ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ ਫੇਰ ਨਾਂ ਕਹਿਣਾਂ ।
ਕੁੜੱਤਣ ਰਿਸ਼ਤਿਆਂ ਵਿੱਚ ਭਰ ਗਈ ਤਾਂ ਫੇਰ ਨਾਂ ਕਹਿਣਾਂ ।
ਬਦਲਦੇ ਨੇ ਜਦੋਂ ਅਹਿਸਾਸ ਮੌਸਮ ਬਦਲ ਜਾਂਦੇ ਨੇ,
ਜੇ ਬਲ ਪਈ ਚਾਨਣੀ ਧੁੱਪ ਠਰ ਗਈ ਤਾਂ ਫੇਰ ਨਾਂ ਕਹਿਣਾਂ ।
ਮੈਂ ਸਾਰੇ ਰੰਜ ਦੇ ਅੰਗਿਆਰ ਦਿਲ ਵਿਚ ਦੱਬ ਆਇਆ ਹਾਂ,
ਹਵਾ ਜੇ ਕੋਈ ਕਾਰਾ ਕਰ ਗਈ ਤਾਂ ਫੇਰ ਨਾਂ ਕਹਿਣਾਂ ।
ਤੂੰ ਆਪਣੀ ਜਿੱਤ ਦੇ ਹਰ ਹਾਰ ਵਿਚ ਮੈਨੂੰ ਪਰੋਨਾਂ ਏਂ,
ਇਵੇਂ ਜੇ ਮੇਰੀ ਖੁਸ਼ਬੂ ਮਰ ਗਈ ਤਾਂ ਫੇਰ ਨਾਂ ਕਹਿਣਾਂ ।
ਸਦਾ ਇਸ ਦਿਲ ਤੇ ਖ਼ਜ਼ਰ ਲਉਣ ਦੀ ਤੇਰੀ ਜੋ ਆਦਤ ਹੈ ।
ਮੇਰਾ ਜੇ ਦਿਲ ਪੱਥਰ ਕਰ ਗਈ ਤਾਂ ਫੇਰ ਨਾਂ ਕਹਿਣਾਂ ।
ਮੈਂ ਤੇਰੇ ਸਾਹਮਣੇ ਤਾਂ ਆਪਣੇ ਦਿਲ ਨੂੰ ਮਾਰ ਕੇ ਆਊਂ,
ਪਰੰਤੂ ਦਰਦ ਅੱਖੀਂਤਰ ਗਈ ਤਾਂ ਫੇਰ ਨਾਂ ਕਹਿਣਾਂ ।
ਤੂੰ ਆਪਣੇ ਸੁਪਨਿਆਂ ਨੂੰ ਜੀਂਦਿਆਂ ਹੀ ਮਾਰ ਕੇ ਰੱਖਨੈ,
ਜੇ ਇੱਕ ਦਿਨ ਨੀਂਦ ਤੇਰੀ ਮਰ ਗਈ ਤਾਂ ਫੇਰ ਨਾਂ ਕਹਿਣਾਂ ।
ਜਿਨ੍ਹੇ ਗੀਤਾਂ ਦੀ ਖ਼ਾਤਰ ਹੀ ਕਰਾਏ ਛੇਕ ਛਾਤੀ ਵਿਚ,
ਉਹ ਵੰਝਲੀ ਚੁਪ ਰਹਿਣਾ ਜ਼ਰ ਗਈ ਫੇਰ ਨਾਂ ਕਹਿਣਾਂ ।
ਅਜੇ ਵੀ ਵਕਤ ਹੈ ਤੂੰ ਆਪਣੇ ਘਰ ਦੀ ਛੱਤ ਉੱਤੇ ਆ,
ਸਿਆਲੀ ਧੁੱਪ ਹੈ ਜੇ ਮਰ ਗਈ ਤਾਂ ਫੇਰ ਨਾਂ ਕਹਿਣਾਂ ।
(ਸੁਲੱਖਣ ਸਰਹੱਦੀ)