Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਝੂਠ ਆਖਾਂ ਤਾਂ… :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਝੂਠ ਆਖਾਂ ਤਾਂ…

ਝੂਠ ਸੁਣਨਾ ਪਸੰਦ ਕੋਈ ਨਹੀਂ ਕਰਦਾ ਪਰ ਬੋਲਦੇ ਸਾਰੇ ਹਨ। ਸੱਚ ਸਵਰਗ ਵਾਂਗ ਅਕਾਊ ਅਤੇ ਨੀਰਸ ਹੁੰਦਾ ਹੈ ਜਦੋਂਕਿ ਸੰਸਾਰ ਦੀਆਂ ਰੌਣਕਾਂ ਝੂਠ ਦੀਆਂ ਉਪਜਾਈਆਂ ਹੋਈਆਂ ਹਨ। ਜੇ ਸਾਰੇ ਲੋਕ ਸੱਚ ਬੋਲਣ ਲੱਗ ਪੈਣ ਤਾਂ ਥਾਣਿਆਂ, ਅਦਾਲਤਾਂ, ਵਪਾਰ, ਰਾਜਨੀਤੀ ਅਤੇ ਧਰਮ ਦਾ ਭੋਗ ਪੈ ਜਾਵੇਗਾ। ਇੱਕ ਝੂਠ ਬੋਲਦਾ ਹੈ, ਬਾਕੀ ਉਸ ਦੀ ਹਮਾਇਤ ਵਿੱਚ ਬਿਆਨ ਦਿੰਦੇ ਹਨ, ਵਿਰੋਧੀ ਧਿਰ ਰੌਲਾ ਪਾਉਂਦੀ ਹੈ, ਝੂਠ ਬੋਲਣ ਵਾਲਾ ਮਾਹਿਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਕੇ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਲੱਗ ਪੈਂਦਾ ਹੈ। ਇਵੇਂ ਸੱਚੇ-ਝੂਠਿਆਂ ਅਤੇ ਝੂਠੇ-ਸੱਚਿਆਂ, ਸਾਰਿਆਂ ਦਾ ਕਾਰੋਬਾਰ ਚਲਦਾ ਰਹਿੰਦਾ ਹੈ। ਵਪਾਰ ਅਤੇ ਰਾਜਨੀਤੀ ਵਾਂਗ ਹੀ ਪਿਆਰ ਦੇ ਖੇਤਰ ਵਿੱਚ ਵੀ ਝੂਠ ਨੂੰ ਸੱਚ ਬਣਾ ਕੇ ਪਰੋਸਿਆ ਜਾਂਦਾ ਹੈ। ਝੂਠ ਬੋਲਣ ਤੋਂ ਬਿਨਾਂ ‘ਸੱਚਾ’ ਪਿਆਰ ਕਰਨਾ ਸੰਭਵ ਨਹੀਂ ਹੁੰਦਾ। ਜੇ ਪ੍ਰੇਮੀ-ਪ੍ਰੇਮਿਕਾ ਦੋਵੇਂ ਇੱਕ-ਦੂਜੇ ਬਾਰੇ ਸੱਚ ਬੋਲਣ ਤਾਂ ਉਨ੍ਹਾਂ ਦੇ ਪਤੀ-ਪਤਨੀ ਬਣਨ ਦੀ ਥਾਂ ਇੱਕ-ਦੂਜੇ ਦੇ ਜਾਨੀ ਦੁਸ਼ਮਣ ਬਣਨ ਦਾ ਸੁਪਨਾ ਸਾਕਾਰ ਹੋ ਜਾਵੇਗਾ। ਪਤੀ-ਪਤਨੀ ਇੱਕ-ਦੂਜੇ ਬਾਰੇ ਸੱਚ, ਤਲਾਕ ਦੇ ਮੁਕੱਦਮੇ ਦੌਰਾਨ ਹੀ ਬੋਲਦੇ ਹਨ। ਬਾਕੀ ਸਾਰਾ ਜੀਵਨ ਉਹ ਝੂਠ ਬੋਲ-ਸੁਣ ਕੇ ਹੀ ਗੁਜ਼ਾਰ ਲੈਂਦੇ ਹਨ। ਜੇ ਝੂਠ ਬੋਲਣ ’ਤੇ ਪਾਬੰਦੀ ਲੱਗ ਜਾਵੇ ਤਾਂ ਸਾਰੇ ਸਨਮਾਨ ਸਮਾਰੋਹ ਅਤੇ ਭੋਗ ਵੇਲੇ ਦਿੱਤੀਆਂ ਜਾਣ ਵਾਲੀਆਂ ਸ਼ਰਧਾਂਜਲੀਆਂ ਬੰਦ ਹੋ ਜਾਣਗੀਆਂ। ਸਾਰੀਆਂ ਸਹੁੰਆਂ, ਬਹਾਨੇ ਅਤੇ ਲਾਰੇ ਝੂਠੇ ਹੁੰਦੇ ਹਨ ਪਰ ਇਹ ਝੂਠ ਨੂੰ ਮੰਨਣਯੋਗ ਜ਼ਰੂਰ ਬਣਾ ਦਿੰਦੇ ਹਨ। ਝੂਠ ਦਾ ਇਤਿਹਾਸ ਬਹੁਤ ਲੰਮਾ ਹੈ।
ਜਿੰਨਾ ਚਿਰ ਮਨੁੱਖ ਦਾ ਆਪਣੀ ਹੋਂਦ ਬਣਾਈ ਰੱਖਣ ਲਈ ਪਸ਼ੂ-ਜਗਤ ਨਾਲ ਸੰਘਰਸ਼ ਚੱਲਦਾ ਸੀ ਉਦੋਂ ਤਕ ਝੂਠ, ਧੋਖਾ, ਬੇਈਮਾਨੀ, ਫਰੇਬ, ਚਲਾਕੀ ਆਦਿ ਸਹਿਯੋਗੀ ਵਰਤਾਰੇ ਸਨ। ਇਹ ਸੰਘਰਸ਼ ਲੱਖਾਂ ਸਾਲ ਚੱਲਿਆ ਹੈ ਅਤੇ ਇਹ ਲੱਛਣ ਮਨੁੱਖੀ ਵਿਹਾਰ ਦਾ ਅੰਗ ਬਣ ਗਏ ਹਨ। ਈਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ, ਸੁਹਿਰਦਤਾ ਨਾਲ ਯੁੱਧ ਨਹੀਂ ਲੜਿਆ ਜਾ ਸਕਦਾ, ਸਿਰਫ਼ ਸੱਚ ਬੋਲਣ ਨਾਲ ਵਪਾਰ ਨਹੀਂ ਚਲਦਾ। ਹੁਣ ਵੀ ਮੱਛੀਆਂ ਫੜਨ ਵੇਲੇ ਮਨੁੱਖ ਕੁੰਡੀ ਨਾਲ ਆਟਾ ਲਾ ਕੇ ਵਿਧੀ ਦੋਸਤੀ ਵਾਲੀ ਵਰਤਦਾ ਹੈ ਪਰ ਕਰਦਾ ਧੋਖਾ ਹੈ। ਇਵੇਂ ਹੀ ਫੁਟਬਾਲ, ਹਾਕੀ ਆਦਿ ਖੇਡਾਂ ਚਕਮੇ ਦੇਣ ਅਤੇ ਚਲਾਕੀ ਕਰਨ ਦੀਆਂ ਖੇਡਾਂ ਹਨ। ਇਉਂ ਝੂਠ ਅਤੇ ਫਰੇਬ ਮਨੁੱਖੀ ਵਿਹਾਰ ਦਾ ਅੰਗ ਬਣ ਗਏ ਹਨ। ਹੁਣ ਵੀ ਜਦੋਂ ਮਨੁੱਖ ਘਰੋਂ ਨਿਕਲਦਾ ਹੈ ਤਾਂ ਭਾਂਤ-ਭਾਂਤ ਦੀਆਂ ਬਿਰਤੀਆਂ ਵਾਲੇ ਵਿਅਕਤੀ ਉਸ ਨੂੰ ਮਿਲਦੇ ਹਨ। ਹਰ ਵਿਅਕਤੀ ਦੀ ਸ਼ਕਲ ਹੀ ਨਹੀਂ, ਉਸ ਦੀਆਂ ਆਦਤਾਂ ਅਤੇ ਵਿਹਾਰ ਵੀ ਕਿਸੇ ਨਾ ਕਿਸੇ ਜਾਨਵਰ ਨਾਲ ਮਿਲਦਾ ਹੁੰਦਾ ਹੈ। ਇਸੇ ਕਰਕੇ ਜਦੋਂ ਅਸੀਂ ਕਿਸੇ ਨੂੰ ਨਿੰਦਣਾ ਹੁੰਦਾ ਹੈ ਤਾਂ ਕਿਸੇ ਪਸ਼ੂ ਦਾ ਹਵਾਲਾ ਦਿੰਦੇ ਹਾਂ। ਸਾਰਾ ਦਿਨ ਮਨੁੱਖ  ਕਿਸੇ ਨਾਲ ਝੂਠ ਬੋਲ ਕੇ, ਕਿਸੇ ਨਾਲ ਚਲਾਕੀ ਅਤੇ ਕਿਸੇ ਨਾਲ ਬੇਈਮਾਨੀ ਕਰਕੇ, ਕਿਸੇ ਨਾਲ ਝੂਠਾ ਵਾਅਦਾ ਕਰਕੇ ਜਾਂ ਕਿਸੇ ਨੂੰ ਲਾਰਾ ਲਾ ਕੇ ਆਪਣਾ ਜੀਵਨ-ਨਿਰਬਾਹ ਕਰਦਾ ਹੈ। ਮਨੁੱਖ ਸੋਚਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ, ਦੱਸਦਾ ਕੁਝ ਹੋਰ ਹੈ ਅਤੇ ਯਾਦ ਕੁਝ ਹੋਰ ਰੱਖਦਾ ਹੈ। ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਦੁਕਾਨਦਾਰਾਂ ਨੇ ਆਪਣੀ ਆਪਣੀ ਕਿਸਮ ਦੇ ਜਾਲ ਵਿਛਾਏ ਹੁੰਦੇ ਹਨ। ਚੀਜ਼ ਖਰੀਦਣ ਵੇਲੇ ਉਹ ਕੋਇਲ ਵਾਲੀ ਮਿੱਠੀ ਆਵਾਜ਼ ਵਿੱਚ ਬੋਲਣਗੇ, ਨੁਕਸਦਾਰ ਚੀਜ਼ ਵਾਪਸ ਕਰਨ ਜਾਓ ਉਹ ਕਾਂ ਵਾਂਗ ਬੋਲਦੇ ਹਨ। ਅਦਾਲਤੀ ਮੁਕੱਦਮਿਆਂ ਤੋਂ ਪਤਾ ਲੱਗਦਾ ਹੈ ਕਿ ਝੂਠ-ਫਰੇਬ ਕਿੰਨਾ ਵਿਆਪਕ ਹੈ। ਇਸ ਵਿਆਪਕ ਝੂਠ ਅਤੇ ਬੇਈਮਾਨੀ ਕਾਰਨ ਹੀ ਅਜੋਕਾ ਮਨੁੱਖ ਪ੍ਰੇਸ਼ਾਨ ਅਤੇ ਅਸ਼ਾਂਤ ਹੈ।

10 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਝੂਠ ਬੋਲਣ ਦੀ ਆਦਤ ਲਗਪਗ  ਅੱਠ ਸਾਲ ਦੀ ਉਮਰ ਵਿੱਚ ਪੈਂਦੀ ਹੈ। ਝੂਠ ਬੋਲਣਾ ਬੱਚੇ ਦੇ ਵਿਕਾਸ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ। ਝੂਠ ਬੋਲਣਾ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਜ਼ਰੂਰੀ ਹੈ ਕਿਉਂਕਿ ਮਨੁੱਖ ਨੇ ਸੀਮਿਤ ਵਸੀਲਿਆਂ ਵਿੱਚੋਂ ਆਪਣਾ ਹਿੱਸਾ ਲੈਣਾ ਹੁੰਦਾ ਹੈ। ਇਹ ਹਿੱਸਾ ਮਿਲਦਾ ਨਹੀਂ, ਲੈਣ ਲਈ ਉਪਰਾਲੇ ਕਰਨੇ ਪੈਂਦੇ ਹਨ, ਝੂਠ ਬੋਲਣਾ ਵੀ ਇੱਕ ਉਪਰਾਲਾ ਹੁੰਦਾ ਹੈ। ਅੱਠ ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਅਸਲੀ-ਨਕਲੀ, ਆਪਣੇ-ਪਰਾਏ, ਚੰਗੇ-ਮਾੜੇ, ਸੱਚ-ਝੂਠ ਆਦਿ ਦੀ ਸੋਝੀ ਨਹੀਂ ਹੁੰਦੀ। ਬੱਚੇ ਝੂਠ ਬੋਲਣ ਦਾ ਅਮਲ ਮਾਂ ਤੋਂ ਸਿੱਖਣਾ, ਵਰਤਣਾ ਸ਼ੁਰੂ ਕਰਦੇ ਹਨ, ਪਿਤਾ ਨਾਲ ਉਹ ਮਗਰੋਂ ਝੂਠ ਬੋਲਦੇ ਹਨ। ਮਾਪਿਆਂ ਦਾ ਲਾਡ-ਪਿਆਰ ਉਨ੍ਹਾਂ ਦੇ ਝੂਠ ਨੂੰ ਪ੍ਰਗਟ ਨਹੀਂ ਹੋਣ ਦਿੰਦਾ। ਜਦੋਂ ਬੱਚੇ ਦੇ ਕਈ ਝੂਠ ਫੜੇ ਜਾਂਦੇ ਹਨ ਤਾਂ ਮਾਪਿਆਂ ਦਾ ਉਸ ਪ੍ਰਤੀ ਅਤੇ ਉਸ ਦਾ ਮਾਪਿਆਂ ਪ੍ਰਤੀ ਦ੍ਰਿਸ਼ਟੀਕੋਣ ਬਦਲਦਾ ਹੈ। ਦੋਵੇਂ ਧਿਰਾਂ ਚੁਕੰਨੀਆਂ ਹੋ ਜਾਂਦੀਆਂ ਹਨ। ਜਿਨ੍ਹਾਂ ਪਰਿਵਾਰਾਂ ਵਿੱਚ ਮਾਪੇ ਸਖ਼ਤ ਹੁੰਦੇ ਹਨ ਅਤੇ ਸਰੀਰਕ ਸਜ਼ਾ ਦਿੱਤੀ ਜਾਂਦੀ ਹੈ ਉੱਥੇ ਬੱਚੇ ਜਲਦੀ ਅਤੇ ਵਧੇਰੇ ਝੂਠ ਬੋਲਦੇ ਹਨ। ਬੱਚੇ ਕਈ ਉਦੇਸ਼ਾਂ ਅਧੀਨ ਝੂਠ ਬੋਲਦੇ ਹਨ। ਅਕਸਰ ਉਹ ਸਜ਼ਾ ਤੋਂ ਬਚਣ ਲਈ, ਅਧਿਆਪਕਾਂ ਜਾਂ ਮਾਪਿਆਂ ਦੇ ਡਰ ਕਾਰਨ ਜਾਂ ਆਪਣੀ ਕੋਈ ਗਲਤੀ ਛੁਪਾਉਣ ਲਈ, ਨੁਕਸਾਨ ਤੋਂ ਮੁੱਕਰਨ ਜਾਂ ਕਿਸੇ ਮੁਸ਼ਕਲ ਵਿੱਚੋਂ ਨਿਕਲਣ ਲਈ ਝੂਠ ਬੋਲਦੇ ਹਨ। ਬੱਚੇ ਸੱਚ-ਝੂਠ ਦਾ ਅੰਤਰ ਵੀ ਨਹੀਂ ਜਾਣਦੇ ਹੁੰਦੇ। ਇਹ ਅਮਲ ਬਾਰ੍ਹਾਂ-ਤੇਰਾਂ ਸਾਲ ਦੀ ਉਮਰ ਵਿੱਚ ਚਲਦਾ ਹੈ ਜਿਸ ਉਪਰੰਤ ਲੜਕੇ-ਲੜਕੀਆਂ ਦੀ ਇੱਕ-ਦੂਜੇ ਵਿੱਚ ਦਿਲਚਸਪੀ ਵਧਦੀ ਹੈ ਅਤੇ ਝੂਠ ਦੀ ਕਿਸਮ ਅਤੇ ਪੱਧਰ ਵੀ ਬਦਲ ਜਾਂਦੀ ਹੈ। ਇਸ ਉਮਰ ਵਿੱਚ ਕਲਪਨਾ ਜਾਗਦੀ ਹੈ ਅਤੇ ਸਭ ਕੁਝ ਅਜੀਬ ਲੱਗਦਾ ਹੈ। ਲੜਕਾ ਆਪਣੇ ਬਾਰੇ ਝੂਠ ਬੋਲ ਕੇ ਲੜਕੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਉਮਰ ਵਿੱਚ ਅਲੰਕਾਰ ਵਰਤਣ ਦੀ ਆਦਤ ਪੈਂਦੀ ਹੈ, ਜਿਸ ਨਾਲ ਝੂਠ ਰਮਣੀਕ ਅਤੇ ਦਿਲਚਸਪ ਬਣ ਜਾਂਦਾ ਹੈ। ਬੱਚਿਆਂ ਦਾ ਮਾਪਿਆਂ ਨਾਲ ਝੂਠ ਬੋਲਣ ਦਾ ਅਮਲ ਜਟਿਲ ਹੋ ਜਾਂਦਾ ਹੈ। ਇਸ ਅਮਲ ਵਿੱਚ ਬੱਚੇ ਚਲਾਕੀ ਕਰਨੀ ਸਿੱਖਦੇ ਹਨ।
ਕਦੇ-ਕਦੇ ਹਰ ਵਿਅਕਤੀ ਝੂਠ ਬੋਲਦਾ ਹੈ। ਜਿਹੜਾ ਕਹਿੰਦਾ ਹੈ ਕਿ ਉਹ ਹਮੇਸ਼ਾਂ ਸੱਚ ਬੋਲਦਾ ਹੈ, ਉਹ ਅਜਿਹਾ ਕਹਿੰਦਿਆਂ ਝੂਠ ਹੀ ਬੋਲ ਰਿਹਾ ਹੁੰਦਾ ਹੈ। ਅਨੇਕਾਂ ਲੋਕ ਆਦਤਨ ਹੀ ਝੂਠ ਬੋਲਦੇ ਹਨ ਕਿਉਂਕਿ ਸੱਚ ਬੋਲਣ ਨਾਲ ਇਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ। ਸੱਚ ਬੋਲਣ ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਹੀ ਚਲਦਾ ਹੈ। ਹਰ ਕੋਈ ਆਪਣੇ ਆਪ ਨੂੰ ਵਿਸ਼ੇਸ਼ ਅਤੇ ਪਤਵੰਤਾ ਸਿੱਧ ਕਰਨਾ ਚਾਹੁੰਦਾ ਹੈ, ਜਦੋਂਕਿ ਹੁੰਦਾ ਹਰ ਕੋਈ ਸਾਧਾਰਨ ਹੈ, ਸੋ ਝੂਠ ਬੋਲਿਆ ਜਾਂਦਾ ਹੈ। ਦੂਜਿਆਂ ਦੀ ਪ੍ਰਵਾਨਗੀ ਲੈਣ ਲਈ ਝੂਠ ਬੋਲਣਾ ਮਜਬੂਰੀ ਬਣ ਜਾਂਦਾ ਹੈ। ਕਿਸੇ ਥਾਂ ਛੋਟੇ ਪਰਿਵਾਰ ਦੇ ਪੱਖ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਸਨ। ਇੱਕ ਇਸਤਰੀ ਜਿਸ ਦੇ ਬੱਚੇ ਚਾਰ ਸਨ ਪਰ ਉਸ ਨੇ ਦੋ ਹੀ ਦੱਸੇ, ਉਸ ਦੇ ਚਾਰ ਬੱਚਿਆਂ ਬਾਰੇ ਕਈਆਂ ਨੂੰ ਪਤਾ ਸੀ ਪਰ ਉਹ ਚੁੱਪ ਹੀ ਰਹੇ। ਪੁਰਸ਼ ਅਕਸਰ ਵਿਉਂਤ ਬਣਾ ਕੇ ਝੂਠ ਬੋਲਦੇ ਹਨ ਜਦੋਂਕਿ ਇਸਤਰੀਆਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਹੀ ਅਜਿਹੀ ਹੈ ਕਿ ਉਨ੍ਹਾਂ ਨੂੰ ਪ੍ਰਵਾਨਗੀ ਪ੍ਰਾਪਤ ਕਰਨ ਲਈ ਅਕਸਰ ਝੂਠ ਬੋਲਣਾ ਪੈਂਦਾ ਹੈ। ਜੁਆਰੀਏ, ਸ਼ਰਾਬੀ, ਠੇਕੇਦਾਰ, ਦਲਾਲ, ਟਰੈਵਲ ਏਜੰਟ, ਆੜ੍ਹਤੀ ਆਦਿ ਝੂਠ ਹੀ ਬੋਲਦੇ ਹਨ। ਝੂਠ ਬੋਲਣ ਵਾਲੇ ਵਾਹੋ-ਦਾਹੀ ਬੋਲਦੇ ਹਨ। ਜਦੋਂ ਕੋਈ ਝੂਠਾ, ਚਲਾਕ ਵਿਅਕਤੀ ਗੱਲਬਾਤ ਕਰੇਗਾ ਤਾਂ ਉਹ ਬਹਿ ਕੇ ਕਰੇਗਾ ਅਤੇ ਵਿਚਕਾਰ ਕੋਈ ਚੀਜ਼ ਰੱਖ ਲਵੇਗਾ ਜਿਸ ਨੂੰ ਵੇਖਣ-ਛੇੜਨ ਦੇ ਬਹਾਨੇ ਉਹ ਅੱਖ ਨਹੀਂ ਮਿਲਾਏਗਾ।
ਜਿਹੜੇ ਬਿਨਾਂ ਲੋੜ ਝੂਠ ਬੋਲਦੇ ਹਨ ਉਹ ਸਭ ਥਾਂ ਸਮੱਸਿਆਵਾਂ ਉਪਜਾਉਂਦੇ ਹਨ। ਕਈ ਵਿਆਹ ਇਸ ਲਈ ਟੁੱਟਦੇ ਹਨ ਕਿਉਂਕਿ ਯੋਗਤਾ, ਆਮਦਨ ਜਾਂ ਕੁਝ ਦੇਣ ਬਾਰੇ ਝੂਠ ਬੋਲਿਆ ਗਿਆ ਹੈ। ਝੂਠ ਹੀ ਨਹੀਂ ਬੋਲਿਆ ਗਿਆ ਹੁੰਦਾ, ਦੂਜੀ ਧਿਰ ਨੂੰ ਬੁੱਧੂ ਬਣਾਉਣ ਦਾ ਯਤਨ ਵੀ ਕੀਤਾ ਗਿਆ ਹੁੰਦਾ ਹੈ। ਕਈ ਜਿੱਥੇ ਝੂਠ ਬੋਲਣ ਦੀ ਲੋੜ ਨਹੀਂ ਹੁੰਦੀ, ਉੱਥੇ ਵੀ ਝੂਠ ਬੋਲਦੇ ਹਨ। ਚਤਰ-ਚਲਾਕ ਅਤੇ ਝੂਠੇ ਵਿਅਕਤੀ ਵਿਆਹ ਤੋਂ ਪਹਿਲਾਂ ਕੋਠੀ ਕਿਰਾਏ ’ਤੇ ਲੈ ਕੇ ਉਸ ਨੂੰ ਆਪਣੀ ਦੱਸ ਕੇ ਰਿਸ਼ਤਾ ਕਰਦੇ ਹਨ, ਅਜਿਹਾ ਝੂਠ ਪ੍ਰਗਟ ਹੋਣ ’ਤੇ ਝਗੜਾ ਹੋਣਾ ਸੁਭਾਵਕ ਹੈ। ਸੱਚ ਬੋਲਣ ਦਾ ਲਾਭ ਇਹ ਹੁੰਦਾ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ ਕਿ ਕੀ ਕਿਹਾ ਸੀ। ਜੇ ਪੁੱਛਣ ’ਤੇ ਤੁਸੀਂ ਆਪਣੀ ਸਹੀ ਆਮਦਨ ਜਾਂ ਯੋਗਤਾ ਜਾਂ ਉਮਰ ਦੱਸੋ ਤਾਂ ਯਾਦ ਨਹੀਂ ਰੱਖਣਾ ਪੈਂਦਾ ਕਿ ਕੀ ਯੋਗਤਾ ਜਾਂ ਆਮਦਨ ਦੱਸੀ ਸੀ ਪਰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਹੈ ਕਿ ਕਿਸ ਨੂੰ ਕੀ ਦੱਸਿਆ ਸੀ। ਵੇਖਿਆ ਗਿਆ ਹੈ ਕਿ ਲਗਪਗ ਹਰ ਝਗੜੇ ਦਾ ਕਾਰਨ ਕੋਈ ਨਾ ਕੋਈ ਝੂਠ ਹੁੰਦਾ ਹੈ।

10 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਿਵੇਂ ਹਰ ਕਿਸੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਕਿਸੇ ਵਿੱਚ ਸੱਚ ਸੁਣਨ ਦੀ ਹਿੰਮਤ ਨਹੀਂ ਹੁੰਦੀ। ਝੂਠ ਬੋਲਣਾ ਮਨੁੱਖ ਦੀਆਂ ਬੁਨਿਆਦੀ ਆਦਤਾਂ ਵਿੱਚੋਂ ਇੱਕ ਹੈ। ਗੁੱਸੇ ਹੋਣਾ, ਲਾਲਚ ਕਰਨਾ, ਪਿਆਰ-ਨਫ਼ਰਤ ਕਰਨਾ, ਲੜਨਾ ਆਦਿ ਵੀ ਬੁਨਿਆਦੀ ਆਦਤਾਂ ਹਨ। ਸੋ ਝੂਠ ਕਦੇ ਵੀ ਪੂਰੀ ਤਰ੍ਹਾਂ ਲੋਪ ਨਹੀਂ ਹੋਵੇਗਾ। ਇਹ ਇੱਕ ਵਿਹਾਰਕ ਵਿਗਾੜ ਹੈ, ਸੋ ਇਸ ਨੂੰ ਸੁਧਾਰਨ ਦੇ ਯਤਨ ਵੀ ਹਮੇਸ਼ਾਂ ਹੁੰਦੇ ਰਹਿਣਗੇ। ਜਿਨ੍ਹਾਂ ਨੂੰ ਬਚਪਨ ਵਿੱਚ ਖਾਣ-ਪੀਣ ਦੀ ਤੰਗੀ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਜਿਨ੍ਹਾਂ ਵਿੱਚ ਗ਼ਰੀਬੀ ਬੇਰੁਜ਼ਗਾਰੀ ਜਾਂ ਨੀਵੀਂ ਜਾਤ ਕਾਰਨ ਹੀਣਤਾ ਦੀ ਭਾਵਨਾ ਹੋਵੇ, ਉਹ ਵਧੇਰੇ ਝੂਠ ਬੋਲਣ ਲਈ ਮਜਬੂਰ ਹੁੰਦੇ ਹਨ। ਹੁਣ ਵਿਦੇਸ਼ ਜਾਣ ਲਈ ਸਭ ਪ੍ਰਕਾਰ ਦੇ ਝੂਠ ਬੋਲੇ ਜਾਂਦੇ ਹਨ। ਟੈਕਸਾਂ ਤੋਂ ਬਚਣ ਲਈ ਝੂਠ ਬੋਲਣਾ ਵਿਸ਼ਵ-ਵਿਆਪੀ ਵਰਤਾਰਾ ਹੈ। ਇਸਤਰੀ-ਪੁਰਸ਼ ਸਬੰਧਾਂ ਦੀਆਂ ਸੰਭਾਵਨਾਵਾਂ ਵਧਣ ਨਾਲ ਝੂਠ ਦੀਆਂ ਨਵੀਆਂ ਵੰਨਗੀਆਂ ਉੱਭਰ ਰਹੀਆਂ ਹਨ। ਉਧਾਰ ਲੈਣ ਵਾਲੇ ਬੜੇ ਸੁਹਾਵਣੇ ਝੂਠ ਬੋਲਦੇ ਹਨ। ਕਿਸੇ ਵੇਲੇ ਝੂਠ ਬੋਲਣਾ, ਨਰਕ ਦਾ ਭਾਗੀ ਬਣਨਾ ਹੁੰਦਾ ਸੀ। ਕਿਸੇ ਵੇਲੇ ਝੂਠ ਬੋਲਣ ਨਾਲ ਰਿਸ਼ਤਾ ਟੁੱਟ ਜਾਂਦਾ ਸੀ, ਸਬੰਧ ਵਿਗੜ ਜਾਂਦੇ ਸਨ ਪਰ ਹੁਣ ਪਛਤਾਵੇ ਦਾ ਪ੍ਰਗਟਾਵਾ ਕਰਨ ’ਤੇ ਝੂਠ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਸਾਰੇ ਜੀਵਨ ਵਿੱਚ ਕੁਝ ਗਿਣਤੀ ਦੇ ਹੀ ਝੂਠ ਬੋਲੇ ਜਾਂਦੇ ਸਨ ਜਦੋਂਕਿ ਹੁਣ ਹਰ ਰੋਜ਼ ਅਨੇਕਾਂ ਝੂਠ ਬੋਲੇ ਜਾਂਦੇ ਹਨ। ਲੱਗਦਾ ਹੈ ਝੂਠ ਬੋਲਣਾ ਹਰਮਨਪਿਆਰਾ ਹੋ ਗਿਆ ਹੈ।
ਭਾਵੇਂ ਝੂਠ ਦੀਆਂ ਕਿਸਮਾਂ ਅਨੇਕਾਂ ਹਨ ਪਰ ਝੂਠੇ ਵਿਅਕਤੀ ਦੇ ਵਿਹਾਰ ਵਿੱਚ ਵੰਨ-ਸੁਵੰਨਤਾ ਨਹੀਂ ਹੁੰਦੀ। ਝੂਠ ਆਮ ਕਰਕੇ ਬੋਲਿਆ ਜਾਂਦਾ ਹੈ ਤਾਂ ਕਿ ਮਗਰੋਂ ਮੁੱਕਰਿਆ ਜਾ ਸਕੇ। ਲਿਖ ਕੇ ਕੀਤਾ ਇਕਰਾਰਨਾਮਾ ਜਾਂ ਹਲਫ਼ੀਆ ਬਿਆਨ ਸਾਨੂੰ ਝੂਠ ਬੋਲਣ ਤੋਂ ਰੋਕਦਾ ਹੈ। ਕੰਪਿਊਟਰਾਂ ਦੀ ਵਿਆਪਕ ਵਰਤੋਂ ਨਾਲ ਸਾਡੇ ਝੂਠ ਫੜੇ ਜਾਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਪਰ ਮਨੁੱਖ ਇਤਨਾ ਚਤੁਰ ਹੋ ਗਿਆ ਹੈ ਕਿ ਉਹ ਵਕੀਲਾਂ ਵਾਂਗ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਉਣ ਵਿੱਚ ਦੇਰ ਨਹੀਂ ਲਾਉਂਦਾ। ਅਜੋਕਾ ਮਨੁੱਖ ਸੱਚ ਉੱਥੇ ਹੀ ਬੋਲਦਾ ਹੈ ਜਿੱਥੇ ਉਹ ਝੂਠ ਬੋਲ ਨਹੀਂ ਸਕਦਾ ਅਤੇ ਜਿੱਥੇ ਸੱਚ ਬੋਲਣਾ ਲਾਭਕਾਰੀ ਹੁੰਦਾ ਹੈ। ਜੋ ਕੁਝ ਗੁਪਤ ਰੱਖਿਆ ਜਾਂਦਾ ਹੈ, ਉਹ ਸੱਚ ਨਹੀਂ ਹੁੰਦਾ ਕਿਉਂਕਿ ਸੱਚ ਨੂੰ ਗੁਪਤ ਰੱਖਣ ਦੀ ਲੋੜ ਨਹੀਂ ਪੈਂਦੀ।
ਬਹੁਤ ਅਧਿਕ ਝੂਠ ਬੋਲਣਾ ਇੱਕ ਮਾਨਸਿਕ ਵਿਗਾੜ ਹੈ। ਇਸ ਲਈ ਲੰਮਾ ਸਮਾਂ ਇਲਾਜ ਦੀ ਲੋੜ ਪੈਂਦੀ ਹੈ ਪਰ ਝੂਠ ਬੋਲਣ ਵਾਲੇ ਰੋਗੀ ਇਲਾਜ ਕਰਵਾਉਣ ਤੋਂ ਇਨਕਾਰੀ ਹੁੰਦੇ ਹਨ। ਇਨ੍ਹਾਂ ਦੀ ਝੂਠ ਬੋਲਣ ਦੀ ਆਦਤ ਦਾ ਵਿਸ਼ਲੇਸ਼ਣ ਕਰਦਿਆਂ ਇਨ੍ਹਾਂ ਦੇ ਵਿਹਾਰ ਦੀਆਂ ਅਨੇਕਾਂ ਹੋਰ ਪਰਤਾਂ ਉਜਾਗਰ ਹੋ ਜਾਂਦੀਆਂ ਹਨ, ਜਿਨ੍ਹਾਂ ਨੇ ਇਨ੍ਹਾਂ ਦੇ ਵਿਕਾਸ ਨੂੰ ਰੋਕਿਆ ਹੁੰਦਾ ਹੈ। ਅਜਿਹੇ ਰੋਗੀ, ਮਾਹਿਰਾਂ ਨੂੰ ਮਿਲਣ ਲਈ ਇਸ ਲਈ ਤਿਆਰ ਨਹੀਂ ਹੁੰੰਦੇ ਕਿਉਂਕਿ ਇਹੀ ਮਾਹਿਰ ਪਾਗਲਾਂ ਦਾ ਇਲਾਜ ਵੀ ਕਰਦੇ ਹਨ ਅਤੇ ਝੂਠੇ, ਪਾਗਲ ਕਹਾਉਣ ਤੋਂ ਡਰਦੇ ਹਨ।
ਇਲਾਜ ਤੋਂ ਬਿਨਾਂ ਇਸ ਰੋਗ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਝੂਠ ਬੋਲਣ ਤੋਂ ਰੋਕਣਾ ਸੰਭਵ ਨਹੀਂ ਹੁੰਦਾ। ਝੂਠ ਬੋਲਣ ਤੋਂ ਰੋਕਣ ਦੇ ਕਿਸੇ ਯਤਨ ਦਾ ਸ਼ਰਾਬੀ ਨੂੰ ਸ਼ਰਾਬ ਪੀਣ, ਚੋਰ ਨੂੰ ਚੋਰੀ ਕਰਨ, ਜੂਏਬਾਜ਼ ਨੂੰ ਜੂਆ ਖੇਡਣ ਤੋਂ ਰੋਕਣ ਵਾਂਗ ਕੋਈ ਅਸਰ ਨਹੀਂ ਹੁੰਦਾ। ਜਦੋਂ ਤਕ ਮਨੁੱਖ ਸਰਲ ਅਤੇ ਸਾਦੀ ਜੀਵਨ ਪ੍ਰਣਾਲੀ ਨਹੀਂ ਅਪਣਾਉਂਦਾ ਉਹ ਝੂਠ ਦੀ ਪਰਿਕਰਮਾ ਕਰਦਾ ਰਹੇਗਾ। ਚੰਗੇ, ਪ੍ਰਸੰਨ ਅਤੇ ਖ਼ੁਸ਼ਹਾਲ ਸਮਾਜ ਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਉੱਥੇ ਸੱਚ ਵਧੇਰੇ ਬੋਲਿਆ ਜਾਂਦਾ ਹੈ ਅਤੇ ਝੂਠ ਬੋਲਣ ਵਾਲੇ ਨੂੰ ਸਤਿਕਾਰਯੋਗ ਨਹੀਂ ਸਮਝਿਆ ਜਾਂਦਾ।
ਨਰਿੰਦਰ ਸਿੰਘ ਕਪੂਰ

10 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Right......tfs.....bittu ji......

10 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਸਬ ਕਹਿੰਦੇ ਨੇ .. ਮੈਂ ਝੂਠ ਨਹੀ ਬੋਲਿਆ .... ਪਰ ਅੱਜ ਦੇ ਸਮੇਂ ਦੀ ਮੰਗ ਹੀ ਝੂਠ ਹੈ ... ਤੇ ਝੂਠ ਦਾ ਸਬ ਤੋਂ ਵੱਡਾ ਸਹਾਇਕ ਹੁੰਦਾ ਆ ... ਮੋਬਾਇਲ

10 Dec 2012

aman deep
aman
Posts: 1
Gender: Female
Joined: 11/Dec/2012
Location: ludhiana
View All Topics by aman
View All Posts by aman
 
ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ... ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ ਸਾਡਾ ਆ

ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ...
ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ...

11 Dec 2012

Reply