ਇੱਕ ਗਜ਼ਲ ਵਿਜੇ ਵਿਵੇਕ ਦੀ ਪ੍ਕਾਸ਼ਿਤ ਹੋ ਚੁੱਕੀ ਪੁਸਤਕ "ਚੱਪਾ ਕੁ ਪੂਰਬ" ਵਿੱਚੋਂ
ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ,
ਭਟਕਦੀ ਬੇਖ਼ੁਦੀ ਨੂੰ ਵਰਜਿਆ ਕਰ
ਤਿਰਾ ਹਾਂ ਜਿਸਮ ਤੋਂ ਰੂਹ ਤੀਕ ਤੇਰਾ
ਕਦੀ ਤਾਂ ਮਿੱਠਾ ਮਿੱਠਾ ਝਿੜਕਿਆ ਕਰ..
ਇਹ ਆਪਣੀ ਹੋਂਦ ਦੇ ਵਿਪਰੀਤ ਹੋ ਗਏ,
ਬਦਨ ਤਾਂ ਕੀ ਲਹੂ ਤੱਕ ਸੀਤ ਹੋ ਗਏ
ਨਹੀਂ ਸਮਝਣਗੇ ਤੇਰੀ ਪੀੜ ਬੰਦੇ
ਦਰੱਖ਼ਤਾਂ ਕੋਲ ਬਹਿ ਕੇ ਰੋ ਲਿਆ ਕਰ..
ਇਹ ਤੇਰਾ ਹਾਣ, ਤੇਰੀ ਰੂਹ ਇਹੋ ਨੇ,
ਹਵਾ, ਧੁੱਪ, ਰੌਸ਼ਨੀ ਖ਼ੁਸ਼ਬੂ ਇਹੋ ਨੇ
ਸਿਮਟ ਜਾਵਣ ਤਾਂ ਫਿਰ ਖ਼ਿੜਦੇ ਨਾ ਇਹ
ਕਦੀ ਜਜ਼ਬਾਤ ਨਾ ਸਿਮਟਣ ਦਿਆ ਕਰ...
ਕਿਸੇ ਨੀਲੇ ਗਗਨ 'ਤੇ ਨੀਝ ਵੀ ਹੈ,
ਉਡਾਰੀ ਦੀ ਮਨਾਂ ਵਿੱਚ ਰੀਝ ਵੀ ਹੈ
ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿੱਚ
ਅਜੇ ਉੱਡਣ ਲਈ ਨਾ ਆਖਿਆ ਕਰ..
ਬੁਝੇ ਸੂਰਜ ਤੋਂ ਹੁਣ ਨਜ਼ਰ ਹਟਾ ਲੈ,
ਕਿਤੇ ਚੱਪਾ ਕੁ ਥਾਂ ਪੂਰਬ ਬਚਾ ਲੈ
ਮੇਰੀ ਤਾਂ ਧੁਖ਼ਣ ਦੀ ਆਦਤ ਬਣ ਗਈ,
ਮੇਰੇ ਬਾਰੇ ਨਾ ਏਨਾ ਸੋਚਿਆ ਕਰ....
ਵਿਜੇ ਵਿਵੇਕ