Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇ-ਨਾਮ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਬੇ-ਨਾਮ
ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਐਤਵਾਰ ਦਾ ਸਮਾਗਮ ਮੁਕਾ ਕੇ ਵਿਹਲੀ ਹੋ ਕੇ ਆਪਣੇ ਪ੍ਰਬੰਧਕੀ ਕੰਮਾਂ ਵਾਸਤੇ ਮੀਟਿੰਗ ਕਰਨ ਲਈ ਦਫਤਰ ਵਿਚ ਜੁੜ ਬੈਠੀ ਸੀ । ਅਜੇ ਮੀਟਿੰਗ ਦੇ ਏਜੰਡੇ ਬਾਰੇ ਗਲ-ਬਾਤ ਹੀ ਹੋ ਰਹੀ ਸੀ ਕਿ ਟੈਲੀਫੋਨ ਦੀ ਘੰਟੀ ਵੱਜੀ ।

ਮੁੱਖ-ਸੇਵਾਦਾਰ ਜੀ ਆਮ ਤੌਰ ਤੇ ਟੈਲੀਫੋਨ ਦੇ ਨਜ਼ਦੀਕ ਹੀ ਬੈਠੇ ਹੁੰਦੇ ਹਨ ਸੋ ਉਹਨਾਂ ਨੇ ਟੈਲੀਫੋਨ ਚੁੱਕਿਆ, ਫਤਹਿ ਬੁਲਾਈ ਤੇ ਵਾਰਤਾਲਾਪ ਕਰਨੀ ਸ਼ੁਰੂ ਕੀਤੀ । ਵਾਰਤਾਲਾਪ ਤੋਂ ਪਤਾ ਲਗਦਾ ਸੀ ਕਿ ਟੈਲੀਫੋਨ ਕਰਨ ਵਾਲੀ ਇਕ ਬੀਬੀ ਹੈ । ਪਰਧਾਨ ਜੀ ਨੇ ਬਾਕੀ ਕਮੇਟੀ ਮੈੰਬਰਾਂ ਨੂੰ ਇਸ਼ਾਰਾ ਕਰ ਦਿੱਤਾ ਕਿ ਆਪਣੀ ਅਵਾਜ਼ ਹੌਲੀ ਕਰ ਲਵੋ ।

ਇਸ਼ਾਰਾ ਵੇਖ ਕੇ ਕੁਝ ਕੁ ਤਾਂ ਟੈਲੀਫੋਨ ਵੱਲ ਕੰਨ ਲਾ ਕੇ ਬੈਠ ਗਏ ਤੇ ਕੁਝ ਕੁ ਹੌਲੀ ਹੌਲੀ ਘੁਸਰ-ਮੁਸਰ ਕਰਦੇ ਰਹੇ । ਕੁਝ ਕੁ ਨੇ ਮੌਕੇ ਦਾ ਫਾਇਦਾ ਉਠਾ ਕੇ ਆਪਣੀਆਂ ਫਾਈਲਾਂ ਚੁੱਕ ਲਈਆਂ ਤਾਂ ਕਿ ਨਿੱਕਾ-ਮੋਟਾ ਰਹਿੰਦਾ ਕੰਮ ਮੁਕਾ ਲਿਆ ਜਾਵੇ ।

ਵਾਰਤਾਲਾਪ ਦੁਆਰਨ ਪ੍ਰਧਾਨ ਜੀ ਹਾਂ-ਹੂੰ ਹੀ ਕਰਦੇ ਰਹੇ ਸੋ ਕਿਸੇ ਦੇ ਪੱਲੇ ਕੋਈ ਗੱਲ ਨਾਂ ਪਈ ਪਰ ਅਖੀਰ ਵਿਚ ਜਦੋਂ ਪ੍ਰਧਾਨ ਜੀ ਨੇ ਕਿਹਾ ਕਿ ਭਾਈ ਤੁਸੀਂ ਆਪਣੀ ਸਾਰੀ ਕਹਾਣੀ ਇੱਥੇ ਆਕੇ ਆਪ ਹੀ ਸੁਣਾਓ ਤਾਂ ਚੰਗਾ ਹੈ, ਸਾਰਿਆਂ ਨੇ ਦੁਬਾਰਾ ਫਿਰ ਕੰਨ ਜਿਹੇ ਚੁੱਕ ਲਏ । ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ ਹਫਤੇ ਜਿਹੜੀ 'ਏ.ਸਿੰਘ' ਦੇ ਨਾਮ ਥੱਲੇ ਕਮੇਟੀ ਅਤੇ ਸੰਗਤ ਦੇ ਕੁੱਝ ਪਤਵੰਤਿਆਂ ਸੱਜਣਾ ਦੇ ਬਰਖਿਲਾਫ ਚਿੱਠੀ ਕੱਢੀ ਗਈ ਸੀ, ਉਸ ਦਾ ਪਤਾ ਲੱਗ ਗਿਆ ਹੈ । ਟੈਲੀਫੋਨ ਵਾਲੀ ਬੀਬੀ ਇੱਥੇ ਆਕੇ ਆਪੇ ਹੀ ਸਾਰੀ ਕਹਾਣੀ ਸੁਣਾਏਗੀ ।

ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ ਤੇ ਤਕਰੀਬਨ ਸਾਰੇ ਮਸਲੇ ਵਿਚਾਰ ਹੀ ਲਏ ਗਏ ਸਨ ਜਦੋਂ ਉਸ ਬੀਬੀ ਨੇ ਆ ਕੇ ਦਫਤਰ ਦੇ ਦਰਵਾਜੇ ਤੇ ਦਸਖਤ ਕੀਤੀ । ਕੌਣ ਹੈ ਕਹਿ ਕੇ ਬੂਹਾ ਖੋਲ੍ਹ ਦਿੱਤਾ ਗਿਆ ਤੇ ਬੀਬੀ ਜੀ ਨੂੰ ਅੰਦਰ ਬੁਲਾ ਕੇ ਕੁਰਸੀ ਤੇ ਬੈਠਣ ਲਈ ਕਿਹਾ ਗਿਆ ।

ਮੇਰੇ ਭੇਣੋ ਤੇ ਭਰਾਵੋ ! ਮੈਂ ਤੁਹਾਡਾ ਤਹਿ-ਦਿਲੋਂ ਸਤਿਕਾਰ ਕਰਦੀ ਹਾਂ । ਸਿੱਖ ਧਰਮ ਨਾਲ ਮੈਂ ਮੁੱਢ ਤੋਂ ਹੀ ਜੁੜੀ ਹੋਈ ਹਾਂ । ਮੈਂ ਨਿੱਕੀ ਹੁੰਦੀ ਨੇ ਹੀ ਅੰਮ੍ਰਿਤ ਛਕ ਲਿਆ ਸੀ ਪਰ ਵਿਆਹ ਤੋਂ ਬਾਅਦ ਮੈਂ ਭੰਗ ਹੋ ਗਈ ਹਾਂ । ਮੇਰਾ ਘਰ ਵਾਲਾ ਅਤਿ ਦਾ ਸ਼ਰਾਬੀ ਹੈ । ਮੈਂ ਨਹੀਂ ਚਾਹੁੰਦੀ ਕਿ ਮੇਰੇ ਪਵਿੱਤਰ ਕਕਾਰਾਂ ਨੂੰ ਕਿਸੇ ਸ਼ਰਾਬੀ ਦੀ ਛੋਹ ਲੱਗੇ । ਮੈਂ ਉਨ੍ਹਾਂ ਨੂੰ ਇਕ ਸੁੱਚੇ ਕੱਪੜੇ ਵਿਚ ਬੰਨ ਕੇ ਟਰੰਕ ਵਿਚ ਰੱਖ ਦਿੱਤਾ ਹੈ । ਮੈਂ ਇਸ ਸ਼ਰਾਬੀ ਦੀ ਵਜ੍ਹਾ ਕਰਕੇ ਗੁਰਦੁਆਰੇ ਵੀ ਘੱਟ ਹੀ ਆਉਂਦੀ ਹਾਂ । ਪਰ ਜਦੋਂ ਕਦੇ ਕੋਈ ਵੱਡਾ ਦਿਨ ਹੋਵੇ ਤਾਂ ਮੈਂ ਪਹਿਲੇ ਪਹਿਰੇ ਉਠ ਕੇ, ਇਸ਼ਨਾਨ ਪਾਣੀ ਕਰਕੇ ਅਰਦਾਸ ਕਰਕੇ ਇਹਨਾਂ ਕਕਾਰਾਂ ਦੇ ਦਰਸ਼ਨ ਕਰ ਲੈਂਦੀ ਹਾਂ ।

ਜਦੋਂ ਸਹੁਰੇ ਮਾੜੇ ਮਿਲ ਜਾਣ ਤੇ ਪੇਕੇ ਵੀ ਗੁਜ਼ਾਰਾ ਮਸਾਂ ਹੀ ਹੁੰਦਾ ਹੋਵੇ ਤਾਂ ਇਕ ਧੀ ਕੀ ਕਰ ਸਕਦੀ ਹੈ । ਤਲਾਕ ਲਵੇ ਤਾਂ ਮਾਪਿਆਂ ਦੀ ਬਦਨਾਮੀ, ਆਤਮ-ਹੱਤਿਆ ਕਰੇ ਤਾਂ ਵੀ ਮਾਪਿਆ ਦੀ ਬਦਨਾਮੀ, ਜੇ ਮੁੜ-ਵਿਆਹ ਕਰਵਾਏ ਤਾਂ ਸਮਾਜ ਵਿਚ ਬਦਨਾਮੀ । ਮਾਪੇ ਧੀਆਂ ਦਾ ਡੋਲਾ ਪਹਿਲੀ ਵਾਰ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਬੜੇ ਹੀ ਢੋਲ-ਢਮੱਕੇ ਨਾਲ ਤੋਰਦੇ ਹਨ ਪਰ ਜੇ ਕਿਤੇ ਦੂਸਰੀ ਵਾਰ ਤੋਰਨਾ ਪੈ ਜਾਵੇ ਤਾਂ ਫਿਰ ਉਹਨਾਂ ਹੀ ਰਿਸ਼ਤੇਦਾਰਾਂ ਤੋਂ ਚੋਰੀ ਰਾਤ ਦੇ ਹਨੇਰੇ, ਚੁਪ-ਚਪੀਤੇ ਹੀ ਤੋਰਨਾ ਪਸੰਦ ਕਰਦੇ ਹਨ । ਇਹ ਮਨੁੱਖ-ਪ੍ਰਧਾਨ ਸਮਾਜ ਦੀ ਰੀਤ ਹੈ । ਚਾਰ-ਚਾਰ ਤੀਵੀਆਂ ਰੱਖ ਸਕਦਾ ਹੈ ਇਹ ਮਨੁੱਖ, ਅੱਧੀ-ਅੱਧੀ ਰਾਤ ਤੱਕ ਪਰਾਈਆਂ ਔਰਤਾਂ ਨਾਲ ਨਾਚ ਕਰ ਸਕਦਾ ਹੈ ਇਹ ਮਨੁੱਖ, ਜੇ ਚਾਹੇ ਤਾਂ ਰਾਤ ਬਾਹਰ ਵੀ ਕੱਟ ਸਕਦਾ ਹੈ ਇਹ । ਆਪਣੇ ਹੀ ਬਣਾਏ ਸਮਾਜ ਵਿਚ ਕਿਸ ਦੀ ਜੁਹਰਤ ਹੈ ਇਸ ਵੱਲ ਉਂਗਲੀ ਕਰਨ ਦੀ ।

ਮੁਆਫ ਕਰਨਾ, ਗੱਲ਼ ਹੋਰ ਪਾਸੇ ਚਲੀ ਗਈ । ਮੈਂ ਆਪਣੇ ਤੇ ਹੁੰਦੇ ਜੁਲਮਾਂ ਨੂੰ ਤੱਕ ਕੇ ਭਾਵਕ ਹੋ ਗਈ ਸੀ । ਮੈਨੂੰ ਮਾਪਿਆਂ ਨੇ ਬੜੇ ਹੀ ਚਾਵਾਂ ਨਾਲ ਪੜ੍ਹਾਇਆ ਤੇ ਵੱਡਾ ਕੀਤਾ । ਮੈਂ ਚੁੱਲ੍ਹੇ ਮੂਹਰੇ ਬੈਠੀ ਅਕਸਰ ਆਪਣੇ ਮਾਂ-ਪਿਓ ਦੀਆਂ ਗੱਲਾਂ ਸੁਣਦੀ ਰਹਿੰਦੀ ਸਾਂ ਕਿ ਆਪਣੀ ਅਮਰੋ ਹੁਣ ਵੱਡੀ ਹੋ ਗਈ ਹੈ ਤੇ ਕੋਈ ਚੰਗਾ ਵਰ ਲੱਭ ਕੇ ਇਸ ਦਾ ਵਿਆਹ ਕਰ ਦੇਈਏ । ਹਰ ਮਾਂ-ਬਾਪ ਦੀ ਸਭ ਤੋਂ ਵੱਡੀ ਰੀਝ ਇਹੀ ਹੁੰਦੀ ਹੈ ਕਿ ਉਸਦੀ ਧੀ ਸੁਖੀ ਰਹੇ, ਉਸ ਨੂੰ ਕਿਸੇ ਦੀ ਤੱਤੀ ਵਾ ਨਾ ਲੱਗੇ, ਜੁਗ-ਜੁਗ ਜੀਵੇ ਓਹ । ਪਰ ਇਹ ਸਾਰੀਆਂ ਗੱਲਾਂ ਹੀ ਹਨ । ਇਹ ਕਿਸੇ ਹੋਰ ਨੂੰ ਸੁਣਾਉਣ ਵਾਸਤੇ ਹਨ । ਉਸੇ ਹੀ ਘਰ ਵਿਚ, ਉਹੀ ਮਾਂ-ਬਾਪ ਵਿਆਹ ਕੇ ਲਿਆਂਦੀ ਧੀ ਨੂੰ ਇੰਨੇ ਤਸੀਹੇ ਦਿੰਦੇ ਹਨ ਕਿ ਜਾਂ ਤਾਂ ਉਹ ਆਪ ਤੇਲ ਪਾਕੇ ਸੜ ਜਾਂਦੀ ਹੈ ਜਾਂ ਫਿਰ ਸਾੜ ਦਿੱਤੀ ਜਾਂਦੀ ਹੈ । ਵੱਡੇ ਵੱਡੇ ਮੁਹਤਬਾਰ ਤੇ ਰੁਤਬਿਆਂ ਵਾਲੇ ਵੇਖੇ ਹਨ ਮੈਂ ਇਹ ਕਰਤੂਤਾਂ ਕਰਦੇ ।

70ਵਿਆਂ ਦੀ ਗੱਲ ਹੈ ਕਿ ਪਿੰਡ ਦੇ ਇਕ ਬੰਦੇ ਨੇ ਦੱਸ ਪਾਈ ਕਿ ਬਾਹਰਲੇ ਮੁਲਕ 'ਚੋਂ ਇਕ ਲੜਕਾ ਵਿਆਹ ਕਰਵਾਉਣ ਵਾਸਤੇ ਪੰਜਾਬ ਆਇਆ ਹੈ । ਮੁੰਡੇ ਦਾ ਰੰਗ ਭਾਵੇਂ ਕੁਝ ਪੱਕਾ ਜਿਹਾ ਹੀ ਹੈ, ਨੈਣ-ਨਕਸ਼ ਵੀ ਕੋਈ ਬਹੁਤੇ ਤਿੱਖੇ ਨਹੀਂ ਹਨ, ਉਮਰੋਂ ਵੀ ਵੱਡਾ ਹੀ ਜਾਪਦਾ ਹੈ ਪਰ ਇਕ ਗੱਲ ਜ਼ਰੂਰ ਸੱਚੀ ਹੈ ਕਿ ਉਹ ਬਾਹਰੋਂ ਆਇਆ ਹੈ, ਪਿੰਡ ਵਿਚ ਭਰਾਵਾਂ ਦੀ ਰੀਸੇ ਕੋਠੀ ਵੀ ਸੁਹਣੀ ਪਾਈ ਹੈ ਤੇ ਸੁੱਖ ਨਾਲ ਕਮਾਈ ਵੀ ਚੰਗੀ ਕੀਤੀ ਹੈ, ਨਵੀਂ ਕਾਰ ਕਢਾਈ ਹੈ ਨਕਦਾਂ ਦੀ । ਇਹੋ ਜਿਹੇ ਰਿਸ਼ਤੇ ਰੋਜ ਨਹੀਂ ਢੁਕਦੇ ।

ਮੈਂ ਵੀ ਚਾਹ ਬਣਾਉਂਦੀ ਨੇ ਸੁਣ ਲਈ ਇਹ ਗੱਲ । ਮੈਂ ਤਾਂ ਚੁੱਲ੍ਹੇ ਮੂਹਰੇ ਬੈਠੀ ਹੀ ਜਹਾਜਾਂ ਦੇ ਝੂਟੇ ਲੈਣ ਲੱਗ ਪਈ, ਵੱਡੇ ਵੱਡੇ ਸਟੋਰਾਂ ਵਿਚ ਜਾ ਕੇ ਸਕੂਲ ਵਿਚ ਪੜ੍ਹੀ ਅੰਗਰੇਜ਼ੀ ਘੋਟਣ ਲੱਗ ਪਈ । ਮੈਂ ਨਹੀਂ ਪਕਾਉਣੀਆਂ ਰੋਟੀਆਂ ਹੁਣ । ਐਥੇ ਬਥੇਰੀ ਚੁਲ੍ਹੇ ਦੀ ਸੁਆਹ ਖਾ ਲਈ ਹੈ, ਮੈਂ ਤਾਂ ਹੁਣ ਘਰੇ ਬੈਠੀ ਹੀ ਹੋਟਲ ਵਾਲਿਆਂ ਨੂੰ ਆਡਰ ਕਰਿਆ ਕਰੂੰ । ਖਿਆਲਾਂ ਵਿਚ ਇਉਂ ਉੱਡੀ ਕਿ ਉਦੋਂ ਹੀ ਪਤਾ ਲੱਗਿਆ ਜਦੋਂ ਚਾਹ ਉਬਲ ਕੇ ਚੁੱਲ੍ਹੇ ਵਿਚ ਪੈ ਗਈ ਤੇ ਸ਼ੂੰ ਕਰ ਕੇ ਸਾਰੀ ਸੁਆਹ ਮੇਰੇ ਸਿਰ ਵਿਚ ਪੈ ਗਈ । ਮੱਥੇ ਤੇ ਹੱਥ ਮਾਰਿਆ ਤੇ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਪਈ ਕਿ "ਅਮਰੋ ! ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ । ਤੇਰੇ ਇੰਨੇ ਵੱਡੇ ਭਾਗ ਕਿਥੇ ਕਿ ਤੂੰ ਬਾਹਰਲੇ ਮੁਲਕ ਵਿਚ ਚਲੀਂ ਜਾਵੇਂ ।" ਪਰ ਸੰਜੋਗਾਂ ਨੂੰ ਕੌਣ ਟਾਲ ਸਕਦਾ ਹੈ । ਭਾਪਾ ਜੀ ਨੇ ਉਸੇ ਵਿਚੋਲੇ ਨੂੰ ਸਕੂਟਰ ਤੇ ਬਿਠਾਇਆ ਤੇ ਪਹੁੰਚ ਗਏ ਕਾਕਾ ਜੀ ਦੇ ਪਿੰਡ । ਦੋ ਚਾਰ ਘੰਟੇ ਗੱਲਾਂ-ਬਾਤਾਂ ਕੀਤੀਆਂ, ਰਿਸ਼ਤੇ ਦੀ ਗੱਲ ਪੱਕੀ ਕਰਕੇ ਇਕ ਦੂਜੇ ਨੂੰ ਵੇਖਣ ਵਖਾਉਣ ਦਾ ਟਾਈਮ ਪੱਕਾ ਕਰ ਲਿਆ ।

ਮੈਂ ਪਹਿਲੀ ਨਜ਼ਰੇ ਹੀ ਮੁੰਡੇ ਦੀ ਸ਼ਕਲ ਵੇਖ ਕੇ ਭਾਂਪ ਲਿਆ ਕਿ ਇਹ ਨਿਤ ਦਾ ਸ਼ਰਾਬੀ ਤਾਂ ਲਗਦਾ ਹੀ ਹੈ ਅਤੇ ਨਾਲ ਹੀ ਮੈਨੂੰ ਇਹ ਵੀ ਜਾਪਿਆ ਕਿ ਇਹ ਸਿਗਰਟ ਦਾ ਸੇਵਨ ਵੀ ਕਰਦਾ ਹੈ । ਸ਼ਰਾਬ ਪੀ ਕੇ ਆਪਣੀਆਂ ਘਰ ਵਾਲੀਆਂ ਤੇ ਬੱਚਿਆਂ ਨੂੰ ਕੁੱਟਦੇ ਤਾਂ ਮੈਂ ਨਿੱਕੀ ਹੁੰਦੀ ਹੀ ਵਿੰਹਦੀ ਤੇ ਸੁਣਦੀ ਆ ਰਹੀ ਹਾਂ ਪਰ ਆਹ ਸਿਗਰਟ-ਨੋਸ਼ ਨਾਲ ਮੈਂ ਵਿਆਹ ਨਹੀਂ ਜੇ ਕਰਾਉਣਾ । ਸਿਗਰਟ ਪੀਣਾ ਤਾਂ ਸਾਡੇ ਧਰਮ ਵਿਚ ਬੱਜਰ ਕੁਰਹਿਤ ਹੈ । ਮੈਂ ਸੋਚਿਆ ਜਿ ਭਾਪਾ ਜੀ ਨੇ ਰਿਸ਼ਤੇ ਦੀ ਗੱਲ ਪੱਕੀ ਕਰ ਦਿੱਤੀ ਤਾਂ ਇਸ ਦਾ ਵਿਰੋਧ ਮੈਂ ਜ਼ਰੂਰ ਕਰਾਂਗੀ ।

ਵਿਆਹ ਦੀ ਤਰੀਕ ਪੱਕੀ ਹੋ ਗਈ । ਸਰਦਾਰ ਜੀ ਵਿਆਹ ਤੋਂ ਕੁੱਝ ਕੁ ਦਿਨਾਂ ਬਾਅਦ ਹੀ ਨਾਰਵੇ ਆ ਗਏ, ਮੈਂ ਲੱਗ ਪਈ ਚਿੱਠੀਆਂ ਉਡੀਕਣ । ਜਦੋਂ ਵੀ ਚਿੱਠੀ ਆਉਂਦੀ ਮੈਂ ਹਵਾਈ ਜਹਾਜਾਂ ਦੇ ਸੁਪਨੇ ਲੈਣ ਲੱਗ ਜਾਂਦੀ । ਸਾਰੀ ਰਾਤ ਮੈਂ ਪਾਸੇ ਲੈ ਲੈ ਕੇ ਲੰਘਾਉਂਦੀ । ਕਦੇ ਮੈਨੂੰ ਫਿਕਰ ਖਾਂਦਾ ਕਿ ਕੀ ਮੈਂ ਉਸ ਦੀ ਸ਼ਰਾਬ ਛਡਾ ਸਕਾਂਗੀ ਤੇ ਦੂਜੇ ਪਲ ਹੀ ਸੋਚਦੀ ਕਿ ਜਿ ਉਹ ਵਾਕਿਆ ਹੀ ਸਿਗਰਟ ਵੀ ਪੀਂਦਾ ਹੋਇਆ ਤਾਂ ਫਿਰ ਮੈਂ ਕੀ ਕਰਾਂਗੀ । ਕੀ ਮੈਂ ਉਸ ਨੂੰ ਛੱਡ ਦਿਆਂਗੀ । ਪਰ ਘਰ ਦਾ ਤਾਂ ਵਾਲ ਵਾਲ ਕਰਜ਼ਾਈ ਹੋਇਆ ਪਿਆ ਹੈ । ਹਰ ਦੂਜੇ ਤੀਜੇ ਦਿਨ ਆੜ੍ਹਤੀਆ ਭੂਤ ਬਣ ਕੇ ਬੂਹੇ ਮੂਹਰੇ ਆ ਖੜਦਾ ਹੈ । ਕੀ ਹੋਇਆ ਜਿ ਮੇਰਾ ਕੋਈ ਭਰਾ ਨਹੀਂ ਹੈ, ਮੈਂ ਮੁੰਡਿਆਂ ਨਾਲੋਂ ਕਿਹੜੀ ਘੱਟ ਹਾਂ । ਪੜ੍ਹੀ ਲਿਖੀ ਹਾਂ, ਸੁਹਣੀ ਜਵਾਨ ਹਾਂ, ਸਿਹਤਮੰਦ ਹਾਂ, ਕੰਮ ਦੀ ਮੈਂ ਪਰਵਾਹ ਨਹੀਂ ਕਰਦੀ । ਮੈਂ ਆਪਣੇ ਭਾਪਾ ਜੀ ਦਾ ਸਾਰਾ ਕਰਜ਼ਾ ਲਾਵਾਂਗੀ । ਗਹਿਣੇ ਰੱਖੀ ਜ਼ਮੀਨ ਛੁਡਾ ਕੇ ਹੀ ਮੈਂ ਸਾਹ ਲਵਾਂਗੀ ।

ਵੀਰ ਜੀ ਕਰਮਾਂ ਦੀ ਖੇਡ ਹੈ । ਮੇਰਾ ਵੀਜ਼ਾ ਆ ਗਿਆ ਤੇ ਮੈਂ ਨਾਰਵੇ ਪਹੁੰਚ ਗਈ । ਪਤਾ ਨਹੀਂ ਲਗਦਾ ਕਿ ਮੈਂ ਇਸ ਹੋਣ-ਹਾਰ ਦਾ ਕੀ ਨਾਂ ਲੈਕੇ ਬੁਲਾਵਾਂ । ਕਾਰ ਵਿਚ ਬੈਠਣ ਦੀ ਦੇਰ ਸੀ ਕਿ ਇਸ ਹੋਣ-ਹਾਰ ਨੇ ਸਿਗਰਟ ਲਾ ਲਈ । ਪਹਿਲਾ ਦਿਨ ਸੀ, ਕਦੇ ਮੈਂ ਇਹਦੇ ਵੱਲ ਵੇਖਦੀ, ਕਦੇ ਮੇਰੀ ਸੋਚ ਮੇਰੇ ਨਸੀਬਾਂ ਵੱਲ ਚਲੀ ਜਾਂਦੀ ਤੇ ਪਲ ਭਰ ਵਿਚ ਹੀ ਭਾਪਾ ਜੀ ਦਾ ਕਰਜ਼ਾ ਯਾਦ ਆ ਜਾਂਦਾ । ਨਸੀਬਾਂ ਨੂੰ ਰੋਂਦੀ ਘਰ ਆ ਗਈ । ਕੁੱਝ ਕੁ ਮਹੀਨੇ ਚੰਗੇ ਲੰਘੇ ਤੇ ਫਿਰ ਓਹੀ ਬਲਦ ਤੇ ਓਹੀ ਪੰਜਾਲੀ ਵਾਲੀ ਗੱਲ ਹੋਣ ਲੱਗ ਪਈ । ਹਫਤੇ ਦੇ ਪੰਜ ਦਿਨ ਤਾਂ ਚੰਗੇ ਲੰਘ ਜਾਂਦੇ ਪਰ ਸ਼ੁੱਕਰਵਾਰ ਆਉਂਦਿਆਂ ਹੀ ਮੇਰੀ ਜਾਨ ਤੇ ਪੈ ਜਾਂਦੀ ਤੇ ਮੈਂ ਰੱਬ ਨੂੰ ਰੱਜ ਕੇ ਕੋਸਦੀ ਕਿ ਵੇ ਰੱਬਾ! ਤੈਨੂੰ ਆਹ ਛੁੱਟੀ ਵਾਲੇ ਦਿਨ ਬਨਾਉਣ ਦੀ ਕੀ ਲੋੜ ਪੈ ਗਈ ਸੀ, ਸਾਰਾ ਹਫਤਾ ਕੰਮ ਦੇ ਦਿਨਾ ਦਾ ਹੀ ਬਣਾ ਦਿੰਦਾ । ਤੈਨੂੰ ਕਿਹੜਾ ਫਰਕ ਪੈਣਾ ਸੀ ਪਰ ਮੈੰ ਦੋ ਦਿਨ ਸੁਖੀ ਦੇ ਨੰਘਾ ਲਿਆ ਕਰਦੀ । ਸ਼ੁੱਕਰਵਾਰ ਤੋਂ ਐਤਵਾਰ ਤੱਕ ਬੱਸ ਸਾਡੇ ਘਰੇ ਸ਼ਰਾਬ, ਸਿਗਰਟ ਤੇ ਟੈਲੀਫੋਨ ਤੇ ਦੂਸਰਿਆਂ ਨੂੰ ਗਾਲਾਂ ਹੀ ਚਲਦੀਆਂ ।

ਮੇਰੇ ਲੜਕੀ ਹੋ ਗਈ । ਸੋਚਿਆ ਸ਼ਾਇਦ ਇਸ ਨੂੰ ਕੁੜੀ ਦਾ ਫਿਕਰ ਹੋਊ ਤੇ ਕੁਝ ਕੁ ਸ਼ਰਮ ਕਰੂ । ਪਰ ਲਗਦਾ ਹੈ ਕਿ ਇਸ ਤੇ ਰੇਗਿਸਤਾਨ ਦੇ ਦਰਖਤ ਵਾਂਗੂੰ ਕਦੀ ਹਰਿਆਵਲ ਨਹੀਂ ਆਉਣੀ । ਦੋ ਲੜਕੇ ਹੋਰ ਹੋ ਗਏ ਪਰ ਸਾਡਾ ਘਰ ਦਾ ਨਕਸ਼ਾ ਨਾ ਬਦਲਿਆ । ਮੈਂ ਵੀ ਕੰਮ ਸ਼ੁਰੂ ਕਰ ਦਿੱਤਾ । ਕੰਮ ਤੋਂ ਆਕੇ ਬੱਚਿਆਂ ਨੂੰ ਸਾਂਭਣਾ, ਰੋਟੀ-ਪਾਣੀ ਦਾ ਇੰਤਜ਼ਾਮ ਕਰਨਾ, ਬੱਸ ਇਸੇ ਵਿਚ ਹੀ ਮੈਂ ਆਪਣੇ ਆਪ ਨੂੰ ਮਹਿਫੂਸ ਰੱਖਣ ਲੱਗ ਪਈ । ਹੋਰ ਕਰ ਵੀ ਕੀ ਸਕਦੀ ਸੀ ।

ਵੀਰ ਜੀ ਮੁਆਫ ਕਰਨਾ, ਮੈਂ ਜਿਹੜੀ ਗੱਲ ਕਰਨ ਆਈ ਸੀ, ਉਹ ਤਾਂ ਭੁੱਲ ਹੀ ਗਈ ਹਾਂ, ਆਪਣੇ ਹੀ ਵਹਿਣਾ ਵਿਚ ਤੁਰੀ ਫਿਰਦੀ ਹਾਂ । ਭੁੱਖੇ ਮੂਹਰੇ ਬਾਤ ਪਾਈਏ ਤਾਂ ਉਸ ਨੇ ਰੋਟੀ ਹੀ ਮੰਗਣੀ ਹੈ । ਕਦੇ ਵੀ ਕਿਤੇ ਮਾੜੀ ਜਿਹੀ ਵੀ ਗੱਲ ਹੋ ਜਾਵੇ ਮੈਨੂੰ ਤਾਂ ਉਹ ਆਪਣੀ ਕਹਾਣੀ ਹੀ ਲਗਦੀ ਹੈ । ਮੈਂ ਜਦੋਂ ਦੀ ਵਿਆਹੀ ਹਾਂ ਮੈਨੂੰ ਵੀ ਇਸ ਦੇ ਪੂਰੇ ਨਾਂ ਦਾ ਪਤਾ ਨਹੀਂ ਹੈ । ਲਾਵਾਂ ਵੇਲੇ ਵੀ ਇਹ 'ਏ. ਸਿੰਘ' ਸੀ ਤੇ ਹੁਣ ਵੀ ਇਹ 'ਏ ਸਿੰਘ' ਹੀ ਹੈ । ਮੈਂ ਕਈ ਵਾਰੀ ਆਪਣੀ ਸੱਸ ਨੂੰ ਵੀ ਪੁੱਛਿਆ ਹੈ ਕਿ ਆਪਣੇ ਮੁੰਡੇ ਦਾ ਪੂਰਾ ਨਾਂ ਹੀ ਦੱਸ ਛੱਡ ਪਰ ਉਹ ਵੀ ਟਾਲ-ਮਟੋਲ ਹੀ ਕਰ ਦਿੰਦੀ ਹੈ ।

ਵੀਰ ਜੀ , ਮੈਂ ਬੱਚਿਆਂ ਨੂੰ ਸਾਂਭਣ ਵਿਚ ਕੋਈ ਵੀ ਕਸਰ ਨਹੀਂ ਛੱਡੀ । ਆਪਣੀ ਸਾਰੀ ਜਵਾਨੀ ਤੇ ਰੂਪ ਮੈਂ ਇਹਨਾਂ ਨੂੰ ਵੱਡੇ ਕਰਨ ਤੇ ਹੀ ਲਾ ਦਿੱਤਾ ਪਰ ਇਹਨਾਂ ਦੇ ਲੱਛਣ ਮੈਨੂੰ ਕੋਈ ਚੰਗੇ ਨਹੀਂ ਸੀ ਦਿਸਦੇ । ਕੁੜੀ ਜਦੋਂ ਹੀ 18 ਸਾਲਾਂ ਦੀ ਹੋਈ ਤਾਂ ਬਾਗੀ ਹੋ ਗਈ । ਕਈ ਕਈ ਦਿਨ ਘਰੇ ਨਹੀਂ ਸੀ ਵੜਦੀ । ਇਕ ਦਿਨ ਆਪਣਾ ਸਮਾਨ ਇਕੱਠਾ ਕਰਕੇ ਕਹਿੰਦੀ ਕਿ ਮੈਂ ਤਾਂ ਇਰਾਨੀ ਨਾਲ ਵਿਆਹ ਕਰ ਲਿਆ ਹੈ ਤੇ ਉਸਦੇ ਘਰੇ ਹੀ ਰਹਾਂਗੀ ।

ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ । ਮੇਰਾ ਸਾਰਾ ਸਰੀਰ ਬਰਫ ਵਾਂਗੂੰ ਠੰਡਾ ਹੋ ਗਿਆ । ਗੁੰਮ-ਸੁੰਮ ਜਿਹੀ ਹੋ ਗਈ ਮੈਂ । ਹੋਣ-ਹਾਰ ਨੇ ਬੋਤਲ ਚੁੱਕੀ ਤੇ ਮੂੰਹ ਨੂੰ ਲਾ ਕੇ ਸਾਰੀ ਹੀ ਪੀ ਗਿਆ ਤੇ ਮੇਰੇ ਦੁਆਲੇ ਹੋ ਗਿਆ । ਮੈਨੂੰ ਪਸ਼ੂਆਂ ਵਾਂਗੂ ਕੁੱਟਿਆ ਤੇ ਮੇਰੇ ਗਊ ਦੇ ਜਾਏ ਮਾਂ-ਬਾਪ ਨੂੰ ਸਉ-ਸਉ ਗਾਲ੍ਹ ਕੱਢੀ । ਮੇਰੇ ਖੂਨ ਦਾ ਦੌਰਾ ਘਟ ਗਿਆ ਤੇ ਮੈਂ ਬੇਹੋਸ਼ ਹੋਕੇ ਡਿੱਗ ਪਈ । ਹਫਤਾ ਹਸਪਤਾਲ ਰਹਿ ਕੇ ਫਿਰ ਘਰੇ ਆ ਗਈ । ਨਿਤ ਦੇ ਕੁਤ-ਪੌ ਨੂੰ ਬਰਦਾਸ਼ਤ ਨਾ ਕਰਦੇ ਹੋਏ ਦੋਨਾਂ ਮੁੰਡਿਆ ਨੇ ਵੀ ਆਪਣਾ ਸਮਾਨ ਚੁੱਕਿਆ ਤੇ ਹੋਸਟਲ ਵਿਚ ਰਹਿਣ ਲੱਗ ਪਏ । ਰਹਿ ਗਈ ਇਕੱਲੀ ਮੈਂ ਆਪਣੇ ਹੱਡ ਤੜਾਉਣ ਨੂੰ ਤੇ ਗਾਲ੍ਹਾਂ ਖਾਣ ਨੂੰ । ਹੁਣ ਤਾਂ ਮੈਂ ਵੀ ਬੇਸ਼ਰਮ ਜਿਹੀ ਹੋ ਗਈ ਹਾਂ ਤੇ ਪਾਗਲਾਂ ਜਿਹਾਂ ਵਾਂਗੂੰ ਬੱਸ ਚਲਦੀ ਫਿਰਦੀ ਲਾਸ਼ ਹੀ ਬਣ ਗਈ ਹਾਂ ।

ਜਦੋਂ ਸੰਗਤ ਵੱਲ ਤੇ ਤੁਹਾਡੀ ਕਮੇਟੀ ਵੱਲ ਇਸ ਦੀ ਇਹ ਲਿਖੀ ਹੋਈ ਚਿੱਠੀ ਮੈਂ ਪੜ੍ਹੀ ਤਾਂ ਮੈਨੂੰ ਸੱਤੀਂ ਕੱਪੜੀ ਅੱਗ ਲੱਗ ਗਈ । ਮੈਂ ਮਨ ਬਣਾ ਲਿਆ ਕਿ ਹੁਣ ਇਸ ਦਾ ਪੜ੍ਹਦਾ ਜਾਹਰ ਕਰ ਕੇ ਸਾਹ ਲਵਾਂਗੀ । ਮੈਂ ਇਸ ਦੇ ਬਥੇਰੇ ਦੁੱਖ ਸਹੇ ਹਨ । ਮੈਂ ਆਪਣਾ ਸਾਰਾ ਕੁੱਝ ਲੁਟਾ ਚੁੱਕੀ ਹਾਂ, ਮੇਰੇ ਬੱਚੇ ਘਰੋਂ ਭੱਜ ਗਏ ਹਨ । ਇਸ ਤੋਂ ਵੱਧ ਮੈਨੂੰ ਹੋਰ ਕੀ ਦੁੱਖ ਹੋ ਸਕਦਾ ਹੈ ।

ਮੈਂ ਕੱਲ ਹੀ ਇੰਡੀਆ ਤੋਂ ਵਾਪਿਸ ਆਈ ਹਾਂ । ਮੈਂ ਆਪਣੀ ਸੱਸ ਨੂੰ ਸਿਰਫ ਇਹੀ ਪੁੱਛਣ ਗਈ ਸੀ ਕਿ ਉਹ ਆਪਣੇ ਹੋਣ-ਹਾਰ ਦੀ ਅਸਲੀਅਤ ਦੱਸ ਦੇਵੇ ।

ਮੇਰੀ ਸੱਸ ਨੇ ਦੱਸਿਆ ਕਿ ਜਦੋਂ ਮੈਂ 15ਵੇਂ ਵਰ੍ਹੇ ਵਿਚ ਪੈਰ ਪਾਇਆ ਤਾਂ ਸਾਰੇ ਪਿੰਡ ਵਿਚ ਮੇਰੀ ਜਵਾਨੀ ਦੀਆਂ ਧੁੰਮਾਂ ਪੈ ਗਈਆਂ । ਮੇਰਾ ਰੰਗ ਇਹਨਾਂ ਸਾਫ ਸੀ ਕਿ ਧੁੱਪ ਵੀ ਸ਼ਰਮਾ ਜਾਂਦੀ ਸੀ । ਜਦੋਂ ਮੈਂ ਘਰੋਂ ਤਿਆਰ ਹੋ ਕੇ ਸਕੂਲ ਨੂੰ ਜਾਂਦੀ ਸੀ ਤਾਂ ਪਿੰਡ ਦੇ ਜਵਾਨ ਮੁੰਡਿਆ ਦੀਆਂ ਅਮਲੀਆਂ ਵਾਂਗੂੰ ਪੀਣਕਾਂ ਲੱਗ ਜਾਂਦੀਆਂ ਸਨ । ਇਕ ਟਿਕ ਲਾ ਕੇ ਸਾਰੇ ਮੇਰੇ ਵੱਲ ਹੀ ਵਿੰਹਦੇ ਰਹਿੰਦੇ ਤੇ ਕਈ ਮਰ ਜਾਣੇ ਲਫੰਗੇ ਤਾਂ ਗੱਲਾਂ ਦੇ ਤਿੱਖੇ ਤੀਰ ਵੀ ਮਾਰਨੋ ਨਹੀਂ ਸਨ ਟਲਦੇ । ਸਕੂਲੋਂ ਨਿਕਦੀ ਦੇ ਮੇਰੇ ਮਗਰ ਮੁਛਟੰਡਿਆਂ ਦੀ ਇਓਂ ਹੇੜ ਲੱਗ ਜਾਂਦੀ ਜਿਵੇਂ ਕਿਸੇ ਪਾਗਲ ਬੰਦੇ ਮਗਰ ਪਿੰਡ ਦੇ ਜਵਾਕ ਲੱਗ ਜਾਂਦੇ ਹਨ ।

ਇਕ ਦਿਨ ਬਾਪੂ ਸਮਾਨ ਲੈਣ ਲਈ ਸ਼ਹਿਰ ਆਇਆ ਹੋਇਆ ਸੀ । ਜਦੋਂ ਉਸ ਨੇ ਇਹ ਸਾਰਾ ਕੁੱਝ ਦੇਖਿਆ ਤਾਂ ਘਰੇ ਆਉਣ ਸਾਰ ਹੀ ਉਸ ਨੇ ਮੇਰੀ ਮਾਂ ਨੂੰ ਮੇਰਾ ਵਿਆਹ ਜਲਦੀ ਤੋਂ ਜਲਦੀ ਕਰਨ ਦੀ ਸੁਣਾ ਦਿੱਤੀ । ਭਾਵੇਂ ਮਾਂ ਨੂੰ ਅਸਲੀਅਤ ਦਾ ਪਤਾ ਨਹੀਂ ਸੀ ਪਰ ਹਰ ਮਾਂ-ਪਿਓ ਡਰਦਾ ਹੈ ਕਿ ਉਸ ਦੀ ਧੀ ਦਾ ਕਲੰਕ ਉਹਨਾਂ ਦੇ ਮੱਥੇ ਤੇ ਨਾਂ ਲੱਗ ਜਾਵੇ । ਮੁੰਡੇ ਭਾਵੇਂ ਜਿੱਥੇ ਮਰਜੀ ਤੁਰੇ ਫਿਰਨ ਇਹਨਾਂ ਤੇ ਕੋਈ ਧੱਬਾ ਨਹੀਂ ਲਗਦਾ, ਇਹ ਚਿੱਟੇ ਦੁੱਧ ਹੀ ਰਹਿੰਦੇ ਹਨ ਪਰ ਕੁੜੀ ਨੂੰ ਕੋਈ ਮੁੰਡਾ ਬੁਲਾ ਵੀ ਲਵੇ ਤਾਂ ਗੱਲਾਂ ਦੀਆਂ ਡਾਰਾਂ ਬਣ ਜਾਂਦੀਆਂ ਹਨ । ਇਥੇ ਭਾਵੇਂ ਮੇਰਾ ਕੋਈ ਕਸੂਰ ਨਹੀਂ ਹੈ ਪਰ ਮੈਂ ਧੀ ਜੁ ਹੋਈ ।

ਨਾਲ ਦੇ ਪਿੰਡ ਮੇਰਾ ਵਿਆਹ ਤਹਿ ਕਰ ਦਿੱਤਾ ਗਿਆ । ਉਹਨਾਂ ਵੇਲਿਆਂ 'ਚ ਵੇਖਣ ਵਖਾਉਣ ਦਾ ਕੋਈ ਕੰਮ ਨਹੀਂ ਸੀ ਹੁੰਦਾ । ਵਿਚੋਲਾ ਹੀ ਸਭ ਕੁਝ ਹੁੰਦਾ ਸੀ । ਵਿਆਹ ਹੋ ਗਿਆ । ਪੁੱਤ! ਤੇਰਾ ਸਹੁਰਾ ਹੈ ਤਾਂ ਬੜਾ ਚੰਗਾ ਪਰ ਬੇਗਾਨੀਆਂ ਰੰਨਾਂ ਦਾ ਬੜਾ ਸ਼ੌਕੀਨ ਹੈ । ਹੁਣ ਵੀ ਵੇਖ ਲੈ, ਭਾਵੇਂ ਮੂੰਹ ਵਿਚ ਦੰਦ ਨਹੀਂ ਪਰ ਜਦੋਂ ਕਦੇ ਕੋਈ ਜਨਾਨੀ ਬੂਹੇ ਮੂਹਰਿਓਂ ਦੀ ਲੰਘੂ, ਝੱਟ ਹੀ ਕਹਿ ਦੇਊ, ਪਰਸਿੰਨ ਕੁਰੇ ਕੌਣ ਸੀ ਇਹ ਜਿਹੜੀ ਬੂਹੇ ਮੂਹਰੋਂ ਦੀ ਲੰਘੀ ਸੀ ।

ਜਵਾਨੀ ਵੇਲੇ ਇਹ ਬੜਾ ਸੁਹਣਾ ਸੀ । ਇਸ ਦੀ ਕੱਕੇ ਜਿਹੇ ਰੰਗ ਦੀ ਘੁੰਗਰਾਲੀ ਦਾੜ੍ਹੀ ਤੇ ਕੁੰਢੀਆਂ ਮੁੱਛਾਂ, ਗੁੰਦਵਾਂ ਸਰੀਰ ਵੇਖ ਕੇ ਸਾਰਿਆਂ ਨੂੰ ਹੌਲ ਜਿਹਾ ਪੈ ਜਾਂਦਾ ਸੀ । ਘਰ ਵਿਚ ਫਿਰਦਾ ਇਓਂ ਲਗਦਾ ਸੀ ਜਿਵੇਂ ਕੋਈ ਸ਼ਹਿਜਾਦਾ ਹੋਵੇ । ਇਹੀ ਸੀ ਸਾਰੇ ਟੱਬਰ ਵਿਚੋਂ ਸੁਹਣਾ । ਬਾਕੀ ਕਿਸੇ ਦੇ ਚਿੱਬ ਜਿਹਾ ਪਿਆ ਸੀ, ਕਿਸੇ ਦਾ ਮਾਤਾ ਦੇ ਦਾਗਾਂ ਵਾਲਾ ਮੂੰਹ ਇਓਂ ਲਗਦਾ ਸੀ ਜਿਵੇਂ ਸੁਆਹ ਦੇ ਢੇਰ ਤੇ ਹੁਣੇ ਹੁਣੇ ਕਣੀਆਂ ਪਈਆਂ ਹੋਣ ।

ਸਾਡੇ ਪਿੰਡ ਗੱਡੀਆਂ ਵਾਲਿਆਂ ਨੇ ਉਤਾਰਾ ਕੀਤਾ ਹੋਇਆ ਸੀ । ਇਹ ਗੁੱਜਰ ਕਿਸਮ ਦੇ ਲੋਕ ਹੁੰਦੇ ਹਨ । ਇਹਨਾਂ ਦਾ ਪੇਸ਼ਾ ਲੋਹੇ ਦੇ ਨਿੱਕੇ ਮੋਟੇ ਔਜ਼ਾਰ ਬਣਾ ਕੇ ਪਿੰਡ ਵਿਚ ਵੇਚਣਾ ਹੈ ਤੇ ਨਾਲ ਨਾਲ ਪਸ਼ੂਆਂ ਦਾ ਵਪਾਰ ਵੀ ਕਰਦੇ ਹਨ । ਇਹਨਾਂ ਦੇ ਆਦਮੀ ਸਾਰਾ ਦਿਨ ਲੋਹੇ ਦਾ ਸਮਾਨ ਬਣਾਉਂਦੇ ਹਨ ਤੇ ਔਰਤਾਂ ਇਹ ਸਮਾਨ ਪਿੰਡ ਵਿਚ ਵੇਚਣ ਚਲੀਆਂ ਜਾਂਦੀਆਂ ਹਨ ਤੇ ਨਾਲੇ ਖਾਣ ਪੀਣ ਨੂੰ ਰੋਟੀ ਟੁੱਕ ਮੰਗ ਕੇ ਲੈ ਆਉਂਦੀਆਂ ਹਨ ।

ਜਾਂ ਤਾਂ ਮਿਹਨਤ ਕਰਨ ਕਰਕੇ ਜਾਂ ਸਾਰੀ ਦਿਹਾੜੀ ਤੋਰਾ-ਫੇਰਾ ਰੱਖਣ ਕਰਕੇ ਜਾਂ ਜਿੰਦਗੀ ਬੇ-ਫਿਕਰੀ ਹੋਣ ਕਰਕੇ, ਇਹ ਗੱਲ ਸੋਲਾਂ ਆਨੇ ਹੈ ਕਿ ਇਹਨਾਂ ਗੱਡੀਆਂ ਵਾਲਿਆਂ ਦੀਆਂ ਔਰਤਾਂ ਰੱਜ ਕੇ ਸੁਹਣੀਆਂ ਹੁੰਦੀਆਂ ਹਨ । ਸਿਆਲਾਂ ਦਾ ਦਿਨ ਸੀ । ਨਿੰਮੀ ਨਿੰਮੀ ਠੰਡ ਜਿਹੀ ਪੈ ਰਹੀ ਸੀ । ਤੇਰਾ ਸਹੁਰਾ ਬਾਹਰ ਵਿਹੜੇ ਵਿਚ ਧੁੱਪੇ ਮੰਜੀ ਢਾਹ ਕੇ ਬੈਠਾ ਸੀ । ਮੈਂ ਵੀ ਚੁੱਲ੍ਹੇ ਮੂਹਰੇ ਬੈਠੀ ਰੋਟੀ ਟੁੱਕ ਦਾ ਆਹਰ ਕਰ ਰਹੀ ਸੀ ਕਿ ਇਕ ਗੱਡੀ ਵਾਲੀ ਸਾਡੇ ਘਰੇ ਵੀ ਭਾਂਡੇ ਵੇਚਣ ਆ ਗਈ ।

ਇਸਨੇ ਉਸ ਨੂੰ ਆਪਣੇ ਕੋਲ ਹੀ ਬਿਠਾ ਲਿਆ ਤੇ ਉਸ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ । ਮੈਂ ਘੰਦੋਲੀ ਦੀਆਂ ਮੋਰੀਆਂ ਵਿਚ ਦੀ ਇਕ ਦੋ ਵਾਰੀ ਸਰਸਰੀ ਜਿਹੀ ਝਾਕ ਮਾਰੀ ਪਰ ਬਹੁਤਾ ਕੋਈ ਧਿਆਨ ਨਾ ਦਿੱਤਾ । ਇਸ ਨੇ ਇਕ ਦੋ ਚੀਜ਼ਾਂ ਲਈਆਂ ਤੇ ਉਸ ਦੇ ਬਦਲੇ ਪੱਠਿਆਂ ਦੀ ਇਕ ਪੰਡ ਉਸ ਦੇ ਸਿਰ ਤੇ ਰੱਖ ਦਿੱਤੀ ਤੇ ਫਿਰ ਮੰਜੇ ਤੇ ਜਾ ਕੇ ਚੁੱਪ ਕਰਕੇ ਬੈਠ ਗਿਆ । ਮੈਂ ਇਕ ਦੋ ਵਾਰੀ ਰਸੋਈ ਵਿਚੋਂ ਅਵਾਜ਼ ਮਾਰ ਕੇ ਪੁੱਛਿਆ ਵੀ ਕਿ ਕੀ ਖਰੀਦਦਾਰੀ ਕੀਤੀ ਹੈ ਪਰ ਕੋਈ ਜਵਾਬ ਨਾ ਆਇਆ । ਮੈਂ ਕੰਮ ਛੱਡ ਕੇ ਇਹਨਾਂ ਦੇ ਕੋਲ ਚਲੀ ਗਈ ਤੇ ਪੁੱਛਿਆ ਕਿ ਕੀ ਖਰੀਦਦਾਰੀ ਕੀਤੀ ਸਰਦਾਰ ਜੀ ਨੇ, ਜਿਹੜੇ ਬੋਲਣੋ ਹੀ ਹੱਟ ਗਏ ਹੋ । ਕਹਿੰਦੇ ਪਰਸਿੰਨੀਏਂ ਖਰੀਦਣਾ ਕੀ ਸੀ- ਸਾਲੀ ਸੀ ਬੜੀ ਸੁਹਣੀ । ਮੇਰਾ ਤਾਂ ਦਿਲ ਹੀ ਲੈ ਗਈ ਐ ! ਕਾਂਬਾ ਜਿਹਾ ਛਿੜੀ ਜਾਂਦਾ ਹੈ ਸਰੀਰ ਵਿਚ ਉਦੋਂ ਦਾ । ਝੂਠਾ ਜਿਹਾ ਪੈ ਗਿਆ ਹੈ ਸਭ ਕੁਝ ।

ਇਹੋ ਜਿਹੀਆਂ ਗੱਲਾਂ ਮੈਂ ਤੇਰੇ ਸਹੁਰੇ ਕੋਲੋਂ ਅਕਸਰ ਸੁਣਦੀ ਰਹਿੰਦੀ ਸੀ ਤੇ ਇਸ ਗੱਲ਼ ਵੱਲ ਵੀ ਮੈਂ ਕੋਈ ਗੌਰ ਨਾ ਕੀਤਾ ਤੇ ਜਾ ਕੇ ਆਪਣੇ ਕੰਮ ਵਿਚ ਰੁੱਝ ਗਈ । ਇਹ ਤਾਂ ਹੁਣ ਜਾ ਕੇ ਉਸ ਗੱਡੀ ਵਾਲੀ ਦੀ ਭੱਠੀ ਮੂਹਰੇ ਹੀ ਸਾਰਾ ਸਾਰਾ ਦਿਨ ਬੈਠੇ ਰਹਿੰਦੇ । ਇਕ ਦਿਨ ਮੈਂ ਖੇਤ ਕਪਾਹ ਚੁਗਣ ਵਾਲੀਆਂ ਕੋਲ ਗੇੜਾ ਮਾਰਨ ਗਈ ਹੋਈ ਸੀ ਤੇ ਉਹੀ ਗੱਡੀ ਵਾਲੀ ਦੀ ਮਾੜੀ ਕਿਸਮਤ ਕਿ ਉਹ ਸਾਡੇ ਘਰ ਫਿਰ ਆਪਣਾ ਕੁੱਝ ਸਮਾਨ ਵੇਚਣ ਆ ਗਈ । ਤੇਰੇ ਸਹੁਰੇ ਨੇ ਉਸ ਗੱਡੀ ਵਾਲੀ ਦਾ ਜਬਰਦਸਤੀ ਬਲਾਤਕਾਰ ਕਰ ਦਿੱਤਾ । ਸਾਰੇ ਪਿੰਡ ਵਿਚ ਰੌਲਾ ਪੈ ਗਿਆ । ਗੱਡੀਆਂ ਵਾਲਿਆਂ ਨੇ ਰਲ ਕੇ ਪੰਚਾਇਤ ਸੱਦ ਲਈ । ਸਾਰੇ ਪਿੰਡ ਵਿਚ ਬੜੀ ਤੋਹੇ ਤੋਹੇ ਹੋਈ । ਮੈਂ ਤਾਂ ਸ਼ਰਮ ਦੀ ਮਾਰੀ ਘਰੋਂ ਬਾਹਰ ਨਾਂ ਨਿਕਲਾਂ । ਧਰਤੀ ਵਿਹਲ ਨਾਂ ਦੇਵੇ ਮੈਂਨੂੰ ਨਿਘਰਨ ਨੂੰ ।

ਗੱਡੀਆਂ ਵਾਲੇ ਦੂਸਰੇ ਪਿੰਡ ਚਲੇ ਗਏ । ਘਰ ਘਰ ਫਿਰਨ ਵਾਲੀਆਂ ਵਿਹਲੀਆਂ ਰੰਨਾਂ ਤੇ ਖੁੰਡ੍ਹਾਂ ਤੇ ਬੈਠਣ ਵਾਲੇ ਵਿਹਲੜਾਂ ਨੂੰ ਸ਼ਾਇਦ ਕੋਈ ਹੋਰ ਗੱਲ ਲੱਭ ਪਈ ਹੋਵੇਗੀ, ਸਾਡੀ ਇਸ ਬਦਨਾਮੀ ਦਾ ਭੋਗ ਜਿਹਾ ਪੈ ਗਿਆ । ਪਿੰਡ ਵਿਚ ਮਹੌਲ ਆਮ ਵਰਗਾ ਹੀ ਹੋ ਗਿਆ । ਕਦੀ ਕਦਾਈਂ ਭਾਵੇਂ ਕੋਈ ਤੁਰਿਆ ਜਾਂਦਾ ਮਿਹਣਾ ਮਾਰ ਜਾਂਦਾ ।

ਗੱਡੀਆਂ ਵਾਲੇ ਭਾਵਂੇ ਚਲੇ ਗਏ ਸਨ ਤੇ ਸਮਾਂ ਵੀ ਹੁਣ ਕਾਫੀ ਹੋ ਗਿਆ ਸੀ ਪਰ ਉਹ ਗੱਡੀ ਵਾਲੇ ਨੂੰ ਮੈਂ ਇਕ ਦੋ ਵਾਰੀ ਸਾਡੇ ਬੂਹੇ ਮੂਹਰੋਂ ਲੰਗਦਾ ਵੇਖਿਆ ਸੀ । ਇਕ ਦਿਨ ਮੈਂ ਫਿਰ ਖੇਤ ਗੇੜਾ ਮਾਰਨ ਜਾ ਰਹੀ ਸੀ ਕਿ ਮੈਂ ਦੂਰੋਂ ਧੂੜ ਉਡਦੀ ਵੇਖੀ । ਬਲਦਾਂ ਦੀਆਂ ਟੱਲੀਆਂ ਵੀ ਖੜਕਦੀਆਂ ਸੁਣੀਆਂ । ਉਹ ਗੱਡੀ ਮੇਰੇ ਵੱਲ ਨੂੰ ਹੀ ਆ ਰਹੀ ਸੀ । ਉਸ ਉੱਤੇ ਰੰਗ ਬਰੰਗੀਆਂ ਫੁਲਕਾਰੀਆਂ ਨਾਲ ਸ਼ਿੰਗਾਰ ਕੀਤਾ ਹੋਇਆ ਸੀ । ਬਲਦਾਂ ਦੇ ਸਿੰਗਾਂ ਨੂੰ ਤਿੱਖੇ ਕਰਕੇ ਤੇਲ ਲਾਇਆ ਹੋਇਆ ਸੀ । ਗੱਡੀ ਦੇ ਪਹੀਆਂ ਦੀ ਜ਼ਰ੍ਹਾ ਜਿੰਨੀ ਵੀ ਅਵਾਜ ਨਹੀਂ ਸੀ ਸੁਣਦੀ, ਲਗਦਾ ਐ, ਪਹੀਆਂ ਨੂੰ ਵੀ ਚੰਗੀ ਤਰ੍ਹਾਂ ਗਰੀਸ ਲਾਇਆ ਹੋਇਆ ਸੀ । ਇਓਂ ਲਗਦਾ ਸੀ ਜਿਵੇਂ ਕੋਈ ਡੋਲੀ ਲੈਣ ਚੱਲਿਆ ਹੋਵੇ ।

ਮੈਂ ਰਸਤਾ ਦੇਣ ਵਾਸਤੇ ਇਕ ਪਾਸੇ ਹੋ ਕੇ ਖੜ ਗਈ ਤੇ ਉਸ ਨੇ ਆਪਣੀ ਗੱਡੀ ਮੇਰੇ ਕੋਲ ਲਿਆ ਖੜੀ ਕੀਤੀ । ਮੈਂ ਸੋਚਿਆ ਰਸਤਾ ਪੁੱਛਣ ਵਾਸਤੇ ਖੜਾ ਹੋਵੇਗਾ । ਉਦੋਂ ਹੀ ਪਤਾ ਲੱਗਾ ਜਦੋਂ ਉਸ ਨੇ ਮੈਂਨੂੰ ਚੁੱਕ ਕੇ ਗਡੀ ਵਿਚ ਸੁੱਟ ਲਿਆ । ਮੈਂ ਛਡਾਉਣ ਦਾ ਬੜਾ ਜ਼ੋਰ ਲਾਇਆ, ਰੌਲਾ ਵੀ ਪਾਇਆ ਪਰ ਉਹ ਬੜਾ ਹੀ ਜਰਵਾਣਾ ਸੀ । ਮੇਰੀ ਕੋਈ ਪੇਸ਼ ਨਾ ਗਈ । ਉਸ ਨੇ ਮੇਰੀਆਂ ਮੁਸ਼ਕਾਂ ਬੰਨ੍ਹ ਲਈਆਂ ।

ਉਸ ਨੇ ਪੂਰਾ ਹਫਤਾ ਮੈਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਤੇ ਦਿਹਾੜੀ ਵਿਚ ਕਈ ਵਾਰੀ ਮੇਰੇ ਨਾਲ ਬਲਾਤਕਾਰ ਕੀਤਾ । ਮੈਂ ਉਸ ਦੀਆ ਬਹੁਤ ਮਿੰਨਤਾਂ ਕਰਦੀ ਕਿ ਮੇਰਾ ਕੀ ਕਸੂਰ ਹੈ । ਸਜਾ ਦੇਣੀ ਹੈ ਤਾਂ ਉਸ ਨੂੰ ਦਿਓ ਜਿਸ ਨੇ ਤੇਰੀ ਔਰਤ ਨਾਲ ਇਹ ਮਾੜਾ ਕੁਕਰਮ ਕੀਤਾ ਹੈ । ਪਰ ਭੂਸ਼ਰਿਆ ਸਾਨ੍ਹ ਤੇ ਮਰਦ ਕਦੋਂ ਕਿਸੇ ਦੀ ਸੁਣਦਾ ਹੈ । ਦੋਨੋਂ ਆਪਣੀ ਤਾਕਤ ਦੇ ਨਸ਼ੇ ਵਿਚ ਜ਼ਮੀਨ ਪੈਰਾਂ ਨਾਲ ਪੁੱਟਦੇ ਫਿਰਦੇ ਹਨ ।

ਸੱਤਵੇਂ ਦਿਨ ਉਹ ਗਰਮ ਪਾਣੀ ਦੀ ਬਾਲਟੀ, ਇਕ ਤੌਲੀਆ, ਸਾਬਣ ਦੀ ਚੱਕੀ ਤੇ ਨਵਾਂ ਸੂਟ ਲੈ ਕੇ ਮੇਰੇ ਕੋਲ ਆਇਆ ਤੇ ਉਸ ਦਿਨ ਪਹਿਲੀ ਵਾਰੀ ਮੇਰੇ ਨਾਲ ਉਸ ਨੇ ਜ਼ਬਾਨ ਸਾਂਝੀ ਕੀਤੀ । ਕਹਿੰਦਾ ਨਹਾ ਲੈ ਤੇ ਕੱਪੜੇ ਬਦਲ ਲੈ- ਮੈਂ ਤੈਨੂੰ ਅੱਜ ਤੇਰੇ ਪਿੰਡ ਛੱਡ ਕੇ ਆਉਣਾ ਹੈ । ਨਾਲੇ ਇਕ ਗੱਲ ਪਿੰਡ ਵਾਲੇ ਸਾਰੇ ਮਰਦਾਂ ਨੂੰ ਕਹਿ ਦੇਵੀਂ ਕਿ ਅਸੀਂ ਗਰੀਬ ਜ਼ਰੂਰ ਹਾਂ ਤੇ ਢਿੱਡ ਭਰਨ ਲਈ ਪਿੰਡ ਪਿੰਡ ਵੀ ਫਿਰਦੇ ਹਾਂ ਪਰ ਅਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਆਪਣਾ ਬਣਾਇਆ ਸਮਾਨ ਵੇਚਦੇ ਹਾਂ ਪਰ ਇਹ ਗੱਲ ਕੰਨ ਖੋਲ੍ਹ ਕੇ ਸੁਣ ਲੈਣ ਕੇ ਸਾਡੀ ਇੱਜ਼ਤ ਵਿਕਾਊ ਨਹੀਂ ਹੈ ।

ਬੱਸ ਉਸੇ ਦਿਨ ਤੋਂ ਇਹ ਬੇ-ਨਾਮ ਮੇਰੇ ਪੇਟ ਵਿਚ ਪਲਣ ਲੱਗ ਪਿਆ । ਮੈਂ ਇਹ ਰਾਜ਼ ਅੱਜ ਤੱਕ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ । ਮੈਨੂੰ ਅਫਸੋਸ ਹੈ ਕਿ ਤੇਰੇ ਨਾਲ ਜ਼ਿਆਦਤੀ ਹੋਈ ਹੈ । ਮੈਂ ਬਹੁਤ ਵਾਰੀ ਤੈਨੂੰ ਦੱਸਣ ਦੀ ਕੋਸ਼ਿਸ ਕੀਤੀ ਸੀ ਪਰ ਮੇਰੇ ਅੰਦਰ ਦੇ ਡਰ ਨੇ ਹੀਆ ਨਹੀਂ ਪੈਣ ਦਿੱਤਾ । ਸੋਚਿਆ ਸੀ ਕਿ ਇਸ ਗੰਦੇ ਆਂਡੇ ਦਾ ਸ਼ਾਇਦ ਤੇਰੇ ਵਰਗੀ ਅੰਮ੍ਰਿਤਧਾਰਨ ਨਾਲ ਲੱਗ ਕੇ ਨਿਪਟਾਰਾ ਹੋ ਜਾਵੇਗਾ ਤੇ ਇਸ ਪਾਪੀ ਦੀ ਵੀ ਛੁੱਟੀ ਹੋ ਜਾਵੇਗੀ ਪਰ ਅੱਜ ਮੇਰੀਆਂ ਵੀ ਅੱਖਾਂ ਖੁੱਲ੍ਹ ਗਈਆਂ ਹਨ ਕਿ "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ" । ਮੈਨੂੰ ਮੁਆਫ ਕਰ ਦੇ ਧੀਏ ! ਮੇਰਾ ਕੋਈ ਕਸੂਰ ਨਾ ਹੁੰਦਾ ਹੋਇਆ ਵੀ ਮੈਂ ਤੇਰੀ ਦੋਸ਼ਣ ਹਾਂ ।

ਸੋ ਵੀਰ ਜੀ, ਮੈਨੂੰ ਵੀ ਮੁਆਫ ਕਰ ਦਿਓ । ਤੁਹਾਡਾ ਸਭ ਦਾ ਦੋਸ਼ੀ ਵੀ ਇਹੀ ਗੰਦਾ ਆਂਡਾ 'ਏ ਸਿੰਘ' ਹੀ ਹੈ, ਜਿੰਨੀ ਮਰਜ਼ੀ ਸਜ਼ਾ ਦੇ ਲਓ, ਮੈਨੂੰ ਰਤਾ ਭਰ ਵੀ ਤਕਲੀਫ ਨਹੀਂ ਹੋਵੇਗੀ ।
20 Jul 2009

Reply