ਸੱਜਣਾਂ ਦੀ ਸੁੱਖ ਸਹੂਲਤ ਲਈ ਅਸੀਂ ਯਤਨ ਅਵੱਲੇ ਕਰਦੇ ਰਹੇ
ਉਹ ਕਹਿੰਦੇ ਖ਼ਾਤਰਦਾਰੀ ਵਿੱਚ ਤੁਸੀਂ ਨਜ਼ਰਅੰਦਾਜ਼ੀ ਕਰਦੇ ਰਹੇ
ਉਹਨਾਂ ਅੱਡੀਆਂ ਚੁੱਕੀਆਂ ਤੁਰਨੇ ਲਈ
ਅਸੀਂ ਪਹੇ ਵਿਛਾਏ ਰੇਸ਼ਮ ਦੇ
ਦਿਲ ਦੀ ਪਿਆਸ ਮਿਟਾਵਣ ਲਈ
ਅਸੀਂ ਪਾਣੀ ਪਿਆਏ ਜੇਹਲ਼ਮ ਦੇ
ਹਰ ਰੋਜ਼ ਸਲਾਮਾਂ ਕਰਦੇ ਸੀ
ਅਸੀਂ ਦੂਤ ਸਮਝ ਕੇ ਬੇਗ਼ਮ ਦੇ
ਉਹ ਸਾਡੀ ਇਸ ਹਲੀਮੀ ਦਾ ਨਾਂ ਖ਼ਿਦਮਤਗ਼ਾਰੀ ਧਰਦੇ ਰਹੇ
ਅਜੇ ਕਹਿੰਦੇ ਖ਼ਾਤਰਦਾਰੀ ਵਿੱਚ ਤੁਸੀਂ ਨਜ਼ਰਅੰਦਾਜ਼ੀ ਕਰਦੇ ਰਹੇ
ਉਹਨਾਂ ਸੁਪਨਾ ਤੱਕਨਾ ਅਰਸ਼ਾਂ ਦਾ
ਅਸੀਂ ਘਰ ਬਣਾਏ ਜ਼ੰਨਤ ਜਹੇ
ਉਹ ਮੰਗਦੇ ਫੌਜੀ ਕੋਟੇ ਦੀ
ਅਸੀਂ ਡਾਟ ਪਿਆਏ ਹਿੰਮਤ ਦੇ
ਦੁੱਖਦੀਆਂ ਹਾਰਾਂ ਸੂਤਣ ਲਈ
ਅਸੀਂ ਦਵਾ ਬਣਾਏ ਜਿੱਤਣ ਦੇ
ਉਹ ਸਾਡੇ ਭੱਜੇ ਘੋੜਿਆ ਨੂੰ ਵੀ ਧੂ ਕੇ ਪਿੱਛੇ ਛੱਡਦੇ ਰਹੇ
ਅਜੇ ਕਹਿੰਦੇ ਖ਼ਾਤਰਦਾਰੀ ਵਿੱਚ ਤੁਸੀਂ ਨਜ਼ਰਅੰਦਾਜ਼ੀ ਕਰਦੇ ਰਹੇ
ਉਹਨਾਂ ਹਸਰਤ ਕੀਤੀ ਉੱਡਣੇ ਦੀ
ਫੜ੍ਹ ਹੱਥ ਪੰਘੂੜੇ ਲੈ ਬੈਠੇ
ਫੁੱਲਾਂ ਵਿੱਚ ਫੋਟੋ ਖਿੱਚਣ ਲਈ
ਮੁੱਲ ਖਿੜ੍ਹੀਆਂ ਸਰੋਂਆਂ ਲੈ ਬੈਠੇ
ਉਹਨਾਂ ਉਂਗਲ ਕੀਤੀ ਚੱਕਰਾਂ ਨੂੰ
ਅਸੀਂ ਘੁੰਮਦੇ ਰੋਕਣ ਬਹਿ ਬੈਠੇ
ਸਾਡੀ ਇਸ ਅਦਬ ਖ਼ਿਆਲੀ ਦੀ ਨਜਾਇਜ਼ ਹਜ਼ਾਮਤ ਕਰਦੇ ਰਹੇ,
ਅਜੇ ਕਹਿੰਦੇ ਖ਼ਾਤਰਦਾਰੀ ਵਿੱਚ ਤੁਸੀਂ ਨਜ਼ਰਅੰਦਾਜ਼ੀ ਕਰਦੇ ਰਹੇ
ਨਫ਼ਰਤ ਦੇ ਤੱਪਦੇ ਮੱਥਿਆਂ ਤੇ
ਮੋਹ ਦੀਆਂ ਪੱਟੀਆਂ ਧਰਦੇ ਗਏ
ਉਹ ਹੱਸਦੇ ਸਾਡੀਆਂ ਚੀਸਾਂ ਤੇ
ਅਸੀਂ ਹੱਥ ਤੇ ਛਟੀਆਂ ਜਰਦੇ ਗਏ
ਸਾਡੇ ਲਹੂ ਦੀਆਂ ਲਿੱਖੀਆਂ ਚਿੱਠੀਆਂ ਨੂੰ
ਉਹ ਟੁੱਕੜੇ -ਟੁੱਕੜੇ ਕਰਦੇ ਗਏ
ਅਸੀਂ ਉਹਨਾਂ ਨੂੰ ਖ਼ੁਸ਼ ਕਰਨੇ ਲਈ ਅੱਖ਼ਰ ਗੂੜੇ ਕਰਦੇ ਰਹੇ
ਅਜੇ ਕਹਿੰਦੇ ਖ਼ਾਤਰਦਾਰੀ ਵਿੱਚ ਤੁਸੀਂ ਨਜ਼ਰਅੰਦਾਜ਼ੀ ਕਰਦੇ ਰਹੇ
ਸੱਜਨਾਂ ਦੇ ਮਨ ਪਰਚਾਵੇ ਲਈ
ਹਰ ਚਾਅ ਤੱਕ ਗਿਰਵੀਂ ਕਰ ਦਿੱਤਾ
ਕਿਸੇ ਪਹੁੰਚੇ ਪੁਰਸ਼ ਦੇ ਆਖੇ ਵਾਂਗਰ
ਲੈ ਕੇ ਹਰ ਇੱਕ ਵਰ ਦਿੱਤਾ
ਵਿਛੜਣ ਲਈ ਆਇਆ ਸੱਦਾ ਤਾਂ
ਫੜ੍ਹ ਆਪਾ ਹਾਜ਼ਰ ਕਰ ਦਿੱਤਾ
ਇਹਨਾਂ ਸੱਜਣਾਂ ਬਦਲੇ, ਸੱਚ ਜੀ, ਅੰਤਾਂ ਦੇ ਦੁੱਖੜੇ ਜ਼ਰਦੇ ਰਹੇ
ਅਜੇ ਕਹਿੰਦੇ ਖ਼ਾਤਰਦਾਰੀ ਵਿੱਚ ਤੁਸੀਂ ਨਜ਼ਰਅੰਦਾਜ਼ੀ ਕਰਦੇ ਰਹੇ