Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇ-ਵਤਨ--ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫ਼ੀਆ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਬੇ-ਵਤਨ--ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫ਼ੀਆ
" ਮੈਂ ਫੇਰ ਆਂਹਦੀ ਹਾਂ, ਤੁਸੀਂ ਚਲੇ ਜਾਓ। ਪਿੱਛੋਂ ਦਾ ਫ਼ਿਕਰ ਮੇਰੇ ਤੇ ਛੱਡ ਦਿਓ। ਮੈਂ ਸਭ ਸੰਭਾਲ ਲਵਾਂਗੀ।"
"ਸੁਰਜੀਤ! ਮੇਰਾ ਮਨ ਨਹੀ ਮੰਨਦਾ, ਏਸ ਉਮਰੇ ਪ੍ਰਦੇਸਾਂ ਦੀ ਖਾਕ ਛਾਨਣ ਨੂੰ। ਇਕ ਮਹਾਂ ਸਾਗਰ ਤਰਨ ਵਾਂਗੂੰ ਲਗਦੈ।"
"ਲੈ ਤੁਸੀਂ ਤਾਂ ਐਂਵੇਂ ਹੀ ਦਿਲ ਛੱਡੀ ਬੈਠੇ ਓ। ਭਲਾ ਬਿਆਲੀ ਸਾਲਾਂ ਦੀ ਵੀ ਕੋਈ ਉਮਰ ਹੁੰਦੀ ਐ?"

"ਦਰ ਅਸਲ ਵੱਡਾ ਫਿਕਰ ਮੈਨੂੰ ਅਪਣੀ ਕਮਰ ਦੀ ਪੀੜ ਦਾ ਹੈ। ਜਿਸ ਬੰਦੇ ਨੇ ਸਾਰੀ ਉਮਰ ਸਰਦਾਰੀ ਕੀਤੀ ਹੋਵੇ, ਉਹਦੇ ਕੋਲੋਂ ਏਹੋ ਜਹੀ ਸਰੀਰਕ ਹਾਲਤ ਵਿਚ ਕੋਈ ਨਿੱਕੀ ਮੋਟੀ ਨੌਕਰੀ ਕੀ ਹੋ ਸਕਣੀ ਹੈ। ਅਮ੍ਰੀਕਾ ਵਿੱਚ ਜਾਂਦੇ ਸਾਰ ਕਿਹੜਾ ਮੈਨੂੰ ਕੋਈ ਇੰਜਨੀਅਰ ਦੀ ਨੌਕਰੀ ਲਈ ਬੈਠਾ ਹੈ। ਇਹ ਵੀ ਸੁਣਿਐ ਕਿ ਅੱਜ ਕਲ੍ਹ ਓਥੇ ਵੀ ਰੋਜ਼ਗਾਰ ਲਈ ਏਨੀ ਮੁਸ਼ਕਿਲ ਹੋ ਰਹੀ ਹੈ ਕਿ ਓਹਨਾਂ ਦੇ ਆਪਣੇ ‘ਡਿਗਰੀ-ਹੋਲਡਰ’, ਟੈਕਸੀ ਚਲਾਣ ਤੇ ਮਜਬੂਰ ਹੋਏ ਪਏ ਨੇ। ਸਾਡੇ ਮਹਿਕਮੇ ਦਾ ਇੱਕ ਇੰਜਨੀਅਰ ਰਮੇਸ਼ ਵਰਮਾ, ਛੇ ਮਹੀਨੇ ਟੱਕਰਾਂ ਮਾਰ ਕੇ ਵਾਪਸ ਮੁੜ ਆਇਆ ਹੈ।"

"ਮੈਥੋਂ ਪੁਛੋ ਤਾਂ ਏਹੋ ਜਹੇ ਚੁਣੌਤੀ ਵਾਲੇ ਕੰਮ, ਵਰਮੇ ਅਰਗੇ ਸੋਹਲ ਮੁੰਡਿਆਂ ਦੇ ਵੱਸ ਦਾ ਰੋਗ ਨਹੀ ਹੈ। ਨਾਲੇ ਮੈਂ ਤਾਂ ਤੁਹਾਨੂੰ ਲਾਈਫ਼ ਦੇ ਔਖੇ ਤੋਂ ਔਖੇ ਹਾਲਾਤ ਵਿੱਚੋਂ ਜੇਤੂ ਹੋ ਕੇ ਲੰਘਦਿਆਂ ਵੇਖਿਆ ਹੈ। ਲੱਕ ਪੀੜ ਦਾ ਕੀ ਐ? ਹੋ ਸਕਦੈ ਓਥੇ ਤੁਹਾਡੀ ਬੀਮਾਰੀ ਦਾ ਇਲਾਜ ਵੀ ਹੋ ਸਕੇ। ਨਾਲੇ ਓਸ ਮੁਲਕ ਵਿੱਚ ਬਿਨਾ ਮਿਲਾਵਟ ਦੇ ਖਾਣ ਪੀਣ ਨਾਲ ਤੁਹਾਡੀ ਸੇਹਤ ਹੋਰ ਵੀ ਚੰਗੀ ਨਿੱਕਲ ਆਵੇਗੀ।"

"ਖਾਣ ਦਾ ਤਾਂ ਪਤਾ ਨੀ, ਪਰ ਪੀਣ ਦੀਆਂ ਮੌਜਾਂ ਜ਼ਰੂਰ ਹੋ ਜਾਣ ਗੀਆਂ। ‘ਸ਼ਿਵਾਸ ਰੀਗਲ ਤੇ ਜਾਨੀ ਵਾਕਰ ਰੈੱਡ….।"
"ਤੁਹਾਡੇ ਬਾਪੂ ਜੀ ਦਾ ਖੂੰਡਾ ਯਾਦ ਹੈ ਕਿ ਨਹੀ? ਨਾਲੇ ਪੀਣ ਦਾ ਸ਼ੌਕ ਲਾਉਂਦੇ ਲਾਉਂਦੇ ਕਿਧਰੇ ਗੋਰੀਆਂ ਦੇ ਅੜਿੱਕੇ ਨਾ ਆ ਜਾਣਾ।" ਉਸ ਨੇ ਮੁਸਕਰਾਂਦੀ ਹੋਈ ਨੇ ਟੋਕ ਮਾਰੀ।

"ਸੁਰਜੀਤ, ਜੇ ਤੇਰੇ ਦਿਲ ਵਿੱਚ ਹੁਣ ਤੋਂ ਹੀ ਏਹੋ ਜਹੇ ਖਿਆਲ ਆ ਰਹੇ ਨੇ ਤਾਂ ਮੈਂ ਕਾਹਤੋਂ ਜਾਣੈ।"

"ਮੈਂ ਤਾਂ ਐਂਵੇਂ ਹੀ ਹਾਸੇ ਵਿੱਚ ਕਹਿ ਦਿੱਤਾ। ਦਰਸ਼ਨ! ਮੈਨੂੰ ਏਨਾ ਭਰੋਸਾ ਅਪਣੇ ਆਪ ਤੇ ਨਹੀ ਜਿੰਨਾਂ ਥੋਡੇ ਤੇ ਹੈ। ਤੁਹਾਡੇ ਬਾਰੇ ਤਾਂ ਮੈਂ ਦਾਹਵੇ ਨਾਲ ਆਖ ਸਕਦੀ ਹਾਂ:

‘ਹਾਥੀ ਘੂਮੇ ਗਾਮ ਗਾਮ,
ਜਿਸ ਕਾ ਹਾਥੀ ਉਸਕਾ ਨਾਮ।’

ਤੇ ਦੋਵੇਂ ਖਿੜ ਖਿੜਾ ਕੇ ਹੱਸ ਪਏ। ਦਰਸ਼ਨ ਨੇ ਉਸ ਨੂੰ ਲਾਡ ਨਾਲ ਬਾਹਾਂ ਵਿਚ ਘੁੱਟ ਕੇ….।

"ਛੱਡੋ, ਛੱਡੋ। ਛੱਡੋ ਵੀ ….। ਲਗਦੈ ਨਿਮਰਤ ਸਕੂਲੋਂ ਆ ਗਈ ਐ। ਆਖੇਗੀ ਇਹਨਾਂ ਨੂੰ ਬੁੱਢੇ ਵਾਰੇ ਕੋਈ ਲੱਥੀ ਨਾ ਚੜ੍ਹੀ।" ਸੁਰਜੀਤ ਕਿਸੇ ਤਰੰਗ ਵਿੱਚ ਬੋਲੀ।

"ਸੱਚੀ ਗੱਲ ਨਿੱਕਲ ਗੀ ਨਾ ਮੂੰਹ ‘ਚੋਂ। ਹੁਣ ਏਸ ਬੁੱਢੇ ਦੇ ਹੱਡ ਗੋਡੇ ਰਗੜਾਣ ਲਈ ਤੂੰ ਮੈਨੂੰ ਘਰੋਂ….।"

"ਬਹਾਨੇ ਨਾ ਲਾਓ। ਅਸਲ ਵਿੱਚ ਘਰ ਬੈਠਿਆਂ ਨੂੰ ਵੀਜ਼ੇ ਦੀ ਮਨਜ਼ੂਰੀ ਮਿਲ ਗਈ ਹੋਣ ਕਰ ਕੇ, ਤੁਹਾਨੂੰ ਇਹਦੀ ਏਨੀ ਕਦਰ ਨਹੀ ਹੈ। ਤੁਸੀਂ ਉਹਨਾਂ ਤੋਂ ਪੁੱਛੋ ਜਿਹੜੇ ਅਮ੍ਰੀਕਾ ਜਾਣ ਵਾਸਤੇ ਕਈ ਕਈ ਲੱਖ ਰੁਪਈਆ ਖਰਚ ਕੇ, ਜ਼ਮੀਨਾਂ ਗਹਿਣੇ ਪਾ ਕੇ, ਏਜੰਟਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਐ। ਮੇਰਾ ਮਨ ਕਹਿੰਦੈ, ਤੁਸੀਂ ਓਥੇ ਜਾ ਕੇ ਜ਼ਰੂਰ ਕਾਮਯਾਬ ਹੋ ਜਾਣੈ। ਨਾਲੇ ਏਸ ਬਹਾਨੇ ਤੁਹਾਡੀ ਆਹ ਨਿੱਕੀ ਨਿੱਕੀ ਪਨੀਰੀ ਨੂੰ ਵੀ ਉੱਚੀ ਸਿੱਖਿਆ ਦਾ ਚਾਨਸ ਮਿਲ ਜਾਵੇਗਾ।"

"ਉੱਚੀ ਸਿੱਖਿਆ ਕਿਤੇ ਆਪਣੇ ਮੁਲਕ ‘ਚ ਨਹੀ ਮਿਲ ਸਕਦੀ? ਹੋਰ ਛੇ ਮਹੀਨਿਆਂ ਤਾਈਂ ਹਰਜੀਤ ਵੀ ਇੰਜਨੀਅਰ ਬਣਿਆ ਲੈ। ਚਾਹੇ ਤਾਂ ਮਾਸਟਰਜ਼ ਦੀ ਡਿਗਰੀ ‘ਚ ਦਾਖਲਾ ਲੈ ਸਕਦਾ ਹੈ। ਵੈਸੇ ਤੇਰੀ ਕਹੀ ਕਾਮਯਾਬੀ ਵਾਲੀ ਗੱਲ ਤੋਂ ਮੈਨੂੰ ਇੱਕ ਹੋਰ ਚਿੰਤਾ ਹੋਣ ਲੱਗੀ ਐ।"

"ਕਾਹਦੀ ਚਿੰਤਾ?"

"ਸਿਆਣੇ ਕਹਿੰਦੇ ਨੇ ‘ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਹੈ।’ ਜੇ ਕਿਧਰੇ ਇਹ ਨਿਆਣੇ ਓਧਰ ਦੇ ਮਾਹੌਲ ਵਿੱਚ ਜਾਕੇ ਬਦਲ ਗਏ, ਤਾਂ?"

"ਲੈ ਤੁਸੀਂ ਵੀ ਤਾਂ ਇੰਗਲੈਂਡ ਪੜ੍ਹਨ ਗਏ ਹੀ ਸੀ। ਤੁਸੀਂ ਤਾਂ ਅਜੇ ਤੱਕ ਮਾਪਿਆਂ ਦਾ ਸਤਿਕਾਰ ਕਰਦੇ ਹੋ।"

"ਮੇਰੀ ਗੱਲ ਹੋਰ ਸੀ ਸੁਰਜੀਤ। ਮੈਂ ‘ਜੈਨਰੇਸ਼ਨ-ਗੈਪ’ ਦੀ ਗੱਲ ਕਰ ਰਿਹਾ ਹਾਂ। ਜਦੋਂ ਏਹ ਬੱਚੇ ਓਥੋਂ ਦੀ ਸਭਿਯਤਾ ਵਿੱਚ ਅਭੇਦ ਹੋ ਗਏ, ਤਾਂ ਇਹਨਾਂ ਦੇ ਚੱਜ ਅਚਾਰ, ਤੌਰ ਤਰੀਕੇ, ਇਹਨਾਂ ਦੀ ਸੋਚਣੀ ‘ਚ ਪਰਿਵਰਤਨ ਆਂਦਿਆਂ ਦੇਰ ਨੀ ਲੱਗਣੀ।"

"ਦਰਸ਼ਨ ! ਸਾਰੇ ਹੀ ਬਦਲ ਜਾਣ ਇਹ ਵੀ ਤਾਂ ਜ਼ਰੂਰੀ ਨਹੀ। ਨਾਲੇ ਬੰਦੇ ਨੇ ਕਰਮ ਤਾਂ ਆਪਣੇ ਹੀ ਖਾਣੇ ਹੁੰਦੇ ਐ। ਜੋ ਹੋਵੇਗਾ ਵੇਖੀ ਜਾਵੇਗੀ। ਮੈਂ ਤਾਂ ਹੁਣ ਦੀ ਆਰਥਿਕ ਦਸ਼ਾ ਬਾਰੇ ਸੋਚਦੀ ਹਾਂ। ਤੁਸੀਂ ਭਾਵੇਂ ਸੀਨੀਅਰ ਇੰਜਨੀਅਰ ਹੋ, ਪਰ ਚਾਰ ਬੱਚਿਆਂ ਦੇ ਟੱਬਰ ਨਾਲ ਏਨੀ ਤਨਖਾਹ ਵਿੱਚ ਜੇਹੜੀ ਪੂਰੀ ਪੈਂਦੀ ਹੈ, ਉਹ ਤੁਹਾਨੂੰ ਪਤਾ ਹੀ ਹੈ।"

ਦਰਸ਼ਨ ਨਿਰੁੱਤਰ ਹੋ ਗਿਆ। ਕਈ ਦਿਨ ਦੁਚਿੱਤੀ ‘ਚ ਰਹਿਣ ਪਿੱਛੋਂ ਉਸਨੂੰ ਸੁਰਜੀਤ ਦੀਆਂ ਗੱਲਾਂ ਵਿੱਚ ਕਾਫ਼ੀ ਵਜ਼ਨ ਲੱਗਾ, ਤੇ ਉਸਨੇ ਨਿਊਯਾਰਕ ਜਾਣ ਲਈ ਏਅਰ ਇੰਡੀਆ ਦੀ ਸੀਟ ਬੁੱਕ ਕਰਾ ਦਿੱਤੀ।

ਜਦੋਂ ਇਨਸਾਨ ਦੇ ਸਿਰ ਤੇ ਪੈਂਦੀ ਹੈ ਤਾਂ ਉਸਨੂੰ ਹੱਥ ਪੈਰ ਮਾਰਨੇ ਹੀ ਪੈਂਦੇ ਨੇ। ਨਿਊਯਾਰਕ ਵਿੱਚ ਦਰਸ਼ਨ ਦੇ ਆਣ ਵੇਲੇ ਰੀਸੈਸ਼ਨ ਜ਼ੋਰਾਂ ਤੇ ਸੀ। ਨਾਲੇ ਨਸਲੀ ਵਿਤਕਰੇ, ਬੋਲਚਾਲ ਦੇ ਨਵੇਂ ਤੌਰ ਤਰੀਕੇ, ਹੱਥੀਂ ਕੰਮ ਨਾ ਕਰਨ ਦੀ ਆਦਤ ਆਦਿ ਕਈ ਸਮੱਸਿਆਵਾਂ ਉਸ ਦੇ ਰਾਹ ਵਿੱਚ ਰੋੜਾ ਬਣੀਆਂ। ਪਰ ਉਸਨੇ ਜ਼ਰਾ ਹਿੰਮਤ ਨਾ ਹਾਰੀ। ਅਤੇ ਜਦੋਂ ਉਸਨੂੰ ਪਹਿਲੀ ਨੌਕਰੀ, ਫ਼ਿਊਨਰਲ- ਹੋਮ ਲਈ ਮ੍ਰਿਤਿਕ ਸ਼ਰੀਰਾਂ ਦੇ ‘ਕੌਫ਼ਿਨ-ਬੌਕਸ’ ਬਨਾਣ ਦੀ ਕੰਪਨੀ ਵਿੱਚ ਮਿਲੀ ਤਾਂ ਉਸ ਨੇ ਜ਼ਰਾ ਵੀ ਬੁਰਾ ਨਾ ਮਨਾਇਆ। ਆਖਿਰ ਓਹ ਵੀ ਤਾਂ ਇੱਕ ਕਾਰੀਗਰੀ ਦਾ ਕੰਮ ਸੀ। ਦੋ ਮਹੀਨਿਆਂ ਅੰਦਰ ਉਸ ਨੂੰ ਇੱਕ ਇੰਜਨੀਅਰਿੰਗ ਫ਼ਰਮ ਵਿੱਚ ਐਸਟੀਮੇਟਰ ਦੀ ਥਾਂ ਮਿਲ ਗਈ। ਛੇ ਕੁ ਮਹੀਨਿਆਂ ਵਿੱਚ ਜਦੋਂ ਉਸਨੂੰ ਕੰਪਨੀ ਦਾ ਬਿਜ਼ਨੈਸ ਸਮਝ ਵਿੱਚ ਆ ਗਿਆ, ਤਾਂ ਜਨਰਲ ਮੈਨੇਜਰ ਨੇ ਉਹਨੂੰ ਮਕੈਨੀਕਲ ਇੰਜਨੀਅਰ ਦੀ ਜ਼ਿੰਮੇਦਾਰੀ ਦੇ ਦਿੱਤੀ।

ਸਾਲ ਦੇ ਅੰਦਰ ਅੰਦਰ, ਜਦੋਂ ਸੁਰਜੀਤ ਬੱਚਿਆਂ ਸਮੇਤ ਨਿਊਯਾਰਕ ਪੁੱਜੀ ਤਾਂ ਹਰਜੀਤ ਨੂੰ ਵੀ ਦੋ ਹਫ਼ਤਿਆਂ ਵਿੱਚ ਹੀ ਇੱਕ ਬਿਜਲੀ ਉਤਪਾਦਨ ਕੰਪਨੀ ਦੀ ‘ਆਫ਼ਰ’ ਮਿਲ ਗਈ। ਤੇ ਉਹ ਟਰੇਨਿੰਗ ਲਈ ਡੇਢ ਕੁ ਸੌ ਮੀਲ ਦੂਰ ‘ਬਰਲਿਨ’ ਸ਼ਹਿਰ ਵਿੱਚ ਸ਼ਿਫ਼ਟ ਹੋ ਗਿਆ। ਤਿੰਨ ਬੱਚਿਆਂ ਦਾ ਸਕੂਲ ਦਾ ਖਰਚਾ, ਨਿਊਯਾਰਕ ਵਰਗੇ ਸ਼ਹਿਰ ਦਾ ਅਪਾਰਟਮੈਂਟ ਦਾ ਕਿਰਾਇਆ, ਢੇਰ ਸਾਰੇ ਬਿੱਲ ਆਂਦੇ ਵੇਖ ਸੁਰਜੀਤ ਨੂੰ ਫਿਕਰ ਲੱਗ ਗਿਆ। ਤੇ ਉਸ ਨੇ ਅਪਣੀ ਸੋਸ਼ਲ ਸਾਇੰਸ ਦੀ ਡਿਗਰੀ ਦਾ ਫ਼ਾਇਦਾ ਉਠਾਂਦਿਆਂ, ਹਸਪਤਾਲ ਵਿੱਚ ਇਕ ਸੋਸ਼ਲ ਵਰਕਰ ਦੀ ‘ਜਾਬ’ ਲੱਭ ਲਈ।

ਉਸਦੇ ਹੀ ਮਹਿਕਮੇ ਵਿੱਚ ਕੰਮ ਕਰਦੀ ਇੱਕ ਬੰਗਾਲੀ ਲੜਕੀ, ਜੈ-ਸ਼ਿਰੀ ਉਸਦੀ ਚੰਗੀ ਦੋਸਤ ਬਣ ਗਈ। ਉਹਨਾਂ ਦੇ ਪਰਵਾਰ ਦੀ ਸਥਿਤੀ ਨੂੰ ਵੇਖ ਕੇ ਉਸਨੇ ਅਪਣਾ ਫ਼ਲੈਟ ਲੈਣ ਲਈ ਸੁਝਾਵ ਦਿੱਤਾ। ਜੈ-ਸ਼ਿਰੀ ਦਾ ਪਤੀ ਰੀਅਲ ਐਸਟੇਟ ਵਿੱਚ ਕੰਮ ਕਰਦਾ ਹੋਣ ਕਰਕੇ ਉਸਨੇ ਕਈ ਥਾਂਵਾਂ ਵਿਖਾਈਆਂ। ਪਰ ਪੈਸੇ ਵੱਲੋਂ ਅਜੇ ਹਿੰਮਤ ਨਾ ਹੋਣ ਕਰ ਕੇ ਗੱਲ ਵਿੱਚੇ ਰਹਿ ਗਈ। ਹਰਜੀਤ ਦੀ ਟਰੇਨਿੰਗ ਪੂਰੀ ਹੋਣ ਤੇ ਉਹਨਾਂ ਉਸ ਨੂੰ ਹਰ ਹਫ਼ਤੇ ਟੈਲੀਫ਼ੋਨ ਤੇ ਮਾਇਕ ਸਹਾਇਤਾ ਲਈ ਜ਼ੋਰ ਦੇਣਾ ਸ਼ੁਰੂ ਕੀਤਾ। ਪਰ ਉਸਦਾ ਇੱਕੋ ਹੀ ਜਵਾਬ ਹੁੰਦਾ।

"ਮੰਮੀ! ਨਵੀਂ ਥਾਂ ਹੈ ਨਾ। ਜ਼ਰਾ ਸੈਟਲ ਹੋ ਲੈਣ ਦਿਓ। ਪੈਸੇ ਵੀ ਭੇਜ ਦਿਆਂਗਾ। ਨਾਲੇ ਥੋਡੇ ਕੋਲ ਨਿਮਰਤ ਜੋ ਹੈ। ਉਸ ਨੂੰ ਪਾਰਟ ਟਾਈਮ ਕੰਮ ਤੇ ਕਿਓਂ ਨਹੀ ਲਗਾਂਦੇ।"

" ਬੇਟਾ ਨਿਮਰਤ ਦਾ ਤਾਂ ਅਜੇ ਸਕੂਲ ਵੀ ਨਹੀ ਖਤਮ ਹੋਇਆ। ਨਾਲੇ ਕੁੜੀਆਂ ਦੀ ਕਮਾਈ ਨਾਲ ਥੋੜਾ ਪੂਰੀ ਪੈਣੀ ਹੈ? ਤੈਨੂੰ ਏਸੇ ਲਈ ਤਾਂ ਅਸਾਂ ਇੰਜਨੀਅਰ

ਬਣਾਇਆ ਸੀ ਕਿ ਤੂੰ ਪਿਓ ਦੇ ਮੋਢੇ ਨਾਲ ਮੋਢਾ ਲਾ ਕੇ ਪਰਵਾਰ ਦਾ ਭਾਰ ਚੁੱਕਣ ਵਿੱਚ ਮਦਦ ਕਰੇਂਗਾ।"

ਫ਼ਿਲਹਾਲ ਉਹਨਾਂ ਜਵਾਨ ਬੱਚੇ ਨੂੰ ਏਨਾ ਇਸ਼ਾਰਾ ਕਰ ਦੇਣਾ ਹੀ ਕਾਫ਼ੀ ਸਮਝਿਆ। ਪਰ ਜਦੋਂ ਛੇ ਮਹੀਨੇ ਲੰਘ ਗਏ ਤੇ ਉਹਨੇ ਅਜੇ ਵੀ ਲੜ ਨਾ ਫੜਾਇਆ ਤਾਂ ਇੱਕ ‘ਵੀਕ-ਐਂਡ’ ਦੋਵੇਂ ਮਾਂ ਬਾਪ ‘ਸਰਪਰਾਈਜ਼-ਵਿਜ਼ਿਟ’ ਤੇ ਕਾਰ ਲੈ ਕੇ ਉਸ ਕੋਲ ‘ਬਰਲਿਨ’ ਜਾ ਪਹੁੰਚੇ। ਅਪਾਰਟਮੈਂਟ ਦੀ ਘੰਟੀ ਖੜਕਾਈ ਤਾਂ ਕੁਝ ਚਿਰ ਪਿੱਛੋਂ ਇਕ ਲੰਮੇ ਕੱਦ ਵਾਲੀ, ਹਲਕੇ ਰੰਗ ਦੀ ਅਫ਼ਰੀਕਣ ਕੁੜੀ ਅੰਦਰੋਂ ਨਿੱਕਲੀ।

"ਯੈ…ਸ?" ਉਹ ਹੈਰਾਨੀ ਨਾਲ ਅਪਣੇ ਡਾਰਕ ਗਲਾਸਿਜ਼ ਉਤਾਰ ਕੇ ਬੋਲੀ। ਉਸ ਨੇ ਅਪਣੀੇ ਨਾਭੀ ਅਤੇ ਹੇਠਲੇ ਬੁਲ੍ਹ ਤੋਂ ਲਟਕਦੀ ਇੱਕ ਇੱਕ ਸੋਨੇ ਦੀ ਮੁਰਕੀ ਪਾਈ ਹੋਈ ਸੀ। ਤੇ ਸੱਜੇ ਪੱਟ ਤੇ ਖੁਣੀ ਹੋਈ ਮੋਰਨੀ, ਉਸ ਦੇ ਸ਼ੋਕੀਨ ਤਬੀਅਤ ਹੋਣ ਦਾ ਸੰਕੇਤ ਦੇ ਰਹੀ ਸੀ। ਦਰਸ਼ਨ ਨੇ ਸੁਰਜੀਤ ਵੱਲ ਇਕ ਭਾਵ ਪੂਰਤ ਨਜ਼ਰ ਨਾਲ ਵੇਖ ਕੇ ਉਸਦਾ ਹੱਥ ਘੁੱਟਿਆ। ਤੇ ‘ਸੌਰੀ’ ਕਹਿ ਕੇ ਵਾਪਸ ਮੁੜਨ ਹੀ ਲੱਗੇ ਸਨ ਕਿ ਅੰਦਰੋਂ ਹਰਜੀਤ ਬਾਹਰ ਨਿੱਕਲਿਆ। ਉਸ ਨੂੰ ਬਿਨਾ ਦਾਹੜੀ ਤੇ ਬਿਨਾ ਪਗੜੀ ਤੋਂ ਵੇਖ ਕੇ ਦੋਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ।

"ਹੈਂ!…. ਸੋ ਇਹ ਕਾਰਨ ਸੀ ਤੇਰੇ ਹੁਣ ਤੱਕ ‘ਸੈਟਲ’ ਨਾ ਹੋ ਸਕਣ ਦਾ?" ਸੁਰਜੀਤ ਦੇ ਮੂੰਹੋਂ ਨਿੱਕਲਿਆ।

‘ਕੀ ਸੋਚਿਆ ਸੀ ਤੇ ਕੀ ਹੋ ਗਿਆ। ਜਿਸ ਲੜਕੇ ਨੂੰ ਇਕ ‘ਰੋਲ-ਮਾਡਲ’ ਬਨਾਣ ਲਈ ਉੱਚੀ ਤਾਲੀਮ ਦਿੱਤੀ। ਜਿਸ ਦੇ ਅਗਲੇਰੇ ਜੀਵਨ ਨੂੰ ਵਧੇਰੇ ਉੱਜਲਾ ਕਰਨ ਖਾਤਰ ਉਸ ਦੇ ਪਿਓ ਨੂੰ, ਪਿਛਲੀ ਉਮਰੇ ਪਰਦੇਸਾਂ ਵਿੱਚ ਖੱਜਲ ਹੋਣ ਤੇ ਮਜਬੂਰ ਕੀਤਾ, ਉਸ ਨੇ ਕੀ ….?’ ਉਹ ਪੁਰ ਪੁਰ ਦੁਖੀ ਮਹਿਸੂਸ ਕਰ ਰਹੀ ਸੀ।

ਇਸ ਤੋਂ ਪਹਿਲਾਂ ਕਿ ਹਰਜੀਤ ਅਪਣੀ ਸਫ਼ਾਈ ਵਿੱਚ ਕੁਝ ਕਹਿੰਦਾ, ਦੋਵੇਂ ਮਾਂ ਬਾਪ ਉਸ ਨੂੰ ਹੋਰ ਕੁਝ ਕਹੇ ਬਿਨਾ ਓਹਨੀ ਪੈਰੀਂ ਵਾਪਸ ਪਰਤ ਆਏ। ਦੋਵੇਂ ਏਨੇ ਗ਼ਮਗੀਨ ਸਨ, ਕਿ ਉਹਨਾਂ ਦੇ ਸੰਘ ਚੋਂ ਆਵਾਜ਼ ਨਹੀ ਸੀ ਨਿੱਕਲ ਰਹੀ।

‘ਮੇਰੇ ਦੁੱਧ ਵਿੱਚ ਕੀ ਖੋਟ ਸੀ ਜੋ ਏਸ ਲੜਕੇ ਨੇ ਉਸਦਾ ਇਹ ਮੁੱਲ ਤਾਰਿਆ।’ ਸੁਰਜੀਤ ਸੋਚਦੀ ਹੋਈ, ਗਿੱਲੀਆਂ ਅੱਖਾਂ ਨਾਲ ਦਰਸ਼ਨ ਵੱਲ ਅਵਾਕ ਤੱਕ ਰਹੀ ਸੀ।

‘ਓਏ ਪੱਤ੍ਰਾ! ਤੇਰੀ ਪਰਵਰਿਸ਼ ਵਿੱਚ ਅਸੀਂ ਕਿੱਥੇ ਖੁੰਝ ਗਏ, ਜੇਹੜਾ ਸਾਨੂੰ ਅੱਜ ਇਹ ਦਿਨ ਵੇਖਣ ਨੂੰ ਮਿਲਿਆ।’ ਦਰਸ਼ਨ ਦੇ ਮਨ ਵਿੱਚ ਘੜੀ ਘੜੀ ਏਹੀ ਵਿਚਾਰ ਉੱਠ ਰਹੇ ਸਨ।

ਵਾਪਸ ਆਣ ਤੇ, ਦਰਸ਼ਨ ਨੇ ਦਿਲ ਤਕੜਾ ਕਰਕੇ ਇੱਕ ਦਿਨ ਹਰਜੀਤ ਨੂੰ ਟੈਲੀਫ਼ੋਨ ਕੀਤਾ।

"ਹਰਜੀਤ ਬੇਟਾ!….ਸਮਝ ਨਹੀ ਆਉਂਦੀ ਕਿਸ ਤਰਾਂ ਸ਼ੁਰੂ ਕਰਾਂ।….ਸਾਡੇ ਵਾਸਤੇ ਬੜੀ ਹੀ ਸ਼ਰਮ ਵਾਲੀ ਗੱਲ ਹੈ। ਕੀ ਤੈਨੂੰ ਅਸੀਂ ਏਸੇ ਵਾਸਤੇ ਪੈਦਾ ਕੀਤਾ, ਪਾਲਿਆ, ਪੜ੍ਹਾਇਆ? ਏਨੇ ਜਫਰ ਜਾਲ ਕੇ ਏਥੇ ਲਿਆਂਦਾ ਕਿ ਤੂੰ….?" ਤੇ ਅੱਗੋਂ ਫ਼ੋਨ ਕੱਟਿਆ ਗਿਆ।

ਜਾਂ ਤਾਂ ਉਹ ਬਾਹਲਾ ਹੀ ਸ਼ਰਮਸਾਰ ਸੀ ਕਿ ਉਹਨਾਂ ਦਾ ਸਾਹਮਣਾ ਨਹੀ ਸੀ ਕਰਨਾ ਚਾਹੁੰਦਾ। ਤੇ ਜਾਂ ਫਿਰ ਏਨਾ ਢੀਠ ਹੋ ਗਿਆ ਸੀ ਕਿ ਮਾਂ ਬਾਪ ਦੀਆਂ ਗੱਲਾਂ ਉਸ ਲਈ ਬਕਵਾਸ ਲੱਗਦੀਆਂ ਸਨ। ਪਰ ਅਗਲੇ ਹਫ਼ਤੇ ਉਸ ਵੱਲੋਂ ਆਈ ਚਿੱਠੀ ਪੜ੍ਹ ਕੇ ਹੈਰਾਨੀ ਦੀ ਕੋਈ ਗੱਲ ਨਾ ਰਹੀ।

"ਪਾਪਾ ਜੀ!

‘ਸੌਰੀ’ ਤੁਸੀਂ ਖਾਹਮਖਾਹ ਦੁਖੀ ਹੋ ਰਹੇ ਹੋ, ਇਹ ਵੇਖ ਕੇ ਕਿ ਮੈਂ ਅਪਣਾ ਜੀਵਨ ਉਸ ਤਰਾਂ ਕਿਓਂ ਜੀ ਰਿਹਾ ਹਾਂ ਜਿਸ ਤਰਾਂ ਮੈਂ ਚਾਹੁੰਦਾ ਹਾਂ। ਤੁਹਾਡੇ ਓਸ ਦਿਨ ਦੇ ਟੈਲੀਫੋਨ ਰਾਹੀਂ ਕਹੇ ਅਣਕਹੇ ਸ਼ਬਦਾਂ ਦੇ ਜਵਾਬ ਵਿੱਚ ਮੈਂ ਤੁਹਾਨੂੰ ਅਪਣੀ ਸੋਚ ਤੋਂ ਜਾਣੂੰ ਕਰਵਾ ਦੇਣਾ ਠੀਕ ਸਮਝਦਾ ਹਾਂ।

ਤੁਸਾਂ ਕਿਹਾ ਸੀ ਕਿ ਤੁਸਾਂ ਮੈਨੂੰ ਪੈਦਾ ਕੀਤਾ, ਪਾਲਿਆ, ਪੜ੍ਹਾਇਆ ਵਗੈਰਾ। ਪਤਾ ਨਹੀ ਮੇਰਾ ਇਹ ਲਿਖਣਾ ਤੁਹਾਨੂੰ ਕਿਸ ਤਰਾਂ ਲੱਗੇ। ਹਰ ਕੋਈ ਮਾਂ ਬਾਪ, ਔਲਾਦ ਦਾ ਬੂਟਾ ਸੋਚ ਸਮਝ ਕੇ ਨਹੀ ਲਗਾਂਦੇ। ਸੱਚ ਪੁੱਛੋ ਤਾਂ ਔਲਾਦ ਦੋ ਜੀਆਂ ਦੇ ਮੌਜ ਮੇਲੇ ਦੀ ਉਪਜ ਹੀ ਹੁੰਦੀ ਹੈ। ਜੇ ਮੁੰਡਾ ਪੈਦਾ ਹੋ ਜਾਵੇ ਤਾਂ ਖੁਸ਼ੀਆਂ ਮਨਾ ਲਵੋ। ਜੇ ਕੁੜੀ ਹੋਵੇ ਤਾਂ ਮਜਬੂਰੀ ਸਮਝ ਕੇ ਜਰ ਲਵੋ। ਪੈਦਾ ਕਰਨ ਪਿਛੋਂ ਬੱਚਿਆਂ ਦੀ ਪਾਲਣਾ ਇੱਕ ਅਣਚਾਹੀ ਜ਼ਿੰਮੇਦਾਰੀ ਤਾਂ ਹੋ ਹੀ ਜਾਂਦੀ ਹੈ। ਤੇ ਪੜ੍ਹਾਣਾ ਭਾਵੇਂ ‘ਪ੍ਰੈਸਟਿੀਜ-ਇਸ਼ੂ’ ਸਮਝ ਲਵੋ ਭਾਵੇਂ ਇੱਕ ‘ਇਨਵੈਸਟਮੈਂਟ’। ਐਨੀ ਸਾਰੀ ਤਾਲੀਮ ਗ੍ਰਹਿਣ ਕਰਨ ਵਿੱਚ ਮੇਰੀ ਆਪਣੀ ਕਾਬਲੀਅਤ ਵੀ ਲਾਜ਼ਮੀ ਹੋਣੀ ਹੈ। ਤੇ ਜੇਕਰ ਤੁਸੀਂ ਮੈਨੂੰ ਅਮ੍ਰੀਕਾ ਨਾ ਲਿਆਂਦੇ ਤਾਂ ਇੰਜਨੀਅਰ ਦੀ ਡਿਗਰੀ ਲੈ ਕੇ ਮੈਂ ਆਪ ਵੀ ਆ ਸਕਣਾ ਸੀ। ਇਸ ਵਿੱਚ ਕਾਹਦਾ ਇਹਸਾਨ?

ਰਹੀ ਗੱਲ ਪੱਗ ਲਾਹੁਣ ਦੀ। ਜੇ ਤੁਸਾਂ ਪਰ ਦਿੱਤੇ ਹਨ ਤਾਂ ਮੈਂ ਉੱਡਣਾ ਵੀ ਤਾਂ ਹੋਇਆ। ਜੇ ਇਹਨਾਂ ਮੁਲਕਾਂ ਵਿੱਚ ਰਹਿਣਾ ਹੈ ਤਾਂ ਇਕ ਅਜੀਬ ਜਿਹਾ ਹੁਲੀਆ ਬਣਾ ਕੇ ਤੁਰੇ ਫਿਰਨ ਨਾਲੋਂ ਮੈਂ ਸੰਸਾਰ ਦੇ ਸਾਧਾਰਣ ਲੋਕਾਂ ਵਾਂਗ ਜੀਣਾ ਚਾਹੁੰਦਾ ਹਾਂ। ਰੱਬ ਦੀ ਯਾਦ ਦਾ ਪੱਗ ਬੰਨ੍ਹਣ ਜਾਂ ਲਾਹੁਣ ਨਾਲ ਕੀ ਸੰਬੰਧ? ਮੈਂ ਗੁਰਬਾਣੀ ਦਾ ਸਤਿਕਾਰ ਕਿਸੇ ਵੀ ਸੂਰਤ ਜਾਂ ਲਿਬਾਸ ਵਿੱਚ ਕਰ ਸਕਦਾ ਹਾਂ।

ਬਾਣੀ ਦਾ ਇੱਕ ਕਥਨ ਮੈਂ ਕਦੀ ਸੁਣਿਆ ਸੀ।
‘ਚਾਹੇ ਲਾਂਬੇ ਕੇਸ ਰੱਖ, ਚਾਹੇ ਘਰੜ ਮੁੰਡਾ,
ਇੱਕ ਸੁ ਹਰਿ ਕੇ ਨਾਮ ਬਿਨ, ਬੱਧੇ ਜਮ ਪੁਰ ਜਾ।’
ਸੋ ਬਾਹਰੀ ਦਿੱਖ ਵਜੋਂ ਮੈਂ ਭਾਵੇਂ ਸਿੱਖ ਨਾ ਵੀ ਦਿਸਾਂ, ਅਪਣੇ ਸੰਸਕਾਰ ਤਾਂ ਓਸ ਤਰਾਂ ਢਾਲ ਹੀ ਸਕਦਾ ਹਾਂ।

ਜਿੱਥੋਂ ਤੱਕ, ਕਿਸੇ ਦੂਸਰੀ ਜਾਤੀ ਦੀ ਲੜਕੀ ਨੂੰ ਅਪਣਾ ਹਮਸਫ਼ਰ ਬਨਾਣ ਦਾ ਫ਼ੈਸਲਾ ਹੈ। ਸੋ, ਜੇ ‘ਏਕ ਪਿਤਾ ਏਕਸ ਕੇ ਹਮ ਬਾਰਕ’ ਵਾਲੀ ਗੱਲ ਸੱਚੀ ਹੈ। ਤਾਂ ਇੰਜ ਕਰਨ ਨਾਲ ਮੈਂ ਸਗੋਂ ਸਿੱਖੀ ਅਸੂਲਾਂ ਦੀ ਪਾਲਣਾ ਹੀ ਕੀਤੀ ਹੈ। ਖਿਮਾ ਕਰਨਾ, ਜੇ ਤੁਹਾਨੂੰ ਇਹ ਸ਼ਬਦ ਤੁਹਾਡੀ ਉਮੀਦ ਅਨੁਸਾਰ ਨਾ ਲੱਗਣ। ਪਰ ਕੀ ਇਹ ਜ਼ਿੰਦਗੀ ਦੀ ਅਟੱਲ ਸਚਾਈ ਨਹੀ?"

ਚਿੱਠੀ ਪੜ੍ਹ ਕੇ ਦਰਸ਼ਨ ਨੂੰ ਲੱਗਾ ਜਿਵੇਂ ਉਹ ਜ਼ਿੰਦਗੀ ਦੀ ਬਾਜ਼ੀ ਵਿਚ ਪਹਿਲੀ ਵਾਰੀ ਹਾਰ ਗਿਆ ਹੈ। ਉਹ ਕਿਸੇ ਨਾਲ ਕੋਈ ਗੱਲ ਨਹੀ ਸੀ ਕਰਨਾ ਚਾਹੁੰਦਾ। ਸੁਰਜੀਤ ਅਪਣੇ ਪਤੀ ਦੀ ਇਸ ਮਾਨਸਿਕ ਹਾਲਤ ਲਈ ਕਾਫ਼ੀ ਹੱਦ ਤੱਕ ਅਪਣੇ ਆਪ ਨੂੰ ਦੋਸ਼ੀ ਸਮਝ ਰਹੀ ਸੀ। ਉਹ ਦੋਵੇਂ ਕੀ ਕੀ ਆਸਾਂ ਲਾਈ ਬੈਠੇ ਸਨ। ਪ੍ਰਦੇਸ ਵਿੱਚ ਕੱਠੇ ਕਮਾਈਆਂ ਕਰਾਂਗੇ। ਹੋਰ ਬੱਚਿਆਂ ਨੂੰ ਵੀ ਵਧੀਆ ਤਾਲੀਮ ਦਿਆਂਗੇ। ਸ਼ਾਨਦਾਰ ਘਰ ਬਣਾਵਾਂਗੇ। ਸਾਰਾ ਪ੍ਰਵਾਰ ਇੱਕ ਉੱਚੇ ਪੱਧਰ ਦਾ ਜੀਵਨ ਜੀ ਸਕੇਗਾ। ਪਰ ਸਾਰੇ ਸੁਫ਼ਨੇ, ਸੁਫ਼ਨੇ ਹੀ ਰਹਿ ਗਏ।

ਵੱਡੇ ਲੜਕੇ ਵੱਲੋਂ ਨਿਰਾਸ਼ ਹੋਣ ਪਿੱਛੋਂ ਓਹਨਾਂ ਛੋਟੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਉਚਿਤ ਸਮਝਿਆ ਤਾਕਿ ਕਿਧਰੇ ਓਹੀ ਕਹਾਣੀ ਨਾ ਦੋਹਰਾਈ ਜਾਵੇ। ਦੋਵੇਂ ਮਾਂ ਬਾਪ ਕਾਫ਼ੀ ਸਿਖਿਅਤ ਹੋਣ ਕਰਕੇ ਉਹਨਾਂ ਦਾ ‘ਫ਼ਰੈਂਡਸ਼ਿਪ-ਸਰਕਲ’ ਵੀ ਓਹਨਾਂ ਵਰਗਾ ਹੀ ਸੀ। ਵੱਡੀ ਲੜਕੀ ਨਿਮਰਤ ਹਾਈ ਸਕੂਲ ਵਿੱਚ ਸੀ। ਛੋਟਾ ਲੜਕਾ ਰਵੀ ਸੱਤਵੀ ਵਿੱਚ, ਤੇ ਸਭ ਤੋਂ ਛੋਟੀ ਪ੍ਰੀਤੀ ਪੰਜਵੀਂ ‘ਚ। ਅਕਸਰ ਹਰ ਸਾਲ ਬੱਚੇ, ਗਰਮੀਆਂ ਦੀਆਂ ਛੁੱਟੀਆਂ ਵਿੱਚ ‘ਹੇਮਕੁੰਟ-ਫ਼ਾਊਂਡੇਸ਼ਨ’ ਵੱਲੋਂ ਆਯੋਜਤ ਗੁਰਮਤਿ ਕੈਂਪਾਂ ਵਿਚ ਹਿੱਸਾ ਲੈਂਦੇ। ਓਹਨਾਂ ਦੇ ਮਹੱਲੇ ‘ਚ ਰਹਿੰਦੇ, ਆਹਲੂਵਾਲੀਆ ਪਰਵਾਰ ਦੇ ਡਾਕਟਰ ਚਮਨ ਲਾਲ ਓਹਨਾਂ ਦੇ ਬੜੇ ਚੰਗੇ ਮਿੱਤਰ ਸਨ। ਉਹਨਾਂ ਦੀ ਅਮ੍ਰੀਕਨ ਪਤਨੀ ਕਦੇ ਯੋਗੀ ਹਰਭਜਨ ਹੋਰਾਂ ਦੀ ਸ਼ਰਧਾਲੂ ਹੁੰਦੀ ਸੀ। ਉਹਨਾਂ ਦੀ ਲੜਕੀ ਮੌਨਿਕਾ, ਨਿਰੀ ਮਾਂ ਵਾਂਗੂੰ ਹੀ ਨਿੱਕਲੀ। ਹਰੀਆਂ ਹਰੀਆਂ ਅੱਖਾਂ, ਸੂਰਜ ਵਾਂਗੂੰ ਲਿਸ਼ਕਦੇ ਵਾਲ। ਲਾਡ ਨਾਲ ਪੰਜਾਬੀ ਬੋਲਦੀ ਤਾਂ ਬੜੀ ਪਿਆਰੀ ਲਗਦੀ। ਤੇ ਅਪਣੇ ਪਰਵਾਰ ਨਾਲ ਹਮੇਸ਼ਾ ਬੜੇ ਚਾਅ ਨਾਲ ਗੁਰਦਵਾਰੇ ਜਾਂਦੀ। ਪਿਛਲੇ ਸਾਲ ਰਵੀ ਤੇ ਨਿਮਰਤ ਨਾਲ ਮੌਨਿਕਾ ਵੀ ਓਹਨਾਂ ਨਾਲ ਕੈਂਪ ਤੇ ਗਈ ਸੀ। ਉਸਨੂੰ ‘ਪੇਂਟਿੰਗਜ਼’ ਬਨਾਣ ਵਿੱਚ ਖਾਸ ਮਹਾਰਤ ਸੀ। ਜਿਸ ਨੂੰ ਵੇਖ ਕੇ ਰਵੀ ਨੂੰ ਵੀ ‘ਫ਼ਾਈਨ ਆਰਟਸ’ ਵਿੱਚ ਦਿਲਚਸਪੀ ਪੈਦਾ ਹੋ ਗਈ।

ਇੱਕ ਸੂਖਮ ਕਲਾ ਪ੍ਰਤੀ ਪੈਦਾ ਹੋਈ ਰੁਚੀ ਨੂੰ ਵਧੇਰੇ ਪ੍ਰਫੁੱਲਿਤ ਹੋਇਆ ਵੇਖਣ ਲਈ, ਰਵੀ ਦੇ ਮਾਂ ਬਾਪ ਨੇ ਉਸਨੂੰ ਆਪਣੀ ‘ਫ਼ਿਨਿਸ਼ਡ ਬੇਸਮੈਂਟ’ ਵਰਤਣ ਲਈ ਆਗਿਆ ਦੇ ਦਿੱਤੀ। ਕਈ ਵਾਰੀਂ ਮੌਨਿਕਾ ਵੀ ਅਪਣਾ ਈਜ਼ਲ ਤੇ ਕੈਨਵਸ ਚੁੱਕ ਲਿਆਂਦੀ। ਇੱਕੋ ‘ਆਰਟ ਟੀਚਰ’ ਕੋਲ ਪੜ੍ਹਦੇ ਹੋਣ ਕਰਕੇ ਉਸ ਨੇ ਉਹਨਾਂ ਨੂੰ ‘ਇੰਡੀਅਨ ਆਰਟ-ਫ਼ੌਰਮ’ ਅਪਨਾਣ ਦੀ ਪ੍ਰੇਰਣਾ ਦਿੱਤੀ। ਦੋਹਾਂ ਬੱਚਿਆਂ ਨੇ ਅਪਣੀ ਲਗਨ ਸਦਕਾ ਏਨੀ ਛੇਤੀ ਪ੍ਰਬੀਣਤਾ ਹਾਸਲ ਕਰ ਲਈ ਕਿ ਸਾਲ ਦੇ ਅੰਦਰ ਅੰਦਰ ਹੀ ਸਕੂਲ ਦਾ ਮੇਨ-ਹਾਲ ਉਹਨਾਂ ਦੀਆਂ ਪੇਂਟਿੰਗਜ਼ ਨਾਲ ਟਹਿਕ ਉੱਠਿਆ।

ਦੋਵੇਂ ਪ੍ਰਵਾਰ ਬੱਚਿਆਂ ਦੀ ਪ੍ਰਾਪਤੀ ਤੇ ਏਸ ਕਰਕੇ ਵੀ ਬੜੇ ਸੰਤੁਸ਼ਟ ਸਨ ਕਿ ਉਹਨਾਂ ਦੀ ਵਿਹਲ ਦੇ ਸਮੇਂ ਉਹ ਕਿਸੇ ਅਯੋਗ ਪਾਸੇ ਰੁਚਿਤ ਨਹੀ ਸਨ ਹੋ ਰਹੇ। ਗੁਆਂਢ ਰਹਿਣ ਕਰਕੇ ਉਹਨਾਂ ਦੀ ਆਵਾ ਜਾਈ ਆਪਸ ਵਿੱਚ ਹੀ ਸੀਮਤ ਸੀ। ਕਦੇ ਰਵੀ ਤੇ ਪ੍ਰੀਤੀ, ਮੌਨਿਕਾ ਹੋਰਾਂ ਦੇ ਸਵਿਮਿੰਗ ਪੂਲ ਵਿਚ ਤੈਰਨ ਦੀ ਪ੍ਰੈਕਟਿਸ ਲਈ ਚਲੇ ਜਾਂਦੇ। ਕਦੇ ਉਹ ਨਿਮਰਤ ਨਾਲ ਇਹਨਾਂ ਦੇ ਘਰ ‘ਜ਼ੀ.ਟੀ.ਵੀ.’ ਵਾਚ ਕਰਨ ਆ ਜਾਂਦੀ।

ਇੱਕ ਸੰਡੇ ਸੁਰਜੀਤ ਦਰਸ਼ਨ ਨਾਲ ਸ਼ਾਪਿੰਗ ਕਰਕੇ ਵਾਪਸ ਆਈ। ਤੇ ਗਰੋਸਰੀ ਬੈਗ ਥੱਲੇ ਲਜਾਣ ਲਈ ਉੱਤਰੀ। ਬੇਸਮੈਂਟ ਦੀ ਰੋਸ਼ਨੀ ਕੁਝ ਮੱਧਮ ਜਹੀ ਸੀ। ਉਹ ਕਈ ਵਾਰ ਦਰਸ਼ਨ ਨੂੰ ‘ਡਿਮਰ-ਸਵਿੱਚ’ ਬਦਲਣ ਲਈ ਕਹਿ ਚੁੱਕੀ ਸੀ। ਹੇਠਲਾ ਟੀ.ਵੀ ਤਾਂ ‘ਔਨ’ ਨਹੀ ਸੀ, ਪਰ ਉਸ ਨੂੰ ‘ਹਾਏ…, ਊਈ…. ਤੇ ਮਿੰਨ੍ਹੇ ਮਿੰਨ੍ਹੇ ਹਾਸੇ ਦੀਆਂ ਕੁਝ ਅਜੀਬ ਜਹੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ‘ਸ਼ਾਇਦ ਸਟੈਰੀਓ ਔਨ ਰਹਿ ਗਿਆ ਹੋਵੇਗਾ।’ ਅਚਾਨਕ ਉਸਦੀ ਨਜ਼ਰ ਕਿਧਰੇ ਸੋਫ਼ੇ ਤੇ ਬੈਠੇ ਰਵੀ ਤੇ ਪਈ। ਉਸਦੇ ਮੂਹਰੇ ਫ਼ਰਸ਼ ਤੇ ਬੈਠੀ ਮੌਨਿਕਾ ਦਾ ਸਿਰ ਉਸਦੀ ਝੋਲੀ ਵਿੱਚ ਪਿਆ ਜਾਪਿਆ। ਉਹ ਤੀਸਰੀ ਪੌੜੀ ਤੇ ਹੀ ਰੁਕ ਗਈ। ਮੱਧਮ ਰੋਸ਼ਨੀ ਵਿੱਚ ਵੀ ਮੋਨਿਕਾ ਦੇ ‘ਬਲੌਂਡ’ ਵਾਲਾਂ ਦੀ ‘ਪੋਨੀ-ਟੇਲ’, ਠੂੰਗਾ ਮਾਰਦੇ ਕੁੱਕੜ ਦੀ ਪੂਛਲ ਵਾਂਗ, ਉੱਪਰ ਥੱਲੇ ਹਿੱਲ ਰਹੀ ਸਾਫ਼ ਦਿਖਾਈ ਦੇ ਰਹੀ ਸੀ। ਉਸ ਦਾ ਅੰਦਰ ਕੰਬ ਗਿਆ। ‘ਇਹ ਕੀ….? ਕੀ ਇਹ ਸਥਿਤੀ ਵਾਸ਼ਨਾ ਪ੍ਰੇਰਤ ਸੀ? ਦੋਹਾਂ ਦੀ ਮਾਸੂਮੀਅਤ ਸੀ? ਜਾਂ ਉਹਨਾਂ ਦੇ ਸਰੀਰਕ ਅੰਗਾਂ ਪ੍ਰਤਿ ਖੋਜ ਦੀ ਜਗਿਆਸਾ….? ਜੋ ਵੀ ਹੋਵੇ ਇਹ ਠੀਕ ਨਹੀ ਹੋ ਰਿਹਾ ਲੱਗਦਾ।’ ਇੱਕ ਪਲ ਵਿੱਚ ਹੀ ਉਸ ਨੇ ਉੱਪਰ ਜਾ ਕੇ ਦਰਸ਼ਨ ਨੂੰ ਸੈਨਤ ਮਾਰੀ।

ਦਰਸ਼ਨ ਨੇ ਥੱਲੇ ਉੱਤਰਦਿਆਂ ਹੀ ਜਦੋਂ ‘ਡਿਮਰ -ਸਵਿੱਚ’ ਨੂੰ ‘ਹਾਈ’ ਤੇ ਕੀਤਾ ਤਾਂ ਦੋਵੇਂ ਬੱਚੇ ਸਹਿਮ ਗਏ। ਮੌਨਿਕਾ ਛੇਤੀ ਨਾਲ ਉੱਠ ਕੇ, ਵਾਲ ਸੁਆਰਦੀ ਸੋਫ਼ੇ ਤੇ ਜਾ ਬੈਠੀ। ਉਹ ਕਾਫ਼ੀ ਭੈ-ਭੀਤ ਹੋਈ ਲੱਗਦੀ ਸੀ।

"ਕੀ ਹੋ ਰਿਹਾ ਹੈ?" ਦਰਸ਼ਨ ਨੇ ਕ੍ਰੋਧ ਵਿੱਚ ਗਰਜ ਕੇ ਪੁੱਛਿਆ।

"ਕੁਸ਼ ਨੀ ਡੈਡੀ….। ਕੁਸ਼ ਨੀ…। ਅਸੀਂ ਤਾਂ ਐਂਵੇਂ ‘ਪਲੇ’ ਕਰ ਰਹੇ ਸੀ।" ਰਵੀ ਨੇ ਹਕਲਾਂਦੇ ਹੋਏ ਨੇ ਅਪਣੀ ਜੀਨ ਦਾ ਇਲਾਸਟਿਕ ਦਾ ਨੇਫਾ ਉੱਪਰ ਖਿਚ੍ਹਦਿਆਂ ਕਿਹਾ।

"ਕੀ ‘ਪਲੇ’ ਕਰ ਰਹੇ ਸੀ ?" ਦਰਸ਼ਨ, ਹੋਰ ਜਾਨਣ ਲਈ ਵਧੇਰੇ ਕੜਕਿਆ।

"ਅਸੀਂ ਕੋਈ ਪਾਪ ਥੋੜ੍ਹੀ ਕਰਦੇ ਸੀ….। ਅਸੀਂ ਤਾਂ ‘ਵ੍ਹਾਈਟ-ਹਾਊਸ’, ‘ਵ੍ਹਾਈਟ-ਹਾਊਸ’ ਖੇਡ੍ਹਦੇ ਸੀ ਗੇ। ਐਂਵੇਂ ਬੱਸ, ਮੂੰਹ ਜ਼ਬਾਨੀ….।" ਸੁਰਜੀਤ ਨੇ ਮਸਾਂ ਆਪਣਾ ਹਾਸਾ ਰੋਕਿਆ।

"ਠਹਿਰ ਜਾ! ਹੁਣੇ ਬਣਾਉਨੈ ਤੈਨੂੰ ਮੈਂ ਬਿੱਲ-ਕਲਿੰ….। ਜੇਹੜਾ ਤੂੰ ਕੁੜੀਆਂ ਖਰਾਬ ਕਰਨ ਲੱਗੈਂ।….‘ਐਂਡ ਯੂ ਯੰਗ ਲੇਡੀ….।" ਦਰਸ਼ਨ ਗੁੱਸੇ ਵਿੱਚ ਅਪਣੀ ਬਾਂਹ ਉਲਾਰ ਕੇ ਅੱਗੇ ਵਧਿਆ।

"ਸਟਾਪ ਇਟ’ ਦਰਸ਼ਨ।" ਇਸ ਤੋਂ ਪਹਿਲਾਂ ਕਿ ਉਹ ਕਿਸੇ ਬੱਚੇ ਦੇ ਬੁਥਾੜ ਤੇ ਇੱਕ ਅੱਧ ਚਪੇੜ ਜੜ ਦਿੰਦਾ, ਸੁਰਜੀਤ ਨੇ ਉਸਨੂੰ ਬਾਹੋਂ ਫੜ ਕੇ ਵਰਜ ਦਿੱਤਾ।

"ਜੇ ਗੱਲ ਵਧ ਗਈ ਤਾਂ ਐਂਵੇਂ ਬਦਨਾਮੀ ਹੋਵੇਗੀ।ਨਾਲੇ ਇਹ ਕੁੜੀ ਤਾਂ ਇਹਦੇ ਨਾਲੋਂ ਦੋ ਸਾਲ ਵੱਡੀ ਹੈ।ਰਵੀ ਦਾ ਕੀ ਕਸੂਰ ….?"

ਮੌਨਿਕਾ ਨੇ ਜਲਦੀ ਨਾਲ ਅਪਣਾ ਪਰਸ ਚੁੱਕਿਆ ਤੇ ਦਗੜ ਦਗੜ ਕਰਦੀ ਪੌੜੀਆਂ ਚੜ੍ਹ ਗਈ। ਦੋਵੇਂ ਮਾਂ ਬਾਪ, ਇੱਕ ਦੂਸਰੇ ਵੱਲ ਬੇਬਸੀ ਨਾਲ ਵੇਖਦੇ ਹੋਏ ਕਿੰਨ੍ਹਾ ਚਿਰ ਸੋਚਦੇ ਰਹੇ। ‘ਇਸ ਸਭ ਕਾਸੇ ਲਈ ਆਖਿਰ ਕਿਸਦਾ ਕਸੂਰ ਹੈ?…. ਉਹਨਾਂ ਦੀ ਪਾਲਣਾ ਦਾ?…. ਅੱਜ ਕਲ੍ਹ ਦੀ ਵਿੱਦਿਆ ਦਾ? ਟੈਲੀਵਿਯਨ ਦਾ?….ਜਾਂ ਸਮਾਜ ਦਾ?’ ਉਹਨਾਂ ਨੂੰ ਵੇਲਾ ਹੱਥ ਨਹੀ ਸੀ ਆ ਰਿਹਾ, ਕਿ ‘ਕੇਵਲ ਆਰਥਿਕ ਇਸਥਤੀ ਸੁਧਾਰਨ ਦੀ ਪ੍ਰਕਿਰਿਆ ਵਿੱਚ ਹੋਰ ਸਭ ਕੁਝ ਕਿੰਨਾ ਵਿਗੜ ਚੁੱਕੈ।’

ਕਿਧਰੇ ਹੋਰ ਬੱਚੇ ਵੀ ਗ਼ਲਤ ਰਸਤੇ ਨਾ ਪੈ ਜਾਣ, ਸੁਰਜੀਤ ਨੇ ਅਪਣੀ ‘ਸੋਸ਼ਲ ਵਰਕਰ’ ਦੀ ‘ਫ਼ੁੱਲ-ਟਾਈਮ’ ਨੌਕਰੀ ਛੱਡ ਕੇ ਇੱਕ ‘ਪਾਰਟ-ਟਾਈਮ ਜਾਬ’ ਲੈ ਲਈ। ਤਾਂਕਿ ਬੱਚਿਆਂ ਦੇ ਸਕੂਲੋਂ ਆਣ ਤੱਕ ਉਹ ਘਰ ਹੋਵੇ।

ਕੁੜੀਆਂ ਵੇਲ ਵਾਂਗ ਵਧਦੀਆਂ ਨੇ, ਇਹ ਤਾਂ ਸੁਣਿਆ ਸੀ। ਪਰ ਜਿੰਨੀ ਛੇਤੀ ਨਿਮਰਤ ਮੁਟਿਆਰ ਹੋਈ, ਸੁਰਜੀਤ ਨੂੰ ਆਪ ਵੀ ਅਚੰਭਾ ਹੋ ਰਿਹਾ ਸੀ। ਰੱਜ ਕੇ ਸੋਹਣੀ ਤੇ ਉਸ ਕੋਲੋਂ ਵੀ ਉੱਚੀ ਲੰਮੀ ਨਿੱਕਲੀ। ਲੱਕ ਤੋ ਵੀ ਨੀਂਵੇਂ ਰੇਸ਼ਮੀ ਵਾਲ। ਹਸੂੰ ਹਸੂੰ ਕਰਦੇ ਬੁਲ੍ਹ। ਭੂਰੀਆਂ ਭੂਰੀਆਂ ਮਾਦਕਤਾ ਭਰੀਆਂ ਅੱਖਾਂ। ਤੇ ਲੋਹੜੇ ਦਾ ਜੋਬਨ, ਜੋ ਹੁਣ ਉਸਦੇ ਵਸਤਰਾਂ ‘ਚ ਨਹੀ ਸੀ ਮਿਓਂਦਾ ਦਿਸ ਰਿਹਾ। ਸੁਰਜੀਤ ਨੂੰ ਅਚਾਨਕ ਕਿਸੇ ਫ਼ਿਕਰ ਨੇ ਘੇਰ ਲਿਆ।

"ਇਹਦਾ ਹਾਈ ਸਕੂਲ ਖਤਮ ਹੋ ਜਾਵੇ। ਮੈਂ ਤਾਂ ਇੰਡੀਆ ਤੋਂ ਕੋਈ ਡਾਕਟਰ ਮੁੰਡਾ ਲੱਭ ਕੇ ਛੇਤੀ ਹੀ ਇਹਦੀ ਜ਼ਿੰਮੇਦਾਰੀ ਨਬੇੜ ਦੇਣੀ ਹੈ।" ਉਹ ਕਈ ਵਾਰੀ ਦਰਸ਼ਨ ਨਾਲ ਸਲਾਹੀਂ ਪੈ ਜਾਂਦੀ।

ਸਕੂਲ ਦੀ ਗਰੈਜੂਏਸ਼ਨ ਨੇੜੇ ਆ ਰਹੀ ਸੀ। ਮਾਂ ਦੀ ਵਿਓਂਤ ਦੇ ਵਿਪਰੀਤ, ਨਿਮਰਤ ਸ਼ਾਇਦ ਕਾਲਿਜ ਜਾਣ ਬਾਰੇ ਸੋਚ ਰਹੀ ਸੀ। ਉਹ ਜੀਵਨ ਦੀ ਉਹ ਸਰਦਲ ਟੱਪ ਰਹੀ ਸੀ ਜਦੋਂ ਕੁੜੀਆਂ ਅਚਾਨਕ ਅਪਨੇ ਆਪ ਨੂੰ ਕਿਸੇ ‘ਫ਼ੈਨਟੇਸੀ-ਆਈਲੈਂਡ’ ਵੱਲ ਉਡਾਰੀ ਮਾਰਨ ਦਾ ਸੁਪਨਾ ਲੈਣ ਲਗਦੀਆਂ ਨੇ। ਜਦੋਂ ਅਪਣੇ ਹਾਣੀ ਲੜਕਿਆਂ ਵੱਲੋਂ ਪਾਸ ਕੀਤੇ ਰੀਮਾਰਕਸ ਬਾਰੇ ਕਈ ਕਈ ਦਿਨ ਤੱਕ ਸੋਚਦੀਆਂ, ਹਿਸਾਬ ਤੇ ਕੈਮਿਸਟਰੀ ਦੇ ਵਿਸ਼ਿਆਂ ਦੀ ਥਾਂ ਅਪਣੀ ਸਰੀਰਕ ਜਿਓਮੈਟਰੀ ਵੱਲ ਵਧੇਰੇ ਰੁਚਿਤ ਹੋਣ ਲੱਗਦੀਆਂ। ਉਹਨਾਂ ਦੇ ਬੈਡ-ਰੂਮ ਦੀਆਂ ਕੰਧਾਂ ਤੇ ਬੌਬੀ ਦਿਓਲ ਤੇ ਸਲਮਾਨ ਖਾਨ ਵਰਗੇ ਯੁਵਕਾਂ ਦੇ ਪੋਸਟਰ ਦਿਖਾਈ ਦੇਣ ਲੱਗਦੇ। ਕੁੜਤੀ ਦਾ ਗਲਮਾਂ ਹੇਠਾਂ ਵੱਲ ਖਿਚ੍ਹ ਕੇ ਅਪਣੇ ਆਪ ਤੇ ਆਸ਼ਿਕ ਹੋਣ ਨੂੰ ਜੀ ਕਰਦਾ।

ਸੁਰਜੀਤ ਦੀ ਬੇਬੇ ਜੀ ਅਕਸਰ ਇੰਡੀਆ ਤੋਂ ਖਤ ਲਿਖਦੇ। ‘ਕੁੜੀਆਂ ਨੂੰ ਸਿੰਨ੍ਹ ਕੇ ਰੱਖੀਂ। ਜਦੋਂ ਇਹ ਕਿੰਨ੍ਹਾਂ ਕਿੰਂਨ੍ਹਾਂ ਚਿਰ ਸ਼ੀਸ਼ੇ ਮੂਹਰੇ ਖਲੋਣ ਲੱਗ ਜਾਣ ਤਾਂ ਇਹਨਾਂ ਅੰਦਰੋਂ ਕਈ ਤਰਾਂ ਦੇ ਉਤਸ਼ਾਹ ਉੱਠਣੇ ਸ਼ੁਰ੍ਹੂ ਹੋ ਜਾਂਦੇ ਨੇ। ਔਖੀ ਹੋਵੇਂਗੀ ਜੇ ਹੱਥੋਂ ਨਿੱਕਲ….।’ ਪਰ ਉਹ ਕਿੰਨ੍ਹਾਂ ਕੁਝ ਸੋਚ ਕੇ ਵੀ ਇਕ ਮੂਕ ਦਰਸ਼ਕ ਬਣ ਕੇ ਰਹਿ ਜਾਂਦੀ।

ਹਾਈ ਸਕੂਲ ਗਰੈਜੁਏਸ਼ਨ ਦੇ ਸਮਾਗਮ ਪਿੱਛੋਂ, ਨਿਮਰਤ ਦੀ ਕਲਾਸ ਵੱਲੋਂ ‘ਪ੍ਰੌਮ’ ਦੀ ਈਵਨਿੰਗ ਪਾਰਟੀ ਆਯੋਜਿਤ ਹੋਣੀ ਸੀ। ਉਸਨੇ ਬੜਾ ਮਹਿੰਗਾ ‘ਲੌਂਗ-ਡਰੈਸ’ ਖਰੀਦਣ ਲਈ ਜ਼ਿਦ ਕੀਤੀ। ਮਾਂ ਬਾਪ ਕੁਝ ਹਿਚਕਚਾ ਰਹੇ ਸਨ। ਕਿ ਡਰੈਸ ਵਾਲੀ ਗੱਲ ਤਾਂ ਭਾਵੇਂ ਵਾਜਬ ਸੀ ਪਰ ਓਸ ਰਾਤ ਦੀ ਪਾਰਟੀ ਵਿੱਚ ਤਰਾਂ ਤਰਾਂ ਦੇ ਮੁੰਡਿਆਂ ਦੀਆਂ ਬਾਹਾਂ ਵਿੱਚ ਨੱਚਣ ਦਾ ਖਿਆਲ ਉਹਨਾਂ ਨੂੰ ਹਜ਼ਮ ਨੂੰ ਸੀ ਹੋ ਰਿਹਾ।

‘ਆਖਿਰ ਹੋਰ ਵੀ ਇੰਡੀਅਨ ਕੁੜੀਆਂ ਹੋਣਗੀਆਂ ਹੀ ਪਾਰਟੀ ਵਿੱਚ।’ ਸੁਰਜੀਤ ਨੇ ਦੂਸਰੇ ਮਾਪਿਆਂ ਨੂੰ ਪੁੱਛ ਪੁਛਾ ਕੇ ਜਿਵੇਂ ਹਾਲਾਤ ਨਾਲ ਸਮਝੌਤਾ ਕਰ ਲਿਆ। ਕਹਿੰਦੇ ਸੀ, ‘ਪ੍ਰੌਮ’ ਸਾਢੇ ਗਿਆਰਾਂ ਵਜੇ ਖਤਮ ਹੋ ਜਾਵੇਗੀ। ਪਰ ਬਾਰਾਂ ਵੱਜ ਗਏ ਤੇ ਨਿਮਰਤ ਦਾ ਅਜੇ ਵੀ ਕੋਈ ਥੌਹ ਪਤਾ ਨਹੀ ਸੀ। ਸਕੂਲ ਫ਼ੋਨ ਕੀਤਾ, ਪਰ ਓਥੇ ਕੋਈ ਫ਼ੋਨ ਨਹੀ ਸੀ ਚੁੱਕ ਰਿਹਾ। ਦਰਸ਼ਨ ਨੇ ਅਪਣੀ ਕਾਰ ਲੈ ਕੇ ਜਾਣਾ ਚਾਹਿਆ।

"ਪਰ ਜੇ ਉਹ ਕਿਸੇ ਦੇ ਨਾਲ ਦੂਸਰੇ ਰਸਤੇ ਥਾਣੀ ਆ ਗਈ?" ਸੁਰਜੀਤ ਨੇ ਉਸ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨ ਲਈ ਕਿਹਾ। ਉਹ ਆਪ ਘੜੀ ਮੁੜੀ ਉੱਪਰਲੀ ਮੰਜ਼ਿਲ ਦੀ ਖਿੜਕੀ ਵਿੱਚੋਂ ਨਿਗ੍ਹਾ ਮਾਰ ਜਾਂਦੀ। ਦਰਸ਼ਨ ਹਰ ਪੰਜ ਮਿੰਟ ਬਾਦ ਬੂਹਾ ਖੋਲ੍ਹ ਕੇ ਗਲੀ ਦੇ ਮੋੜ ਤੱਕ ਨਜ਼ਰ ਦੌੜਾਂਦਾ ਨਿਰਾਸ਼ ਹੋ ਜਾਂਦਾ। ਫੇਰ ਉਸ ਨੇ ਪੁਲਿਸ ਨੂੰ ਫ਼ੋਨ ਕਰਕੇ ਪੁੱਛਿਆ, ਤਾਂ ਜਵਾਬ ਮਿਲਿਆ ਕਿ ਸਾਰੇ ਬੱਚੇ ‘ਪ੍ਰੌਮ-ਹਾਲ’ ਖਾਲੀ ਕਰਕੇ ਜਾ ਚੁੱਕੇ ਹਨ। ਹੁਣ ਉਹ ਹੋਰ ਵਧੇਰੇ ਫ਼ਿਕਰ ਕਰਨ ਲੱਗੇ।

ਅਚਾਨਕ ਰਾਤ ਦੇ ਕੋਈ ਇੱਕ ਵਜੇ ਸੁਰਜੀਤ ਨੇ ਅਪਣੇ ਬੈੱਡ-ਰੂਮ ਦੀ ਖਿੜਕੀ ‘ਚੋਂ ਨਿਮਰਤ ਨੂੰ ਇੱਕ ਕਾਰ ਵਿੱਚੋਂ ਉੱਤਰਦਿਆਂ ਵੇਖਿਆ। ‘ਇੰਡੋ-ਪਾਕ ਗਰੋਸਰੀ ਸ਼ਾਪ’ ਵਾਲੇ ਮਹੰਮਦ ਯੂਸਫ਼ ਦਾ ਲੜਕਾ ਹਾਸ਼ਿਮ ਉਸ ਦੀ ਕਮਰ ਵਿੱਚ ਬਾਂਹ ਪਾਈ ਉਸਨੂੰ ਸਹਾਰਾ ਦੇ ਕੇ ਬੂਹੇ ਤੱਕ ਛੱਡਣ ਆਇਆ। ਉਹ ਅਪਣੇ ਨਵੇਂ ਬੋਸਕੀ ਰੰਗੇ ‘ਲੌਂਗ ਡਰੈਸ’ ਵਿੱਚ ਇੱਕ ਦੁਲਹਨ ਵਾਂਗ ਸਜੀ ਹੋਈ ਲੱਗ ਰਹੀ ਸੀ। ਹੱਥ ਵਿੱਚ ਇੱਕ ਫੁੱਲਾਂ ਦਾ ਗੁਲਦਸਤਾ ਫੜੀ, ਕਾਫ਼ੀ ਥੱਕੀ ਤੇ ਨਿਢਾਲ ਹੋਈ ਜਾਪਦੀ ਸੀ। ਹਾਸ਼ਿਮ ਉਸ ਦੀ ਗੱਲ੍ਹ ਨਾਲ ਗੱਲ੍ਹ ਲਾਕੇ ਇੱਕ ਨਿਹਾਇਤ ਨਜ਼ਦੀਕੀ ਰਿਸ਼ਤੇ ਵਾਂਗ ਟੁਰ ਰਿਹਾ ਸੀ। ਬੂਹੇ ਕੋਲ ਆਕੇ ਦੋਹਾਂ ਨੇ ਇਕ ਦੂਸਰੇ ਨੂੰ ਬਾਹਾਂ ਵਿੱਚ ਕੱਸ ਕੇ ਬੁਲ੍ਹਾਂ ਤੋਂ ਕਮਰ ਤੱਕ ਦੀ ਦੂਰੀ ਮਿਟਾ ਦਿੱਤੀ। ਘੰਟੀ ਵੱਜੀ ਸੁਣਕੇ ਦਰਸ਼ਨ ਨੇ ਗੁੱਸੇ ਨਾਲ ਦਰਵਾਜ਼ਾ ਖੋਲ੍ਹਿਆ। ਇਸ ਤੋਂ ਪਹਿਲ਼ਾਂ ਕਿ ਉਸ ਦੇ ਮੂੰਹੋਂ ਕੁਝ ਨਿੱਕਲਦਾ।

"ਸੌਰੀ ਅੰਕਲ! ਨਿਮਰਤ ਨੇ ਥੋੜੀ ਜਹੀ ਡਰਿੰਕ….। ਅਦਰ-ਵਾਈਜ਼ ਸ਼ੀ ਇਜ਼ ਫ਼ਾਈਨ….।" ਕਹਿ ਕੇ ਹਾਸ਼ਿਮ ਨੇ ਉਸ ਦੀ ਪਿੱਠ ਤੇ ਹੱਥ ਫੇਰਿਆ ਤੇ ਚਲਾ ਗਿਆ।

ਸ਼ਾਇਦ ਦਰਸ਼ਨ ਉਸ ਕੋਲੋਂ ਢੇਰ ਸਾਰੇ ਸੁਆਲ ਪੁੱਛਣਾ ਚਾਹੁੰਦਾ ਸੀ। ‘ਕੀ ਹੋਇਆ? ਉਹ ਹੁਣ ਤੱਕ ਕਿੱਥੇ ਸੀ? ਕਿਸ ਨੇ ਉਸ ਨੂੰ ਡਰਿੰਕ ਪਿਆਈ? ਉਸ ਮੁੰਡੇ ਨੂੰ ਉਹ ਕਿਸ ਤਰਾਂ ਮਿਲੀ? ਕਿਧਰੇ ਉਸ ਦੀ ਇੱਜ਼ਤ….?’ ਪਰ ਬੇਟੀ ਨੂੰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਵੇਖ ਕੇ ਉਹ ਸਭ ਕੁਛ ਭੁੱਲ ਗਿਆ। ਤੇ ਉਹਨਾਂ ਕੁੜੀ ਨੂੰ ਛੇਤੀ ਨਾਲ ਸਹਾਰਾ ਦੇ ਕੇ ਲਿਵਿੰਗ ਰੂਮ ਦੇ ਸੋਫ਼ੇ ਤੇ ਹੀ ਲਿਟਾ ਦਿੱਤਾ। ਦੋਵੇਂ ਰੋਣ ਹਾਕੇ ਹੋਏ ਇੱਕ ਦੂਸਰੇ ਦੀਆਂ ਅੱਖਾਂ ਵਿੱਚ ਕਿੰਨ੍ਹਾਂ ਚਿਰ ਤੱਕਦੇ ਰਹੇ।

"ਕਿਹੋ ਜਹੀ ਕਲਚਰ ਵਿੱਚ ਆ ਫਸੇ ਅਸੀਂ?" ਸੁਰਜੀਤ ਚੁੱਪ ਤੋੜ ਕੇ ਬੋਲੀ।
"ਕਲਚਰ ਜਾਂ ਦਲਦਲ?" ਦਰਸ਼ਨ ਨੇ ਓਸੇ ਤਰਾਂ ਚਿੰਤਾਤੁਰ ਹੋਏ ਨੇ ਹੁੰਗਾਰਾ ਭਰਿਆ।
"ਦਰਸ਼ਨ! ਮੇਰਾ ਨਹੀ ਹੁਣ ਜੀ ਕਰਦਾ ਇੱਕ ਬਿੰਦ ਵੀ ਏਥੇ ਰਹਿਣ ਨੂੰ। ਕਿਓਂ ਨਾ ਅਪਣੇ ਵਤਨ ਮੁੜ ਚੱਲੀਏ?"

"ਕਿਹੜੇ ਵਤਨ ਸੁਰਜੀਤ? ਓਥੇ, ਜਿਥੇ ਸਾਡੇ ਲਈ ਨਫ਼ਰਤ ਤੋਂ ਬਿਨਾ ਕੁਝ ਵੀ ਨਹੀ? ਜਿੱਥੋਂ ਦੇ ‘ਇਹਸਾਨ-ਫ਼ਰਾਮੋਸ਼ ਲੋਕ’ ਸਾਡੇ ਸਵਾਗਤ ਵਾਸਤੇ, ਬਲਦੇ ਟਾਇਰਾਂ ਦੇ ਹਾਰ ਲਈ ਬੈਠੇ ਹੋਣੇ ਐਂ?" ਤੇ ਇੱਕ ਬੇਵਤਨ ਹੋਣ ਦਾ ਅਹਿਸਾਸ ਉਹਦੀਆਂ ਅੱਖਾਂ ਵਿੱਚੋਂ ਛਲਕ ਪਿਆ।
29 Jul 2009

Reply