******************************************************************
ਸਾਹਿਤਕ ਨਾਮ: ਬਰਕਤ ਰਾਮ ‘ਯੁਮਨ’
ਜਨਮ: 26 ਜਨਵਰੀ 1905 - 22 ਦਿਸੰਬਰ 1967
ਨਿਵਾਸ: ਪਿੰਡ ਭੁੱਟਾ, ਤਹਿਸੀਲ ਸਿਆਲ਼ਕੋਟ ( ਹੁਣ ਪਾਕਿਸਤਾਨ ) ਅਤੇ ਵੰਡ ਤੋਂ ਬਾਅਦ ਬਟਾਲੇ, ਪੰਜਾਬ ਆ ਕੇ ਵਸ ਗਏ ਸਨ। ********************************************************************
ਪਤਾ ਵੀ ਸੂ ਕਿਸੇ ਤੇ ਵਿਛਣ ਵਿਚ ਨੁਕਸਾਨ ਕਿੰਨਾ ਏ।
ਵਸਾਹ ਮੁੜ ਵੀ ਕਰੀ ਜਾਂਦਾ, ਇਹ ਦਿਲ ਨਾਦਾਨ ਕਿੰਨਾ ਏ।
----- ਭਰੀ ਮਹਿਫ਼ਿਲ ’ਚੋਂ ਮੈਨੂੰ ਈਂ ਉਠਾਇਆ ਜਾ ਰਿਹਾ ਚੁਣ ਕੇ,
ਭਰੀ ਮਹਿਫ਼ਿਲ ’ਚੋਂ ਚੁਣਿਆ ਜਾਣ ਵਿਚ ਵੀ ਮਾਣ ਕਿੰਨਾ ਏ?
----- ਨਿਰਾਸ਼ਾ, ਬੇਵਸੀ, ਹਸਰਤ, ਪਰੇਸ਼ਾਨੀ, ਪਸ਼ੇਮਾਨੀ,
ਉਜੜ ਗਏ ਦਿਲ ਦੇ ਪਰਚਣ ਲਈ, ਅਜੇ ਸਾਮਾਨ ਕਿੰਨਾ ਏ?
----- ਜਿੱਚਰ ਛੱਲਾਂ ਦੇ ਵਿਚ ਫਸੀਏ ਨਾ, ਅੰਦਾਜ਼ੇ ਨਹੀਂ ਲਗਦੇ,
ਕਿਨਾਰੇ ਬੈਠਿਆਂ ਨੂੰ ਕੀ ਪਤਾ, ਤੂਫ਼ਾਨ ਕਿੰਨਾ ਏ? ------
‘ਯੁਮਨ’ ਭਗਵਾਨ ਬਣ ਸਕਦੈ ਕਿ ਨਹੀਂ, ਇਹ ਫੇਰ ਸੋਚਾਂਗੇ,
ਅਜੇ ਤਾਂ ਜਾਚਣਾ ਏਂ ਇਹ ਆਦਮੀ ਇਨਸਾਨ ਕਿੰਨਾ ਏ?