ਗਜ਼ਲ
ਮੇਰਾ ਦਿਲਦਾਰ ਆਏਗਾ, ਮੇਰੇ ਤੁਰ ਜਾਣ ਦੇ ਮਗਰੋਂ।
ਕਰਾਰ ਅਪਣਾ ਨਿਭਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਸਤਾਉਂਦਾ ਹੈ, ਰੁਆਉਂਦਾ ਹੈ, ਜੋ ਖ਼ੁਸ਼ ਹੈ ਰੋਣ ’ਤੇ ਮੇਰੇ,
ਉਹ ਰੋ ਰੋ ਕੇ ਵਿਖਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਜੋ ਦਿਲ ਵਿਚ ਘਰ ਕਰੀ ਬੈਠੈ, ਉਹਦਾ ਗ਼ਮ ਖਾ ਰਿਹਾ ਮੈਨੂੰ,
ਉਹ ਕਿੱਥੇ ਘਰ ਬਣਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਕਰਾਰ ਆਉਣਾ ਨਹੀਂ ਦਿਲ ਨੂੰ ਬਦਨ ਵਿਚ ਕੈਦ ਹੈ ਜਦ ਤੱਕ,
ਕਰਾਰ ਇਸ ਨੂੰ ਵੀ ਆਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਲਹੂ ਪੀਂਦਾ ਰਿਹਾ ਮੇਰਾ ਜੋ ਬਣ ਕੇ ਗ਼ੈਰ ਦਾ ਹਮਦਮ,
ਮੇਰਾ ਬਣ ਕੇ ਵਿਖਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
------
ਕੋਈ ਨਹੀਂ ਪੁੱਛਦਾ ਹੁਣ ਤਾਂ ਬਟਾਲੇ ਰੋਜ਼ ਜਾਂਦਾ ਹਾਂ,
ਕੋਈ ਬਦਲੀ ਕਰਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਜ਼ਮਾਨਾ ਹੈ ਜਦੋਂ ਪੱਥਰ ਤਾਂ ਫਿਰ ਕਿਉਂ ਆਸ ਹੈ ਮੈਨੂੰ,
ਕਿ ਇਹ ਆਂਸੂ ਵਹਾਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਅਜੇ ਤਾਂ ਕ਼ਤਲ ਕਰਨੇ ਦਾ ਬਹਾਨਾ ਢੂੰਡਦਾ ਹੈ ਉਹ,
ਮੇਰੀ ਬਰਸੀ ਮਨਾਏਗਾ ਮੇਰੇ ਤੁਰ ਜਾਣ ਦੇ ਮਗਰੋਂ।
-----
ਸੁਲਘਦੇ ਨੇ ਰਕੀਬ ਅਪਣੇ ਇਹ ਮੈਨੂੰ ਜਰ ਨਹੀਂ ਸਕਦੇ,
ਇਹਨਾਂ ਨੂੰ ਚੈਨ ਆਏਗਾ, ਮੇਰੇ ਤੁਰ ਜਾਣ ਦੇ ਮਗਰੋਂ।
-----
ਜਿਨ੍ਹਾਂ ਦੀ ਬੇਰੁਖ਼ੀ ਨੇ ਜਾਨ ਮੇਰੀ ਲੈ ਲਈ ‘ਆਰਿਫ਼’,
ਉਹਨਾਂ ਨੂੰ ਪਿਆਰ ਆਏਗਾ, ਮੇਰੇ ਤੁਰ ਜਾਣ ਦੇ ਮਗਰੋਂ।
--------ਆਰਿਫ਼ ਗੋਬਿੰਦਪੁਰੀ-------