ਦੋਸਤੋ ਪਾਸ਼ ਦੀ ਇੱਕ ਕਵਿਤਾ " ਸਭ ਤੋਂ ਖਤਰਨਾਕ " ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ|
( ਸਭ ਤੋਂ ਖਤਰਨਾਕ )ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਬੈਠੇ ਸੁੱਤਿਆਂ ਫੜੇ ਜਾਣਾ -- ਬੁਰਾ ਤਾਂ ਹੈ ਡਰੂ ਜਿਹੀ ਚੁੱਪ ਵਿਚ ਮੜ੍ਹੇ ਜਾਣਾ --ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ ਕਪਟ ਦੇ ਸ਼ੋਰ ਵਿਚ ਸਹੀ ਹੁੰਦਿਆਂ ਵੀ ਦਬ ਜਾਣਾ , ਬੁਰਾ ਤਾਂ ਹੈ ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -- ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ | ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ , ਨਾ ਹੋਣਾ ਤੜਪ ਦਾ , ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ | ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ | ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ , ਜੋ ਸਭ ਦੇਖਦੀ ਹੋਈ ਵੀ ਨੰਢੀ ਯੱਖ ਹੁੰਦੀ ਹੈ ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉਤੇ ਡੁਲ੍ਹ ਜਾਂਦੀ ਹੈ ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ | ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਸੁੰਨ ਹੋਏ ਵਿਹੜਿਆਂ ਵਿਚ ਚੜ੍ਹਦਾ ਹੈ ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ | ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤਕ ਪਹੁੰਚਣ ਲਈ ਜਿਹੜਾ ਕੀਰਨਾ ਉਲੰਘਦਾ ਹੈ ਡਰੇ ਹੋਏ ਲੋਕਾਂ ਦੇ ਬਾਰ ਮੂਹਰੇ -- ਜੋ ਵੈਲੀ ਦੀ ਖੰਘ ਖੰਘਦਾ ਹੈ | ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ 'ਤੇ ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ ਚਿਮਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ 'ਤੇ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ 'ਚ ਖੁਭ ਜਾਵੇ | ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ | ( " ਸੰਪੂਰਨ ਪਾਸ਼ ਕਾਵਿ " ਕਿਤਾਬ ਵਿਚੋਂ / ਸਫਾ 253 )
pass is
GREAT