ਗਜ਼ਲ
ਵੇਖ ਕੇ ਸ਼ੀਸ਼ੇ ‘ਚੋਂ ਚਿਹਰਾ,ਖੁਦ ਤੋਂ ਮੈਂ ਸ਼ਰਮਾ ਗਿਆ I
ਹਰ ਗੁਨਾਹ ਇਕ ਦੂਸਰੇ ਨੂੰ,ਮਿਲਣ ਤੇ ਘਬਰਾ ਗਿਆ I
ਮਿਰਗ ਜ਼ਖਮੀ ਹੋ ਕੇ ਗਿਰਿਆ, ਵਸਲ ਮੇਰੇ ਦਾ ਜਦੋਂ,
ਆ ਕੇ ਸ਼ਿਕਰਾ ਹਿਜ਼ਰ ਦਾ ਇਕ,ਮਾਸ ਦਿਲ ਦਾ ਖਾ ਗਿਆ I
ਭੁਗਤਿਆ ਹਾਂ ਹਰ ਸਜਾ ਨੂੰ, ਰੋਜ ਮੈਂ ਜਿਸਦੇ ਲਈ,
ਲੋੜ ਜਦ ਉਸਦੀ ਪਈ ਉਹ,ਵਕਤ ਤੇ ਠੁਕਰਾ ਗਿਆ I
ਮੁੜ ਤੋਂ ਉੱਜੜ ਕੇ ਬਣਾਏ, ਪੰਛੀਆਂ ਨੇ ਆਲਣੇ,
ਆ ਕੇ ਝੱਖੜ ਫਿਰ ਉਨ੍ਹਾ ਦਾ,ਹੌਸਲਾ ਅਜਮਾ ਗਿਆ I
ਉਹ ਉਸਾਰੇ ਮਹਿਲ ਭਾਵੇਂ, ਰੰਜ ਕੀ ਹੈ ਗਗਨ ਨੂੰ,
ਰੋਸ ਹੈ ਕਿ ਮਹਿਲ ਖਾਤਿਰ,ਝੁੱਗੀਆਂ ਕਿਓਂ ਢਾਹ ਗਿਆ ?
ਅੱਗ ਦੇ ਸੰਗ ਖੇਡਿਓ ਨਾ, ਵਰਜਦੇ ਉਸਨੂੰ ਰਹੇ,
ਖੇਡ ਵਿਚ ਪਰ ਆਪਣੇ ਹੀ, ਅੱਗ ਘਰ ਨੂੰ ਲਾ ਗਿਆ I
ਹਰ ਖੁਸ਼ੀ ਤੇ ਹਰ ਗਮੀ ਵਿਚ, ਸਾਂਭਿਓ ਕਿਰਦਾਰ ਨੂੰ,
ਉਂਝ ਫੁੱਲਾਂ ਨੂੰ ਵੀ ਕਾਦਰ , ਖਾਰਾਂ ਵਿਚ ਉਲਝਾ ਗਿਆ I
ਆਰ.ਬੀ.ਸੋਹਲ