ਪਿੰਡ ਦੇ ਲੋਕ ਅਕਸਰ ਉਸ ਬਾਰੇ ਗੱਲਾਂ ਕਰਦੇ ਕੋਈ ਉਸ ਨੂੰ ਪਾਗ਼ਲ ਕੋਈ ਸਾਧ ਸਮਝਦਾ। ਉਹ ਚੁੱਪ ਚਾਪ ਨਿਕਲਦਾ ਹੱਸਦਾ ਚੇਹਰਾ ਜਿਸ ਨੂੰ ਵੀ ਮਿਲਦਾ ਦੋਬਾਰਾ ਮਿਲਨ ਦੀ ਲਾਲਸਾ ਪੈਦਾ ਕਰ ਜਾਦਾਂ। ਕੁੱਝ ਦਿਨਾਂ ਤੋਂ ਪਿੰਡ ਦੀਆਂ ਗਲੀਆਂ ਵਿੱਚ ਕਿਸੇ ਨੂੰ ਨਹੀਂ ਮਿਲ ਸਕਿਆ ਆਪਣੇ ਛੋਟੇ ਘਰ ਵਿੱਚ ਧਰੇਕ ਦੇ ਰੁੱਖ ਹੇਠ ਮੰਜਾ ਢਾਹ ਕੇ ਲੇਟਿਆ ਸੀ ਕਿ ਦਰਸ਼ਨ ਸਿੰਘ ਬੂਹਾ ਖੁੱਲਾ ਵੇਖਕੇ ਅੰਦਰ ਲੰਘ ਗਿਆ।ਜਾਦਿਆਂ ਹੀ ਗੋਡੇ ਤੋਂ ਹਲੂਣ ਕੇ ਕਹਿਣ ਲਗਾ ਤਾਇਆ ਕੀ ਗੱਲ ਲੰਮੇ ਪਿਆ ਏਂ ਠੀਕ ਤਾਂ ਹੈਂ। ਉਹ ਹੱਸਕੇ ਬੋਲਿਆ ਬਿਲਕੁਲ ਆਨੰਦ ਚੜ੍ਹਦੀ ਕਲਾ ਤੂੰ ਸੁਣਾ ਅੱਜ ਕਿਵੇਂ ਆਉਣਾ ਹੋਇਆ। ਮੈਂ ਸੋਚਿਆ ਕੁੱਝ ਦਿਨਾਂ ਤੋਂ ਤਾਇਆ ਨਜ਼ਰੀ ਨਹੀਂ ਆਇਆ ਪਤਾ ਕਰੀਏ ਠੀਕ ਹੋਵੇ.,ਦਰਸ਼ਨ ਸਿੰਘ ਪ੍ਰੇਸ਼ਾਨੀ ਜ਼ਾਹਿਰ ਕਰਦਿਆਂ ਬੋਲਿਆ ।ਪੁੱਤਰਾ ਤੇਰੀ ਮੇਹਰਬਾਨੀ ਆਪਾਂ ਨੂੰ ਕੀ ਹੋਣਾ ਹੈ ਹੁੰਦਾ ਉਸਨੂੰ ਹੈ ਜਿਸ ਕੋਲ ਕੁੱਝ ਹੋਣ ਦਾ ਕਾਰਨ ਹੋਵੇ ਕਿ੍ਰਪਾ ਹੈ ਆਪਣੇ ਕੋਲ ਕੋਈ ਕਾਰਨ ਹੀ ਨਹੀਂ ਕੁੱਝ ਹੋਣ ਦਾ। ਇਸ ਕਰਕੇ ਪ੍ਰੇਸ਼ਾਨੀ ਜਾਂ ਕੁੱਝ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੁੱਤਰਾ ਕਾਰਨ ਪੈਦਾ ਨਾ ਕਰੋ ਬਾਕੀ ਸੱਭ ਕਰਤੇ ਵਸ ਹੈ ਉਹ ਜੋ ਕਰਦਾ ਹੈ ਬਿਲਕੁਲ ਸਹੀ ਕਰਦਾ ਹੈ ਗੱਲ ਤਾਂ ਵਿਸ਼ਵਾਸ਼ ਦੀ ਹੈ । ਏਨਾ ਕਹਿ ਉਹ ਫਿਰ ਲੰਮੇ ਪੈ ਗਿਆ।