Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਦੀ ਉਤਰੀ ਪਹਾੜ ਉੱਤੋਂ ਸ਼ੂਕਦੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਦੀ ਉਤਰੀ ਪਹਾੜ ਉੱਤੋਂ ਸ਼ੂਕਦੀ


ਮੁਲਕ ਦੀ ਅੱਧੀ ਤੋਂ ਵੱਧ ਖੇਤੀਬਾੜੀ ਮੌਨਸੂਨ ਆਸਰੇ ਹੁੰਦੀ ਹੈ। ਮੌਨਸੂਨ ਦੀ ਆਮਦ ਨਾਲ ਰੁੱਖ, ਮਨੁੱਖ ਅਤੇ ਜੀਵ-ਜੰਤੂ ਸਭ ਨਿਹਾਲ ਹੋ ਜਾਂਦੇ ਹਨ:
ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ
    ਸੁਨਿ ਘਨਿਹਰ ਕੀ ਘੋਰ

(ਬੱਦਲਾਂ ਦੀ ਗਰਜ ਸੁਣ ਕੇ ਪੰਛੀ ਦਿਨ-ਰਾਤ ਚਹਿਚਹਾਉਂਦੇ ਹਨ।)
ਔੜ ਜਾਂ ਸੋਕੇ ਨਾਲ ਦੇਸ਼ ਦੀ ਆਰਥਿਕਤਾ ਤਹਿਸ-ਨਹਿਸ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਜਲ ਬਿਨ ਚਾਤ੍ਰਿਕ ਜਾਂ ਬਬੀਹਾ ਬਿਹਬਲ ਹੋ ਜਾਂਦਾ ਹੈ। ਚਾਤ੍ਰਿਕ (ਚਾਤਕ) ਦਾ ਸ਼ਾਬਦਿਕ ਅਰਥ ਮੇਘ ਤੋਂ ਚਤ (ਮੰਗਣ) ਵਾਲਾ ਪੰਛੀ ਹੈ ਜੋ ਸਦਾ ਯਾਚਨਾ ਕਰਦਾ ਰਹਿੰਦਾ ਹੈ। ਪੰਜਾਬ ਦੀ ਲੋਕਧਾਰਾ, ਜਲਧਾਰਾ ਤੋਂ ਬਗ਼ੈਰ ਅਧੂਰੀ ਹੈ। ਮੀਂਹ ਦੇ ਇੰਤਜ਼ਾਰ ਵਿੱਚ ਬੱਚੇ ਤਰਲੋ-ਮੱਛੀ ਹੋ ਕੇ ਗਾਉਂਦੇ ਹਨ:
ਰੱਬਾ ਰੱਬਾ ਮੀਂਹ ਵਸਾ
    ਸਾਡੀ ਕੋਠੀ ਦਾਣੇ ਪਾ

ਜਿਸ ਮੌਨਸੂਨ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾਂਦਾ ਹੈ, ਉਹ ਪ੍ਰਸ਼ਾਸਨ ਅਤੇ ਹਕੂਮਤ ਦੀ ਅਣਗਹਿਲੀ ਕਾਰਨ ਵਰਦਾਨ ਦੀ ਬਜਾਏ ਸਰਾਪ ਬਣ ਜਾਂਦੀ ਹੈ। ਜੇ ਬੱਦਲ ਫਟ ਜਾਣ ਤਾਂ ਲੋਕਾਂ ਦੀ ਕਿਸਮਤ ਵੀ ਲੀਰੋ-ਲੀਰ ਹੋ ਜਾਂਦੀ ਹੈ। ਆਫ਼ਰੇ ਹੋਏ ਨਦੀ-ਨਾਲੇ ਆਪਣੇ ਹੀ ਕਿਨਾਰਿਆਂ ਨੂੰ ਚੀਰਦੇ ਹੋਏ ਸਭ ਲਈ ਆਫ਼ਤ ਬਣ ਜਾਂਦੇ ਹਨ।
ਮੌਨਸੂਨ ਦੇ ਕਹਿਰ ਨਾਲ ਹੇਮਕੁੰਟ ਅਤੇ ਬਦਰੀਨਾਥ ਮਾਰਗ ਬੁਰੀ ਤਰ੍ਹਾਂ ਝੰਬੇ ਗਏ ਹਨ। ਚਾਰ ਧਾਮਾਂ ਦੀ ਯਾਤਰਾ ਠੱਪ ਹੋ ਕੇ ਰਹਿ ਗਈ ਹੈ। ਜਿਸ ਬਰਸਾਤ ਨੇ ਹਾੜ੍ਹ ਮਹੀਨੇ ਦੀ ਬਾਲੂ ਰੇਤ ਤੋਂ ਰਾਹਤ ਦੇਣੀ ਸੀ, ਉਸ ਨੇ ਜਾਨੀ ਨੁਕਸਾਨ ਤੋਂ ਇਲਾਵਾ ਅਰਬਾਂ ਰੁਪਏ ਦੇ ਮਾਲ-ਅਸਬਾਬ ਨੂੰ ਤਬਾਹ ਕਰ ਦਿੱਤਾ ਹੈ। ਸ਼ਰਧਾਲੂਆਂ ਨਾਲ ਭਰੀਆਂ ਬੱਸਾਂ, ਕਾਰਾਂ ਗੁਸਤਾਖ਼ ਛੱਲਾਂ ਦੀ ਭੇਟ ਚੜ੍ਹ ਗਈਆਂ। ਅਣਗਿਣਤ ਸ਼ਰਧਾਲੂਆਂ ਨੇ ਆਪਣਿਆਂ ਨੂੰ ਇਸ ਕਹਿਰ ਦੀ  ਭੇਟ ਚੜ੍ਹਦਿਆਂ ਅੱਖੀਂ ਵੇਖਿਆ ਹੈ। ਹੜ੍ਹ ਗਏ ਰਿਸ਼ਤੇਦਾਰਾਂ ਦੀਆਂ ਕੁਰਲਾਹਟਾਂ ਉਨ੍ਹਾਂ ਨੂੰ ਅੱਜ ਵੀ ਸਤਾ ਰਹੀਆਂ ਹਨ। ਮੌਸਮ ਦੇ ਮਿਜ਼ਾਜ ਬਦਲਣ ਨਾਲ ਸੈਂਕੜੇ ਬੇਸ਼ਕੀਮਤੀ ਜਾਨਾਂ ਭੰਗ ਦੇ ਭਾਅ ਰੁੜ੍ਹ ਗਈਆਂ। ਪਹਾੜਾਂ ਤੋਂ ਸ਼ੂਕਦੀਆਂ ਹੋਈਆਂ ਨਦੀਆਂ ਥਲ ਵਿੱਚ ਬਰਬਾਦੀ ਦਾ ਮੰਜ਼ਰ ਵੇਖ ਕੇ ਸਿਸਕ ਪਈਆਂ:
 ਨਦੀ ਉਤਰੀ ਪਹਾੜ ਉੱਤੋਂ ਸ਼ੂਕਦੀ
    ਥਲਾਂ ’ਚ ਆ ਕੇ ਸਿਸਕ ਪਈ
              (ਸੁਖਵਿੰਦਰ ਅੰਮ੍ਰਿਤ)

ਉਤਰਾਖੰਡ ਵਿੱਚ ਵਾਪਰੇ ਦੁਖਾਂਤ ਨੇ ‘ਜੇਠ ਹਾੜ੍ਹ ਤਾਏ ਤੇ ਸਾਉਣ ਭਾਦਰੋਂ ਵਸਾਏ’ ਨੂੰ ਵੀ ਗ਼ਲਤ ਸਾਬਤ ਕਰ ਦਿੱਤਾ ਹੈ। ਸੈਲਾਨੀਆਂ ਨੂੰ ਹਾੜ੍ਹ ਮਹੀਨੇ ਨੇ ਤਾਇਆ ਘੱਟ ਤੇ ਸਤਾਇਆ ਵੱਧ ਹੈ। ਧਾਰਮਿਕ ਯਾਤਰਾ ’ਤੇ ਨਿਕਲੇ ਲੋਕਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਤਾਂ ਕੀ, ਰੱਬ ਵੀ ਨਾ ਬਹੁੜਿਆ। ਸਗੋਂ ‘ਨੀਲੀ ਛੱਤਰੀ’ ਫਟਣ ਨਾਲ ‘ਸ਼ਰਧਾ’ ਵੀ ਲੰਗਾਰੀ ਹੋਈ ਜਾਪੀ। ਸਰਕਾਰ ਅਤੇ ਸ਼ਰਧਾਲੂਆਂ ਨੇ ਮੌਸਮ ਵਿਭਾਗ ਦੀ ਇਸ ਚਿਤਾਵਨੀ ਨੂੰ ਅੱਖੋਂ-ਪਰੋਖੇ ਕਰ ਦਿੱਤਾ ਕਿ ਮੌਨਸੂਨ ਆਪਣੇ ਨਿਸ਼ਚਿਤ ਸਮੇਂ ਤੋਂ ਪੰਦਰਾਂ ਦਿਨ ਪਹਿਲਾਂ ਆਵੇਗੀ। ਅਜਿਹੀ ਚਿਤਾਵਨੀ ਤੋਂ ਬਾਅਦ ਹਕੂਮਤ ਨੂੰ ਕੁੰਭਕਰਨੀ ਨੀਂਦ ਤੋਂ ਜਾਗਣਾ ਅਤੇ ਸੈਲਾਨੀਆਂ ਨੂੰ ਯਾਤਰਾ ਲਈ ਨਿਕਲਣ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਸੀ। ਅਜਿਹੀ ਬਿਪਤਾ ਸ਼ਰਧਾ ਨਹੀਂ ਸਗੋਂ ਅੰਨ੍ਹੀ ਸ਼ਰਧਾ ਦਾ ਸਿੱਟਾ ਹੁੰਦੀ ਹੈ। ਕੁਦਰਤੀ ਕਰੋਪੀ ਦੇ ਸ਼ਿਕਾਰ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਜਿੱਥੇ ਸਵੈ-ਸੇਵੀ ਜਥੇਬੰਦੀਆਂ ਨੇ ਦਿਨ-ਰਾਤ ਇੱਕ ਕਰ ਦਿੱਤਾ, ਉੱਥੇ ਕੁਝ ਲੋਭੀ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਲੁੱਟ ਮਚਾ ਕੇ ਇਨਸਾਨੀਅਤ ਨੂੰ ਸ਼ਰਮਿੰਦਾ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਕਈ ਹੋਰ ਗੁਰਦੁਆਰਿਆਂ ਅਤੇ ਮੰਦਰਾਂ ਨੇ ਰਾਹਤ ਸਮਗਰੀ ਦਾ ਤਾਂਤਾ ਲਗਾ ਦਿੱਤਾ। ਇੱਕ ਪਾਸੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੀ, ਦੂਜੇ ਪਾਸੇ ਉਤਰਾਖੰਡ ਦੇ ਕਈ ਢਾਬਿਆਂ ਤੇ ਹੋਟਲਾਂ ਵਿੱਚ ਫੁਲਕਾ 50 ਤੋਂ 100 ਅਤੇ ਚੌਲਾਂ ਦਾ ਕਟੋਰਾ ਡੇਢ ਸੌ ਰੁਪਏ ਤਕ ਵਿਕਦਾ ਰਿਹਾ। ਲੋਕ ਗੀਤ ਛਿੱਥਾ ਪੈ ਗਿਆ:
 -ਬੱਦਲ ਆਇਆ ਗੱਜ ਕੇ
    ਰੋਟੀ ਖਾਈਏ ਰੱਜ ਕੇ

24 Jun 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਪਾਰੀਆਂ ਦੀਆਂ ਅੱਖਾਂ ਵਿੱਚ ਲਾਲਚ ਦੇ ਡੋਰੇ ਚਮਕ ਰਹੇ ਸਨ।  ਅਜਿਹਾ ਇਨਸਾਨੀਅਤ ਤੋਂ ਕੋਹਾਂ ਦੂਰ ਹੋਣ ਵਾਲੀ ਗੱਲ ਸੀ। ਲੰਗਰ ਬਣਾਉਣ ਤੇ ਵਰਤਾਉਣ ਵਾਲਿਆਂ ਨੇ ਭਾਈ ਕਨ੍ਹਈਆ ਵਰਗੇ ਮਹਾਨ ਸੇਵਾ-ਪੰਥੀਆਂ ਦੀ ਯਾਦ ਦਿਵਾ ਦਿੱਤੀ ਜੋ ਰਣ-ਤੱਤੇ ਵਿੱਚ ਮਸ਼ਕ ਰਾਹੀਂ ਪਾਣੀ ਪਿਲਾਉਣ ਲੱਗਿਆਂ ਦੁਸ਼ਮਣ ਅਤੇ ਦੋਸਤ ਨੂੰ ਇੱਕ ਅੱਖ ਨਾਲ ਵੇਖਦੇ ਸਨ। ਰੈੱਡ ਕਰਾਸ ਨਾਲੋਂ ਕਿੰਨਾ ਪੁਰਾਣਾ ਅਤੇ ਸ਼ਾਨਮੱਤਾ ਇਤਿਹਾਸ ਹੈ ਸੇਵਾ-ਪੰਥੀਆਂ ਦਾ! ਸ਼੍ਰੋਮਣੀ ਕਮੇਟੀ ਦੀ ਕਈ ਮੁੱਦਿਆਂ ਨੂੰ ਲੈ ਕੇ ਅਕਸਰ ਆਲੋਚਨਾ ਹੁੰਦੀ ਰਹਿੰਦੀ ਹੈ ਪਰ ਆਫ਼ਤ ਮਾਰਿਆਂ ਨੂੰ ਲੰਗਰ ਅਤੇ ਰਾਹਤ ਸਮਗਰੀ ਪਹੁੰਚਾ ਕੇ ਇਹ ਸੇਵਾ-ਪੰਥੀਆਂ ਦੀ ਮਹਾਨ ਪਰੰਪਰਾ ਨੂੰ ਅੱਗੇ ਤੋਰਦੀ ਜਾਪਦੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ‘ਸਿੱਖ ਸਰੋਕਾਰ’ ਵਿੱਚ ਭਾਈ ਕਨ੍ਹਈਆ ਵੱਲੋਂ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਪੀੜਤਾਂ ਦਾ ਦੁਖ ਹਰਨ ਲਈ ਕੀਤੇ ਗਏ ਉਪਰਾਲਿਆਂ ਦੀ ਚਰਚਾ ਕੀਤੀ ਹੈ। ਰਾਹਤ ਸਮਗਰੀ ਵੰਡਣ ਲੱਗਿਆਂ ਆਪਣੇ ਅਤੇ ਬੇਗਾਨੇ ਵਿੱਚ ਫ਼ਰਕ ਨਹੀਂ ਕੀਤਾ ਜਾਂਦਾ। ‘ਸੁਨਾਮੀ ਦਾ ਕਹਿਰ ਅਤੇ ਸਿੱਖ’ ਵਿੱਚ ਉਨ੍ਹਾਂ 26 ਦਸੰਬਰ 2004 ਨੂੰ ਸਵੇਰੇ 6.30 ਵਜੇ ਆਏ ਤੂਫ਼ਾਨ ਅਤੇ ਸਮੁੰਦਰ ਦੀਆਂ ਗੁਸਤਾਖ਼ ਲਹਿਰਾਂ ਵੱਲੋਂ ਮਚਾਏ ਕਹਿਰ ਦਾ ਜ਼ਿਕਰ ਕੀਤਾ ਹੈ। ਤਰੇੜਾਂ ਆਏ ਹੋਟਲ ਵਿੱਚ ਰਹਿ ਕੇ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਲਗਪਗ ਇੱਕ ਮਹੀਨਾ ਰਾਹਤ ਸਮਗਰੀ ਵੰਡੀ ਤੇ ਲੰਗਰ ਲਾਏ ਸਨ। ਧਰਤੀ ਦੀ ਅਸਾਧਾਰਨ ਹਿਲਜੁਲ ਨਾਲ ਭੁਚਾਲ ਆਉਣ ਤੋਂ ਬਾਅਦ ਜਿੱਥੇ ਕਈ ਪੁਰਾਣੇ ਦੀਪ ਲੋਪ ਹੋ ਜਾਂਦੇ ਹਨ, ਉੱਥੇ ਕਈ ਨਵੇਂ ਪ੍ਰਗਟ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਜਵਾਲਾ-ਮੁਖੀ ਫਟਣ ਤੋਂ ਇਲਾਵਾ ਨਵੇਂ ਪਹਾੜ ਬਣ ਸਕਦੇ ਹਨ ਤੇ ਪਹਾੜੀ ਥਾਵਾਂ ’ਤੇ ਪਾਣੀ ਇਕੱਠਾ ਹੋ ਸਕਦਾ ਹੈ। ਰੂਪ ਸਿੰਘ ਅਨੁਸਾਰ ਅੰਡੇਮਾਨ-ਨਿਕੋਬਾਰ ਵਿੱਚ ਆਏ ਭੁਚਾਲ ਕਾਰਨ ਪੋਰਟ ਬਲੇਅਰ ਇਲਾਕੇ ਵਿੱਚ ਪਾਣੀ ਤਕਰੀਬਨ ਇੱਕ ਮੀਟਰ ਉੱਪਰ ਚੜ੍ਹ ਗਿਆ ਸੀ। ਇਸ ਦੇ ਸਿੱਟੇ ਵਜੋਂ ਬਰਮਾ ਵਾਲੇ ਪਾਸਿਓਂ ਦੀਪ-ਸਮੂਹ 1.147 ਮੀਟਰ ਸਮੁੰਦਰ ਤੋਂ ਬਾਹਰ ਆ ਗਏ ਅਤੇ ਕੈਂਪਬੈਲ ਬੇਅ ਸਾਈਡ ਤੋਂ ਸਮੁੰਦਰ ਵਿੱਚ ਚਲੇ ਗਏ। ਕੈਂਪਬੈਲ ਬੇਅ ਇਲਾਕੇ ਵਿੱਚ ਪਾਣੀ ਦਾ ਚੜ੍ਹਾਅ ਤਕਰੀਬਨ ਸੱਤ ਮੀਟਰ ਉੱਪਰ ਤਕ ਪਹੁੰਚ ਗਿਆ ਸੀ। ਸਮੁੰਦਰੀ ਕਿਨਾਰਿਆਂ ’ਤੇ ਜਿੱਥੇ ਸਮੁੰਦਰੀ ਜਹਾਜ਼ ਲੱਗਦੇ ਹਨ, ਉਨ੍ਹਾਂ ਨੂੰ ਉਸ ਥਾਂ ’ਤੇ ਰੋਕਣ ਲਈ ਸਮੁੰਦਰ ਵਿੱਚ ਲੰਗਰ (ਲੋਹੇ ਦੇ ਭਾਰੀ ਸੰਗਲ) ਸੁੱਟੇ ਜਾਂਦੇ ਹਨ, ਜਿਨ੍ਹਾਂ ਨੂੰ ‘ਜੈਟੀ’ ਕਿਹਾ ਜਾਂਦਾ ਹੈ। ਭੁਚਾਲ ਅਤੇ ਸੁਨਾਮੀ ਲਹਿਰਾਂ ਨੇ ਇਨ੍ਹਾਂ ‘ਜੈਟੀਆਂ’, ਭਾਵ ਸਮੁੰਦਰੀ ਜਹਾਜ਼ਾਂ ਦੇ ਅੱਡਿਆਂ ਨੂੰ ਤਬਾਹ ਕਰ ਦਿੱਤਾ ਸੀ। ਸਮੁੰਦਰ ਵਿੱਚ ਸੁੱਟੇ ‘ਲੰਗਰ’ ਤਬਾਹ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਜਾਂ ਹੋਰ ਗੁਰਦੁਆਰਿਆਂ, ਮੰਦਰਾਂ ਅਤੇ ਸਵੈ-ਸੇਵੀ ਜਥੇਬੰਦੀਆਂ/ਸੰਸਥਾਵਾਂ ਵੱਲੋਂ ਲੰਗਰ ਲਾਉਣਾ ਸੇਵਾ-ਪੰਥੀਆਂ ਵੱਲੋਂ ਪਾਈ ਮਹਾਨ ਪਿਰਤ ਦਾ ਨਤੀਜਾ ਸੀ। ਇਹ ਸੇਵਾ ਹੋਰ ਵੀ ਮਹੱਤਵਪੂਰਨ ਜਾਪਦੀ ਹੈ ਜਦੋਂ ‘ਪਵਨ ਹੰਸ’ ’ਤੇ ਸਵਾਰ ਨੇਤਾ-ਲੋਕ ਹਵਾਈ ਸਰਵੇਖਣ ਕਰਦਿਆਂ ਮਗਰਮੱਛ ਦੇ ਹੰਝੂ ਕੇਰਦੇ ਹਨ। ਬਹੁਤੀ ਵਾਰ ਅਜਿਹੇ ਸਰਕਾਰੀ ਹੰਸ ਆਪਣੇ ਖੰਭ ਗੁਆ ਕੇ ਸੁੱਚੇ ਮੋਤੀਆਂ ਦੀ ਬਜਾਏ ਸੜਕਾਂ ਦੇ ਰੋੜ ਚੁਗਣ ਵਿੱਚ ਸਮਾਂ ਬਰਬਾਦ ਕਰ ਦਿੰਦੇ ਹਨ।
ਲੇਹ ਵਿੱਚ 5-6 ਅਗਸਤ 2010 ਦੀ ਦਰਮਿਆਨੀ ਰਾਤ ਨੂੰ ਬੱਦਲ ਫਟਣ ਨਾਲ ਹੋਏ ਮਾਲੀ ਅਤੇ ਜਾਨੀ ਨੁਕਸਾਨ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ, ਅਰਧ ਸੈਨਿਕ ਬਲ, ਫ਼ੌਜ ਅਤੇ ਹੋਰ ਸਵੈ-ਸੇਵੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਪੀੜਤਾਂ ਦੀ ਹਰ ਸੰਭਵ ਇਮਦਾਦ ਕੀਤੀ ਸੀ। ਲੇਹ ਵਿੱਚ ਸਿੱਖਾਂ ਦੀ ਅਬਾਦੀ ਭਾਵੇਂ ਨਾਂ-ਮਾਤਰ 117 ਹੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਰਾਹਤ ਸਮਗਰੀ ਦੇ ਟਰੱਕਾਂ ਦੇ ਟਰੱਕ ਭੇਜ ਕੇ ਨਿਰ-ਸਵਾਰਥ ਸੇਵਾ ਭਾਵਨਾ ਨੂੰ ਉਜਾਗਰ ਕੀਤਾ ਸੀ। ਸਿੱਖ ਧਰਮ ਵਿੱਚ ਸਿਮਰਨ ਤੋਂ ਵੀ ਪਹਿਲਾਂ ਸੇਵਾ ਦਾ ਮਹਾਤਮ ਹੈ। ਸਿੱਖੀ ਦਾ ਧੁਰਾ ਹੀ ‘ਸੇਵਾ ਅਤੇ ਸਿਮਰਨ’ ਮੰਨਿਆ ਜਾਂਦਾ ਹੈ। ਲੇਹ ਤੋਂ ਬਾਅਦ ਜਦੋਂ ਉਤਰਾਖੰਡ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਤਾਂ ਸਵੈ-ਸੇਵੀ ਅਤੇ ਧਾਰਮਿਕ ਜਥੇਬੰਦੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਮੌਸਮ ਵਿਗਿਆਨੀਆਂ ਅਨੁਸਾਰ ਜੇ ਇੱਕ ਥਾਂ ਪ੍ਰਤੀ ਘੰਟਾ 3.5 ਫੁੱਟ ਮੀਂਹ ਰਿਕਾਰਡ ਕੀਤਾ ਜਾਵੇ ਤਾਂ ਇਸ ਵਰਤਾਰੇ ਨੂੰ ਬੱਦਲ ਫਟਣਾ ਕਿਹਾ ਜਾਂਦਾ ਹੈ। ਅਜਿਹੀ ਕੁਦਰਤੀ ਆਫ਼ਤ ਘੁੱਗ ਵਸਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਮੋੜ੍ਹੀ ਸਣੇ ਵਹਾ ਕੇ ਲੈ ਜਾਂਦੀ ਹੈ। ਅਜਿਹੀ ਨੌਬਤ ਆਉਣ ਵੇਲੇ ਲੰਗਰ ਲਾਉਣ ਦੀ ਬਜਾਏ ਜੇ ਪੀੜਤਾਂ ਨੂੰ ਲੁੱਟਿਆ ਜਾਵੇ ਤਾਂ ਇਸ ਨੂੰ ਗ਼ੈਰ-ਮਨੁੱਖੀ ਕਾਰਾ ਹੀ ਕਿਹਾ ਜਾਵੇਗਾ। ਸਿਰੀ ਰਾਗੁ ਮਹਲਾ ਪਹਿਲਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਾਕੀਦ ਹੈ:
 ਵਿਚਿ ਦੁਨੀਆ ਸੇਵ ਕਮਾਈਐ
    ਤਾ ਦਰਗਹ ਬੈਸਣੁ ਪਾਈਐ

‘ਸਿੱਖ ਸਰੋਕਾਰ’ ਵਿੱਚ ਸੇਵਾ ਦੇ ਮੂਲ ਮੰਤਰ ਨੂੰ ਪਰਿਭਾਸ਼ਤ ਕਰਦਿਆਂ ਰੂਪ ਸਿੰਘ ਨੇ ਲਿਖਿਆ ਹੈ, “ਸੇਵਾ ਹੀ ਇੱਕ ਸਾਧਨਾ ਸ਼ਕਤੀ ਹੈ ਜੋ ਖ਼ਾਲਕ ਅਤੇ ਖ਼ਲਕਤ ਦੀ ਦੂਰੀ ਨੂੰ ਮਿਟਾ ਕੇ ਇੱਕ ਤਲ ’ਤੇ ਆਉਂਦੀ ਹੈ। ਸੇਵਾ ਉਹੀ ਸਫ਼ਲ ਹੈ ਜਿਸ ਵਿੱਚ ਸੇਵਕ ਦਿਖਾਈ ਨਾ ਦੇਵੇ।”


 ਵਰਿੰਦਰ ਵਾਲੀਆ

24 Jun 2013

Reply