ਵਗਦੇ ਹੋਏ ਦਰਿਆ ਵਰਗਾ ਹਾਂ
ਮੈਂ ਤਾਂ ਸ਼ੋਖ਼ ਹਵਾ ਵਰਗਾ ਹਾਂ।
ਬੋਲਣ ਜੋ ਬਾਰੂਦ ਚਬਾ ਕੇ
ਉਨ੍ਹਾਂ ਦੇ ਲਈ ਠਾਹ ਵਰਗਾ ਹਾਂ।
ਜੋ ਮੈਨੂੰ ਮਹਿਸੂਸ ਕਰੇਂਦੇ
ਕੋਮਲ-ਕੋਮਲ ਘਾਹ ਵਰਗਾ ਹਾਂ।
ਤੂੰ ਮੇਰੇ ਲਈ ਕੰਧ ਵਰਗਾ ਏਂ
ਮੈਂ ਤੇਰੇ ਲਈ ਰਾਹ ਵਰਗਾ ਹਾਂ।
ਜਾਣੇਂ ਜਾਂ ਨਾ ਜਾਣੇਂ ਬੇਸ਼ੱਕ
ਮੈਂ ਤੇਰੇ ਲਈ ਸਾਹ ਵਰਗਾ ਹਾਂ।
ਬੇਸ਼ੱਕ ਕੋੜੀ ਲੱਗਦੀ ਤੈਨੂੰ
ਮੈਂ ਤਾਂ ਯਾਰ ਦਵਾ ਵਰਗਾ ਹਾਂ।
ਜਿਉਂਦਾ ਰਹਿ ਪੁੱਤ, ਬਿਰਧ ਆਸ਼ਰਮ
ਵਿੱਚੋਂ ਨਿਕਲੀ ਦੁਆ ਵਰਗਾ ਹਾਂ।
ਸੀਨੇ ਲਾ ਲੈ ਤਰ ਜਾਵੇਂਗਾ
ਕਿਸ਼ਤੀ ਨਹੀਂ, ਮਲਾਹ ਵਰਗਾ ਹਾਂ।
ਦੁੱਧ ਵਰਗੇ ਨੇ ਦਰਸ਼ਣ ਸਾਡੇ
ਓਦਾਂ ਬੇਸ਼ੱਕ ਚਾਹ ਵਰਗਾ ਹਾਂ।
ਨਾ ਕੋਈ ਚਾਅ, ਉਮੰਗ ਨਾ ਸੁਪਨਾ
ਮੈਂ ਵਿਧਵਾ ਦੇ ਵਿਆਹ ਵਰਗਾ ਹਾਂ।
ਦੱਬ ਲੈ ਜੇ ਕਰ ਦੱਬਿਆ ਜਾਂਦਾ
ਮੈਂ ਅੱਲੜ੍ਹਾਂ ਦੇ ਚਾਅ ਵਰਗਾ ਹਾਂ।
ਗਜ਼ਲ-ਗੁਜ਼ਲ ਮੇਰੇ ਵੱਸ ਦੀ ਗੱਲ ਨਹੀਂ
ਧੱਕੜ, ਖਾਹਮ-ਖਾਹ ਵਰਗਾ ਹਾਂ।
ਕਿਸੇ ਨਾ ਪਾਈ, ਕਿਸੇ ਨਾ ਪਉਣੀ
ਮੈਂ ਏਦਾਂ ਦੀ ਥਾਹ ਵਰਗਾ ਹਾਂ।
ਤੈਨੂੰ ਤੇਰੀ ਤੋਰ ਮੁਬਾਰਕ
ਮੈਂ ਤਾਂ ਟੇਢੇ ਰਾਹ ਵਰਗਾ ਹਾਂ।
ਸੀਨਾ ਪਾੜ ਕੇ ਪੱਥਰਾਂ ਦਾ ਮੈਂ
ਉੱਗ ਆਵਾਂਗਾ ਘਾਹ ਵਰਗਾ ਹਾਂ।
ਗੱਗ-ਬਾਣੀ ਵਿੱਚ ਜੋ ਵੀ ਲਿਖਿਆ
ਖੇਹ ਵਰਗਾ ਹਾਂ ਸੁਆਹ ਵਰਗਾ ਹਾਂ।
ਸੁਰਜੀਤ ਗੱਗ