Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੂਜੇ ਦੇ ਮੋਢੇ---ਰਾਜਿੰਦਰ ਕੌਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਦੂਜੇ ਦੇ ਮੋਢੇ---ਰਾਜਿੰਦਰ ਕੌਰ
ਮੋਹਨ ਹਾਲੇ ਦਫਤਰ ਤੋਂ ਘਰ ਆ ਕੇ ਬੈਠਾ ਹੀ ਸੀ ਕਿ ਗੰਡਾ ਸਿੰਘ ਆ ਗਿਆ---

“ਆ ਬਈ ਗੰਡਾ ਸਿੰਘ, ਕੀ ਹਾਲ ਚਾਲ ਹੈ, ਅਜ ਬੜੇ ਦਿਨਾਂ ਬਾਅਦ ਦਰਸਨ ਦਿਤੇ ਨੀ?”

ਉਹ ਨਿੰਮਾ ਨਿੰਮਾ ਮੁਸਕਰਾਂਦਾ, ਖਿਸਿਆਉਂਦਾ ਜਿਹਾ ਹੋਠਾਂ ਵਿਚ ਹੀ ਕੁਝ ਬੋਲਿਆ

“ਨੌਕਰੀ ਸਹੀ ਚਲ ਰਹੀ ਏ ਨਾ?”

ਉਹਨੇ ਨਾਂਹ ਵਿਚ ਸਿਰ ਹਿਲਾ ਦਿਤਾ।

ਕਿਊਂ ਕੀ ਹੋ ਗਿਆ?” ਮੋਹਨ ਨੇ ਹੈਰਾਨੀ ਨਾਲ ਪੁਛਿਆ।

ਸਾਹਿਬ ਨੇ ਨੌਕਰੀ ਤੋਂ ਕੱਢ ਦਿਤਾ”।

ਤੈਥੋਂ ਕੋਈ ਗਲਤੀ ਹੋ ਗਈ?”

ਉਸ ਨਾਂਹ ਵਿਚ ਸਿਰ ਹਿਲਾਇਆ।

ਤਿੰਨ ਕੁ ਮਹੀਨੇ ਪਹਿਲਾਂ ਹੀ ਮੋਹਨ ਨੇ ਆਪਣੇ ਦੋਸਤ ਰਾਮਪਾਲ ਨੂੰ ਕਹਿ ਕੇ ਗੰਡਾ ਸਿੰਘ ਨੂੰ ਇਕ ਕੰਪਨੀ ਵਿਚ ਡਰਾਈਵਰ ਦੀ ਨੌਕਰੀ ਲਗਵਾਈ ਸੀ। ਤਨਖਾਹ ਚੰਗੀ ਸੀ, ਪਤਾ ਨਹੀਂ ਉਹ ਹੁਣ ਲਪੜਾ ਪਾ ਆਇਆ ਸੀ।

ਕੀ ਚੱਕਰ ਪੈ ਗਿਆ?” ਮੋਹਨ ਨੇ ਆਪਣੀ ਝੂੰਝਲਾਹਟ ਛਿਪਾਂਦੇ ਹੋਏ ਪੁਛਿਆ।

ਪਤਲੂਨ ਦਾ ਚੱਕਰ ਪੈ ਗਿਆ, ਭਾਜੀ। ਉਹ ਮੋਹਨ ਦੇ ਪਿੰਡ ਦਾ ਹੋਣ ਕਰਕੇ ਮੋਹਨ ਨੂੰ ਭਾ ਜੀ ਕਹਿ ਕੇ ਹੀ ਸਦਦਾ ਸੀ।

ਮੋਹਨ ਨੇ ਵੇਖਿਆ ਕਿ ਉਸ ਹਲਕੇ ਹਰੇ ਰੰਗ ਦਾ ਪਜਾਮਾ ਕੁੜਤਾ ਪਾਇਆ ਹੋਇਆ ਸੀ ਤੇ ਉਸੇ ਰੰਗ ਦੀ ਪੱਗ ਬੰਨੀ ਹੋਈ ਸੀ। ਉਹ ਇਹੋ ਜਿਹੇ ਕੱਪੜੇ ਹੀ ਪਾਂਦਾ ਸੀ। ਕਦੀ ਸਾਰੇ ਗੁਲਾਬੀ, ਕਦੀ ਨੀਲੇ, ਕਦੀ ਬਾਦਾਮੀ।

ਪਤਲੂਣ ਪਾਣ ਵਿਚ ਕੀ ਹਰਜ਼ ਹੈ, ਗੰਡਾ ਸਿੰਘ, ਹਰ ਆਦਮੀ ਪਾਈ ਫਿਰਦਾ ਹੈ। ਫਿਰ ਤੂੰ ਤਾਂ ਜਵਾਨ ਗੱਭਰੂ ਹੈ। ਉਹਦੇ ਵਿਚ ਜ਼ਿਆਦਾ ਚੁਸਤ ਲਗੇਗਾ। ਹਦ ਹੋ ਗਈ, ਪਤਲੂਨ ਪਿਛੇ ਨੌਕਰੀ ਛਡ ਆਇਐ”। ਮੋਹਨ ਖਿਝ ਕੇ ਬੋਲਿਆ।

“ਭਾ ਜੀ, ਪਤਲੂਨ ਤਾਂ ਮੈਂ ਬਣਾ ਲਈ ਸੀ। ਪਰ ਫਿਰ ਉਹ ਕਹਿੰਦੇ, ਖਾਕੀ ਵਰਦੀ ਪਾ। ਉਹ ਵਰਦੀ ਵੁਰਦੀ ਆਪਾਂ ਕੋਲੋਂ ਨਹੀਂ ਪਾ ਹੁੰਦੀ। ਇਹ ਕੁਰਤਾ ਪਜਾਮਾ, ਆਪਣਾ ਖੁਲ੍ਹਾ ਡੁਲ੍ਹਾ, ਇਹਦੇ ਵਿਚ ਕੀ ਹਰਜ ਹੈ ਭਲਾ। ਕਾਰ ਤਾਂ ਮੈਂ ਚਲਾਣੀ ਐ ਜਾਂ ਕਿ ਪਤਲੂਨ ਜਾਂ ਖਾਕੀ ਵਰਦੀ ਨੇ”।

ਮੋਹਨ ਨੂੰ ਉਹਦੇ ਝਲਪੁਣੇ ਤੇ ਗੁਸਾ ਆ ਰਿਹਾ ਸੀ।

“ਇਕ ਦਿਨ ਰਾਮਪਾਲ ਮਿਲਿਆ ਸੀ। ਉਸ ਦਸਿਆ ਸੀ ਕਿ ਤੂੰ ਸਾਹਿਬ ਨਾਲ ਬੜਾ ਆਕੜ ਕੇ ਪੇਸ ਆਉਣਾ ਏਂ। ਸਿਰ ਤਣ ਕੇ ਰਖਨੈਂ। ਕੀ ਇਹ ਸਹੀ ਏ?”

ਆਕੜ ਕਾਹਦੀ ਭਾ ਜੀ ਉਹ ਕਹਿਣ ਲਗਾ ਕਿ ਅਸੀਂ ਉਨ੍ਹਾਂ ਦੇ ਬੂਟਾਂ ਦੇ ਤਲੇ ਚਟੀਏ, ਇਹ ਸਾਥੋਂ ਨਹੀਂ ਹੁੰਦਾ। ਆਕੜਦੇ ਤਾਂ ਉਹ ਨੇ, ਸਾਡੇ ਗਰੀਬਾਂ ਨਾਲ।

ਸ਼ਾਹਿਬ ਤਾਂ ਆਪਣੇ ਆਪ ਨੂੰ ਪਤਾ ਨਹੀਂ ਕਿਤੋਂ ਦਾ ਖੁਦਾ ਸਮਝਦੇ। ਡਰਾਈਵਰੀ ਵਿਚ ਉਨ੍ਹਾਂ ਨੂੰ ਕੋਈ ਸਿਕਾਇਤ ਹੋਵੇ ਤਾਂ ਦਸਣ”।

ਫਿਰ ਤੂੰ ਨੌਕਰੀ ਕਰ ਚੁੱਕਾ, ਗੰਡਾ ਸਿੰਘ। ਨੌਕਰੀ ਵਿਚ ਇਹ ਸਭ ਤਾਂ ਕਰਨਾ ਹੀ ਪੈਂਦਾ ਹੈ। ਛੋਟਾ ਅਫਸਰ ਵਡੇ ਅੱਗੇ ਝੁਕਦਾ ਹੈ, ਵਡਾ ਆਪਣੇ ਤੋਂ ਵਡੇ ਅਗੇ ਤੇ ਉਹ ਅਗੋਂ…।

ਇਹ ਸਿਲਸਿਲਾ ਤਾਂ ਚਲਦਾ ਰਹਿੰਦਾ ਏ”।

ਮੈਨੂੰ ਉਨਹਾਂ ਕਿਹੜੀ ਅਫਸਰੀ ਦੇ ਦੇਣੀ ਏ…”।

ਆਪਣੇ ਆਪ ਨੂੰ ਅਫਸਰੀ ਦੇ ਕਾਬਲ ਤਾਂ ਬਣਾ”।

ਆਪਾਂ ਤਾਂ ਡਰਾਈਵਰੀ ਦੇ ਕਾਬਲ ਹਾਂ। ਉਹਦੀ ਉਨ੍ਹਾਂ ਕਦਰ ਨਹੀਂ ਪਾਈ”।

ਮੋਹਨ ਉਹਦੀਆਂ ਗੱਲਾਂ ਸੁਣ ਸੁਣ ਝੁੰਝਲਾ ਰਿਹਾ ਸੀ। ਪਿਛਲੀ ਵਾਰ ਮੋਹਨ ਪਿੰਡ ਗਿਆ ਸੀ ਤਾਂ ਉਹਦੇ ਬਾਪੂ ਨੇ ਪੱਕੀ ਕੀਤੀ ਸੀ ਕਿ ਕਿਸੇ ਤਰ੍ਹਾਂ ਗੰਡਾ ਸਿੰਘ ਨੂੰ ਕੋਈ ਚੰਗੀ ਨੌਕਰੀ ਦਿਲਵਾ ਦੇਵੇ। ਗੰਡਾ ਸਿੰਘ ਦਾ ਅਤੇ ਬਾਪੂ ਮੋਹਨ ਦਾ ਬਾਪੂ ਪਕੇ ਦੋਸਤ ਸਨ। ਦਸਵੀਂ ਪਾਸ ਕਰਕੇ ਗੰਡਾ ਸਿੰਘ ਨੇ ਡਰਾਈਵਰੀ ਕਰ ਲਈ ਸੀ। ਪਹਿਲਾਂ ਕਿਸੇ ਦੀ ਟੈਕਸੀ ਚਲਾਂਦਾ ਰਿਹਾ। ਇਕ ਦਿਨ ੳਚਾਨਕ ਹੀ ਟੈਕਸੀ ਮਾਲਕ ਨਾਲ ਲੜ ਕੇ ਉਹ ਕੰਮ ਛਡ ਪਿੰਡ ਆ ਗਿਆ। ਫਿਰ ਇਕ ਵਿਉਪਾਰੀ ਦੀ ਕਾਰ ਚਲਾਣ ਲਗ ਪਿਆ। ਪਰ ਕੁਝ ਦਿਨ ਬਾਅਦ ਹੀ ਉਹਦੇ ਨਾਲ ਵੀ ਝੜ੍ਹਪ ਹੋ ਗਈ।

ਮੈਂ ਰਾਮਪਾਲ ਨਾਲ ਗੱਲ ਕਰਾਂਗਾ ਕਿ ਉਹ ਤੈਨੂੰ ਫਿਰ ਉਸੇ ਨੌਕਰੀ ਤੇ ਬਹਾਲ ਕਰਵਾ ਦੇਵੇ। ਤੂੰ ਵੀ ਵਰਦੀ ਲਈ ਮੰਨ ਜਾ। ਵਰਦੀ ਵਿਚ ਤੂੰ ਜ਼ਿਆਦਾ ਫਬੇਗਾ”।

ਮੋਹਨ ਨੇ ਉਹਦੇ ਗੋਰੇ ਗੁਲਾਬੀ ਭਾਅ ਮਾਰਦੇ ਭੋਲੇ ਭਾਲੇ ਚਿਹਰੇ ਵਲ ਤਕਿਆ। ਪਤਲੀਆਂ ਜਿਹੀਆਂ ਮੁਛਾਂ ਉਹਦੇ ਚਿਰੇ ਤੇ ਬਹੁਤ ਜਚ ਰਹੀਆਂ ਸਨ।

ਉਥੇ ਤਾਂ ਕੁਝ ਨਹੀਂ ਹੋਣਾ, ਹੁਣ। ਕਿਧਰੇ ਹੋਰ ਹੀ ਕੋਸ਼ਿਸ਼ ਕਰਨੀ ਪਊ”। ਸਿੰਘ ਦਬੀ ਘੁਟੀ ਜਿਹੀ ਆਵਾਜ਼ ਵਿਚ ਬੋਲਿਆ।

ਮੋਹਨ ਨੇ ਗੁਸੇ ਨਾਲ ਦੜ੍ਹ ਵਟ ਲਈ ਜਿਵੇਂ ਉਹਦੇ ਕੋਲ ਟੋਕਰੀ ਭਰ ਨੌਕਰੀਆਂ ਪਈਆਂ ਸਨ ਜਿਨ੍ਹਾਂ ਵਿਚੋਂ ਥਾਲੀ ਵਿਚ ਪਰੋਸ ਕੇ ਇਕ ਹੋਰ ਉਹਦੇ ਅਗੇ ਧਰ ਦੇਣਾ ਬੜਾ ਸੁਖਾਲਾਂ ਕੰਮ ਸੀ।

ਮੈਨੂੰ ਤਾਂ ਇੰਝ ਲਗਦੈ ਕਿ ਗੱਲ ਸਿਰਫ ਵਰਦੀ ਦੀ ਨਹੀਂ, ਕੁਝ ਹੋਰ ਹੈ। ਸਾਫ ਸਾਫ ਦਸ ਦੇ। ਤੈਥੋਂ ਕੋਈ ਗਲਤੀ ਤਾਂ ਨਹੀਂ ਹੋ ਗਈ?”

ਊਂ ਜਾਣ ਬੁਝ ਕੇ ਤਾਂ ਆਪਾਂ ਕੁਝ ਨਹੀਂ ਕੀਤਾ, ਭਾ ਜੀ। ਪਰ ਪਿਛਲੇ ਮਹੀਨੇ ਇਕ ਘਟਨਾ ਹੋਈ ਜ਼ਰੂਰ ਸੀ। ਤਦ ਤੋਂ ਸਾਹਿਬ ਮੇਰੇ ਤੇ ਚਿੜ੍ਹੇ ਹੋਏ ਨੇ”।

ਕੀ ਘਟਨਾ?” ਮੋਹਨ ਨੇ ਉਤਸੁਕਤਾ ਨਾਲ ਪੁਛਿਆ।

ਹੋਇਆ ਇੰਜ ਬਈ ਸਾਹਿਬ ਨੇ ਕਿਸੇ ਜਗ੍ਹਾ ਜਾਣਾ ਸੀ। ਸਰਵੇ ਤੇ। ਜੀਪ ਦਾ ਡਰਾਈਵਰ ਹਰੀ ਕ੍ਰਿਸ਼ਨ, ਇਕ ਚਪੜਾਸੀ, ਸਾਹਿਬ ਦਾ ਇਕ ਸਾਥੀ ਤੇ ਮੈਂ ਨਾਲ ਗਏ। ਰਾਤ ਵੇਲੇ ਇਕ ਰੇਸਟ ਹਾਊਸ ਠਹਿਰਨਾ ਸੀ। ਰੈਸਟ ਹਾਊਸ ਵਲ ਜਾ ਰਹੇ ਸਾਂ ਤਾਂ ਰਾਹ ਵਿਚ ਇਕ ਨਾਲਾ ਸੀ। ਊ ਤਾਂ ਉਹਦੇ ਵਿਚ ਸਾਧਾਰਨ ਪਾਣੀ ਹੁੰਦੇ ਪਰ ਉਦੋਂ ਮੀਂਹ ਕਰਕੇ ਪਾਣੀ ਬਹੁਤ ਚੜ੍ਹਿਆ ਹੋਇਆ ਸੀ। ਛੋਟੀ ਜਿਹੀ ਪੁਲੀ ਵੀ ਕਿਤੇ ਪਾਣੀ ਵਿਚ ਡੁੱਬੀ ਹੋਈ ਸੀ। ਸਾਹਿਬ ਬੋਲੇ, ਜੀਪ ਇਥੇ ਹੀ ਛੱਡ ਕੇ ਨਾਲਾ ਪਾਰ ਕਰ ਲੈਨੇ ਆਂ”। ਸਭ ਤੋਂ ਪਹਿਲਾਂ ਚਪੜਾਸੀ ਪਾਣੀ ਵਿਚ ਉਤਰਿਆ। ਪਾਣੀ ਵਖੀ ਤੋਂ ਉਤੇ ਸੀ। ਚਪੜਾਸੀ ਤਾਂ ਕਾਫੀ ਲੰਬਾ ਉਚਾ ਏ। ਸਾਹਿਬ ਤਾਂ ਤੁਹਾਨੂੰ ਪਤਾ ਹੀ ਹੈ, ਛੋਟੇ ਠਿਗਣੇ ਕਦ ਦਾ ਏ। ਸਾਹਿਬ ਦਾ ਤਾਂ ਰੰਗ ਹੀ ਉਡ ਗਿਆ, ਉਹ ਬੋਲਿਆ, ਮੈਂ ਤਾਂ ਤੈਰ ਨਹੀਂ ਸਕਦਾ। ਪਾਣੀ ਤਾਂ ਮੇਰੇ ਮੋਢਿਆਂ ਤਕ ਆਵੇਗਾ”।

ਉਤੋਂ ਸ਼ਾਮ ਦਾ ਅੰਨ੍ਹੇਰਾ ਵਧ ਰਿਹਾ ਸੀ। ਚਾਰੇ ਪਾਸੇ ਚੁਪ ਚਾਂ, ਸੁੰਨ ਸਾਨ, ਆਸਮਾਨ ਤੇ ਕਾਲੇ ਬੱਦਲ। ਸਾਹਿਬ ਬੋਲੇ, ਗੰਡਾ ਸਿੰਘ ਤੂੰ ਆਪੇ ਮੋਢਿਆਂ ਤੇ ਬਿਠਾ ਕੇ ਮੈਨੂੰ ਪਾਰ ਲੰਘਾ ਦੇ। ਤੂੰ ਤਾਂ ਚੰਗਾ ਤਕੜਾ ਗੱਭਰੂ ਜਵਾਨ ਏ। ਸਾਹਿਬ ਦੇ ਸਾਥੀ ਨੇ ਵੀ ਹਾਂ ਵਿਚ ਹਾਂ ਮਿਲਾ ਦਿਤੀ। ਸਾਹਿਬ ਨੂੰ ਮੈਂ ਮੋਢਿਆਂ ਤੇ ਬਿਠਾ ਲਿਆ। ਸਾਹਿਬ ਦਾ ਭਾਰ ਤਾਂ ਕੁਝ ਨਹੀਂ ਸੀ ਪਰ ਪਾਣੀ ਦੇ ਤੇਜ਼ ਵਹਾ ਵਿਚ ਪਤਾ ਨਹੀਂ ਕਿਵੇ ਮੇਰਾ ਪੈਰ ਫਿਸਲ ਗਿਆ ਤੇ ਸਾਹਿਬ ਧੜ੍ਹਮ ਪਾਣੀ ਵਿਚ ਡਿਗ ਪਿਆ। ਉਹ ਲਗਾ ਗੋਤੇ ਖਾਣ। ਹਰੀ ਕ੍ਰਿਸ਼ਨ ਨੇ, ਚਪੜਾਸੀ ਨੇ ਅਤੇ ਮੈਂ ਮਿਲ ਕੇ ਬਹੁਤ ਔਖੇ ਹੋ ਕੇ ਉਹਨੂੰ ਬਾਹਰ ਕਢਿਆ ਤੇ ਰੈਸਟ ਹਾਊਸ ਪਹੁੰਚਾਇਆ…। ਬਸ ਭਾ ਜੀ ਉਦੋਂ ਤੋਂ ਹੀ ਉਹ ਮੇਰੇ ਨਾਲ ਨਰਾਜ਼ ਚਲ ਰਿਹੈ। ਗਲ ਗਲ ਤੇ ਮੇਰੇ ਨਾਲ ਖਿਝਣਾ…ਤੇ ਫਿਰ ਅਚਾਨਕ ਨੋਟਿਸ ਨੌਕਰੀ ਤੋਂ ਕਢਣ ਦਾ…। ਇਹ ਗਲ ਸੁਣ ਕੇ ਮੋਹਨ ਨੂੰ ਵੀ ਬੜਾ ਗੁੱਸਾ ਆਇਆ। ਇਕ ਤਾਂ ਉਹਨੇ ਸਾਹਿਬ ਨੂੰ ਆਪਣੇ ਮੋਢਿਆਂ ਤੇ ਬਿਠਾਇਆ, ਫਿਰ ਪਾਣੀ ਤੋਂ ਬਾਹਰ ਕਢਿਆ, ਉਹਦੀ ਸੇਵਾ ਕੀਤੀ ਤੇ ਫਲ ਕੀ ਮਿਲਿਆ, ਵਿਚਾਰੇ ਨੂੰ। ਇਹ ਅਫਸਰ ਲੋਕ ਹਮੇਸ਼ਾ ਆਪਣੇ ਤੋਂ ਥਲੇ ਕੰਮ ਕਰਦੇ ਲੋਕਾਂ ਦੇ ਮੋਢਿਆਂ ਤੇ ਸਵਾਰ ਰਹਿੰਦੇ ਨੇ।

ਉਹਨੇ ਗੰਡਾ ਸਿੰਘ ਨੂੰ ਦੂਜੇ ਦਿਨ ਆਉਣ ਲਈ ਕਹਿ ਦਿਤਾ।

ਦੂਜੇ ਦਿਨ ਦਫਤਰ ਜਾ ਕੇ ਮੋਹਨ ਨੇ ਰਾਮਪਾਲ ਨੂੰ ਫੋਨ ਕੀਤਾ…”ਬਈ ਤੇਰਾ ਸਾਹਿਬ ਅਜੀਬ ਹੈ। ਉਸ ਗੰਡਾ ਸਿੰਘ ਨੂੰ ਐਵੇਂ ਨੌਕਰੀ ਤੋਂ ਕਢ ਦਿਤਾ।

ਐਵੇਂ ਹੀ ਨੌਕਰੀ ਤੋਂ ਨਹੀਂ ਕਢਿਆ, ਮੋਹਨ। ਉਹ ਬੜਾ ਬਦਮਾਸ਼ ਹੈ”।

ਕਿਉਂ, ਉਹਨੇ ਕੀ ਬਦਮਾਸ਼ੀ ਕੀਤੀ। ਇਕ ਤਾਂ ਤੇਰੇ ਸਾਹਿਬ ਨੂੰ ਡੁਬਣ ਤੋਂ ਬਚਾਇਆ…”।

ਬਚਾਇਆ ਨਹੀਂ ਡੁਬੋਇਆ। ਉਹ ਬਦਮਾਸ਼ ਤਾਂ ਉਹਨੂੰ ਪਾਣੀ ਵਿਚ ਡੁਬਾ ਰਿਹਾ ਸੀ। ਉਹਨੇ ਜੀਪ ਦੇ ਡਰਾਈਵਰ ਨਾਲ ਮਿਲ ਕੇ ਚਾਲ ਚਲੀ ਸੀ। ਪਾਣੀ ਦੇ ਵਿਚਕਾਰ ਪਹੁੰਚ ਕੇ ਪੈਰ ਫਿਸਲਣ ਦਾ ਢੋਂਗ ਰਚਿਆ ਸੀ। ਦੋ ਚਾਰ ਡੁਬਕੀਆਂ ਲਗਵਾ ਕੇ ਸਾਹਿਬ ਨੂੰ ਬਾਹਰ ਕਢਿਆ ਸੀ”।

ਤੈਨੂੰ ਕਿਹਨੇ ਦਸਿਆ”।

ਹਰੀ ਕ੍ਰਿਸ਼ਨ, ਜੀਪ ਦੇ ਡਰਾਈਵਰ ਨੇ। ਮੋਹਨ, ਹੁਣ ਤੂੰ ਗੰਡਾ ਸਿੰਘ ਨੂੰ ਮੇਰੇ ਕੋਲ ਨਾ ਭੇਜੀ। ਸਾਹਿਬ ਪਹਿਲਾਂ ਹੀ ਮੇਰੇ ਨਾਲ ਨਰਾਜ਼ ਏ ਕਿ ਤੂੰ ਕਿਹੋ ਜਿਹੇ ਆਦਮੀਆਂ ਦੀ ਸਿਫਾਰਸ਼ ਲੈ ਆਉਨੇ। ਮੋਹਨ ਤੂੰ ਵੀ ਇਹੋ ਜਿਹੇ ਬਦਮਾਸ਼ਾਂ ਨੂੰ ਮੂੰਹ ਕਿਉਂ ਲਗਾਨਾ ਏਂ”। ਇਹ ਕਹਿ ਕੇ ਰਾਮਪਾਲ ਨੇ ਫੋਨ ਰਖ ਦਿਤਾ।

ਦੂਜੇ ਦਿਨ ਜਦੋਂ ਗੰਡਾ ਸਿੰਘ ਆਇਆ ਤਾਂ ਮੋਹਨ ਪਹਿਲਾਂ ਹੀ ਗੁਸੇ ਨਾਲ ਭਰਿਆ ਪੀਤਾ ਸੀ।

ਗੰਡਾ ਸਿੰਹਾਂ, ਤੂੰ ਮੈਨੂੰ ਸਾਰੀ ਗਲ ਸਚ ਸਚ ਨਹੀਂ ਦਸੀ…’ ਮੋਹਨ ਨੇ ਆਪਣੀ ਗਲ ਨੂੰ ਕਾਫੀ ਸ਼ਾਂਤ ਲਹਿਜੇ ਵਿਚ ਕਹਿਣ ਦੀ ਕੋਸ਼ਿਸ਼ ਕੀਤੀ।

ਗੰਡਾ ਸਿੰਘ ਸਿਰ ਥੱਲੇ ਸੁੱਟੀ ਚੁਪ ਚਾਪ ਬੈਠਾ ਆਪਣੇ ਪੈਰਾਂ ਵਲ ਤਕਦਾ ਰਿਹਾ।

ਹੁਣ ਗੂੰਡਾ ਹੋ ਗਿਆ?” ਮੋਹਨ ਦੀ ਆਵਾਜ਼ ਵਿਚ ਤਲਖੀ ਸੀ।

ਭਾਜੀ ਤੁਸਾਂ ਮੇਰੀ ਗਲ ਸੁਣੀ ਨਹੀਂ…” ਦਬੀ ਆਵਾਜ਼ ਵਿਚ ਗੰਡਾ ਸਿੰਘ ਬੋਲਿਆ।

ਮੈਂ ਨਹੀਂ ਸੁਣੀ ਜਾਂ ਤੂੰ ਨਹੀਂ ਦਸੀ?”

ਭਾ ਜੀ, ਗਲ ਉ ਹੋਈ ਕਿ ਨਾਲਾ ਪਾਰ ਕਰਨ ਲਈ ਸਭ ਤਿਆਰ ਹੋ ਗਏ ਸਨ ਤਾਂ ਜੀਪ ਦਾ ਡਰਾਈਵਰ ਹਰੀ ਕ੍ਰਿਸ਼ਨ ਮੈਨੂੰ ਪਰਾਂ ਲੈ ਗਿਆ ਤੇ ਬੋਲਿਆ

ਅਜ ਮੌਕਾ ਈ, ਬਦਲਾ ਲੇਣ ਦਾ, ਨਾਲੇ ਦੇ ਵਿਚਕਾਰ ਪਟਕ ਦਵੀ ਸੂ॥ ਸਾਹਿਬ ਲੋਕ ਹਮੇਸ਼ਾ ਹੀ ਗਰੀਬਾਂ ਦੇ ਮੋਢਿਆਂ ਤੇ ਸਵਾਰ ਰਹਿੰਦੇ ਨੇ। ਜੇ ਬਚੂ ਤੂੰ ਇਹ ਕ੍ਰਿਸ਼ਮਾ ਕਰ ਵਿਖਾਇਆ ਤਾਂ ਮੈਂ ਆਪਣੀ ਮੁਛ ਕਟਵਾਂ ਦਿਆਂਗਾ”।

ਅਸੀਂ ਨਾਲੇ ਦੇ ਵਿਚਕਾਰ ਪਹੁੰਚੇ ਤਾਂ ਹੀਰ ਕ੍ਰਿਸ਼ਨ ਨੇ ਮੈਨੂੰ ਕੂਹਣੀ ਮਾਰੀ ਤੇ ਚੀਖ ਪਿਆ…ਉਹ ਪੈਰ ਫਿਸਲ ਗਿਆ ਤੇ ਥਲੋਂ ਦੀ ਉਸ ਮੇਰੀ ਲਤ ਨੂੰ ਅੜੰਗੀ ਦੇ ਦਿਤੀ। ਸਾਹਿਬ ਘੜੰਮ ਪਾਣੀ ਵਿਚ। ਲਗੇ ਗੋਤੇ ਖਾਣ। ਬੜੀ ਮੁਸ਼ਕਲ ਨਾਲ ਮੈਂ, ਹਰੀ ਕਿਸ਼ਨ ਤੇ ਕੁਝ ਹੋਰ ਲੋਕਾਂ ਨੇ ਸਾਹਿਬ ਨੂੰ ਬਾਹਰ ਕਢਿਆ। ਸਾਹਿਬ ਬਹੁਤ ਘਬਰਾ ਗਿਆ ਸੀ। ਰੈਸਟ ਹਾਊਸ ਜਾ ਕੇ ਹਰੀ ਕਿਸ਼ਨ ਨੇ ਸ਼ੋਰ ਪਾ ਦਿਤਾ।

ਸ਼ਾਹਿਬ ਗੰਡਾ ਸਿੰਘ ਦੀ ਬੁਰੀ ਹਾਲਤ ਹੈ”।

ਕਿਉਂ ਕੀ ਹੋਇਆ”?

ਉਹਦਾ ਪੈਰ ਫਿਸਲ ਗਿਆ ਸੀ ਨਾ, ਉਹਦੇ ਪੈਰ ਵਿਚ ਮੋਚ ਆ ਗਈ ਏ। ਵਿਚਾਰਾ ਪੀੜ ਨਾਲ ਕਰਾਹ ਰਿਹੈ”।

ਸਾਹਿਬ ਆਪ ਉਠ ਕੇ ਮੈਨੂੰ ਵੇਖਣ ਆਏ। ਗਰਮਾ ਗਰਮ ਕਾਫੀ ਭਿਜਵਾਈ। ਵਧੀਆ ਖਾਣ ਖਵਾਇਆ। ਸਹਿਰ ਆ ਕੇ ਮੈਨੂੰ ਦੋ ਤਿੰਨ ਦਿਨ ਦੀ ਛੁਟੀ ਮਿਲ ਗਈ, ਪੈਰ ਦੀ ਮੋਚ ਸਹੀ ਕਰਨ ਲਈ। ਪਰ ਭਾ ਜੀ ਇਕ ਗੜਬੜ ਹੋ ਗਈ ਕਿਸ਼ਨ ਜਦੋਂ ਦਫਤਰ ਵਿਚ ਮੁਛ ਕਟਵਾ ਕੇ ਆਇਆ ਤਾ ਸਭ ਨੇ ਕਾਰਨ ਪੁਛਿਆ। ਹਰੀ ਕਿਸ਼ਨ ਤੋਂ ਰਿਹਾ ਨਾ ਗਿਆ। ਉਹਨੇ ਇਕ ਚਪੜਾਸੀ ਨੂੰ ਸਾਰੀ ਗੱਲ ਦਸ ਦਿਤੀ। ਤੇ ਉਹਨੂੰ ਕਿਹਾ, ਇਹ ਗਲ ਅਗੋਂ ਕਿਸੇ ਨਾਲ ਨਾ ਕਰੇ। ਉਸ ਚਪੜਾਸੀ ਨੇ ਇਹ ਗਲ ਕਿਸੇ ਨੂੰ ਨਾ ਦਸਣ ਦੀ ਸੋਂਹ ਖਾ ਕੇ ਕਿਸੇ ਹੋਰ ਨੂੰ ਦੱਸ ਦਿਤੀ ਤੇ ਬਸ ਫਿਰ ਗਲ ਨੂੰ ਖੰਭ ਲਗ ਗਏ ਤੇ ਇਹ ਗਲ ਹੌਲੀ ਹੌਲੀ ਪਹੁੰਚ ਗਈ ਸਾਹਿਬ ਦੇ ਕੰਨਾਂ ਤਕ ਵੀ। ਹੁਣ ਸਾਹਿਬ ਇਹ ਚਾਰਜ ਲਗਾ ਕੇ ਤਾਂ ਕਢ ਨਹੀਂ ਸਨ ਸਕਦੇ ਕਿ ਉਹ ਮੇਰੇ ਮੋਢਿਆਂ ਤੇ ਚੜ੍ਹੇ ਤੇ ਮੈਂ ਉਹਨੂੰ ਪਾਣੀ ਵਿਚ ਵਗਾਹ ਮਾਰਿਆ। ਉਨ੍ਹਾਂ ਵਰਦੀ ਨਾ ਪਾਣ ਦਾ ਦੋਸ਼ ਲਾ ਕੇ ਮੈਨੂੰ ਕਢ ਦਿਤਾ। ਇਹ ਸਭ ਦਸਦੇ ਹੋਏ ਗੰਡਾ ਸਿੰਘ ਦੇ ਚਿਹਰੇ ਤੇ ਮਸਖਰੀ ਖੇਡ ਰਹੀ ਸੀ। ਅੱਖਾਂ ਵਿਚ ਸ਼ਰਾਰਤੀ ਹਾਸਾ ਸੀ। ਉਹਨੂੰ ਇਸ ਸਭ ਕੁਝ ਦਾ ਅਫਸੋਸ ਨਹੀਂ ਸੀ ਲਗਦਾ।

ਤੂੰ ਇਹ ਗੱਲ ਸਾਹਿਬ ਨੂੰ ਨਹੀਂ ਦਸੀ?”

ਸਾਹਿਬ ਮੇਰੀ ਗਲ ਹੀ ਨਹੀਂ ਸੁਨਣਾ ਚਾਹੂੰਦਾ”।

ਤੂੰ ਹਰੀ ਕਿਸ਼ਨ ਦੇ ਆਖੇ ਹੀ ਕਿਉਂ ਲਗਾ?”

ਹਰੀ ਕ੍ਰਿਸ਼ਨ ਬੜਾ ਬਦਮਾਸ ਏ, ਭਾ ਜੀ ਮੇਰੇ ਆਉਣ ਕਰਕੇ ਉਹਨੂੰ ਆਪਣੀ ਨੌਕਰੀ ਦਾ ਫਿਕਰ ਲਗ ਗਿਆ ਸੀ। ਉਹਨੇ ਆਪਣੀ ਨੌਕਰੀ ਪੱਕੀ ਕਰਨ ਲਈ ਮੇਰੇ ਮੋਢੇ ਤੇ ਚੜ ਕੇ ਬੰਦੂਕ ਚਲਾਈ ਤੇ ਮੇਰੇ ਹੀ ਮੋਢੇ ਜ਼ਖਮੀ ਕਰ ਦਿਤੇ। ਉਹ ਆਪਣੇ ਮੋਢੇ ਘੁਟਦੇ ਹੋਏ ਬੋਲ ਰਿਹਾ ਸੀ।

“ਭਾ ਜੀ, ਇਥੇ ਹਰ ਆਦਮੀ ਦੂਜੇ ਦੇ ਮੋਢਿਆਂ ਤੇ ਚੜ੍ਹਕੇ ਅਗੇ ਵਧਣਾ ਚਾਹੁੰਦਾ ਏ। ਇਹ ਕਿਉਂ?”

ਮੋਹਨ ਕੋਲ ਇਸਦਾ ਕੋਈ ਜੁਆਬ ਨਹੀਂ ਸੀ।
28 Jul 2009

Reply