|
|
|
|
|
|
Home > Communities > Anything goes here.. > Forum > messages |
|
|
|
|
|
ਘਰ ਦੀ ਘੋੜੀ |
ਜਦੋਂ ਮੈਂ ਮਕਾਨ ਬਣਵਾਇਆ ਤਾਂ ਫਾਲਤੂ ਸਮਾਨ ਨੂੰ ਵੇਖ ਕੇ ਮੇਰੇ ਮਨ ਵਿੱਚ ਲਾਲਚ ਆ ਗਿਆ। ਮੈਂ ਸੋਚਿਆ ਕਿ ਹੁਣ ਆਪਣੀ ਵੀ ਮੁਫ਼ਤ ’ਚ ਹੀ ਘੋੜੀ ਬਣ ਜਾਵੇਗੀ। ਕੱਲ੍ਹ ਨੂੰ ਕੋਈ ਬਲਬ ਬਦਲਣਾ ਹੋਵੇ, ਕੋਈ ਫੋਟੋ ਟੰਗਣੀ ਹੋਵੇ ਜਾਂ ਕੋਈ ਮਾੜੀ-ਮੋਟੀ ਮੁਰੰਮਤ ਕਰਵਾਉਣੀ ਹੋਵੇ ਤਾਂ ਕੰਮ ਬਹੁਤ ਸੌਖਾ ਹੋ ਜਾਵੇਗਾ। ਮੇਰੀ ਪਤਨੀ ਨੇ ਵੀ ਇਸ ਗੱਲ ਲਈ ਹਾਮੀ ਭਰ ਦਿੱਤੀ। ਸੋਚਿਆ ਚਲੋ ਘੋੜੀ ਘਰੇ ਪਈ ਰਹੇਗੀ, ਨਾਲੇ ਕਦੇ ਕਿਸੇ ਗੁਆਂਢੀ ਨੂੰ ਲੋੜ ਪਈ ਤਾਂ ਉਨ੍ਹਾਂ ਦੇ ਕੰਮ ਆ ਜਾਊਗੀ। ਮਿਸਤਰੀ ਨੇ ਲਿਹਾਜ਼ ਕਰ ਕੇ ਅਤੇ ਪੂਰੀ ਦਿਲਚਸਪੀ ਨਾਲ ਇੱਕ ਵਧੀਆ ਘੋੜੀ ਤਿਆਰ ਕਰ ਦਿੱਤੀ। ਜੇ ਮਿਸਤਰੀ ਸਿੱਧਾ ਨਾ ਹੋਵੇ ਤਾਂ ਲੱਕੜ ਟੇਢੀ ਹੋ ਜਾਂਦੀ ਹੈ ਅਤੇ ਜੇ ਮਿਸਤਰੀ ਦਾ ਮੂਡ ਨਾ ਹੋਵੇ ਤਾਂ ਉਹ ਸਮਾਨ ਨੂੰ ਇੱਧਰ-ਉੱਧਰ ਕਰ ਕੇ ਜਵਾਬ ਦੇ ਦਿੰਦਾ ਹੈ। ਤੁਸੀਂ ਵੀ ਬੇਵੱਸ ਹੋ ਜਾਂਦੇ ਹੋ ਅਤੇ ਕੁਝ ਬੋਲ ਵੀ ਨਹੀਂ ਸਕਦੇ ਪਰ ਸਾਡੇ ਮਿਸਤਰੀ ਨੇ ਪੂਰੀ ਰੀਝ ਨਾਲ ਘੋੜੀ ਬਣਾਈ ਅਤੇ ਨਾਲ ਹੀ ਸ਼ੁਰੂ ਹੋ ਗਿਆ ਮੇਰੀਆਂ ਮੁਸ਼ਕਲਾਂ ਦਾ ਦੌਰ। ਹੁਣ ਜਿਸ ਨੂੰ ਵੀ ਲੋੜ ਹੁੰਦੀ, ਉਹ ਵੇਲੇ-ਕੁਵੇਲੇ ਘੋੜੀ ਲੈਣ ਆ ਧਮਕਦਾ। ਸੁਵੱਖਤੇ, ਸਿਖ਼ਰ ਦੁਪਹਿਰੇ ਜਾਂ ਦੇਰ ਰਾਤ ਨੂੰ। ‘‘ਅੰਕਲ ਜੀ, ਘੋੜੀ ਚਾਹੀਦੀ ਸੀ। ਵੈਸੇ ਤਾਂ ਕੋਈ ਖ਼ਾਸ ਜ਼ਰੂਰਤ ਨਹੀਂ ਸੀ ਪਰ ਮੈਂ ਆਖਿਆ ਕਿ ਅੰਕਲ ਜੀ ਕੇ ਹੈਗੀ ਘੋੜੀ, ਹੁਣੇ ਲੈ ਆਉਂਦਾ ਹਾਂ,’’ ਘੋੜੀ ਮੰਗਣ ਲਈ ਆਏ ਇੱਕ ਨੌਜਵਾਨ ਨੇ ਮੈਨੂੰ ਕਿਹਾ ਪਰ ਮੈਂ ਉਸ ਨੂੰ ਆਪਣੀ ਮੁਸ਼ਕਲ ਦੱਸਦਿਆਂ ਕਿਹਾ,‘‘ਫਿਰ ਵਾਪਸ ਵੀ ਖ਼ੁਦ ਹੀ ਲਿਆਉਣੀ ਪੈਂਦੀ ਹੈ। ਉਹ ਵੀ ਪਹਿਲਾਂ ਯਾਦ ਕਰਨਾ ਪੈਂਦਾ ਹੈ ਕਿ ਕੌਣ ਲੈ ਗਿਆ ਸੀ।’’ ਕਈ ਲੋਕ ਤਾਂ ਆਉਂਦੇ ਹੀ ਘੋੜੀ ਲੈਣ ਲਈ ਹਨ ਕਿਉਂਕਿ ਉਹ ਜਦੋਂ ਵੀ ਆਏ ਹਨ, ਉਨ੍ਹਾਂ ਨੇ ਸਾਥੋਂ ਘੋੜੀ ਹੀ ਮੰਗੀ ਹੈ ਪਰ ਉਸ ਤੋਂ ਪਹਿਲਾਂ ਉਹ ਦਸ-ਪੰਦਰਾਂ ਮਿੰਟ ਭੂਮਿਕਾ ਬੰਨਣ ’ਤੇ ਲਾ ਦਿੰਦੇ ਹਨ। ਇੱਧਰ-ਉੱਧਰ ਦੀਆਂ ਗੱਲਾਂ ਮਾਰ ਕੇ ਫਿਰ ਘੋੜੀ ਵਾਲੀ ਗੱਲ ’ਤੇ ਆਉਂਦੇ ਹਨ। ਕਈ ਵਾਰ ਹਾਸਾ ਆਉਂਦਾ ਹੈ ਅਤੇ ਕਈ ਵਾਰ ਗੁੱਸਾ। ਕਈ ਲੋਕ ਤਾਂ ਬਿਨਾਂ ਦੱਸੇ ਜਾਂ ਪੁੱਛੇ ਹੀ ਆਪ ਹੀ ਘੋੜੀ ਚੁੱਕ ਕੇ ਲੈ ਜਾਂਦੇ ਹਨ ਅਤੇ ਫਿਰ ਕਈ-ਕਈ ਦਿਨ ਵਾਪਸ ਨਹੀਂ ਕਰਦੇ। ਜਦੋਂ ਘਰੇ ਲੋੜ ਪੈਂਦੀ ਹੈ ਤਾਂ ਫਿਰ ਘੋੜੀ ਤਲਾਸ਼ਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਜਿਸ ਘਰੋਂ ਘੋੜੀ ਮਿਲ ਜਾਵੇ ਉਹ ਖਸਿਆਨੀ ਜਿਹੀ ਹਾਸੀ ਹੱਸ ਦਿੰਦਾ ਹੈ, ਅਖੇ ਚਲੋ ਇਸ ਬਹਾਨੇ ਤੁਸੀਂ ਸਾਡੇ ਘਰੇ ਤਾਂ ਆਏ। ਜੇ ਬੰਦਾ ਜਾਣ-ਪਛਾਣ ਦਾ ਹੋਵੇ ਜਾਂ ਕੋਈ ਆਂਢੀ-ਗੁਆਂਢੀ ਮੰਗਣ ਆ ਜਾਵੇ ਤਾਂ ਕੋਈ ਗੱਲ ਨਹੀਂ ਪਰ ਲੋਕ ਤਾਂ ਅਗਾਂਹ ਦੀ ਅਗਾਂਹ ਘੋੜੀ ਮੰਗਣ ਆ ਜਾਂਦੇ ਹਨ। ਫਿਰ ਜਿੰਨਾ ਚਿਰ ਪੁਰਾਣਾ ਮਕਾਨ ਢਹਿ ਕੇ ਨਵਾਂ ਨਾ ਬਣ ਜਾਵੇ, ਰੰਗ- ਰੋਗਨ ਨਾ ਹੋ ਜਾਵੇ, ਘੋੜੀ ਵਾਪਸ ਮੁੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਿਛਲੇ ਸਾਲ ਇੱਕ ਕਰੀਬੀ ਰਿਸ਼ਤੇਦਾਰ ਨੇ ਪੁਰਾਣਾ ਮਕਾਨ ਖ਼ਰੀਦਿਆ। ਨਵਾਂ ਮਕਾਨ ਬਣਾਉਣ ਦਾ ਪ੍ਰੋਗਰਾਮ ਸੀ। ਉਹ ਵੀ ਸਾਥੋਂ ਘੋੜੀ ਮੰਗ ਕੇ ਲੈ ਗਏ। ਸਾਡੀ ਘੋੜੀ ਦੇ ਨਾਲ-ਨਾਲ ਉਨ੍ਹਾਂ ਤਿੰਨ-ਚਾਰ ਕਿਰਾਏ ਦੀਆਂ ਘੋੜੀਆਂ ਵੀ ਮੰਗਵਾਈਆਂ ਸਨ। ਉਨ੍ਹਾਂ ਦੇ ਘਰ ਕਿਰਾਏ ਵਾਲੀਆਂ ਘੋੜੀਆਂ ਦਾ ਆਉਣ-ਜਾਣ ਸਾਰਾ ਸਾਲ ਹੀ ਬਣਿਆ ਰਿਹਾ ਪਰ ਸਾਡੀ ਘੋੜੀ ਸਾਲ ਭਰ ਲਈ ਪੱਕੀ ਹੀ ਰੱਖ ਲਈ ਗਈ। ਉਨ੍ਹਾਂ ਦਾ ਮਕਾਨ ਬਣ ਗਿਆ ਸੀ। ਪੀ.ਓ.ਪੀ. ਤੋਂ ਲੈ ਕੇ ਰੰਗ-ਰੋਗਨ ਸਭ ਕੁਝ ਸਾਡੀ ਘੋੜੀ ਨੇ ਆਪਣੇ ਪਿੰਡੇ ’ਤੇ ਹੰਡਾਇਆ ਸੀ। ਕੰਮ ਮੁੱਕਣ ’ਤੇ ਜਦੋਂ ਉਹ ਥੋੜ੍ਹੀ ਜਿਹੀ ਜ਼ਖ਼ਮੀ ਹੋ ਗਈ ਤਾਂ ਉਨ੍ਹਾਂ ਨੇ ਉਸ ਨੂੰ ਛੱਤ ’ਤੇ ਰੱਖ ਦਿੱਤਾ। ਆਖ਼ਰ ਜਦੋਂ ਅਸੀਂ ਘੋੜੀ ਵਾਪਸ ਲੈਣ ਗਏ ਤਾਂ ਅਸੀਂ ਉਸ ਨੂੰ ਤਾਂ ਵਾਪਸ ਲੈ ਆਏ ਪਰ ਕਰੀਬੀ ਰਿਸ਼ਤੇ ਨੂੰ ਸਦਾ ਲਈ ਦਫ਼ਨ ਕਰ ਆਏ। ਹੁਣ ਉਸ ਰਿਸ਼ਤੇਦਾਰ ਦੇ ਦੂਰੋਂ ਦਰਸ਼ਨ ਤਾਂ ਹੁੰਦੇ ਹਨ ਪਰ ਕੋਈ ਗੱਲਬਾਤ ਨਹੀਂ ਹੁੰਦੀ। ਇਹ ਸਭ ਸਾਡੀ ਪਿਆਰੀ ਘੋੜੀ ਕਰਕੇ ਹੀ ਹੋਇਆ ਹੈ। ਅੱਜ ਮੈਂ ਸੋਚਦਾ ਹਾਂ ਕਿ ਆਖ਼ਰ ਮੈਂ ਇਹ ਘੋੜੀ ਕਿਉਂ ਬਣਵਾਈ ਸੀ!
ਰਮੇਸ਼ ਸੇਠੀ ਬਾਦਲ * ਸੰਪਰਕ 98766-27 233
|
|
08 May 2013
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|