|
|
| ਮਾਂ ਮੁਆਫ਼ ਕਰੀਂ |
ਮਾਂ ਮੁਆਫ਼ ਕਰਨ
ਾ ਮੈਂ ਤੈਨੂੰ ਬੜੇ ਉਲਾਂਭੇ ਦਿੱਤੇ, ਤਾਅਨੇ ਵੀ ਕਸੇ, ਆਪਣੀ ਭਰੂਣ ਹੱਤਿਆ ਦੇ। ਮੁਆਫ਼ ਕਰੀਂ ਮੇਰੀ ਮਾਂ, ਅੱਜ ਮੈਂ ਮਹਿਸੂਸ ਕਰਦੀ ਹਾਂ ਤੂੰ ਬਹੁਤ ਚੰਗਾ ਕੀਤਾ, ਜੇ ਮੈਂ ਜਨਮ ਲੈਂਦੀ, ਜਵਾਨੀ ਚ ਪੈਰ ਧਰਦੀ ਤਾਂ ਮੇਰਾ ਪੋਟਾ ਪੋਟ ਨੋਚ ਲੈਣਾ ਸੀ ਸਮੇਂ ਦੇ ਲੰਡਰ ਗੀਤਕਾਰਾਂ ਨੇ, ਮੈਨੂੰ ਵਸਤੂ ਬਣਾ ਦੇਣਾ ਸੀ ਬਜ਼ਾਰ ਦੀ ਕਲਾ ਖੇਤਰ ਚ ਭਾਰੂ ਵਪਾਰੀ ਟੋਲੇ ਨੇ। ਕਿੱਥੋਂ ਤੀਕ ਬਚਦੀ ਮੈਂ ਪਤਾ ਨੀ ਕਦੋਂ ਕੋਈ ਨਿਸ਼ਾਨ ਸਿੰਘ ਧਾੜਵੀ ਬਣ ਆਉਂਦਾ ਖੋਹ ਲੈਜਾਂਦਾ ਤੁਹਾਡੇ ਕੋਲੋਂ ਬੰਦੂਕ ਦੀ ਨੋਕ 'ਤੇ, ਮੇਰੇ ਮੂੰਹ ਚ ਤੁੰਨਦਾ ਆਪਣੇ ਫਾਇਦੇ ਦੇ ਬਿਆਨ। ਮੈਂ ਰੋਜ਼ ਮਰਦੀ ਪਲ-ਪਲ। ਪਤਾ ਨਹੀਂ ਕਦੋਂ ਸਕੂਲੋਂ ਮੁੜਦੀ ਨੂੰ, ਜੰਗਲੀ ਮਾਨਸਾਂ ਦਾ ਟੋਲਾ ਬਣਾ ਲੈਂਦਾ ਤੇਰੀ ਲਾਡੋ ਨੂੰ ਆਪਣੀ ਹਵਸ ਦਾ ਸ਼ਿਕਾਰ। ਜੇਕਰ ਇਹ ਸਭ ਨਾ ਵੀ ਵਾਪਰਦਾ ਮੈਂ ਪੜ੍ਹ ਲਿਖ ਜਾਂਦੀ, ਕਿਸੇ ਦਫ਼ਤਰ ਨੌਕਰੀ ਕਰਦੀ, ਬੌਸ ਦੀਆਂ ਕਮੀਨੀਆਂ ਨਜ਼ਰਾਂ ਮੇਰਾ ਅੰਗ ਅੰਗ ਵਿੰਨਦੀਆਂ। ਜਾਂ ਥੱਬਾ ਡਿਗਰੀਆਂ ਲੋਹੜੇ ਦੀ ਕਾਬਲੀਅਤ ਦੇ ਬਾਵਜੂਦ, ਨੌਕਰੀ ਦਾ ਸੌਦਾ ਕਿਸੇ ਸਿਆਸੀ ਆਗੂ, ਜਾਂ ਵੱਡੇ ਸਾਹਬ ਦੇ ਬੈਡਰੁਮ ਪਹੁੰਚ ਕੇ ਹੋਣਾ ਸੀ। ਇਹਵੀ ਹੋ ਸਕਦਾ ਸੀ ਆਪਣੀ ਮਰਜ਼ੀ ਦੇ, ਸੁਪਨਿਆਂ ਦੇ ਨਾਇਕ, ਵਿਚਾਰਾਂ ਦੇ ਹਾਣੀ, ਦੇ ਲੜ ਲੱਗਣ ਦਾ ਸੁਪਨਾ ਮਾਂ ਜਾਇਆਂ ਦੇ ਹੱਥ ਰੰਗ ਧਰਦਾ ਮੇਰੇ ਲਹੂ ਵਿੱਚ। ਮੈਰੀ ਜੀਵਨ ਲੀਲ੍ਹਾ ਬਣਕੇ ਰਹਿ ਜਾਂਦੀ ਮਹਿਜ ਅਣਖ ਲਈ ਇੱਕ ਹੋਰ ਕਤਲ ਦੀ ਅਖ਼ਬਾਰੀ ਸੁਰਖੀ। ਜਾਂ ਫੇਰ ਦਾਜ ਦੀਆਂ ਲੋਭਣਾਂ ਸੱਸ ਤੇ ਨਣਾਨਾਂ, ਮੈਂ ਜਿਉਣ ਨਾ ਦਿੰਦੀਆਂ। ਪੁੱਤਰ ਦੀ ਲਾਲਸਾ ਪੁਰੱਤੇ ਕਿਸੇ ਪਰਵਾਰ 'ਚ ਇਕ ਦੋ ਧੀਆਂ ਨੂੰ ਜਨਮ ਦੇਣਾ ਵੀ, ਬਣ ਸਕਦਾ ਸੀ ਮੇਰੀ ਮੌਤ ਦਾ ਕਾਰਨ। ਤੂੰ ਚੰਗਾ ਕੀਤਾ ਮਾਂ ਜਿਹੜਾ ਮੈਂਨੂੰ ਜੰਮਣ ਤੋਂ ਪਹਿਲਾਂ ਹੀ ਮਰਵਾ ਦਿੱਤਾ। ਸੱਚ ਮਾਂ ਬਾਬੇ ਨਾਨਕ ਦੀ ਧਰਤੀ ਹੁਣ ਇਸ ਕਾਬਲ ਨਹੀਂ ਰਹੀ ਕਿੱਥੇ ਕੁੜੀਆਂ ਜੰਮਣ, ਤੇ ਮੌਲਣ। ਹੁਣ ਤਾਂ ਦਸ਼ਮੇਸ਼ ਪਿਤਾ ਦੇ ਉਹ ਲਾਡਲੇ ਸਿੰਘ ਵੀ ਨਹੀਂ ਦਿਸਦੇ, ਜਿਹੜੇ ਮੁਗ਼ਲਾਂ ਨਾਲ ਲੋਹਾ ਲੈਕੇ ਘਰੀਂ ਮੋੜ ਲਿਆਉਂਦੇ ਸੀ ਚੁੱਕੀਆਂ ਗਈਆਂ ਧੀਆਂ ਨੂੰ। ਮਾਂ, ਇਕ ਗੱਲ ਹੋਰ ਜੇ ਵੀਰ ਘਰ ਕੋਈ ਭਤੀਜੀ ਜੰਮੀਂ, ਜ਼ਰੂਰ ਪੜ੍ਹਾਅ ਦੇਵੀਂ ਉਹਨੂੰ, ਮਲਾਲਾ ਤੇ ਮੁਖਤਾਰ ਮਾਈ ਦੀ ਕਹਾਣੀ। ਹਰ ਓਸ ਕੁੜੀ ਬਾਬਤ ਦੱਸੀਂ, ਜੋ ਸ਼ੇਰਨੀ ਬਣ ਲੜੀ ਹੋਵੇ, ਆਪਣੇ ਹੱਕ ਆਪਣੀ ਰੱਖਿਆ ਲਈ ਜੂਝੀ ਹੋਵੇ। -ਹਰਮੇਲ ਪਰੀਤ
|
|
02 Nov 2012
|