(ਕੀਮਤ)
ਵਿਕਣ ਵਾਲੇ ਤਾਂ ਤੁਰ ਗਏ ਲੈ ਕੇ ਕੀਮਤ ਲੱਖਾਂ ਦੀ,
ਅਸੀਂ ਅੱਜ ਵੀ ਵੇਖ ਲੈ ਬੈਠੇ ਕਰਦਾ ਗੋਡੀ ਕੱਖਾਂ ਦੀ।
ਸਾਡਾ ਹੱਸਣਾ, ਰੋਣਾ, ਖੇਡਣਾ ਹੁਣ ਫੋਨ ਤੈਅ ਕਰਦਾ ਏ,
ਲੋਕੋ ਬਣ ਕੇ ਰਹਿ ਗਈ ਗੱਲ ਬੁਝਾਰਤ ਪਿੱਪਲਾਂ ਸੱਥਾਂ ਦੀ।
ਅਸੀਂ ਕਰਕੇ ਆਪਣਾ ਕੰਮ ਕੋਈ ਕੀਮਤ ਲੈ ਲੈਂਦੇ ਹਾਂ,
ਪਰ ਕੀਮਤ ਕੌਣ ਚੁਕਾਏਗਾ ਦੱਸੋ ਇਹਨਾਂ ਦੋ ਹੱਥਾਂ ਦੀ।
ਜੋ ਉੱਚ ਕੀਮਤੀ ਆਉਂਦੇ ਸੀ ਮੈਂ ਖ਼ਰੀਦ ਲਏ ਕਈ ਚਿਹਰੇ,
ਪਰ ਮੈਥੋਂ ਕੀਮਤ ਤਾਰ ਨੀ ਹੋਣੀ ਕਦੇ ਉਹਦੀਆਂ ਅੱਖਾਂ ਦੀ।
ਗੱਲ ਗੱਲ ਤੇ ਕੀਮਤ ਸਾਥੋਂ ਹੁਣ ਕਿਸਮਤ ਵੀ ਮੰਗਦੀ ਏ,
ਅਸੀਂ ਸੁਪਨੇ ਵਿੱਚ ਹੀ ਕਰ ਸਕਦੇ ਹਾਂ ਸਵਾਰੀ ਰੱਥਾਂ ਦੀ।
ਜਦੋਂ ਹੱਥ ਪੈਰ ਸਲਾਮਤ ਸੀ ਘਰ ਉਡੀਕ ਸੀ ਮੇਰੀ ਕਰਦਾ,
ਹੁਣ ਉਡੀਕ ਨਾ ਕਰੇ ਕੋਈ ਪਈਆਂ ਸਿਵਿਆਂ ਵਿਚ ਲੱਤਾਂ ਦੀ।
ਗੁਰਜੰਟ ਤਕੀਪੁਰ
88727 82684
|