Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੋਲ ਮੋਰੀ ‘ਚ ਚੌਰਸ ਕਿੱਲ- ਡਾ. ਮਨਿੰਦਰ ਕਾਂਗ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗੋਲ ਮੋਰੀ ‘ਚ ਚੌਰਸ ਕਿੱਲ- ਡਾ. ਮਨਿੰਦਰ ਕਾਂਗ

 

 

ਵਿਰਸੇ ਵਿੱਚ ਮਿਲੀ ਸਾਹਿਤਕ ਗੁੜ੍ਹਤੀ ਨੂੰ ਆਪਣੇ ਅੰਤਿਮ ਸਾਹਾਂ ਤਕ ਨਿਭਾਉਣ ਵਾਲਾ ਮਨਿੰਦਰ ਕਾਂਗ ਅੱਜ ਸਾਡੇ ਦਰਮਿਆਨ ਨਹੀਂ ਹੈ। ਪੜ੍ਹਾਈ-ਲਿਖਾਈ ਨੂੰ ਜਨੂੰਨ ਦੇ ਪੱਧਰ ‘ਤੇ ਹੰਢਾਉਣ ਅਤੇ ਕਮਾਉਣ ਵਾਲਾ ਪ੍ਰਸਿੱਧ ਕਥਾਕਾਰ, ਆਲੋਚਕ ਅਤੇ ਕੱਦਾਵਰ ਦਾਨਿਸ਼ਵਰ ਮਨਿੰਦਰ ਕਾਂਗ ਲਗਪਗ ਅੱਧੀ ਸਦੀ ਦੀ ਆਉਧ ਹੰਢਾ ਕੇ ਤਿੰਨ ਅਤੇ ਚਾਰ ਫਰਵਰੀ 2013 ਦੀ ਵਿਚਕਾਰਲੀ ਰਾਤ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਸੀ। ਪੰਜਾਬੀ ਸਾਹਿਤ ਸਿਰਜਣਾ ਅਤੇ ਆਲੋਚਨਾ ਜਗਤ ਦੇ ਮੁੱਢਲੇ ਹਸਤਾਖ਼ਰ ਡਾ. ਕੁਲਬੀਰ ਸਿੰਘ ਕਾਂਗ ਅਤੇ ਮਾਤਾ ਚੰਦਰ ਮੋਹਨੀ ਦੇ ਘਰ ਦਿੱਲੀ ਵਿਖੇ ਮਿਤੀ 18 ਮਈ 1963 ਨੂੰ ਜਨਮਿਆ ਮਨਿੰਦਰ ਬਚਪਨ ਦੇ ਮੁੱਢਲੇ ਕੁਝ ਸਾਲ ਆਪਣੀ ਦਾਦੀ ਕੋਲ ਰਿਹਾ। ਮਨਿੰਦਰ ਨੇ ਪੰਜਾਬੀ ਵਿੱਚ ਨਾ ਕੇਵਲ ਪੀ.ਐੱਚ.ਡੀ. ਪੱਧਰ ਤਕ ਉੱਚ ਵਿੱਦਿਆ ਹਾਸਲ ਕੀਤੀ ਸਗੋਂ ਸਾਹਿਤ ਸਿਰਜਣਾ ਅਤੇ ਆਲੋਚਨਾ ਦੇ ਖੇਤਰ ਵਿੱਚ ਨਿਵੇਕਲਾ ਅਤੇ ਸ਼ਲਾਘਾਯੋਗ ਕਾਰਜ ਵੀ ਕੀਤਾ।

11 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਨਿੰਦਰ ਦਾ ਪਹਿਲਾ ਕਹਾਣੀ ਸੰਗ੍ਰਹਿ ‘ਉਦਾਸੀਆਂ’ 1981 ਵਿੱਚ ਛਪਿਆ ਸੀ। ਪੰਜਾਬੀ ਕਹਾਣੀ ਅਤੇ ਆਲੋਚਨਾ ਦੇ ਖੇਤਰ ਵਿੱਚ ਆਪਣੀ ਦਾਨਿਸ਼ਵਰੀ ਦੀ ਪੈੜ ਛੱਡਦਿਆਂ ਉਸ ਨੇ ਤਿੰਨ ਹੋਰ ਕਹਾਣੀ ਸੰਗ੍ਰਹਿਆਂ- ‘ਵਿਰਲਾਪ’ (1986), ‘ਜੂਨ’ (1998) ਅਤੇ ‘ਭੇਤ ਵਾਲੀ ਗੱਲ’ (2010) ਦੇ ਨਾਲ ਪੰਜ ਆਲੋਚਨਾ ਦੀਆਂ ਪੁਸਤਕਾਂ ਦੇ ਰਚੈਤਾ ਹੋਣ ਦਾ ਗੌਰਵ ਹਾਸਲ ਕੀਤਾ ਸੀ। ‘ਫ਼ਿਲਹਾਲ’ ਅਤੇ ‘ਯਾਰ ਦੀ ਚਿੱਠੀ’ ਮਨਿੰਦਰ ਦੀਆਂ ਦੋ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦਤ ਪੁਸਤਕਾਂ ਹਨ। ਪੰਜਾਬੀ-ਹਿੰਦੀ ਪੁਸਤਕਾਂ ਦੇ ਰੀਵਿਊ ਕਰਦਾ, ਰੇਡੀਉ-ਟੈਲੀਵਿਜ਼ਨ ‘ਤੇ ਗੋਸ਼ਟੀਆਂ, ਸੈਮੀਨਾਰਾਂ ਵਿੱਚ ਹਿੱਸਾ ਲੈਂਦਾ, ਪਰਚੇ ਪੜ੍ਹਦਾ, ਬਹਿਸਾਂ ਕਰਦਾ ਮਨਿੰਦਰ ਕਾਂਗ ਅੱਜ ਸਾਡੇ ਵਿੱਚੋਂ ਚਲਾ ਗਿਆ ਹੈ।
ਦੁਨੀਆਂ ਨੂੰ ਮਨਿੰਦਰ ‘ਤੇ ਗਿਲਾ ਸੀ ਅਤੇ ਉਸ ਨੂੰ ਦੁਨੀਆਂ ਨਾਲ ਰੰਜ। ਉਸ ਦੇ ਮਿੱਤਰ-ਬੇਲੀ, ਯਾਰ, ਵਾਕਿਫ਼ਦਾਰ ਸਭ ਉਸ ਦੀ ਸ਼ਖ਼ਸੀਅਤ ਵਿਚਲੀ ਦਾਨਿਸ਼ਵਰੀ, ਬੇਬਾਕ ਅਤੇ ਕੁਰੱਖਤ ਜ਼ੁਬਾਨ ਤੋਂ ਝੇਪ ਖਾਂਦੇ ਸਨ। ਪਤਾ ਹੀ ਨਹੀਂ ਸੀ ਲੱਗਦਾ ਕਦੋਂ ਕੀ ਕਹਿ ਦੇਵੇ ਮਨਿੰਦਰ, ਆਪਣੇ ਮਨ ਦਾ ‘ਇੰਦਰ’ ਜੋ ਸੀ ਉਹ। ਆਪਣੇ ਧੁਰ ਅੰਦਰੋਂ ਵੱਡਾ ਮਨਿੰਦਰ ਆਪਣੇ ਬਰਾਬਰ ਦਿਆਂ ਜਾਂ ਵੱਡਿਆਂ ਨਾਲ ਵੀ ਛੋਟਿਆਂ ਵਾਂਗ ਵਿਹਾਰ ਕਰ ਲਿਆ ਕਰਦਾ ਸੀ। ਕਈ ਤਾਂ ਉਸ ਦੀ ਇਸ ਆਦਤ ਤੋਂ ਬਹੁਤ ਹੀ ਔਖੇ ਹੁੰਦੇ ਅਤੇ ਫਿਰ ਉਸ ਦੀਆਂ ਚੁਗਲੀਆਂ ਕਰ ਕੇ ਆਪਣੀ ਭੜਾਸ ਕੱਢਦੇ। ਮਨਿੰਦਰ ਬਾਰੇ ਕੌਣ ਕੀ ਕਹਿੰਦਾ ਹੈ, ਇਸ ਦੀ ਉਸ ਨੂੰ ਸਮਝ ਸੀ ਪਰ ਪਰਵਾਹ ਉਹ ਬਿਲਕੁਲ ਨਹੀਂ ਸੀ ਕਰਦਾ। ਲੋੜ ਪੈਣ ‘ਤੇ ਉੱਚ ਅਹੁਦਿਆਂ ‘ਤੇ ਆਸੀਨ, ਸਮਾਜ ਵਿੱਚ ਆਪਣਾ ਸਥਾਨ ਬਣਾ ਚੁੱਕੇ ਚੰਗੇ-ਚੰਗੇ ਲੇਖਕ ਅਤੇ ਆਲੋਚਕ ਮਨਿੰਦਰ ਕੋਲੋਂ ਕਈ ਅੜਾਉਣੀਆਂ ਦਾ ਹੱਲ ਪੁੱਛਦੇ ਸਨ। ਹਾਸੇ-ਹਾਸੇ ਵਿੱਚ ਸਹੀ ਰਾਹ ‘ਤੇ ਤੋਰਦਾ ਮਨਿੰਦਰ ਗੁੱਝੀਆਂ ਚੋਭਾਂ ਲਾ-ਲਾ ਅਜਿਹੇ ਲੋਕਾਂ ਨੂੰ ‘ਸ਼ੀਸ਼ਾ’ ਵਿਖਾਉਂਦਾ ਰਿਹਾ। ਇਹ ਇੱਕ ਵਿਡੰਬਨਾ ਹੀ ਸੀ ਕਿ ਸਮਾਜ ਦੇ ਸ਼ੀਸ਼ੇ ਵਿੱਚ ਮਨਿੰਦਰ ਦਾ ਆਪਣਾ ਅਕਸ ਉਸ ਦੇ ਜਿਉਂਦੇ-ਜੀਅ ਧੁੰਦਲਾ ਹੀ ਰਿਹਾ। ਮਨਿੰਦਰ ਦੇ ਕਦਰਦਾਨਾਂ ਦੀ ਗਿਣਤੀ ਥੋੜ੍ਹੀ ਨਹੀਂ ਸੀ ਪਰ ਕੋਈ ਵੀ ਮਨਿੰਦਰ ਨੂੰ ਪੱਕੇ ਪੈਰੀਂ ਕਰਨ ਵਿੱਚ ਸਫ਼ਲ ਨਾ ਹੋ ਸਕਿਆ।
ਮਨਿੰਦਰ ਆਪਣੇ-ਆਪ ਨੂੰ ਗੋਲ ਮੋਰੀ ‘ਚ ਚੌਰਸ ਕਿੱਲ ਕਹਿੰਦਾ ਸੀ। ਜਿੱਥੋਂ ਤਕ ਮੈਂ ਜਾਣਦਾ ਇਹ ਗੱਲ ਮਨਿੰਦਰ ਦੀ ਜ਼ਿੰਦਗੀ ਦਾ ਪੂਰਨ ਅਤੇ ਸ਼ੁੱਧ ਸੱਚ ਸੀ। ਮਨਿੰਦਰ ਨੇ ਸਰਕਾਰੀ ਅਤੇ ਗੈਰ-ਸਰਕਾਰੀ ਕਾਲਜਾਂ ਵਿੱਚ ਆਰਜ਼ੀ ਤੌਰ ‘ਤੇ ਪੜ੍ਹਾਇਆ। ਗੁਰਾਂ ਦੇ ਨਾਂ ‘ਤੇ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ,  ਅੰਮ੍ਰਿਤਸਰ ਵਿਖੇ ਖੋਜ ਸਹਾਇਕ ਦੇ ਤੌਰ ‘ਤੇ ਪੰਜ-ਛੇ ਸਾਲ ਕੰਮ ਕੀਤਾ ਪਰ ਉਹ ਕਿਤੇ ਵੀ ਪੱਕੀ ਨੌਕਰੀ ਹਾਸਲ ਨਾ ਕਰ ਸਕਿਆ। ਉੱਚ ਵਿੱਦਿਅਕ ਯੋਗਤਾ, ਅਧਿਐਨ ਅਤੇ ਅਧਿਆਪਨ ਨੇ ਉਸ ਨੂੰ ਕਿਸੇ ਕੰਢੇ ਨਾ ਲਾਇਆ। ਉਸ ਦੀ ਸਿਰਜਣਾਤਮਕ ਯੋਗਤਾ ਅਤੇ ਆਲੋਚਨਾਤਮਕ ਸਮਰੱਥਾ ਦੀ ਭਰਪੂਰ ਚਰਚਾ ਹੋਈ ਅਤੇ ਹੁੰਦੀ ਰਹੇਗੀ। ਮਨਿੰਦਰ ਦੇ ਪੂਰੇ ਪਰਿਵਾਰ ਦੀ ਅਕਾਦਮਿਕ ਯੋਗਤਾ, ਉਸ ਦੇ ਮਿੱਤਰ ਵਰਗ ਦੀ ਹੈਸੀਅਤ, ਨਾਮਵਰ ਅਕਾਦਮਿਕ ਸਰਕਾਰੀ-ਦਰਬਾਰੀ ਹਸਤੀਆਂ ਨਾਲ ਉਸ ਦੇ ਮੇਲ-ਮਿਲਾਪ ਦੇ ਢੇਰ ਚਰਚੇ ਸੁਣਨ ਨੂੰ ਮਿਲਦੇ ਹਨ ਪਰ ਕੋਈ ਵੀ ਉਸ ਨੂੰ ਪੱਕਾ ਰੁਜ਼ਗਾਰ ਮੁਹੱਈਆ ਨਹੀਂ ਸੀ ਕਰਵਾ ਸਕਿਆ।
ਮੈਨੂੰ ਨਵੰਬਰ, 2001 ਦਾ ਉਹ ਦਿਨ ਅੱਜ ਵੀ ਯਾਦ ਹੈ ਜਦੋਂ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਕਾਂਗ ਦੇ ਕਮਰੇ ਵਿੱਚ ਬੈਠਾ ਉਨ੍ਹਾਂ ਦੇ ਭਤੀਜੇ ਮਨਿੰਦਰ ਦੀਆਂ ਗੱਲਾਂ ਕਰ ਰਿਹਾ ਸਾਂ। ਡਾ. ਮਨਿੰਦਰ ਦੀ ਅਸਫ਼ਲਤਾ, ਘਰੇਲੂ ਹਾਲਾਤ ਅਤੇ ਮਾਇਕ ਤੰਗੀ ਦੀਆਂ ਗੱਲਾਂ ਉਨ੍ਹਾਂ ਨਾਲ ਕਰਦਿਆਂ ਮੈਂ ਬਹੁਤ ਭਾਵੁਕ ਹੋ ਗਿਆ ਸਾਂ। ਡਾ. ਅਮਰਜੀਤ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸਨ। ਉਹ ਅਚਾਨਕ ਬੋਲੇ ਅਸ਼ੋਕ,”ਮਨਿੰਦਰ ਤੇਰਾ ਦੋਸਤ ਹੈ, ਮੇਰਾ ਆਪਣਾ ਖ਼ੂਨ ਐ। ਤੂੰ ਪਹਿਲਾਂ ਸ਼ਖ਼ਸ ਏਂ ਜਿਹੜਾ ਮਨਿੰਦਰ ਦੀ ਇਤਨੀ ਤਰਫ਼ਦਾਰੀ ਕਰ ਰਿਹੈਂ।” ਮੈਂ ਅਪੱਣਤ ਭਰੇ ਲਹਿਜ਼ੇ ਨਾਲ ਕਿਹਾ,”ਚਾਚਾ ਜੀ, ‘ਆਪਣਾ ਬਿਰਦੁ ਸਮਾਲੋ੍ਹ।” ਸਭ ਕੁਝ ਛੱਡੋ, ਉਹ ਤੁਹਾਡੇ ਬਾਰੇ ਕੀ ਕਹਿੰਦੈ, ਲੋਕ ਉਸ ਬਾਰੇ ਕੀ ਕਹਿੰਦੇ ਨੇ, ਤੁਸੀਂ ਕੁਝ ਨਾ ਵਿਚਾਰੋ। ਮਨਿੰਦਰ ਦੀ ਲੋਕਾਂ ਵਿੱਚ ਇੱਕ ਪਛਾਣ ਤੁਹਾਡਾ ਭਤੀਜਾ ਹੋਣ ਦੀ ਹੈਸੀਅਤ ਵਿੱਚ ਵੀ ਹੈ, ਬਸ, ਤੁਸੀਂ ਇਸ ਗੱਲ ਦੀ ਲਾਜ ਰੱਖੋ। ਮਨਿੰਦਰ ਨੂੰ ਲੈ ਕੇ ਡਾ. ਅਮਰਜੀਤ ਕੋਲੋਂ ਇਹ ਕਹਾਉਣ ਵਿੱਚ ਕਾਮਯਾਬ ਹੋ ਗਿਆ ਕਿ ਉਹ ਉਸ ਦੀ ਬਿਹਤਰੀ ਲਈ ਸੋਚਣਗੇ। ਮੈਂ ਇੱਕ ਤਰ੍ਹਾਂ ਦਾ ਵਾਅਦਾ ਲਿਆ ਸੀ ਡਾ. ਅਮਰਜੀਤ ਕੋਲੋਂ, ਜਿਸ ਦੀ ਚਰਚਾ ਮੈਂ ਮਨਿੰਦਰ ਨਾਲ ਵੀ ਪੂਰੀ ਤਰ੍ਹਾਂ ਕਦੇ ਨਹੀਂ ਕੀਤੀ ਸੀ। ਡਾ. ਅਮਰਜੀਤ ਬੇਵਕਤ ਚਲੇ ਗਏ, ਸ਼ਾਇਦ ਉਨ੍ਹਾਂ ਨੇ ਬਹੁਤ ਕੁਝ ਕਰਨਾ ਸੀ ਅਤੇ ਹੁਣ ਉਸੇ ਰਾਹ ਮਨਿੰਦਰ ਵੀ ਤੁਰ ਗਿਆ ਹੈ, ਅਧਵਾਟੇ ਛੱਡ ਗਿਆ ਆਪਣੀ ਬੁੱਢੜੀ ਮਾਂ, ਜੀਵਨ ਸਾਥਣ ਨਰਿੰਦਰ ਅਤੇ ਦੋ ਪੁੱਤਰਾਂ- ਗੋਬਿੰਦਪਾਲ ਅਤੇ ਅੰਗਦਪਾਲ ਨੂੰ।

11 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਨਿੰਦਰ ਕਾਂਗ ਨਾਲ ਮੇਰੀ ਪਹਿਲੀ ਮੁਲਾਕਾਤ ਅਗਸਤ 1989 ਵਿੱਚ ਡੀ.ਏ.ਵੀ. ਕਾਲਜ, ਜਲੰਧਰ ਵਿਖੇ ਹੋਈ ਸੀ। ਇੱਥੇ ਅਸਾਂ ਦੋਵਾਂ ਨੇ 1989-90 ਦਾ ਸੈਸ਼ਨ ਇਕੱਠਿਆਂ ਪੜ੍ਹਾਇਆ। ਨੌਕਰੀ ਆਰਜ਼ੀ ਸੀ। ਅਗਲੇ ਸਾਲ ਸੈਸ਼ਨ ਵਿੱਚ ਮਨਿੰਦਰ ਦੀ ਚੋਣ ਐਸ.ਡੀ. ਕਾਲਜ, ਹੁਸ਼ਿਆਰਪੁਰ ਵਿਖੇ ਹੋ ਗਈ ਅਤੇ ਉਹ ਉੱਥੇ ਚਲਾ ਗਿਆ। ਮੈਂ ਮੁੜ ਅਗਸਤ 1990 ਵਿੱਚ ਡੀ.ਏ.ਵੀ. ਕਾਲਜ, ਜਲੰਧਰ ਵਿਖੇ ਲੱਗ ਗਿਆ ਅਤੇ ਇੱਥੇ ਹੀ ਪੱਕਾ ਹੋ ਗਿਆ। ਮਹੀਨੇ ਹੀ ਮਿਲਿਆ ਪਰ ਹੁਣ ਤਕ ਲਗਾਤਾਰ ਅਸੀਂ ਕਿਸੇ ਨਾਲ ਕਿਸੇ ਰੂਪ ਵਿੱਚ ਮਿਲਦੇ ਹੀ ਰਹੇ ਸਾਂ। ਆਰਜ਼ੀ ਨੌਕਰੀ ਦਾ ਸੰਤਾਪ ਮੈਂ ਥੋੜ੍ਹਾ ਸਮਾਂ ਹੀ ਹੰਢਾਇਆ ਪਰ ਮਨਿੰਦਰ ਦੇ ਹਿੱਸੇ ਇਹ ਸੰਤਾਪ ਵਡੇਰਾ ਸੀ। ਮਨਿੰਦਰ ਲਗਪਗ ਵੀਹ ਸਾਲ ਆਰਜ਼ੀ ਅਧਿਐਨ ਅਤੇ ਅਧਿਆਪਕ ਦੇ ਕਿੱਤੇ ਨਾਲ ਜੂਝਦਾ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ  ਪੜ੍ਹਾਉਂਦਿਆਂ ਉਹ ਉਨ੍ਹਾਂ ਨਾਲ ਹੋ ਤੁਰਦਾ ਅਤੇ ਕਦੇ-ਕਦੇ ਮਸਤੀ ਵਿੱਚ ਆ ਕੇ ਕਹਿੰਦਾ,”ਬਾਬਾ, ਬਾਬਾ ਈ ਸੀ।” ਬਾਬਾ ਫ਼ਰੀਦ ਬਾਰੇ ਗੱਲ ਕਰਦਿਆਂ ਉਹ ਉਨ੍ਹਾਂ ਦਾ ਮੁਰੀਦ ਹੋ ਬਹਿੰਦਾ ਅਤੇ ਬੁੱਲ੍ਹੇ ਨੂੰ ਯਾਦ ਕਰਦਿਆਂ ਬੁੱਲ੍ਹੇ ਨਾਲ ਜਾ ਬਹਿੰਦਾ।
ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਤੋਂ ਇਲਾਵਾ ਲੇਖਕਾਂ, ਆਲੋਚਕਾਂ ਦੀਆਂ ਸ਼ਕਲਾਂ, ਉਨ੍ਹਾਂ ਦੇ ਨਾਵਾਂ ਤੋਂ ਇਲਾਵਾ ਉਨ੍ਹਾਂ ਦੀਆਂ ਪੁਸਤਕਾਂ ਅਥਵਾ ਲਿਖਤਾਂ ਦੇ ਹਜ਼ਾਰਾਂ ਨਾਂ ਮਨਿੰਦਰ ਨੂੰ ਜ਼ੁਬਾਨੀ ਯਾਦ ਸਨ। ਉਸ ਨਾਲ ਕਿਸੇ ਵਿਅਕਤੀ ਵਿਸ਼ੇਸ਼,  ਲੇਖਕ, ਪੁਸਤਕ ਜਾਂ ਸਥਾਨ ਬਾਰੇ ਗੱਲ ਕਰੋ, ਉਹ ਝੱਟ ਉਸ ਦੇ ਨੇੜੇ-ਤੇੜੇ ਪਹੁੰਚ ਜਾਂਦਾ। ਇਹ ਸਭ ਉਸ ਦੀ ਯਾਦ ਸ਼ਕਤੀ ਅਤੇ ਕਾਬਲੀਅਤ ਦਾ ਸਬੂਤ ਸੀ। ਮਨਿੰਦਰ ਨਾਲ ਮੇਰੀ ਆਖ਼ਰੀ ਮੁਲਾਕਾਤ 21 ਜਨਵਰੀ, 2013 ਨੂੰ ਹੋਈ ਸੀ। ਮੈਂ ਉਸ ਦੇ ਘਰ ਬੈਠਾ ਸਾਂ। ਸ਼ਾਮ ਦੇ ਲਗਪਗ ਸੱਤ ਵਜੇ ਸਨ। ਉਹ ਆਪਣੇ ਮਾਮੇ ਦੇ ਭੋਗ ਤੋਂ ਸੰਗਰੂਰ ਤੋਂ ਮੁੜਿਆ ਸੀ। ਕੁਝ ਚਿਰ ਬੈਠੇ ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ। ਫੇਰ ਉਹ ਕਹਿਣ ਲੱਗਾ,”ਸੁਣਾ ਕੋਈ ਗੱਲਬਾਤ।” ਮੈਂ ਇਲਾਹਾਬਾਦ ਦੇ ਮਹਾਂਕੁੰਭ ਦੀਆਂ ਗੱਲਾਂ ਸੁਣਾਉਣ ਲੱਗ ਪਿਆ। ਮਨਿੰਦਰ ਨੇ ਮੇਰੇ ਨਾਲ ਗਿਲਾ ਕੀਤਾ ਕਿ ਮੈਂ ਉਸ ਨੂੰ ਕਿਉਂ ਨਹੀਂ ਲੈ ਕੇ ਗਿਆ। ਫੇਰ ਕਹਿਣ ਲੱਗਾ,”ਚੱਲ ਛੱਡ ਯਾਰ, ਕਦੇ ਯਮਨੋਤਰੀ (ਉਤਰਾਖੰਡ) ਚੱਲੀਏ, ਮੈਂ ਸੁਣਿਐ ਯਮਨੋਤਰੀ ਦੀ ਚੜ੍ਹਾਈ ਥੋੜ੍ਹੀ ਹੈ, ਮੈਂ ਚੜ੍ਹ ਜਾਵਾਂਗਾ।” ਮੈਂ ਕਿਹਾ,”ਅੱਜ- ਕੱਲ੍ਹ ਤਾਂ ਰਸਤੇ ਬੰਦ ਨੇ, ਮਈ-ਜੂਨ ‘ਚ ਚੱਲਾਂਗੇ।” ਇਸ ਮੁਲਾਕਾਤ ਤੋਂ ਬਾਅਦ ਮਨਿੰਦਰ ਨਾਲ ਮੇਰੀ ਫੋਨ ‘ਤੇ 29 ਜਨਵਰੀ, 2013 ਨੂੰ ਗੱਲ ਹੋਈ। ਹੁਣ ਮੈਂ ਕੇਵਲ ਮਨਿੰਦਰ ਨੂੰ ਯਾਦ ਕਰ ਸਕਦਾ ਹਾਂ। ਅੱਜ ਮਨਿੰਦਰ ਨਹੀਂ ਰਿਹਾ ਅਤੇ ਮੈਂ ਉਸ ਨਾਲ ਹੋਈ ਆਪਣੀ ਆਖ਼ਰੀ ਮੁਲਾਕਾਤ ਸਮੇਂ ਉਸ ਦੀ ਯਮਨੋਤਰੀ (ਯਮ ਦੀ ਪੁੱਤਰੀ ਕੋਲ) ਜਾਣ ਦੀ ਇੱਛਾ ਦਾ, ਉਸ ਦੀ ਮੌਤ ਨਾਲ ਤਾਲਮੇਲ ਬਿਠਾਉਣ ਦਾ ਯਤਨ ਕਰ ਰਿਹਾ ਹਾਂ ਕਿਉਂਕਿ ਮੇਰਾ ਪੱਕਾ ਯਕੀਨ ਹੈ ਕਿ ਜ਼ਿੰਦਗੀ ਹੈ ਹੀ ਤਾਲ ਅਤੇ ਮੇਲ ਦੀ ਖੇਡ। ਇਸ ਨੂੰ ਵੀ ਇੱਕ ਅਜਬ ਤਾਲਮੇਲ ਹੀ ਕਹਾਂਗੇ ਕਿ ਆਪਣੇ ਜੀਵਨ ਦੀ ਆਖ਼ਰੀ ਪੁਸਤਕ ‘ਮੌਤ ਕੇ ਇੰਤਜ਼ਾਰ ਮੇਂ’ (ਹਿੰਦੀ ਤੋਂ ਪੰਜਾਬੀ ਅਨੁਵਾਦ) ਦਾ ਕੰਮ ਮੁਕਾ ਕੇ ਜਦੋਂ ਤਿੰਨ ਫਰਵਰੀ ਦੀ ਰਾਤ ਦਸ ਕੁ ਵਜੇ ਮਨਿੰਦਰ ਆਪਣੇ ਘਰ ਪਰਤਿਆ ਤਾਂ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਮੌਤ ਉਸ ਦੇ ਇੰਤਜ਼ਾਰ ਵਿੱਚ ਬਾਹਾਂ ਫੈਲਾਈ ਬੈਠੀ ਸੀ। ਹਲਕੀ ਬੂੰਦਾਬਾਂਦੀ ਵਿੱਚ ਪਰਤੇ ਮਨਿੰਦਰ ਨੂੰ ਪਹਿਲਾਂ ਠੰਢ ਲੱਗੀ ਅਤੇ ਬਾਅਦ ਵਿੱਚ ਘਬਰਾਹਟ ਹੋਈ। ਕਰੀਬ ਪੌਣੇ ਗਿਆਰਾਂ ਵਜੇ ਉਸ ਦੀ ਪਤਨੀ ਅਤੇ ਗੁਆਂਢੀਆਂ ਨੇ ਮਿਲ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਹਾਲੇ ਇਲਾਜ ਬਾਰੇ ਸੋਚਿਆ ਹੀ ਜਾ ਰਿਹਾ ਸੀ ਕਿ ਮਨਿੰਦਰ ਦੇ ਪ੍ਰਾਣ ਪੰਖੇਰੂ ਬਣ ਕੇ ਉੱਡ ਗਏ। ਦਿਲ ਦਾ ਵੱਡਾ ਦੌਰਾ ਪਿਆ ਸੀ ਜੋ ਜਾਨਲੇਵਾ ਸਾਬਤ ਹੋਇਆ। ਮੈਨੂੰ 4 ਫਰਵਰੀ ਨੂੰ ਸਵੇਰੇ ਸੁਵਖਤੇ ਮੇਰੇ ਦੋਸਤ ਪ੍ਰੋ. ਲਖਬੀਰ ਸਿੰਘ ਤੋਂ ਮਨਿੰਦਰ ਨਾਲ ਵਾਪਰੇ ਭਾਣੇ ਦਾ ਪਤਾ ਲੱਗਾ। ਮੈਂ ਉਦਾਸ ਮਨ ਨਾਲ ਮਨਿੰਦਰ ਦੇ ਘਰ ਪੁੱਜਾ। ਉਸ ਦੀ ਮ੍ਰਿਤਕ ਦੇਹ ਲਾਗੇ ਉਸ ਦੀ ਜੀਵਨ ਸਾਥਣ ਨਰਿੰਦਰ, ਮਨਿੰਦਰ ਦੇ ਮਾਤਾ ਜੀ ਅਤੇ ਸਾਡਾ ਸਾਂਝਾ ਵਿਦਿਆਰਥੀ ਅਸ਼ੋਕ ਅਜਨਬੀ ਬੈਠਾ ਸੀ। ਕੱਫ਼ਨ ਲਾਹ ਕੇ ਮੈਂ ਮਨਿੰਦਰ ਦੇ ਚਿਹਰੇ ਵੱਲ ਵੇਖਿਆ, ਆਪਣੇ-ਆਪ ਨੂੰ ਸੰਭਾਲਦਿਆਂ ਅਤੇ ਸਮਝਾਉਂਦਿਆਂ ਮੈਂ ਮਨਿੰਦਰ ਦੇ ਪੈਰਾਂ ਵਾਲੇ ਪਾਸੇ ਬਹਿ ਗਿਆ। ਮੈਂ ਅਸ਼ੋਕ ਅਜਨਬੀ ਨੂੰ ਕਿਹਾ,”ਯਾਰ, ਤੁਸੀਂ ਰਾਤੀਂ ਮੈਨੂੰ ਫੋਨ ਕਿਉਂ ਨਹੀਂ ਕੀਤਾ?” ਉਹ ਕਹਿਣ ਲੱਗਾ, ”ਸਰ, ਤੁਹਾਡਾ ਫੋਨ ਨੰਬਰ ਹੀ ਨਹੀਂ ਡਾ. ਕਾਂਗ ਦੇ ਮੋਬਾਈਲ ਵਿੱਚ।” ਮੇਰੇ ਲਈ ਇਹ ਅਚੰਭੇ ਵਾਲੀ ਗੱਲ ਸੀ, ਕਿਉਂਕਿ ਮੈਨੂੰ ਅਕਸਰ ਮਨਿੰਦਰ ਦੀ ਮਿਸ ਕਾਲ ਆਉਂਦੀ ਸੀ ਅਤੇ ਮੈਂ ਉਸ ਨੂੰ ਕਾਲ ਕਰਦਾ ਸਾਂ। ਕੋਲ ਬੈਠੀ ਭਰਜਾਈ ਨੇ ਦੱਸਿਆ,”ਭਾਜੀ, ਤੁਹਾਡਾ ਨੰਬਰ ਇਨ੍ਹਾਂ ਨੂੰ ਚੇਤੇ ਸੀ। ਹਰ ਵਾਰ ਖ਼ੁਦ ਡਾਇਲ ਕਰਦੇ ਸਨ।” ਮੈਂ ਉਦਾਸ ਮੁਦਰਾ ‘ਚ ਬੈਠਾ ਮਨਿੰਦਰ ਦੇ ਦੁਨੀਆਂ-ਜਹਾਨ ਤੋਂ ਕੱਟ ਚੁੱਕੇ ਨੰਬਰ ਬਾਰੇ ਸੋਚ ਰਿਹਾ ਸਾਂ।

- ਡਾ. ਅਸ਼ੋਕ ਕੁਮਾਰ ਖੁਰਾਣਾ
  * ਸੰਪਰਕ: 98149-05361

 

11 Feb 2013

Reply