ਮੇਰੇ ਵੱਡੇ ਭਰਾ ਬਲਰਾਜ ਸਿੰਘ ਸੰਧੂ ਦੀ ਲਿਖੀ ਹੋਈ ਇੱਕ ਗਜ਼ਲ ਆਪ ਸਭ ਨਾਲ ਸਾਝਿਆਂ ਕਰਨ ਜਾ ਰਿਹਾ ਹਾਂ ਜੋ ਕਿ ਉਹਨਾ ਸ਼ਾਇਦ ਸੰਨ 1980-82 ਦੇ ਕਰੀਬ ਲਿਖੀ ਸੀ ਤੇ ਇਸ ਵਾਰ ਮੇਰੀ ਵਤਨ ਫੇਰੀ ਦੌਰਾਨ ਮੈਨੂੰ ਮਿਲੀ ਏ.....
ਨਾ ਅਫੀਮ ਏ ਮਜ੍ਹਬ ਦੀ ਤੇ ਨਾ ਧਰਮਾਂ ਦੀ ਭੰਗ ਏ
ਮੇਰਾ ਮਿਸ਼ਨ ਇਸ ਜ਼ਿੰਦਗੀ ਦੇ ਜੀਣ ਦਾ ਇੱਕ ਢੰਗ ਏ
ਮੈਂ ਜਾਣਦਾ ਹਾਂ ਆਦਮੀ ਕਿਉਂ ਲੜਖੜਾ ਕੇ ਚੱਲ ਰਿਹੈ
ਪਿਆਰ ਦੇ ਪਾਂਧੀ ਲਈ ਮਜ੍ਹਬਾਂ ਦੀ ਜੁੱਤੀ ਤੰਗ ਏ
ਅੱਜ ਆਪਣੇ ਰੰਗ ਤੋਂ ਬੇਖਬਰ ਬੰਦਾ ਹੋ ਗਿਐ
ਇਸੇ ਲਈ ਲਹੂ ਇਨਸਾਨ ਦਾ ਹੋ ਗਿਆ ਬਦਰੰਗ ਏ
ਰਹਿਤਾਂ ਦੀ ਬੇੜੀ ਬੈਠ ਕੇ ਮੰਜਿਲ ਦੀਆਂ ਆਸਾਂ ਵਾਲਿਉ
ਇਹ ਆਸ ਕੱਚੀ ਡੋਰ ਏ, ਇਹ ਆਸ ਕੱਚੀ ਵੰਗ ਏ
ਦੁਨੀਆਂ ਹੈ ਬਾਜ਼ੀ ਤਾਸ਼ ਦੀ ਤੇ ਜਿੱਤ ਹੈ ਕੇਵਲ ਉਸ ਲਈ
ਰੰਗਾਂ ਨੂੰ ਜਿਸਨੇ ਜਾਣਿਐਂ, ਹੱਥਾਂ 'ਚ ਜਿਸਦੇ ਰੰਗ ਏ
"ਬਲਰਾਜ" ਸ਼ਾਹਦੀ ਨੇ ਮੇਰੇ ਅੱਜ ਸਫੇ ਇਤਹਾਸ ਦੇ
ਮਾਨਵਤਾ ਲਈ ਜੋ ਵੀ ਤੁਰਿਆ, ਮਜ੍ਹਬਾਂ ਅੜਾਈ ਟੰਗ ਏ