|
|
|
|
|
|
Home > Communities > A voice against Social Evils > Forum > messages |
|
|
|
|
|
ਹੱਕ ਦੀ ਕਮਾਈ |
ਗੱਲ 2005 ਦੀ ਹੈ ਜਦੋਂ ਮੈਂ ਲੁਧਿਆਣਾ ਸ਼ੇਅਰ ਬਾਜ਼ਾਰ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਸਾਂ। ਇੱਕ ਦਿਨ ਦੋ ਗ਼ਰੀਬ ਬੱਚੇ ਸਾਡੇ ਦਫ਼ਤਰ ਵਿੱਚ ਦਾਖ਼ਲ ਹੋਏ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਧੂਫ਼ ਦੇ ਪੈਕਟ ਫੜੇ ਹੋਏ ਸਨ ਤੇ ਉਨ੍ਹਾਂ ਦੇ ਪਿੱਛੇ ਵੀ ਧੂਫ਼ ਦੇ ਪੈਕਟਾਂ ਨਾਲ ਭਰੇ ਹੋਏ ਥੈਲੇ ਟੰਗੇ ਹੋਏ ਸਨ। ਇੱਕ ਦੀ ਉਮਰ ਮਸਾਂ ਬਾਰ੍ਹਾਂ ਕੁ ਸਾਲ ਸੀ ਅਤੇ ਦੂਜੇ ਦੀ ਦਸ ਸਾਲ। ਉਹ ਦੋਵੇਂ ਬੱਚੇ ਕੰਪਿਊਟਰ ’ਤੇ ਕੰਮ ਕਰ ਰਹੇ ਇੱਕ ਲੜਕੇ ਕੋਲ ਗਏ ਅਤੇ ਬਹੁਤ ਹੀ ਪਿਆਰ ਨਾਲ ਕਹਿਣ ਲੱਗੇ,‘‘ਸਰ! ਧੂਫ਼ ਲੈ ਲਵੋ।’’ ਕੰਪਿਊਟਰ ’ਤੇ ਕੰਮ ਕਰ ਰਹੇ ਲੜਕੇ ਨੇ ਰੁੱਝਿਆ ਹੋਣ ਕਰਕੇ ਉਨ੍ਹਾਂ ਨੂੰ ਜੁਆਬ ਦੇ ਦਿੱਤਾ। ਲੜਕੇ ਨੇ ਫਿਰ ਦੁਹਰਾਇਆ,‘‘ਸਰ! ਇਹ ਚੰਦਨ ਦੀ ਖੁਸ਼ਬੋ ਵਾਲੀ ਧੂਫ਼ ਹੈ।’’ ਪਰ ਉਸ ਲੜਕੇ ਨੇ ਇਨਕਾਰ ਕਰ ਦਿੱਤਾ। ਬੱਚਾ ਮੱਥੇ ’ਤੇ ਹੱਥ ਫੇਰਦਾ ਅੱਗੇ ਵਧ ਗਿਆ। ਦੂਜਾ ਬੱਚਾ ਅਜੇ ਆਲੇ-ਦੁਆਲੇ ਹੀ ਵੇਖ ਰਿਹਾ ਸੀ। ਅੱਗੇ ਉਹ ਇੱਕ ਲੜਕੀ ਕੋਲ ਗਏ ਅਤੇ ਕਹਿਣ ਲੱਗੇ,‘‘ਦੀਦੀ, ਧੂਫ਼ ਲੈ ਲਵੋ। ਕੰਪਨੀ ਦੀ ਮਸ਼ਹੂਰੀ ਵਾਸਤੇ ਸਿਰਫ਼ ਪੰਜਾਹ ਰੁਪਏ ਦੀ ਵੇਚ ਰਹੇ ਹਾਂ। ਦੀਦੀ ਇਹ ਚੰਦਨ ਦੀ ਖੁਸ਼ਬੋ ਵਾਲੀ…!’’ ਉਨ੍ਹਾਂ ਬੱਚਿਆਂ ਨੇ ਹਾਲੇ ਕਹਿਣਾ ਸ਼ੁਰੂ ਹੀ ਕੀਤਾ ਸੀ ਕਿ ਲੜਕੀ ਨੂੰ ਕਿਸੇ ਦਾ ਫੋਨ ਆ ਗਿਆ ਤੇ ਉਸ ਨੇ ਫੋਨ ’ਤੇ ਗੱਲ ਕਰਦਿਆਂ ਹੱਥ ਮਾਰ ਕੇ ਧੂਫ ਲੈਣ ਤੋਂ ਮਨ੍ਹਾਂ ਕਰ ਦਿੱਤਾ। ਉਹ ਦੋਵੇਂ ਨਿਰਾਸ਼ ਹੋ ਗਏ ਅਤੇ ਮੇਰੇ ਵੱਲ ਆ ਗਏ। ਉਨ੍ਹਾਂ ਮੇਰੇ ਕੋਲ ਆ ਕੇ ਫੇਰ ਓਹੀ ਗੱਲ ਦੁਹਰਾਈ। ਮੈਂ ਉਨ੍ਹਾਂ ਵੱਲ ਵੇਖਿਆ ਅਤੇ ਚਪੜਾਸੀ ਨੂੰ ਆਵਾਜ਼ ਮਾਰ ਕੇ ਉਨ੍ਹਾਂ ਨੂੰ ਪਾਣੀ ਪਿਲਾਉਣ ਲਈ ਕਿਹਾ। ਦੋਵੇਂ ਬੱਚੇ ਇੱਕੋ ਹੀ ਸਾਹ ਵਿੱਚ ਪਾਣੀ ਦੇ ਗਲਾਸ ਪੀ ਗਏ। ਉਨ੍ਹਾਂ ਨੇ ਗਲਾਸ ਪਲੇਟ ਵਿੱਚ ਰੱਖਦਿਆਂ ਹੀ ਦੂਜੇ ਪਾਣੀ ਦੇ ਭਰੇ ਗਲਾਸ ਚੁੱਕ ਲਏ। ਪਤਾ ਨਹੀਂ ਵਿਚਾਰੇ ਕਿੰਨੇ ਕੁ ਪਿਆਸੇ ਸਨ। ਇੰਨੇ ਨੂੰ ਮੇਰਾ ਫੋਨ ਖੜਕ ਪਿਆ ਅਤੇ ਮੈਂ ਗੱਲ ਕਰਦਾ-ਕਰਦਾ ਆਪਣੀ ਕੁਰਸੀ ਤੋਂ ਉੱਠ ਕੇ ਚਲਾ ਗਿਆ। ਉਹ ਆਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੇ ਸਨ ਕਿ ਸ਼ਾਇਦ ਮੈਂ ਉਨ੍ਹਾਂ ਕੋਲੋਂ ਧੂਫ਼ ਦਾ ਪੈਕਟ ਖ਼ਰੀਦ ਲਵਾਂਗਾ। ਮੈਂ ਆਪਣੇ ਬੌਸ ਨਾਲ ਫੋਨ ’ਤੇ ਹੋ ਰਹੀ ਗੱਲਬਾਤ ਵਿੱਚ ਰੁਝ ਗਿਆ ਸਾਂ। ਉਨ੍ਹਾਂ ਦਾ ਪਸੀਨਾ ਵੀ ਹਾਲੇ ਤਕ ਨਹੀਂ ਸੀ ਸੁੱਕਿਆ ਅਤੇ ਮੋਢਿਆਂ ਤੇ ਉਹ ਦੋਵੇਂ ਬੈਗ ਸੈੱਟ ਕਰਦੇ ਹੋਏ ਅੱਗੇ ਵਧ ਗਏ। ਧੂਫ਼ ਵਾਲੇ ਬੱਚਿਆਂ ਨੂੰ ਵੇਖ ਕੇ ਟੀਮ ਲੀਡਰ ਨੇ ਆਪਣੀ ਟੀਮ ਦੇ ਇੱਕ ਮੈਂਬਰ ਨੂੰ ਗੁੱਸੇ ਵਿੱਚ ਕਿਹਾ,‘‘ਇਹ ਲੜਕੇ ਦੇਖ ਲੈ, ਦਸ-ਬਾਰ੍ਹਾਂ ਸਾਲਾਂ ਦੇ ਨੇ। ਮਿਹਨਤ ਕਰ ਰਹੇ ਨੇ ਤੇ ਤੂੰ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਦਾ ਹੈਂ ਅਤੇ ਚੰਗੀ ਤਨਖ਼ਾਹ ਲੈਂਦਾ ਪਰ ਫਿਰ ਵੀ ਆਪਣਾ ਟਾਰਗੇਟ ਪੂਰਾ ਨਹੀਂ ਕਰਦਾ। ਦਰਅਸਲ ਉਹ ਟੀਮ ਲੀਡਰ ਆਪਣੇ ਬੌਸ ਦਾ ਗੁੱਸਾ ਉਸ ਲੜਕੇ ’ਤੇ ਉਤਾਰ ਰਿਹਾ ਸੀ। ਬਾਅਦ ਵਿੱਚ ਮੈਂ ਉਸ ਟੀਮ ਮੈਂਬਰ ਨੂੰ ਆਪਣੇ ਸਾਥੀ ਨੂੰ ਇਹ ਕਹਿੰਦਿਆਂ ਸੁਣਿਆ ਕਿ ਸਾਡੇ ਨਾਲੋਂ ਤਾਂ ਇਹ ਧੂਫ਼ ਵਾਲੇ ਹੀ ਚੰਗੇ ਹਨ। ਇਨ੍ਹਾਂ ਦਾ ਕੋਈ ਟਾਰਗੇਟ ਤਾਂ ਨਹੀਂ, ਜਿੰਨਾ ਕੰਮ ਕੀਤਾ, ਓਨੇ ਪੈਸੇ ਮਿਲ ਗਏ। ਉਹ ਦੋਵੇਂ ਬੱਚੇ ਇਹ ਗੱਲ ਸੁਣ ਕੇ ਉਦਾਸ ਹੋ ਗਏ ਪਰ ਫਿਰ ਬੈਗ ਸੰਭਾਲਦਿਆਂ ਮੇਰੇ ਨਾਲ ਵਾਲੀ ਸੀਟ ’ਤੇ ਬੈਠੀ ਲੜਕੀ ਕੋਲ ਚਲੇ ਗਏ ਤੇ ਓਹੀ ਗੱਲ ਦੁਹਰਾਈ। ਹੁਣ ਉਨ੍ਹਾਂ ਦੀ ਬੋਲੀ ਵਿੱਚ ਪਹਿਲਾਂ ਨਾਲੋਂ ਮਿਠਾਸ ਘਟ ਗਈ ਸੀ। ਉਸ ਲੜਕੀ ਨੇ ਧੂਫ ਦੇ ਪੈਕਟ ਲੈਣ ਤੋਂ ਜੁਆਬ ਦੇ ਦਿੱਤਾ। ਦਫ਼ਤਰ ਵਿੱਚ ਉਨ੍ਹਾਂ ਦਾ ਇੱਕ ਵੀ ਡੱਬਾ ਧੂਫ਼ ਦਾ ਨਹੀਂ ਵਿਕਿਆ ਸੀ। ਪਤਾ ਨਹੀਂ ਉਹ ਦੋਵੇਂ ਕਿਹੜੀਆਂ ਡੂੰਘੀਆਂ ਸੋਚਾਂ ਵਿੱਚ ਪੈ ਗਏ। ਇੰਨੇ ਨੂੰ ਪਤਾ ਨਹੀਂ ਉਸ ਲੜਕੀ ਦੇ ਮਨ ਵਿੱਚ ਕੀ ਆਇਆ ਕਿ ਉਸ ਨੇ ਦੋਵਾਂ ਬੱਚਿਆਂ ਤੋਂ ਪੁੱਛ ਲਿਆ,‘‘ਤੁਹਾਡੇ ਡੈਡੀ ਕੀ ਕੰਮ ਕਰਦੇ ਹਨ?’’ ਇੱਕ ਲੜਕੇ ਨੇ ਮੂੰਹ ’ਤੇ ਹੱਥ ਫੇਰਦਿਆਂ ਧੀਮੀ ਆਵਾਜ਼ ਵਿੱਚ ਕਿਹਾ,‘‘ਮੇਰੇ ਪਿਤਾ ਜੀ ਨਹੀਂ ਹਨ। ਅਸੀਂ ਦੋਵੇਂ ਭਰਾ ਅਤੇ ਮੰਮੀ ਧੂਫ਼ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਹਾਂ। ਅਸੀਂ ਪੜ੍ਹਦੇ ਵੀ ਹਾਂ ਅਤੇ ਸਕੂਲ ਦੀ ਫ਼ੀਸ ਧੂਫ਼ ਵੇਚ ਕੇ ਦਿੰਦੇ ਹਾਂ।’’ ਲੜਕੀ ਨੇ ਪੁੱਛਿਆ,‘‘ਕਿੰਨੀ ਫ਼ੀਸ ਦੇਣੀ ਹੈ?’’ ਬੱਚੇ ਨੇ ਕਿਹਾ,‘‘ਸੌ ਰੁਪਏ।’’ ਉਸ ਲੜਕੀ ਨੇ ਆਪਣੇ ਪਰਸ ਵਿੱਚੋਂ ਸੌ ਦਾ ਨੋਟ ਕੱਢਿਆ ਅਤੇ ਬੱਚਿਆਂ ਨੂੰ ਫੜਾ ਦਿੱਤਾ ਤੇ ਨਾਲ ਹੀ ਕਿਹਾ,‘‘ਹੋਰ ਚਾਹੀਦੇ ਹਨ ਤਾਂ ਹੋਰ ਲੈ ਲਵੋ।’’ ਲੜਕੇ ਨੇ ਸੌ ਦਾ ਨੋਟ ਸਾਂਭਦਿਆਂ ਕਿਹਾ,‘‘ਦੀਦੀ ਜੀ, ਆਹ ਪੰਜ ਪੈਕਟ ਧੂਫ਼ ਦੇ ਲੈ ਲਵੋ।’’ ਲੜਕੀ ਨੇ ‘ਨਹੀਂ ਬੇਟਾ’ ਕਹਿ ਕੇ ਜੁਆਬ ਦੇ ਦਿੱਤਾ। ਇੰਨੇ ਨੂੰ ਉਸ ਨੂੰ ਫਿਰ ਫੋਨ ਆ ਗਿਆ ਅਤੇ ਉਹ ਮੋਬਾਈਲ ’ਤੇ ਗੱਲਾਂ ਕਰਦੀ ਬਾਹਰ ਚਲੀ ਗਈ। ਦੋਵੇਂ ਬੱਚੇ ਜਾ ਚੁੱਕੇ ਸਨ। ਫੋਨ ਤੋਂ ਵਿਹਲੀ ਹੋ ਕੇ ਜਦੋਂ ਉਹ ਆਪਣੀ ਕੁਰਸੀ ’ਤੇ ਬੈਠੀ ਤਾਂ ਹੈਰਾਨ ਰਹਿ ਗਈ ਕਿਉਂਕਿ ਧੂਫ਼ ਦੇ ਪੰਜੇ ਪੈਕਟ ਉਸ ਦੀ ਟੇਬਲ ’ਤੇ ਪਏ ਸਨ।
ਸੰਦੀਪ ਤਿਵਾੜੀ :- ਸੰਪਰਕ: 98884-20033
|
|
30 Oct 2013
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|