Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਗ਼ਜ਼ਲ ਦਾ ਉਸਤਾਦ ਦੀਪਕ ਜੈਤੋਈ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀ ਗ਼ਜ਼ਲ ਦਾ ਉਸਤਾਦ ਦੀਪਕ ਜੈਤੋਈ
 

 

ਪੰਜਾਬੀ ਦੇ ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਪੰਜਾਬੀ ਸਾਹਿਤ ਅਤੇ ਪੰਜਾਬੀ ਜ਼ੁਬਾਨ ਦੀ ਇੱਕ ਮਾਣਯੋਗ ਸੰਸਥਾ ਸਨ। ਉਨ੍ਹਾਂ ਆਪਣੇ ਜੀਵਨ ਦੇ ਛੇ ਦਹਾਕੇ ਮਾਂ ਬੋਲੀ ਪੰਜਾਬੀ ਦਾ ਕਾਵਿਕ ਚਿਹਰਾ-ਮੋਹਰਾ ਸੰਵਾਰਨ ਲਈ ਅਰਪਿਤ ਕਰ ਦਿੱਤੇ। ਉਨ੍ਹਾਂ ਦਾ ਜਨਮ ਜ਼ਿਲ੍ਹਾ ਫ਼ਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿੱਚ ਇੱਕ ਸਧਾਰਨ ਪਰਿਵਾਰ ਵਿੱਚ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਦੀਪਕ ਜੈਤੋਈ ਦਾ ਨਾਂ ਮਾਪਿਆਂ ਨੇ ਗੁਰਚਰਨ ਸਿੰਘ ਰੱਖਿਆ ਸੀ। ਕਵਿਤਾ ਦੇ ਬੀਜ ਬੜੀ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਅੰਦਰ ਪੁੰਗਰ ਉੱਠੇ ਅਤੇ ਉਨ੍ਹਾਂ ਤੀਜੀ ਜਮਾਤ ਵਿੱਚ ਪੜ੍ਹਦਿਆਂ ਆਪਣੇ ਇੱਕ ਦੋਸਤ ਨੂੰ ਕਵਿਤਾ ਦੇ ਰੂਪ ਵਿੱਚ ਇੱਕ ਚਿੱਠੀ ਲਿਖੀ। ਇਹ ਚਿੱਠੀ ਹੀ ਅਸਲ ਵਿੱਚ ਉਨ੍ਹਾਂ ਦੀ ਸ਼ਾਇਰੀ ਦਾ ਆਗਾਜ਼ ਸੀ। ਬਾਅਦ ਵਿੱਚ ਉਹ ਪੰਜਾਬੀ ਅਤੇ ਉਰਦੂ ਸਾਹਿਤ ਨਾਲ ਜੁੜ ਗਏ। ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ਉਨ੍ਹਾਂ ਮੁਜਰਮ ਦਸੂਹੀ ਨੂੰ ਆਪਣਾ ਉਸਤਾਦ ਧਾਰਿਆ ਅਤੇ ਸਾਹਿਤ ਦੇ ਖੇਤਰ ਵਿੱਚ ਉਹ ਦੀਪਕ ਜੈਤੋਈ ਦੇ ਨਾਂ ਨਾਲ ਮਕਬੂਲ ਹੋਏ।
ਜਦੋਂ ਜਨਾਬ ਦੀਪਕ ਜੈਤੋਈ ਨੇ ਗ਼ਜ਼ਲ ਦੇ ਖੇਤਰ ਵਿੱਚ ਪੈਰ ਧਰਿਆ ਤਾਂ ਉਸ ਸਮੇਂ ਉਰਦੂ ਵਿਦਵਾਨ ਪੰਜਾਬੀ ਨੂੰ ‘ਗੰਵਾਰਾਂ ਦੀ ਭਾਸ਼ਾ’ ਕਹਿੰਦੇ ਸਨ। ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਅਰਬੀ ਵਿੱਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਅਜਿਹੇ ਮਾਹੌਲ ਵਿੱਚ ਦੀਪਕ ਜੈਤੋਈ ਨੇ ਪੰਜਾਬੀ ਵਿੱਚ ਗ਼ਜ਼ਲ ਰਚਨਾ ਦੇ ਕਾਰਜ ਨੂੰ ਇੱਕ ਚੁਣੌਤੀ ਵਜੋਂ ਕਬੂਲ ਕੀਤਾ। ਉਨ੍ਹਾਂ ਦੀ ਲਗਨ, ਮਿਹਨਤ, ਦ੍ਰਿੜਤਾ ਅਤੇ ਅਥਾਹ ਘਾਲਣਾ ਸਦਕਾ ਹੀ ਪੰਜਾਬੀ ਗ਼ਜ਼ਲ ਆਖ਼ਰ ਸਟੇਜਾਂ ਦੀ ਰਾਣੀ ਅਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੀ। ਉਨ੍ਹਾਂ ਦੇ ਸਮਕਾਲੀ ਉਸਤਾਦ ਸ਼ਾਇਰ ਡਾ. ਸਾਧੂ ਸਿੰਘ ਹਮਦਰਦ, ਪ੍ਰਿੰ. ਤਖਤ ਸਿੰਘ ਅਤੇ ਠਾਕੁਰ ਭਾਰਤੀ ਨਾਲੋਂ ਉਨ੍ਹਾਂ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਗ਼ਜ਼ਲ ਦੇ ਪਸਾਰ ਲਈ ਬਕਾਇਦਾ ਤੌਰ ‘ਤੇ ਦੀਪਕ ਗ਼ਜ਼ਲ ਸਕੂਲ ਦੀ ਸਥਾਪਨਾ ਕੀਤੀ ਅਤੇ ਇਸ ਸੰਸਥਾ ਨੂੰ ਪੂਰਨ ਤੌਰ ‘ਤੇ ਸਮਰਪਿਤ ਹੁੰਦਿਆਂ ਉਹ ਰੋਜ਼ਾਨਾ ਕਈ-ਕਈ ਘੰਟੇ ਸਿਖਾਂਦਰੂ ਅਤੇ ਪੁੰਗਰਦੇ ਸ਼ਾਇਰਾਂ ਨੂੰ ਗ਼ਜ਼ਲ ਦੀ ਸੂਖਮਤਾ, ਰੂਪਕ ਪੱਖ, ਜ਼ੁਬਾਨ ਦੀ ਸੁਹਜਤਾ, ਕਵਿਤਾ ਵਿਚਲੀ ਸੰਗੀਤਾਮਕਤਾ ਅਤੇ ਭਾਸ਼ਾ ਦਾ ਗਿਆਨ ਵੰਡਣ ਲਈ ਲਗਾਉਂਦੇ ਰਹੇ। ਉਸਤਾਦ ਦੀਪਕ ਜੈਤੋਈ ਉੱਚ ਕੋਟੀ ਦੇ ਗੀਤਕਾਰ ਵੀ ਸਨ। ਉਨ੍ਹਾਂ ਦੇ ਅਨੇਕਾਂ ਗੀਤ ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿੱਚ ਰਿਕਾਰਡ ਹੋਏ ਜਿਨ੍ਹਾਂ ‘ਚੋਂ ਕਈ ਗੀਤਾਂ ਨੇ ਲੋਕ ਗੀਤਾਂ ਦਾ ਦਰਜਾ ਵੀ ਹਾਸਲ ਕੀਤਾ। ਉਨ੍ਹਾਂ ਧਾਰਮਿਕ ਗੀਤਾਂ ਦੀ ਰਚਨਾ ਵੀ ਕੀਤੀ ਜਿਨ੍ਹਾਂ ਵਿੱਚ ‘ਸਾਕਾ ਚਾਂਦਨੀ ਚੌਕ’ ਅਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ (ਦੋਵੇਂ ਐਲ.ਪੀ.) ਐਚ.ਐਮ.ਵੀ. ਵਿੱਚ ਰਿਕਾਰਡ ਹੋਏ। ਪੰਜਾਬੀ ਗ਼ਜ਼ਲ ਨੂੰ ਮਕਬੂਲੀਅਤ ਦਿਵਾਉਣ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਦੀਆਂ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ‘ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ), ‘ਗ਼ਜ਼ਲ ਦੀ ਖੁਸ਼ਬੂ’, ‘ਗ਼ਜ਼ਲ ਦੀ ਅਦਾ’, ‘ਦੀਪਕ ਦੀ ਲੋਅ’, ‘ਮੇਰੀਆਂ ਚੋਣਵੀਆਂ ਗ਼ਜ਼ਲਾਂ’, ‘ਗ਼ਜ਼ਲ ਦਾ ਬਾਂਕਪਨ’, ‘ਆਹ ਲੈ ਮਾਏ ਸਾਂਭ ਕੁੰਜੀਆਂ’, ‘ਗ਼ਜ਼ਲ ਕੀ ਹੈ’, ‘ਮਾਡਰਨ ਗ਼ਜ਼ਲ ਸੰਗ੍ਰਹਿ’, ‘ਭਰਥਰੀ ਹਰੀ’ (ਕਾਵਿ ਨਾਟ), ‘ਭੁਲੇਖਾ ਪੈ ਗਿਆ’ (ਕਹਾਣੀ ਸੰਗ੍ਰਹਿ), ‘ਸਮਾਂ ਜ਼ਰੂਰ ਆਵੇਗਾ’ (ਨਾਟਕ ਸੰਗ੍ਰਹਿ) ਅਤੇ  ਸੰਸਕਿਤ ਤੋਂ ਅਨੁਵਾਦਿਤ ‘ਸਿਕੰਦ ਗੁਪਤ’ ਜ਼ਿਕਰਯੋਗ ਹਨ। ਪੰਜਾਬੀ ਵਿੱਚ ਪਹਿਲਾ ਦੀਵਾਨ ‘ਦੀਵਾਨੇ-ਦੀਪਕ’ ਲਿਖਣ ਦਾ ਫ਼ਖਰ ਵੀ ਉਨ੍ਹਾਂ ਦੇ ਹਿੱਸੇ ਹੀ ਆਇਆ ਹੈ।
ਪੰਜਾਬੀ ਜ਼ੁਬਾਨ ਅਤੇ ਗ਼ਜ਼ਲ ਪ੍ਰਤੀ ਆਪਣੀ ਸਮੁੱਚੀ ਜ਼ਿੰਦਗੀ ਅਰਪਿਤ ਕਰਨ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਬੇਸ਼ੱਕ ਸਰਕਾਰੀ ਦਰਬਾਰੋਂ ਖ਼ਾਸ ਮਾਣ-ਸਨਮਾਨ ਨਹੀਂ ਮਿਲਿਆ ਪਰ ਪੰਜਾਬ ਅਤੇ ਹਰਿਆਣਾ ਦੀ ਸ਼ਾਇਦ ਕੋਈ ਵੀ ਅਜਿਹੀ ਵੱਡੀ ਸਾਹਿਤਕ ਸੰਸਥਾ ਨਹੀਂ ਜਿਸ ਨੇ ਗ਼ਜ਼ਲ ਦੇ ਇਸ ਬਾਬਾ ਬੋਹੜ ਨੂੰ ਬਣਦਾ ਸਨਮਾਨ ਦੇ ਕੇ ਆਪਣੇ ਫ਼ਰਜ਼ ਦੀ ਪੂਰਤੀ ਨਾ ਕੀਤੀ ਹੋਵੇ। ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ-ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ। ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਪ੍ਰਦਾਨ ਕਰਨ ਵਾਲੇ ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ   ਜ਼ਿੰਦਗੀ ਫੱਕਰਾਂ ਵਾਂਗ ਬਿਤਾਈ। ਤੰਗੀਆਂ-ਤੁਰਸ਼ੀਆਂ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਕੇ ਰਹੀਆਂ। ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੋ ਮਕਬੂਲੀਅਤ, ਸ਼ੁਹਰਤ ਅਤੇ ਸਨਮਾਨ ਦਰਵੇਸ਼ ਸ਼ਾਇਰ ਦੀਪਕ ਜੈਤੋਈ ਨੂੰ ਮਿਲਿਆ, ਉਹ ਸ਼ਾਇਦ ਹੀ ਕਿਸੇ ਪੰਜਾਬੀ ਸ਼ਾਇਰ ਦੇ ਹਿੱਸੇ ਆਇਆ ਹੋਵੇ। 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦਾ ਇਹ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ।

-ਹਰਦਮ ਸਿੰਘ ਮਾਨ
* ਸੰਪਰਕ: 001-778-552-1091

11 Feb 2013

Reply