Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੱਕ ਦੀ ਮਜ਼ਦੂਰੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਹੱਕ ਦੀ ਮਜ਼ਦੂਰੀ


ਦੁਕਾਨ ਦੇ ਬਾਹਰ ਕੰਧ ’ਤੇ ਇਕ ਡਿਸਪਲੇਅ ਬੋਰਡ ਲਗਾਉਣਾ ਸੀ। ਕੰਧ ’ਚ ਇੱਟਾਂ ਦੀ ਕਟਾਈ ਕਰਕੇ ਵਿੱਚ ਟੀਆਇਰਨ ਰੱਖ ਕੇ, ਸੀਮਿੰਟ ਭਰਨਾ ਸੀ। ਕੰਮ ਤਾਂ ਬਾਹਲਾ ਨਹੀਂ ਸੀ, ਚਾਹੇ ਮੈਂ ਆਪੇ ਕਰ ਲੈਂਦਾ, ਪਰ ਮੇਰਾ ਅੰਦਰ ਕਹਿੰਦਾ: ਲੋਕ ਕੀ ਕਹਿਣਗੇ, ਮਾਲਕ ਆਪੇ ਹੀ ਹਥੌੜਾ-ਛੈਣੀ ਚੁੱਕੀ ਫਿਰਦਾ। ਮੈਂ ਮਿਸਤਰੀ, ਮਜ਼ਦੂਰ ਭਾਲਦਾ-ਭਾਲਦਾ ਘੁਮਾਰ ਮੰਡੀ ਦੇ ਚੌਕ ਵਿੱਚ ਚਲਾ ਗਿਆ। ਪਹਿਲਾਂ ਤਾਂ ਮੇਰੀ ਗੱਲ ਇਕ ਪੰਜਾਬੀ ਮਿਸਤਰੀ ਨਾਲ ਹੋਈ: ਹਾਂ ਬਈ, ਕੰਧ ’ਚ ਇੱਟਾਂ ਛਿੱਲ ਕੇ ਦੋ ਪਤਲੀਆਂ ਗਾਡਰੀਆਂ ਰੱਖ ਕੇ ਮਸਾਲਾ ਰੱਖਣਾ, ਬੋਲ ਕਿੰਨੀ ਮਜ਼ਦੂਰੀ ਲਏਂਗਾ? ‘‘ਸਾਢੇ ਤਿੰਨ ਸੌ ਰੁਪਈਏ।’’ ਉਹ ਤੁਰੰਤ ਬੋਲਿਆ।
‘‘ਐਨਾ ਕੰਮ ਤਾਂ ਹੈ ਨੀ ਯਾਰ।’’ ਮੈਂ ਕਿਹਾ।
‘‘ਕੰਮ ਤਾਂ ਬਾਊ ਜੀ ਕਰਨੇ ਵਾਲੇ ਨੂੰ ਪਤਾ ਹੁੰਦੈ।’’ ਉਸ ਨੇ ਦਲੀਲ ਦਿੱਤੀ।
‘‘ਤੇ ਕੰਮ ਕਰਾਉਣ ਵਾਲਾ, ਐਵੇਂ ਹੀ ਪੈਸੇ ਦੇ ਦਿੰਦੈ?’’ ਮੈਂ ਪੁੱਛਿਆ।
‘‘ਥੋਡੀ ਮਰਜ਼ੀ, ਮੈਂ ਤਾਂ ਪੰਜੀ ਘੱਟ ਨਹੀਂ ਲੈਣੀ।’’ ਉਸ ਨੇ ਦੋ ਟੁੱਕ ਜਵਾਬ ਦਿੱਤਾ।
ਮੈਂ ਉਸ ਕੋਲੋਂ ਅੱਗੇ ਲੰਘ ਗਿਆ। ਮਜ਼ਦੂਰੀ ਦੀ ਗਰਜ਼ ਨਾਲ ਉੱਥੇ ਇਕੱਠੇ ਹੋਏ ਕਿੰਨੇ ਹੀ ਲੋਕ ਮੇਰੇ ਦੁਆਲੇ ਝੁਰਮਟ ਬਣਾ ਕੇ ਖਲੋ ਗਏ।
‘‘ਬਤਾਓ, ਬਾਊ ਜੀ, ਕਿਆ ਕਰਨਾ ਹੈ, ਕਹਾਂ ਜਾਨਾ ਹੈ?’’ ਇਕ ਦੀ ਆਵਾਜ਼ ਆਈ। ਮੈਂ ਇਕ ਪਰਵਾਸੀ ਮਿਸਤਰੀ ਨਾਲ ਗੱਲ ਤੋਰੀ। ਕੰਮ ਬਾਰੇ ਦੱਸਿਆ।
‘‘ਹੋ ਜਾਏਗਾ, ਬਾਊ ਜੀ, ਏਕਦਮ ਫਿੱਟ ਕਰ ਦੇਂਗੇ।’’ ਮਜ਼ਦੂਰ ਕਹਿੰਦਾ।
‘‘ਟਾਈਮ ਕਿੰਨਾ ਲਾਏਂਗਾ?’’
‘‘ਯਹੀ ਘੰਟਾ ਡੇਢ।’’
‘‘ਪੈਸੇ ਕਿੰਨੇ ਲਏਂਗਾ?’’
‘‘ਜੋ ਮਿਹਨਤ ਠੀਕ ਸਮਝੋਗੇ, ਦੇ ਦੇਨਾ।’’ ਉਹ ਹਲੀਮੀ ਨਾਲ ਬੋਲਿਆ।
‘‘ਫਿਰ ਵੀ, ਪਿੱਛੋਂ ਰੌਲਾ ਪਾ ਕੇ ਨਾ ਬਹਿ ਜੀਂ।’’ ਮੈਂ ਕਿਹਾ।
‘‘ਚਲੋ ਇਕ ਸੌ ਰੁਪਈਆ ਦੇ ਦੇਨਾ।’’ ਉਸ ਨੇ ਡਰਦੇ ਡਰਦੇ ਕਿਹਾ।
‘‘ਮਜ਼ਦੂਰ ਵੀ ਨਾਲ ਲੈ ਕੇ ਜਾਏਂਗਾ?’’ ਮੈਂ ਪੁੱਛਿਆ।
‘‘ਕਿਆ ਬਾਤ ਕਰਦੇ ਹੋ, ਹਮ ਹੀ ਮਿਸਤਰੀ ਹੈਂ, ਹਮ ਹੀ ਮਜ਼ਦੂਰ ਹੈਂ, ਆਪ ਕੀ ਬੱਚਤ ਕਰ ਦੇਂਗੇ।’’ ਉਸ ਨੇ ਮੇਰੇ ਨਾਲ ਹਮਦਰਦੀ ਦਿਖਾਉਂਦਿਆਂ ਕਿਹਾ।
‘‘ਵਾਹ ਉਏ, ਵਾਹ ਤੂੰ ਤਾਂ ਕਮਾਲ ਦਾ ਬੰਦਾ ਏਂ!’’ ਮੈਂ ਹੱਸਦਿਆਂ ਕਿਹਾ।
‘‘ਜੀ’’ ਉਹ ਮੁਸਕਰਾਇਆ।
‘‘ਚੱਲ ਤੁਰ, ਸਾਈਕਲ ਹੈ ਜਾਂ ਸਕੂਟਰ ਪਰ ਲੇ ਚਲੂੰ?‘‘ ਮੈਂ ਪੁੱਛਿਆ।
‘‘ਆਪ ਜੈਸੇ ਕਹੇਂ।’’ ਉਸ ਨੇ ਕਿਹਾ।
‘‘ਚੱਲ ਫਿਰ ਬੈਠ ਸਕੂਟਰ ਪਿੱਛੇ।’’ ਮੈਂ ਉਸ ਨੂੰ ਕਿਹਾ।
ਉਹ ਪਲਾਕੀ ਮਾਰ ਮੇਰੇ ਸਕੂਟਰ ਪਿੱਛੇ ਬੈਠ ਗਿਆ। ਨੈਸ਼ਨਲ ਰੋਡ ’ਤੇ ਸੂਰੀਆ ਕੰਪਲੈਕਸ ਦੀ ਸਾਹਮਣੀ ਕੰਧ ਉਸ ਨੇ ਅੱਧੇ-ਪੌਣੇ ਘੰਟੇ ਵਿੱਚ ਛਿੱਲ ਧਰੀ। ਛੋਟੇ ਗਾਰਡਰ ਵਿੱਚ ਰੱਖ ਕੇ ਪੇਚ ਕੱਸ ਦਿੱਤੇ।
ਮਸਾਲਾ, ਬੱਜਰੀ ਭਰ ਕੇ, ਉਪਰ ਬੋਰਡ ਵੀ ਰਖਵਾ ਦਿੱਤਾ ਸੀ। ਡੇਢ ਘੰਟੇ ਤੋਂ ਭੋਰਾ ਵੱਧ ਸਮਾਂ ਲੱਗਾ ਸੀ। ਕੰਮ ਕਰਨ ਦੌਰਾਨ ਉਸ ਨੇ ਪਾਣੀ ਤੱਕ ਨਾ ਪੀਤਾ। ਆਪੇ ਸੀਮਿੰਟ ਰਲਾ ਕੇ, ਆਪੇ ਚੁੱਕ ਕੇ ਪੌੜੀ ਚੜ੍ਹਦਾ ਸੀ।
ਮੈਂ ਪੰਜਾਬ ਵਿੱਚ ਆਏ ਪਰਵਾਸੀਆਂ ਦੀ ਹਲੀਮੀ ਅਤੇ ਕੰਮ ਕਰਨ ਦੀ ਫੁਰਤੀ ਸਾਹਮਣੇ ਨਿਰਉੱਤਰ ਹੋ ਗਿਆ ਸਾਂ। ਮੇਰੀਆਂ ਅੱਖਾਂ ਸਾਹਮਣੇ ਉਹ ਪੰਜਾਬੀ ਮਿਸਤਰੀ ਵਾਰ-ਵਾਰ ਆਈ ਜਾ ਰਿਹਾ ਸੀ, ਜਿਸ ਨੇ ਸਾਢੇ ਤਿੰਨ ਸੌ ਦੀ ਜ਼ਿੱਦ ਕਰਕੇ ਗਾਹਕ ਗੁਆ ਲਿਆ ਸੀ। ਉਸ ਨੇ ਫੋਕੀ ਆਕੜ ’ਚ ਰੇਟ ਉਪਰ-ਥੱਲੇ ਵੀ ਨਹੀਂ ਕੀਤਾ ਸੀ। ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਪੈਸੇ ਕੰਮ ਦੇ ਮਿਲਦੇ ਹਨ, ਮੁਫਤ ਵਿੱਚ ਨਹੀਂ। ਮੈਂ ਸੋਚਿਆ ਸ਼ਾਇਦ ਇਹੀ ਪੰਜਾਬੀ ਮਜ਼ਦੂਰਾਂ ਦਾ ਦੁਖਾਂਤ ਹੋਵੇ। ਉਨ੍ਹਾਂ ਦੇ ਕੰਮਕਾਰ, ਇਸੇ ਤਰੀਕੇ ਪਰਵਾਸੀ ਮਜ਼ਦੂਰਾਂ ਨੇ ਉਨ੍ਹਾਂ ਤੋਂ ਹਥਿਆ ਲਏ ਹੋਣ।
ਕੰਮ ਖ਼ਤਮ ਹੋਣ ਉਪਰੰਤ ਮੈਂ ਉਸ ਮਜ਼ਦੂਰ ਨੂੰ ਚਾਹ ਦਾ ਕੱਪ ਪੀਣ ਅਤੇ ਬਿਸਕੁਟ ਖਾਣ ਲਈ ਕਿਹਾ। ‘ਕਾਹੇ ਬਾਊ ਜੀ ਕਸ਼ਟ ਕਰਤੇ ਹੋ, ਕਾਮ ਕੇ ਪੈਸੇ ਤੋ ਆਪ ਨੇ ਹਮੇਂ ਦੇ ਦੀਏ ਹੈਂ!’’ ਉਹ ਕਹਿੰਦਾ।
‘‘ਇਹ ਸਾਡੇ ਪੰਜਾਬੀਆਂ ਦਾ ਖੁਆਉਣ-ਪਿਆਉਣ ਦਾ ਸੁਭਾਅ ਬਣਿਆ ਹੋਇਆ ਹੈ।’’ ਮੈਂ ਮੋੜਵਾਂ ਜਵਾਬ ਦਿੱਤਾ। ਮੈਂ ਸੌ ਰੁਪਈਏ ਦਾ ਨੋਟ ਉਸ ਨੂੰ ਦਿਖਾ ਕੇ ਉਸ ਦੀ ਜੇਬ ਵਿੱਚ ਪਾ ਦਿੱਤਾ। ਉਸ ਨੇ ਨੋਟ ਜੇਬ ’ਚੋਂ ਕੱਢ ਕੇ ਵਿਚਲੀ ਲਕੀਰ ’ਤੇ ਨਿਗ੍ਹਾ ਮਾਰ ਕੇ ਨੋਟ ਫਿਰ ਮੱਥੇ ਨੂੰ ਲਾ ਕੇ ਜੇਬ ਵਿੱਚ ਪਾ ਲਿਆ। ਉਸ ਨੇ ਮੇਰੇ ਵੱਲ ਵੇਂਹਦਿਆਂ ਕਿਹਾ, ‘‘ਵਹੁਣੀ ਹੂਈ ਹੈ, ਬਾਊ ਜੀ।’’
‘‘ਤੂੰ ਚਲਾ ਜਾਏਂਗਾ ਕਿ ਤੈਨੂੰ ਛੱਡ ਕੇ ਆਵਾਂ?’’ ਮੈਂ ਉਸ ਤੋਂ ਪੁੱਛਿਆ।
‘‘ਛੋੜ ਸਕਤੇ ਹੋ, ਮੇਹਰਬਾਨੀ ਹੋਗੀ।’’ ਉਹ ਬੋਲਿਆ।
ਮੈਂ ਉਸ ਮਜ਼ਦੂਰ ਨੂੰ ਮੁੜ ਚੌਕ ’ਤੇ ਛੱਡਣ ਚਲਾ ਗਿਆ। ਮੈਂ ਦੇਖਿਆ ਪੰਜਾਬੀ ਮਜ਼ਦੂਰ ਅਜੇ ਤੱੱਕ ਉੱਥੇ ਹੀ ਖਲੋਤਾ ਸੀ। ਸ਼ਾਇਦ ਉਸ ਨੂੰ ਕੋਈ ਕੰਮ ’ਤੇ ਨਹੀਂ ਸੀ ਲੈ ਕੇ ਗਿਆ, ਪਰ ਮੇਰੇ ਸਕੂਟਰ ਤੋਂ ਉਤਰਦੇ ਸਾਰ ਪਰਵਾਸੀ ਮਜ਼ਦੂਰ ਨੂੰ ਕੰਮ ’ਤੇ ਲੈ ਕੇ ਜਾਣ ਲਈ ਦੋ ਬੰਦੇ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੇ ਸਨ।

 

ਪ੍ਰਿੰ. ਹਰੀ ਕ੍ਰਿਸ਼ਨ ਮਾਇਰ
* ਮੋਬਾਈਲ: 097806-67686

03 Jun 2013

Reply