰਦੁਸਤਾਨ ਦੀ’’ ਕਵਿਤਾ ਵਿੱਚ ਉਹ ਹੱਕਾਂ ਲਈ ਹੜਤਾਲਾਂ ਕਰਦੇ ਮਜ਼ਦੂਰਾਂ ਅਤੇ ਗ਼ਲਤ ਨਿਜ਼ਾਮ ਵਿਰੁੱਧ ਮੁਜ਼ਾਹਰੇ ਕਰਦੇ ਲੋਕਾਂ ਦਾ ਵਿਰੋਧ ਕਰਦਾ ਹੈ ਅਤੇ ਉਨ੍ਹਾਂ ਨੂੰ ਸਵਰਗੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹੈ। ਉਸ ਨੂੰ ਮਿਹਨਤਕਸ਼ਾਂ ਦੇ ਸੰਘਰਸ਼ ਵਿੱਚੋਂ ਸੜ ਰਿਹਾ ਹਿੰਦੁਸਤਾਨ ਨਜ਼ਰ ਆਉਂਦਾ ਹੈ। ਮੈਨੂੰ ਸਦਾ ਸ਼ੱਕ ਰਿਹਾ ਹੈ ਕਿ ਇਹ ਕਵਿਤਾ ਉਹਨੇ ਜ਼ਰੂਰ ਬਟਾਲੇ ਦੇ ਕਿਸੇ ਕਾਰਖਾਨੇਦਾਰ ਤੋਂ ਸ਼ਰਾਬ ਦਾ ਘੁੱਟ ਪੀ ਕੇ ਲਿਖੀ ਹੋਵੇਗੀ। ਤੇ ਉਦੋਂ ਹੀ ਮੈਨੂੰ ਮਹਿਸੂਸ ਹੋਇਆ ਕਿ ਚੰਗਾ ਲਿਖਣ ਢੰਗ ਜਿੱਥੇ ਲੇਖਕ ਦਾ ਇੱਕ ਗੁਣ ਹੁੰਦਾ ਹੈ, ਉੱਥੇ ਇਹ ਕਈ ਹਾਲਤਾਂ ਵਿੱਚ ਲੋਕਾਂ ਲਈ ਓਨਾ ਹੀ ਘਾਤਕ ਹੋ ਸਕਦਾ ਹੈ।’’                       (ਤਲਵੰਡੀ ਸਲੇਮ ਨੂੰ ਜਾਂਦੀ ਸੜਕ ’ਚੋਂ)।
ਸ਼ਿਵ ਤੇ ਪਾਸ਼, ਦੋਵੇਂ ਸਮਕਾਲੀ ਹੁੰਦੇ ਹੋਏ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਦੋਵਾਂ ਦੀਆਂ ਚੁੰਝਾਂ ਵੀ ਲੜਦੀਆਂ ਹਨ। ਫਿਰ ਵੀ ਦੋਵੇਂ ਕਵੀ ਪੰਜਾਬੀ ਸਾਹਿਤ ਦਾ ਹਾਸਲ ਹਨ। ਦੋਵਾਂ ਕਵੀਆਂ ਨੂੰ ਆਪਣੀ ਤਾਕਤ ਅਤੇ ਸੀਮਾਵਾਂ ਦਾ ਭਰਪੂਰ ਗਿਆਨ ਸੀ। ਸ਼ਿਵ ਕੁਮਾਰ ਜਦੋਂ ਸਰਬੰਸਦਾਨੀ ਦੀ ਸ਼ਬਦਾਂ ਦੇ ਲਟ-ਲਟ ਬਲਦੇ ਚਿਰਾਗ਼ਾਂ ਨਾਲ ਆਰਤੀ ਉਤਾਰਦਾ ਹੈ ਤਾਂ  ਉਹ ਖ਼ੁਦ ਨੂੰ ‘ਬੁਝਦਿਲ’ ਕਹਿੰਦਾ ਹੈ:
ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ, ਤੇਰੀ ਆਰਤੀ ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ ’ਤੇ, ਮੰਗਣ ਗੀਤ ਅੱਜ ਜਾਵਾਂ
ਜੋ ਤੈਨੂੰ ਕਰਨ ਲਈ ਭੇਟਾ, ਮੈਂ ਤੇਰੇ ਦਰ ’ਤੇ ਆਵਾਂ!
ਮੇਰਾ ਕੋਈ ਗੀਤ ਨਹੀਂ ਐਸਾ, ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿੱਚ ਜਾ ਕੇ, ਜੋ ਆਪਣਾ ਸੀਸ ਕਟਾ ਆਵੇ
ਜੋ ਆਪਣੇ ਸੋਹਲ ਛਿੰਦੇ ਬੋਲ, ਨੀਹਾਂ ਵਿੱਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ, ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ, ਯਾਰੜੇ ਦੇ ਸਥਰੀਂ ਗਾਵੇ
ਚਿੜੀ ਦੇ ਖੰਭ ਦੀ ਲਲਕਾਰ, ਸੌ ਬਾਜ਼ਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ, ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਝਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ

ਸ਼ਿਵ ਮੰਨਦਾ ਹੈ ਕਿ ਉਸ ਦੇ ‘ਗੀਤਾਂ ਦੀ ਮਹਿਫ਼ਲ’ ਵਿੱਚ ਅਜਿਹਾ ਕੋਈ ਗੀਤ ਨਹੀਂ ਜੋ ਸੀਸ ਤਲੀ ’ਤੇ ਰੱਖ ਕੇ ਭੇਟ ਕਰਨ ਲਈ ਖੜ੍ਹਾ ਹੋਵੇ। ਉਹ ਕਹਿੰਦਾ ਹੈ ਕਿ ਉਸ ਕੋਲ ਅਜਿਹਾ ਵੀ ਗੀਤ ਨਹੀਂ ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖ਼ੂਨ ਵਿੱਚ ਧੋਣ ਦੀ ਸਮਰੱਥਾ ਰੱਖਦਾ ਹੋਵੇ। ਜਿਸ ਨੂੰ ਪੀੜ ਤਾਂ ਕੀ, ਪੀੜ ਦਾ ਅਹਿਸਾਸ ਵੀ ਨਾ ਹੋਵੇ। ਨਾਬਰ ਹੋਣਾ ਉਸ ਦੀ ਕਿਸਮਤ ਵਿੱਚ ਨਹੀਂ ਸੀ। ਉਹ ਆਪਣੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਆਪਣੇ ‘ਬੁਝਦਿਲ ਗੀਤਾਂ’ ਨੂੰ ਲੋਹਾ ਪਿਆਉਣ ਦੀ ਅਸਫ਼ਲ    ਕੋਸ਼ਿਸ਼ ਕਰਦਾ ਹੈ:
ਮੈਂ ਲੋਹਾ ਪੀਣ ਦੀ ਆਦਤ, ਜ਼ਰਾ ਗੀਤਾਂ ਨੂੰ ਪਾ ਆਵਾਂ
ਮੈਂ ਸ਼ਾਇਦ ਫਿਰ ਕੁਝ, ਭੇਟਾ ਕਰਨ ਯੋਗ ਹੋ ਜਾਵਾਂ

ਦੂਜੇ ਪਾਸੇ ਪਾਸ਼ ਲੋਹੇ ਨੂੰ ਲੋਹੇ ਨਾਲ ਕੱਟਣ ਦੀ ਗੱਲ ਕਰਦਾ ਹੈ:
ਤੁਸੀਂ ਲੋਹੇ ਦੀ ਕਾਰ ਝੂਟਦੇ ਹੋ, ਮੇਰੇ ਕੋਲ ਲੋਹੇ ਦੀ ਬੰਦੂਕ ਹੈ
ਮੈਂ ਲੋਹਾ ਖਾਧਾ ਹੈ, ਤੁਸੀਂ ਲੋਹੇ ਦੀ ਗੱਲ ਕਰਦੇ ਹੋ
ਲੋਹਾ ਜਦ ਪਿਘਲਦਾ ਹੈ, ਤਾਂ ਭਾਫ਼ ਨਹੀਂ ਨਿਕਲਦੀ…

ਉਹ ਸ਼ਿਵ ਵਾਂਗ ਮੌਤ ਦੇ ਆਗੋਸ਼ ’ਚੋਂ ਸਕੂਨ ਨਹੀਂ ਭਾਲਦਾ। ਉਹ ਲੜ ਕੇ ਮਰਨ ਵਾਲਿਆਂ ’ਚੋਂ ਹੈ – ਅਸੀਂ ਜਿਨ੍ਹਾਂ ਯੁੱਧ ਨਹੀਂ ਕੀਤਾ / ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ। ਪਾਸ਼ ਦੀ ਕਵਿਤਾ ਆਪਣੀ ਮਿੱਟੀ ਦੀ ਖ਼ੁਸ਼ਬੋ ਹੈ। ਉਹ ਜਿਸ ਮਿੱਟੀ ਵਿੱਚ ਜੰਮਿਆ ਤੇ ਪਲਿਆ ਉਸੇ ਮਿੱਟੀ ਵਿੱਚ ਆ ਕੇ ਸ਼ਹੀਦ ਹੁੰਦਾ ਹੈ। ਉਸ ਦੀ ਕਵਿਤਾ ਦੇ ਬੋਲ ਗੂੰਜਦੇ ਹਨ ਤਾਂ ਪਹਾੜ ਅਤੇ ਦਰਿਆ ਹੁੰਗਾਰਾ ਭਰਦੇ ਹਨ। ਵਦਾਣਾਂ ’ਤੇ ਹਥੌੜੇ ਚਲਦੇ ਹਨ। ਭੱਠੀਆਂ ਵਿੱਚ ਸੋਨਾ ਨਹੀਂ ਲੋਹਾ ਢਲਦਾ ਹੈ। ਉਸ ਦੀ ਕਵਿਤਾ ਦੀ ਮੋਹਰ-ਛਾਪ, ਸੋਨੇ ਦੇ ਗਹਿਣਿਆਂ ’ਤੇ ਨਹੀਂ ਸਗੋਂ ਲੋਹੇ ਦੇ ਬਣੇ ਹਥਿਆਰਾਂ ’ਤੇ ਉੱਕਰੀ ਮਿਲਦੀ ਹੈ:
ਪਿਘਲੇ ਹੋਏ ਲੋਹੇ ਨੂੰ, ਕਿਸੇ ਵੀ ਆਕਾਰ ਵਿੱਚ ਢਾਲਿਆ ਜਾ ਸਕਦਾ ਹੈ।
ਕੁਠਾਲੀ ਵਿੱਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ,
ਇਹ ਮੇਰੀ ਬੰਦੂਕ ਹੈ, ਤੁਹਾਡੀਆਂ ਬੈਂਕਾਂ ਦੇ ਸੇਫ਼
ਤੇ ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ ਸੱਭ ਲੋਹੇ ਦੇ ਹਨ।

ਪਾਸ਼ ਨੂੰ ਗ਼ਮ ਖਾਣ ਦੀ ਜਾਚ ਨਹੀਂ ਆਈ। ਉਹ ਸ਼ਿਵ ਵਾਂਗ ਹੌਲੀ-ਹੌਲੀ ਰੋ ਕੇ ਜੀਅ ਨਹੀਂ ਪਰਚਾਉਂਦਾ। ਉਹ ਚੁੱਪ ਰਹਿ ਕੇ ਚੁੱਪ ਦੀ ਆਵਾਜ਼ ਸੁਣਨ ਵਿੱਚ ਵੀ ਸਮਾਂ ਬਰਬਾਦ ਨਹੀਂ ਕਰਦਾ:
ਚੁੱਪ ਦੀ ’ਵਾਜ ਸੁਣੋ, ਚੁੱਪ ਦੀ ’ਵਾਜ ਸਿਰਫ਼ ਆਸ਼ਕ ਦੀ
ਰੱਤ ਸੁਣਦੀ ਹੈ, ਜਾਂ ਖੰਡਰਾਂ ਦੀ ਛੱਤ ਸੁਣਦੀ ਹੈ
ਜਾਂ ਸੱਪਣੀ ਦੀ ਅੱਖ ਸੁਣਦੀ ਹੈ

ਪਾਸ਼ ਦੀ ਕਵਿਤਾ ਸੁੱਤੇ ਪਾਣੀਆਂ ਵਿੱਚ ਕੰਕਰ ਨਹੀਂ ਸਗੋਂ ਵੱਡੇ ਆਕਾਰ ਦੇ ਪੱਥਰ ਸੁੱਟ ਕੇ ਲਹਿਰਾਂ ਪੈਦਾ ਕਰਦੀ ਹੈ। ਇਸੇ ਲਈ ਉਸ ਨਾਲ ਮਹਿਬੂਬ ਅਤੇ ਮਹਾਨ ਕਵੀ ਹੋਣ ਦੇ ਲਕਬ ਜੁੜ ਗਏ। ਉਸ ਦੀ ਕਵਿਤਾ ਦੇ ਬਿੰਬ ਆਪਣੀ ਮਿੱਟੀ ’ਚੋਂ ਲਏ ਗਏ ਹਨ। ਉਹ ਗੁਰੂ ਸਾਹਿਬਾਨ ਵੱਲੋਂ ਜਾਬਰ ਅਤੇ ਸੱਤਾ-ਸੰਪੰਨ ਹਾਕਮਾਂ ਹੱਥੋਂ ਨਿਮਾਣੇ ਅਤੇ ਲਿਤਾੜੇ ਹੋਏ ਲੋਕਾਂ ਦੇ ਹੱਕ ਵਿੱਚ ਬੁਲੰਦ ਕੀਤੀ ਗਈ ਆਵਾਜ਼ ਦਾ ਪ੍ਰਸ਼ੰਸਕ ਹੈ। ਉਹ ਨਾਨਕਬਾਣੀ, ਖ਼ਾਸ ਤੌਰ ’ਤੇ ਬਾਬਰਵਾਣੀ ਨੂੰ ਵਡਿਆਉਂਦਾ ਹੈ। ਗੁਰਬਾਣੀ ਵਿੱਚ ਦਰਜ ਕੁਰਬਾਨੀ ਦੇ ਮਹਾਤਮ ਬਾਰੇ ਉਸ ਨੂੰ ਪੂਰਾ ਗਿਆਨ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰ ਧਰਿ ਤਲੀ ਗਲੀ ਮੇਰੀ ਆਉ।।
ਪਾਸ਼, ਨਕਸਲਬਾੜੀ ਲਹਿਰ ਦੀ ਦੇਣ ਹੈ। ਇਹ ਲਹਿਰ ਪੈਦਾ ਨਾ ਹੁੰਦੀ ਤਾਂ ਹੋ ਸਕਦਾ ਉਹ ਸ਼ਿਵ ਕੁਮਾਰ ਦੀ ਤਰਜ਼ ਨੂੰ ਹੀ ਅਪਣਾ ਲੈਂਦਾ – ਜੇ ਮੈਨੂੰ 1970 ਦੇ ਸ਼ੁਰੂ ਵਿੱਚ ਨਕਸਲੀ ਕਾਮਰੇਡਾਂ ਨਾਲ ਮੇਲ-ਜੋਲ ਰੱਖਣ ਕਰਕੇ ਜੇਲ੍ਹ ਨਾ ਹੋ ਗਈ ਹੁੰਦੀ ਤਾਂ ਹੁਣ ਮੈਂ ਮੁਹੱਬਤ ਜਾਂ ਹੋਂਦ ਦੇ ਨਿਗੂਣੇਪਣ ਆਦਿ ਵਿਸ਼ਿਆਂ ਉੱਤੇ ਲਿਖਣ ਵਾਲਾ ਕਵੀ ਹੋਣਾ ਸੀ। ਪਾਸ਼ ਖਰਾ ਸੋਨਾ ਹੈ ਜਿਸ ਨੇ ਇਸ ਲਹਿਰ ਤੋਂ ਪੈਦਾ ਹੋਣ ਦੇ ਬਾਵਜੂਦ ‘ਕਲਟ’ ਬਣਨ ਦੀ ਨੀਤੀ ਨੂੰ ਰੱਦ ਕੀਤਾ ਹੈ। ਅਜਿਹੀ ਪ੍ਰਵਿਰਤੀ ਲਈ ਉਹ ਕਮਿਊਨਿਸਟ ਪਾਰਟੀਆਂ ਨੂੰ ਵੀ ਨਹੀਂ ਬਖ਼ਸ਼ਦਾ – ਕਮਿਊਨਿਸਟ ਪਾਰਟੀਆਂ ਦੀ ਵਿਆਪਕ ਸਟਾਲਿਨੀ ਨੀਤੀ ਇਹੋ ਰਹੀ ਹੈ ਕਿ ਵਿਅਕਤੀਆਂ ਦੇ ਕਲਟ ਬਣਾਏ ਜਾਣ ਅਤੇ ਇਸ ਨੀਤੀ ਨੂੰ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਵਕਤੀ ਤੌਰ ’ਤੇ ਇਹ ਨੀਤੀ ਭਾਵੇਂ ਲਾਹੇਵੰਦ ਰਹਿੰਦੀ ਹੈ ਪਰ ਸ਼ੁੱਧ ਮਾਰਕਸੀ ਗਿਆਨ ਦੇ ਵਿਕਾਸ ਲਈ ਮਾਰੂ ਹੈ।
ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਾਸ਼ ਨੂੰ ‘ਕਲਟ’ ਦੇ ਤੌਰ ’ਤੇ ਵਰਤਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਕੋਰੀ ਨਾਂਹ ਕਰ ਕੇ ਆਪਣੇ ਕਈ ਸਾਥੀਆਂ ਦੀ ਨਾਰਾਜ਼ਗੀ ਸਹੇੜ ਲਈ। ਉਸ ਨੂੰ ਭਗੌੜਾ ਹੋਣ ਦਾ ਮਸ਼ਵਰਾ ਦਿੱਤਾ ਗਿਆ। ਉਸ ਦੇ ਸਾਥੀਆਂ ਨੇ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਅਜਿਹਾ ਨਾ ਕੀਤਾ ਤਾਂ ਉਸ ਦੀ ਕਵਿਤਾ ਨੂੰ ਪਾਰਟੀ ਪੱਧਰ ’ਤੇ ਦਾਦ ਦੇਣੀ ਬੰਦ ਹੋ ਜਾਵੇਗੀ। ਵਿਦਰੋਹੀ ਕਵੀ ਨੇ ਆਪਣਿਆਂ ਖ਼ਿਲਾਫ਼ ਵੀ ਵਿਦਰੋਹ ਦਾ ਝੰਡਾ ਚੁੱਕ ਲਿਆ। ਉਹ ਚਾਹੁੰਦਾ ਸੀ ਕਿ ਉਸ ਦੀ ਕਵਿਤਾ ਕਿਸੇ ਦੀ ਮੁਥਾਜ ਨਾ ਹੋਵੇ। ਇਸੇ ਲਈ ਪਾਸ਼ ਨੂੰ ‘ਸਾਹਿਤ ਦਾ ਸਾਗਰ’ ਜਾਂ ਪ੍ਰਕਾਸ਼ਮਾਨ ਸੂਰਜ ਕਹਿ ਕੇ ਨਿਵਾਜਿਆ ਗਿਆ ਹੈ। ਆਪਣੀ ਮੌਤ ਤੋਂ ਪਹਿਲਾਂ ਸੰਪਾਦਿਤ ਕੀਤੀ ਪਾਸ਼ ਦੀ ਵਾਰਤਕ – ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਵਿੱਚ ਉਸ ਦਾ ਆਪਣਾ ਲਹੂ, ਸੋਹਣ ਸਿੰਘ ਸੰਧੂ ਮਾਣ ਨਾਲ ਲਿਖਦੇ ਹਨ ਕਿ ਉਨ੍ਹਾਂ ਦਾ ਪੁੱਤਰ ਜਾਣਦਾ ਸੀ ਕਿ ਸੰਕਟ ਵਿੱਚ ਕਲਾ ਨੇ ਸੰਦ ਬਣਨਾ ਹੁੰਦਾ ਹੈ – ਉਹ ਸੰਦ, ਜਿਸ ਨੇ ਲੋਕਾਂ ਦੇ ਦਿਲਾਂ ਵਿੱਚ ਜੋਸ਼ ਜਾਂ ਹੁਲਾਰਾ ਤਿੱਖਾ ਕਰਨਾ ਹੁੰਦਾ ਹੈ – ਸੰਘਰਸ਼ ਦਾ ਇੱਕ ਕਾਰਗਰ ਹਥਿਆਰ।
ਪਾਸ਼ ਦੀ ਹਰ ਖ਼ਬਰ ਤੇ ਹਰ ਕਾਲਮ ’ਤੇ ਬਾਜ਼ ਨਜ਼ਰ ਹੁੰਦੀ ਸੀ। ਉਸ ਦੀ ਕਟਾਰ ਵਰਗੀ ਤਿੱਖੀ ਤੇ ਲਿਸ਼ਕਦੀ ਕਲਮ ਨੇ ਅਖ਼ਬਾਰਾਂ ਦੇ ਸੰਪਾਦਕਾਂ ’ਤੇ ਵੀ ਤਿੱਖੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਮਾਤਾ ਨਸੀਬ ਕੌਰ ਦਾ ਨੌਂ ਸਤੰਬਰ ਨੂੰ ਜਨਮਿਆਂ ਨਸੀਬਾਂ ਵਾਲਾ ਪੁੱਤਰ ਸੀ ਜੋ ਪੰਜਾਬੀ ਸਾਹਿਤ ਦਾ ਨਸੀਬ ਹੋ ਨਿਬੜਿਆ।
ਵਰਿੰਦਰ ਵਾਲੀਆ

08 Sep 2013

Reply