Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਥਾ ਇਕ ਅਸਲ ਮਨੁੱਖ ਦੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਥਾ ਇਕ ਅਸਲ ਮਨੁੱਖ ਦੀ

ਮਨੁੱਖ ਜਾਤੀ ਵਿਚ ਮਨੁੱਖਾਂ ਦੀ ਗਿਣਤੀ ਘੱਟ ਹੈ। ਇਸ ਤੋਂ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਗਿਣਤੀ ਲਗਾਤਾਰ ਘਟਦੀ ਹੀ ਜਾਂਦੀ ਹੈ। ਅੱਜ ਦੇ ਸੰਸਾਰ ਵਿਚ ਮਨੁੱਖੀ ਜਾਮੇ ਵਿਚ ਵਿਚਰ ਰਹੇ ਬਹੁਤੇ ਪ੍ਰਾਣੀ ਹੋਰ ਭਾਵੇਂ ਕੁਛ ਵੀ ਹੋਣ, ਮਨੁੱਖ ਤਾਂ ਹੈ ਨਹੀਂ। ਹੋਰ ਤਾਂ ਹੋਰ, ਦੇਸ ਅਤੇ ਸਮਾਜ ਨੂੰ ਅਗਵਾਈ ਦੇਣ ਦਾ ਦਾਅਵਾ ਕਰਨ ਵਾਲੇ ਨੇਤਾਵਾਂ ਵਿਚ ਭਲੇ ਤੇ ਬੁਰੇ ਦਾ ਅਨੁਪਾਤ ਹੋਰ ਵੀ ਬਹੁਤਾ ਡਾਵਾਂਡੋਲ ਹੈ। ਇਸੇ ਕਰਕੇ ਸੂਚਨਾ ਮਾਧਿਅਮ ਅਕਸਰ ਹੀ ਸਿਆਸਤ ਦੇ ਨਿਘਾਰ ਅਤੇ ਸਿਆਸਤਦਾਨਾਂ ਦੇ ਭਾਂਤ-ਭਾਂਤ ਦੇ ਭ੍ਰਿਸ਼ਟਾਚਾਰ ਦੇ ਕਿੱਸੇ ਸੁਣਾਉਂਦਾ ਰਹਿੰਦਾ ਹੈ। ਮਾਹੌਲ ਹੀ ਅਜਿਹਾ ਬਣ ਗਿਆ ਹੈ। ਚਾਰ-ਚੁਫ਼ੇਰੇ ਲੁੱਟ-ਖੋਹ, ਧੋਖਾਧੜੀ, ਹੇਰਾਫੇਰੀ ਤੇ ਧੱਕੇਸ਼ਾਹੀ ਦਾ ਬੋਲਬਾਲਾ ਹੈ। ਪਰ ਸ਼ੁਕਰ ਦੀ ਗੱਲ ਇਹ ਹੈ ਕਿ ਸਾਰਾ ਅੰਬਰ ਹੀ ਇਹਨਾਂ ਕਾਲੇ ਬੱਦਲਾਂ ਨੇ ਨਹੀਂ ਮੱਲਿਆ ਹੋਇਆ। ਵਿਚ-ਵਿਚ ਪਤਲੀਆਂ ਪਤਲੀਆਂ ਚਾਨਣ ਦੀਆਂ ਲਕੀਰਾਂ ਵੀ ਇਸ ਹਨੇਰੇ ਨੂੰ ਲੰਗਾਰਦੀਆਂ ਰਹਿੰਦੀਆਂ ਹਨ।
ਮਨੁੱਖਾਂ ਦੀ ਭਲੇ-ਬੁਰੇ ਵਿਚ ਵੰਡ ਨੂੰ ਸਿੱਧੇ ਤੌਰ ਉੱਤੇ ਗ਼ਰੀਬ-ਅਮੀਰ ਨਾਲ ਜੋੜਨਾ ਵਾਜਬ ਨਹੀਂ ਹੋਵੇਗਾ। ਨਾ ਹਰ ਅਮੀਰ ਮਨੁੱਖਤਾ ਦਾ ਦਾਮਨ ਛੱਡਦਾ ਹੈ ਤੇ ਨਾ ਹਰ ਗ਼ਰੀਬ ਹੀ ਦੁੱਧ ਦਾ ਧੋਤਾ ਹੁੰਦਾ ਹੈ। ਭਾਵੇਂ ਲੋਕ-ਮੱਤ ਬਣਾਉਣ ਤੇ ਢਾਲਣ ਦੇ ਵਸੀਲੇ ਧਨਾਢਾਂ ਦੇ ਹੱਥ ਹੋਣ ਕਰਕੇ ਅਨੇਕ ਸਮਾਜਕ ਬਦੀਆਂ ਗ਼ਰੀਬਾਂ ਦੇ ਸਿਰ ਮੜ੍ਹ ਦਿੱਤੀਆਂ ਜਾਂਦੀਆਂ ਹਨ ਪਰ ਇਹ ਸੱਚ ਨਹੀਂ। ਇਸ ਦੁਰ-ਪਰਚਾਰ ਦੇ ਉਲਟ ਜਿਵੇਂ ਅੱਲਾ-ਹੂ ਦਾ ਆਵਾਜ਼ਾ ਆਮ ਕਰਕੇ ਫ਼ਕੀਰ ਦੀ ਕੁੱਲੀ ਵਿਚੋਂ ਆਉਂਦਾ ਹੈ, ਉਸੇ ਤਰ੍ਹਾਂ ਮਨੁੱਖਤਾ ਦੇ ਚਾਨਣ ਦੀ ਲੋਅ ਵੀ ਆਮ ਕਰਕੇ ਗ਼ਰੀਬ ਦੀ ਝੁੱਗੀ ਵਿਚੋਂ ਹੀ ਆਉਂਦੀ ਹੈ! ਬਾਲੜੀਆਂ ਦੇ ਜਨਮ ਤੋਂ ਪਹਿਲਾਂ ਤੇ ਮਗਰੋਂ ਕਤਲ ਬਾਰੇ ਵੀ ਇਹ ਭਰਮ ਪੈਦਾ ਕੀਤਾ ਜਾਂਦਾ ਹੈ ਜਿਵੇਂ ਇਹ ਅਨਰਥ ਬਹੁਤਾ ਅਣਪੜ੍ਹ, ਗ਼ਰੀਬ ਤੇ ਪੇਂਡੂ ਲੋਕ ਹੀ ਕਰਦੇ ਹੋਣ। ਜਦੋਂ ਦੇਸ ਦੀ ਰਾਜਧਾਨੀ ਨਾਲ ਸਬੰਧਿਤ ਅੰਕੜੇ ਪੇਸ਼ ਕੀਤੇ ਗਏ, ਲੋਕ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਹਜ਼ਾਰ ਬਾਲਾਂ ਪਿੱਛੇ ਬਾਲੜੀਆਂ ਦੀ ਸਭ ਤੋਂ ਘੱਟ ਗਿਣਤੀ ਦਿੱਲੀ ਦੇ ਸਭ ਤੋਂ ਧਨੀ ਤੇ ਪੜ੍ਹੇ-ਲਿਖੇ ਖੇਤਰ ਵਿਚ ਸੀ। ਆਉ ਅੱਜ ਮੂੰਹ ਦਾ ਸੁਆਦ ਕਸੈਲਾ ਤੇ ਬਕਬਕਾ ਕਰਨ ਵਾਲੀਆਂ ਭ੍ਰਿਸ਼ਟ ਸਿਆਸਤ ਦੀਆਂ ਗੱਲਾਂ ਦੀ ਥਾਂ ਤੁਹਾਨੂੰ ਖਰੇ ਅਰਥਾਂ ਵਿਚ ਇਕ ਅਸਲ ਮਨੁੱਖ ਦੇ ਦਰਸ਼ਨ ਕਰਵਾਈਏ। ਸਾਡੀ ਅੱਜ ਦੀ ਕਥਾ-ਵਾਰਤਾ ਦਾ ਨਾਇਕ ਹੈ 34 ਸਾਲ ਦਾ ਬਬਲੂ ਜਾਤਵ। ਉਹ ਰਾਜਸਥਾਨ ਦੇ ਸ਼ਹਿਰ ਭਰਤਪੁਰ ਵਿਚ ਕਿਰਾਏ ਦਾ ਰਿਕਸ਼ਾ ਚਲਾਉਂਦਾ ਹੈ। ਇਹਦੇ ਸਬੂਤ ਵਜੋਂ ਕੋਈ ਆਰਥਕ ਵੇਰਵਾ ਪੇਸ਼ ਕਰਨ ਦੀ ਲੋੜ ਨਹੀਂ ਕਿ ਉਹ ਦਿਨ ਭਰ ਦੀ ਹੱਡ-ਭੰਨ ਮੁਸ਼ੱਕਤ ਦੇ ਬਾਵਜੂਦ ਘੋਰ ਗ਼ਰੀਬੀ ਭੋਗਦਾ ਹੈ।
15 ਸਤੰਬਰ ਨੂੰ ਬਬਲੂ ਦੇ ਘਰ ਖ਼ੁਸ਼ੀ ਨੇ ਦਸਤਕ ਦਿੱਤੀ। ਅਸਲ ਵਿਚ ਸ਼ਬਦ ਘਰ ਤਾਂ ਅਸੀਂ ਕਹਾਵਤ ਵਜੋਂ ਵਰਤਿਆ ਹੈ, ਬਬਲੂ ਵਰਗਿਆਂ ਦੇ ਨਸੀਬਾਂ ਵਿਚ ਘਰ ਕਿਥੇ! ਸੋ ਇਹ ਕਹਿਣਾ ਵਧੇਰੇ ਵਾਜਬ ਹੋਵੇਗਾ ਕਿ ਬਬਲੂ ਤੇ ਉਹਦੀ ਪਤਨੀ ਸ਼ਾਂਤੀ ਨੂੰ ਖ਼ੁਸ਼ੀ ਨੇ ਰੜੇ-ਮੈਦਾਨ ਦਰਸ਼ਨ ਦਿੱਤੇ। 1999 ਵਿਚ ਵਿਆਹੀ ਇਸ ਜੋੜੀ ਦੇ ਘਰ ਅਗਲੇ ਸਾਲ ਸਤਮਾਹੀਂ ਬੱਚੀ ਹੋਈ ਸੀ ਪਰ ਤਿੰਨ ਦਿਨਾਂ ਦੀ ਹੋ ਕੇ ਗੁਜ਼ਰ ਗਈ ਸੀ। ਏਨੇ ਸਾਲਾਂ ਦੀ ਉਡੀਕ ਮਗਰੋਂ ਹੁਣ ਉਹਨਾਂ ਦੇ ਘਰ ਫੇਰ ਧੀ ਨੇ ਦਰਸ਼ਨ ਦਿੱਤੇ। ਬਾਗੋਬਾਗ ਹੋ ਕੇ ਉਹਨਾਂ ਨੇ ਉਹਦਾ ਨਾਂ ਰੱਖਿਆ ਦਾਮਿਨੀ, ਭਾਵ ਬਿਜਲੀ। ਇਸ ਤੋਂ ਢੁੱਕਵਾਂ ਨਾਂ ਹੋਰ ਕੋਈ ਹੋਣਾ ਵੀ ਨਹੀਂ ਸੀ। ਜਿਥੇ ਉਹ ਮਾਪਿਆਂ ਲਈ ਚਾਨਣ ਬਣ ਕੇ ਆਈ, ਉਥੇ ਉਹਦੀ ਕਹਾਣੀ ਕੁੜੀਮਾਰਾਂ ਦੀ ਸੋਚ ਉੱਤੇ ਸੱਚਮੁੱਚ ਬਿਜਲੀ ਬਣ ਕੇ ਡਿੱਗੀ!
ਹੋਣੀ ਦਾ ਸਿਤਮ, ਸਮੇਂ ਤੋਂ ਪਹਿਲਾਂ ਆਈ ਦਾਮਿਨੀ ਪੰਜ ਦਿਨਾਂ ਦੀ ਹੋਈ ਤਾਂ ਸਰਕਾਰੀ ਹਸਪਤਾਲ ਦੇ ਲਾਪਰਵਾਹ ਡਾਕਟਰਾਂ ਦੀ ‘‘ਇਹੋ ਜਿਹੇ ਲੋਕ ਤਾਂ ਮਰਦੇ ਹੀ ਰਹਿੰਦੇ ਹਨ’’ ਵਾਲੀ ਸੋਚ ਅਨੁਸਾਰ ਸ਼ਾਂਤੀ ਲੰਮੇ ਰਾਹ ਤੁਰ ਗਈ। ਹਸਪਤਾਲ ਵਿਚ ਧੀ ਦੀ ‘ਸੰਭਾਲ’ ਦੇਖ ਕੇ ਬਬਲੂ ਉਹਨੂੰ ਘਰ ਲੈ ਆਇਆ; ਕਿਤੇ ਇਹ ਵੀ ਪਤਨੀ ਵਾਲੇ ਰਾਹ ਹੀ ਨਾ ਤੋਰ ਦਿੱਤੀ ਜਾਵੇ! ਮੁਸੀਬਤ ਇਹ ਬਣੀ, ਜੇ ਉਹ ਘਰ ਰਹਿ ਕੇ ਬੱਚੀ ਨੂੰ ਸਾਂਭੇ, ਪਿਉ-ਧੀ ਲਈ ਚੁੱਲ੍ਹਾ ਠੰਡਾ ਰਹੇ; ਜੇ ਉਹ ਰਿਕਸ਼ਾ ਵਾਹੇ, ਪਿੱਛੇ ਦਾਮਿਨੀ ਨੂੰ ਕੌਣ ਦੇਖੇ! ਉਹਨੇ ਕੱਪੜੇ ਦੇ ਟੋਟੇ ਦੇ ਚਾਰੇ ਕੋਣਿਆਂ ਨੂੰ ਤਣੀਆਂ ਬੰਨ੍ਹੀਆਂ, ਉਸ ਉੱਤੇ ਧੀ-ਰਾਣੀ ਪਾਈ ਤੇ ਉਹਨੂੰ ਹਿੱਕ ਨਾਲ ਲਾ ਕੇ ਤਣੀਆਂ ਧੌਣ ਦੇ ਪਿੱਛੇ ਬੰਨ੍ਹ ਲਈਆਂ। ਚੰਗੀ ਤਰ੍ਹਾਂ ਹਿੱਕ ਨਾਲ ਬੰਨ੍ਹੀ ਹੋਣ ਦੇ ਬਾਵਜੂਦ ਖੱਬੇ ਹੱਥ ਨਾਲ ਧੀ ਨੂੰ ਸਹਾਰਾ ਤੇ ਸੱਜਾ ਹੱਥ ਰਿਕਸ਼ੇ ਦੇ ਹੈਂਡਲ ਦੇ ਮੁੱਠੇ ਉੱਤੇ, ਕਿਰਤੀ ਮਨੁੱਖ ਰੋਟੀ ਦੀ ਬਿਖਮ ਮੁਹਿੰਮ ਉੱਤੇ ਤੁਰ ਪਿਆ।  ਧੀ ਵਿਲਕਦੀ, ਪਿਉ ਪਲੋਸਦਾ। ਧੀ ਬੁੱਲ੍ਹਾਂ ਉੱਤੇ ਜੀਭ ਫੇਰਦੀ, ਪਿਉ ਦੁੱਧ ਦੀ ਬੱਤੀ ਮੂੰਹ ਨੂੰ ਲਾਉਂਦਾ। ਪਰ ਕੁੜੀ ਸੁਕਦੀ ਗਈ, ਸੁਕਦੀ ਗਈ ਤੇ ਆਖ਼ਰ ਇਕ ਮਹੀਨੇ ਵਿਚ ਹੀ ਕੁੱਲ 1,400 ਗਰਾਮ ਰਹਿ ਗਈ। ਕੁਛ ਲੋਕ ਉਹਨੂੰ ਸਲਾਹ ਦਿੰਦੇ, ਰਿਕਸ਼ਾ ਛੱਡ, ਮੰਗਿਆ ਕਰ, ਤੇਰੀ ਹਾਲਤ ਦੇਖ ਕੇ ਬਥੇਰੀ ਭੀਖ ਮਿਲ ਜਾਊ। ਉਹ ਦੱਸਦਾ ਹੈ, ‘‘ਮੇਰੀ ਆਤਮਾ ਨਹੀਂ ਮੰਨੀ। ਮੈਂ ਨਹੀਂ ਸੀ ਚਾਹੁੰਦਾ, ਮੇਰੀ ਧੀ ਗਲੀਆਂ ਵਿਚ ਮੰਗਦਿਆਂ ਸੁਰਤ ਸੰਭਾਲੇ।’’ ਚਰਚਾ ਚੱਲੀ ਤਾਂ ਕੁਛ ਲੋਕ ਉਹਨੂੰ ਇਕ ਨਿੱਜੀ ਬਾਲ ਹਸਪਤਾਲ ਵਿਚ ਲੈ ਗਏ। ਸੋਕੇ ਦੀ ਮਾਰੀ ਦਾਮਿਨੀ ਦੀ ਹਾਲਤ ਨਾਜ਼ਕ ਸੀ, ਉਹਦੇ ਅੰਗਾਂ ਵਿਚ ਲਾਗ ਲੱਗ ਚੁੱਕੀ ਸੀ ਅਤੇ ਉਹ ਨਮੂਨੀਏ ਦੀ ਸ਼ਿਕਾਰ ਬਣ ਚੁੱਕੀ ਸੀ।

17 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਤਾ ਕਰਨ ਪਹੁੰਚੇ ਜ਼ਿਲਾ ਕੁਲੈਕਟਰ ਗਿਆਨ ਪ੍ਰਕਾਸ਼ ਸ਼ੁਕਲਾ ਨੂੰ ਡਾਕਟਰ ਨੇ ਬਾਲੜੀ ਲਈ ਇਕਦਮ ਜੈਪੁਰ ਲਿਜਾ ਕੇ ਇਲਾਜ ਕਰਵਾਉਣ ਦੀ ਲੋੜ ਦੱਸੀ। ਚੰਗੇ ਭਾਗਾਂ ਨੂੰ ਸ਼ੁਕਲਾ ਜੀ ਸਰਕਾਰੀ ਅਧਿਕਾਰੀਆਂ ਬਾਰੇ ਆਮ ਪਰਭਾਵ ਦੇ ਉਲਟ ਭਲੇ ਮਨੁੱਖ ਨਿਕਲੇ। ਉਹਨਾਂ ਨੇ ਇਲਾਜ ਤੇ ਬਬਲੂ ਦੇ ਰੋਟੀ-ਪਾਣੀ ਵਾਸਤੇ ਸਰਕਾਰੀ ਖਰਚ ਦਾ ਪਰਬੰਧ ਕਰਕੇ ਉਹਨੂੰ ਡਾਕਟਰ ਦੀ ਨਿਗਰਾਨੀ ਹੇਠ ਜੈਪੁਰ ਦੇ ਫੋਰਟਿਸ ਹਸਪਤਾਲ ਵਿਚ ਭੇਜ ਦਿੱਤਾ। ਨਾਲ ਹੀ ਸ਼ਾਂਤੀ ਦੀ ਮੌਤ ਬਾਰੇ ਸਰਕਾਰੀ ਡਾਕਟਰਾਂ ਦੀ ਕਥਿਤ ਅਣਗਹਿਲੀ ਦੀ ਪੜਤਾਲ ਦਾ ਹੁਕਮ ਦੇ ਦਿੱਤਾ ਗਿਆ। ਸ਼ੁਕਲਾ ਜੀ ਦਾ ਇਹ ਵੀ ਕਹਿਣਾ ਹੈ ਕਿ ਇਕ ਵਾਰ ਦਾਮਿਨੀ ਹਸਪਤਾਲੋਂ ਆ ਜਾਵੇ, ਮੈਂ ਬਬਲੂ ਨੂੰ ਉਹਨਾਂ ਸਾਰੀਆਂ ਸਰਕਾਰੀ ਵਿਉਂਤਾਂ ਬਾਰੇ ਵੀ ਜਾਣਕਾਰੀ ਦੇਵਾਂਗਾ ਜਿਨ੍ਹਾਂ ਦਾ ਲਾਭ ਲੈਣ ਦਾ ਉਹ ਹੱਕਦਾਰ ਹੈ।
ਗੱਲ ਤੁਰ ਪਈ ਤਾਂ ਕੁਛ ਲੋਕ ਸੇਵੀ ਸੰਗਠਨ ਅਤੇ ਅਨੇਕ ਭਲੇ ਲੋਕ ਮਦਦ ਲਈ ਨਿੱਤਰ ਪਏ। ਇਕ ਸੰਸਥਾ ਨੇ ਬਬਲੂ ਨੂੰ ਕਿਹਾ ਕਿ ਉਹ ਦੋ ਸਾਲ ਵਾਸਤੇ ਬੱਚੀ ਦੀ ਪੂਰੀ ਸਾਂਭ-ਸੰਭਾਲ ਦਾ ਜ਼ਿੰਮਾ ਲੈਣ ਨੂੰ ਤਿਆਰ ਹੈ। ਭਰਤਪੁਰ ਦੀ ਆਪਣਾ-ਘਰ ਨਾਂ ਦੀ ਸੰਸਥਾ ਨੇ ਬੱਚੀ ਨੂੰ ਸੰਭਾਲਣ ਦੇ ਨਾਲ-ਨਾਲ ਬਬਲੂ ਲਈ ਵੀ ਕਿਸੇ ਛੋਟੇ-ਮੋਟੇ ਕੰਮ ਦਾ ਜੁਗਾੜ ਕਰਨ ਦੀ ਗੱਲ ਕਹੀ। ਇਕ ਇਸਤਰੀ ਅਧਿਕਾਰੀ ਨੇ ਉਹਨੂੰ ਸਮਝਾਇਆ ਕਿ ਤੂੰ ਇਹਨੂੰ ਕਿਵੇਂ ਸੰਭਾਲੇਂਗਾ, ਉੱਤੋਂ ਸਿਆਲ ਮਾਰੋਮਾਰ ਕਰਦਾ ਆ ਰਿਹਾ ਹੈ। ਪਰ ਸਭ ਨੂੰ ਬਬਲੂ ਦਾ ਇਕੋ ਜਵਾਬ ਹੈ, ਮੇਰੀ ਧੀ ਮੇਰੇ ਘਰ ਦੇਵੀ ਆਈ ਹੈ, ਪਾਲੂੰਗਾ ਤਾਂ ਇਹਨੂੰ ਮੈਂ ਆਪ ਹੀ! ਬਬਲੂ ਹਰ ਪੁੱਛਣ ਵਾਲੇ ਨੂੰ ਆਸ ਭਰੇ ਬੋਲਾਂ ਵਿਚ ਆਖਦਾ, ਡਾਕਟਰ ਸਾਹਿਬ ਦੱਸਦੇ ਹਨ, ਮੇਰੀ ਬੱਚੀ ਛੇਤੀ ਹੀ ਠੀਕ ਹੋ ਜਾਵੇਗੀ। ਆਖ਼ਰ ਉਹਦੀ ਆਸ ਨੂੰ ਬੂਰ ਪੈਣ ਲੱਗਿਆ। ਦਾਮਿਨੀ ਦੀ ਹਾਲਤ ਵਿਚ ਮੋੜ ਪੈਣਾ ਸ਼ੁਰੂ ਹੋ ਗਿਆ। ਖ਼ੁਰਾਕ ਦੇਣ ਲਈ ਪਾਈ ਨਾਲੀ  27 ਅਕਤੂਬਰ ਨੂੰ ਕੱਢ ਦਿੱਤੀ ਗਈ ਤੇ ਦਾਮਿਨੀ ਚਮਚੇ ਨਾਲ ਦੁੱਧ ਪੀਣ ਲੱਗੀ। ਉਹਦਾ ਭਾਰ ਵਧਦਾ ਵਧਦਾ ਦੋ ਕਿਲੋ ਦੇ ਰਾਹ ਤੁਰ ਪਿਆ। ਹੌਲੀ-ਹੌਲੀ ਉਹਦੀਆਂ ਸਾਰੀਆਂ ਡਾਕਟਰੀ ਪਰਖਾਂ ਸਾਧਾਰਨ ਹੋਣ ਲੱਗੀਆਂ।
ਬਬਲੂ ਖ਼ੁਸ਼ ਹੈ, ‘‘ਮੇਰੀ ਧੀ ਭਾਗਾਂਵਾਲੀ ਹੈ। ਲੋਕ ਮੇਰੀ ਜਿੰਨੀ ਮਦਦ ਕਰ ਰਹੇ ਹਨ, ਮੈਂ ਇਹਦੀ ਵਧੀਆ ਪਰਵਰਿਸ਼ ਕਰ ਸਕਾਂਗਾ।…ਪਹਿਲਾਂ ਮੇਰੀ ਚਿੰਤਾ ਸਿਰਫ਼ ਇਹ ਸੀ ਕਿ ਕਿਵੇਂ ਨਾ ਕਿਵੇਂ ਇਹ ਬਚ ਰਹੇ। ਪਰ ਹੁਣ ਆਪ ਅਣਪੜ੍ਹ ਹੋਣ ਦੇ ਬਾਵਜੂਦ ਮੈਂ ਇਹਦੀ ਪੜ੍ਹਾਈ ਬਾਰੇ ਸੋਚਣਾ ਸ਼ੁਰੂ ਕਰ ਵੀ ਦਿੱਤਾ ਹੈ। ਮੈਂ ਇਹਨੂੰ ਕਿਸੇ ਵਧੀਆ ਸਕੂਲ ਵਿਚ ਪੜ੍ਹਨ ਪਾਵਾਂਗਾ। …ਮੈਂ ਉਹਨਾਂ ਲੋਕਾਂ ਤੱਕ ਵੀ ਇਕ ਸੁਨੇਹਾ ਪੁਜਦਾ ਕਰਨਾ ਚਾਹੁੰਦਾ ਹਾਂ ਜੋ ਧੀਆਂ ਨੂੰ ਬੋਝ ਆਖ ਕੇ ਇਹਨਾਂ ਤੋਂ ਪਿੱਛਾ ਛੁਡਾ ਲੈਂਦੇ ਹਨ।… ਰੱਬ ਸੁੱਖ ਰੱਖੇ, ਮੈਂ ਹੁਣ ਇਹਨੂੰ ਵਧੀਆ ਅੰਨ-ਪਾਣੀ ਤੇ ਝੱਗੇ-ਫ਼ਰਾਕਾਂ ਦੇ ਸਕਾਂਗਾ!’’
ਸਾਡੇ ਸਰਕਾਰੀ ਮਹਿਕਮੇ ਆਪਣੇ ਪਰਚਾਰ ਲਈ ਬਰਾਂਡ ਅੰਬੈਸਡਰ ਬਣਾਉਣ ਵਾਸਤੇ ਪਰਸਿੱਧ ਐਕਟਰਾਂ-ਐਕਟਰੈਸਾਂ ਨੂੰ ਬੇਨਤੀਆਂ ਕਰਦੇ ਹਨ। ਭਾਰਤ ਸਰਕਾਰ ਦੇ ਬਾਲ-ਭਲਾਈ ਮੰਤਰਾਲੇ ਨੂੰ ਚਾਹੀਦਾ ਹੈ, ਉਹ ਬਾਲੜੀਆਂ ਦੀ ਜਨਮ ਤੋਂ ਪਹਿਲਾਂ ਤੇ ਜਨਮ ਤੋਂ ਮਗਰੋਂ ਹੱਤਿਆ ਵਿਰੁੱਧ ਮੁਹਿੰਮ ਵਿਚ ਬਬਲੂ ਜਾਤਵ ਨੂੰ ਬਰਾਂਡ ਅੰਬੈਸਡਰ ਬਣਾਵੇ। ਇਹ ਕਦਮ ਬਾਲੜੀਆਂ ਦੀ ਰਾਖੀ ਦੇ ਜਤਨਾਂ ਨੂੰ ਇਕ ਵੱਡਾ ਹੁਲਾਰਾ ਅਤੇ ਕੁੜੀਮਾਰਾਂ ਦੇ ਮੂੰਹ ਉੱਤੇ ਇਕ ਕਰਾਰਾ ਥੱਪੜ ਹੋਵੇਗਾ। ਜਿਥੋਂ ਤੱਕ ਪਾਠਕਾਂ ਦਾ ਸਬੰਧ ਹੈ, ਉਹ ਬਬਲੂ ਨੂੰ ਸਾਬਾਸ਼ ਤੇ ਦਾਮਿਨੀ ਨੂੰ ਅਸੀਸਾਂ ਤਾਂ ਦੇ ਹੀ ਦੇਣਗੇ!
ਗੁਰਬਚਨ ਸਿੰਘ ਭੁੱਲਰ  ਸੰਪਰਕ: 011-65736868

17 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......Tfs.....

17 Dec 2012

Reply