Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਨੂੰ ’ਵਾਜਾਂ ਮਾਰਨ ਵਾਲਾ ਪ੍ਰੋ. ਪੂਰਨ ਸਿੰਘ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬ ਨੂੰ ’ਵਾਜਾਂ ਮਾਰਨ ਵਾਲਾ ਪ੍ਰੋ. ਪੂਰਨ ਸਿੰਘ

ਪੰਜਾਬ ਨੂੰ ’ਵਾਜਾਂ ਮਾਰਨ ਵਾਲਾ ਪ੍ਰੋ. ਪੂਰਨ ਸਿੰਘ
ਡਾ. ਜਗਮੇਲ ਸਿੰਘ ਭਾਠੂਆਂ

 

ਪੰਜਾਬੀ ਸਾਹਿਤ ਜਗਤ ਦੇ ਮਹਾਨ ਸਾਹਿਤਕਾਰ ਪ੍ਰੋ. ਪੂਰਨ ਸਿੰਘ, ਪੂਰਬੀ ਸੱਭਿਅਤਾ ਦੇ ਜਿਉਂਦੇ ਜਾਗਦੇ ਪ੍ਰਤੀਨਿਧੀ ਹਨ ਜਿਨ੍ਹਾਂ ਦੀਆਂ ਘੁੰਡ ਖੋਲ੍ਹ-ਖੋਲ੍ਹ ਕੇ ਮੈਦਾਨੀ ਕੀਤੀਆਂ ਗੱਲਾਂ ਉਨ੍ਹਾਂ ਨੂੰ ਉਸ ਵੇਲੇ ਦੇ ਉਰਦੂ ਵਿੱਚ ਇਕਬਾਲ ਅਤੇ ਬੰਗਾਲੀ ਵਿੱਚ ਟੈਗੋਰ ਵਰਗੇ ਮਹਾਂਚਿੰਤਕਾਂ ਦਾ ਹਾਣੀ ਬਣਾਉਂਦੀਆਂ ਹਨ। ਆਪ ਦਾ ਜਨਮ ਮਾਤਾ ਪਰਮਾ ਦੇਵੀ ਦੀ ਕੁੱਖੋਂ ਪਿਤਾ ਕਰਤਾਰ ਸਿੰਘ ਦੇ ਗ੍ਰਹਿ ‘ਸਲਹੱਡ’ ਐਬਟਾਬਾਦ ਨੇ ਨੇੜੇ 17 ਫਰਵਰੀ 1881 ਈਸਵੀ ਨੂੰ ਹੋਇਆ। ਆਪਣੇ ਮਾਤਾ ਦੀ ਪ੍ਰੇਰਨਾ ਸਦਕਾ ਰੋਜ਼ਾਨਾ ਗੁਰਦੁਆਰੇ ਜਾਣ ਕਾਰਨ ਬਚਪਨ ਤੋਂ ਹੀ ਪੂਰਨ ਸਿੰਘ ਦੇ ਮਨ ਵਿੱਚ ਧਾਰਮਿਕ ਰੁਚੀ ਪੈਦਾ ਹੋ ਗਈ ਸੀ। ਜ਼ਰਾ ਵੱਡੀ ਉਮਰ ਦਾ ਹੋਣ ’ਤੇ ਮਾਂ ਉਸ ਨੂੰ ਰਾਵਲਪਿੰਡੀ ਲੈ ਆਈ ਜਿੱਥੇ ਉਨ੍ਹਾਂ ਹਵੇਲੀਆਂ ਦੀ ਮਸਜਿਦ ਵਿੱਚ ਮੌਲਵੀ ਪਾਸੋਂ ਉਰਦੂ ਅਤੇ ਧਰਮਸ਼ਾਲਾ ਵਿੱਚ ਭਾਈ ਬੇਲਾ ਸਿੰਘ ਪਾਸੋਂ ਗੁਰਮੁਖੀ ਸਿੱਖੀ। ਉੱਥੇ ਹੀ ਮੈਟ੍ਰਿਕ ਅਤੇ ਐਫ.ਏ. ਦੇ ਇਮਤਿਹਾਨ ਪਾਸ ਕਰਨ ਉਪਰੰਤ ਡੀ.ਏ.ਵੀ.ਕਾਲਜ ਲਾਹੌਰ ਵਿੱਚ ਗਰੈਜੂੁਏਸ਼ਨ ਲਈ ਦਾਖਲਾ ਲਿਆ। ਉੱਥੇ ਸਵਾਮੀ ਵਿਵੇਕਾਨੰਦ ਦੇ ਲੈਕਚਰ ਸੁਣ ਕੇ ਉਨ੍ਹਾਂ ਦੇ ਮਨ ਵਿੱਚ ਵੇਦਾਂਤਕ ਫਲਸਫੇ ਨੂੰ ਗਹਿਰਾਈ ਨਾਲ ਖੋਜਣ ਅਤੇ ਜਾਣਨ ਦੀ ਜਗਿਆਸਾ ਪੈਦਾ ਹੋਈ। ਹਾਲੇ ਉਹ ਅੰਡਰਗਰੈਜੂਏਟ ਹੀ ਸਨ ਕਿ ਸੰਨ1900 ਵਿੱਚ ਆਪ ਨੂੰ ‘ਟੋਕੀਓ ਇੰਪੀਰੀਅਲ ਯੂਨੀਵਰਸਿਟੀ’ ਜਾਪਾਨ ਵਿੱਚ ‘ਐਪਲਾਈਡ ਕੈਮਿਸਟਰੀ’ ਸਿੱਖਣ ਲਈ ਭਗਤ ਗੋਕਲ ਚੰਦ ਵੱਲੋਂ ਵਜ਼ੀਫਾ ਦੇ ਕੇ ਭੇਜਿਆ ਗਿਆ। ਉੱਥੇ ਉਨ੍ਹਾਂ ’ਤੇ ਬੁੱਧ ਮਤ ਦਾ ਪ੍ਰਭਾਵ ਪਿਆ। ਓਰੀਐਂਟਲ ਕਲੱਬ ਦੇ ਮੈਂਬਰ ਬਣਨ ਉਪਰੰਤ ਉਹ ਕਦੇ-ਕਦਾਈਂ ਭਾਰਤ ਦੀ ਆਜ਼ਾਦੀ ਲਈ ਵੀ ਲੈਕਚਰ ਦਿੰਦੇ ਪਰ ਸੰਨ 1902 ਵਿੱਚ ਸਵਾਮੀ ਰਾਮ ਤੀਰਥ ਨੂੰ ਵੇਖ ਕੇ  ਉਹ ਅਚੰਭਤ ਰਹਿ ਗਏ। ਸਵਾਮੀ ਜੀ ਨੇ ਆਪ ਨੂੰ ਪੁੱਛਿਆ ਕਿ ਆਪ ਦਾ ਦੇਸ਼ ਕਿਹੜਾ ਹੈ ਤਾਂ ਉਨ੍ਹਾਂ ਉੱਤਰ ਦਿੱਤਾ ਕਿ ਸਾਰੀ ਦੁਨੀਆਂ ਹੀ ਮੇਰਾ ਦੇਸ਼ ਹੈ। ਉਨ੍ਹਾਂ ਦੇ ਪਿਆਰ ਵਿੱਚ ਆਪ ਪੱਕੇ ਸੰਨਿਆਸੀ ਅਤੇ ਪੱਕੇ ਵੇਦਾਂਤੀ ਬਣ ਗਏ। ਸੰਨ 1903 ਦੌਰਾਨ ਹਿੰਦੁਸਤਾਨ ਵਿੱਚ ਕਾਲ ਪੈਣ ’ਤੇ ਆਪ ਨੇ ਮਦਦ ਲਈ ਚੰਦਾ ਇਕੱਠਾ ਕੀਤਾ ਅਤੇ ਅੰਗਰੇਜ਼ੀ ਵਿੱਚ ਆਪਣਾ ਅਖ਼ਬਾਰ ‘ਥੰਡਰਿੰਗ ਡਾਨ’ ਜਾਰੀ ਕਰਕੇ ਵੇਦਾਂਤ ਦਾ ਪ੍ਰਚਾਰ ਸ਼ੁਰੂ ਕੀਤਾ। ਆਪ ਦਾ ਵਿਆਹ 4 ਮਾਰਚ 1904 ਨੂੰ ਰਾਵਲਪਿੰਡੀ ਦੀ ਮਾਇਆ ਦੇਵੀ ਨਾਲ 4 ਮਾਰਚ 1904 ਨੂੰ ਹੋਇਆ ਜਿਸ ਦੀ ਕੁੱਖੋਂ ਬੇਟੀ ਗਾਰਗੀ ਅਤੇ ਪੁੱਤਰ ਮਦਨ ਮੋਹਨ ਸਿੰਘ, ਨਿਰਲੇਪ ਸਿੰਘ ਅਤੇ ਰਾਮਿੰਦਰ ਸਿੰਘ ਦਾ ਜਨਮ ਹੋਇਆ। ਆਪ ਪ੍ਰਸਿੱਧ ਕੈਮਿਸਟ ਸਨ। ਪਹਿਲਾਂ ਲਾਹੌਰ ਵਿੱਚ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ ਦੇ ਪ੍ਰਿੰਸੀਪਲ ਬਣੇ ਅਤੇ ਸੰਨ 1907 ਵਿੱਚ ਫਾਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਵਿੱਚ ਕੈਮੀਕਲ ਐਡਵਾਈਜ਼ਰ ਨਿਯੁਕਤ ਹੋਏ। ਉੱਥੇ ਆਪ ਨੇ ਨਵੇਂ ਤੇਲਾਂ, ਸਾਬਣਾਂ ਤੇ ਦਵਾਈਆਂ ਦੀ ਕਾਢ ਕੱਢੀ। ਇਸ ਤਰ੍ਹਾਂ ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਕਈ ਕਿੱਤੇ ਬਦਲੇ ਅਤੇ ਕਈ ਥਾਂ ਨੌਕਰੀ ਕੀਤੀ ਪਰ ਉਨ੍ਹਾਂ ਦੀ ਤਬੀਅਤ ਦੀ ਰਵਾਨੀ, ਅਲਬੇਲੇਪਨ ਅਤੇ ਸੁਤੰਤਰਤਾ ਦੀ ਭਾਵਨਾ ਕਰ ਕੇ, ਉਨ੍ਹਾਂ ਨੂੰ ਕੋਈ ਵੀ ਕੰਮ ਰਾਸ ਨਾ ਆਇਆ।
ਪ੍ਰੋਫੈਸਰ ਸਾਹਿਬ ਨੂੰ ਸੰਗੀਤ ਦਾ ਵੀ ਬੇਹੱਦ ਸ਼ੌਕ ਸੀ। ਪੰਜਾਬੀ ਕਵਿਤਾ ਵਿੱਚ ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ ਖੁੱਲ੍ਹੇ ਘੁੰਡ, ਖੁੱਲ੍ਹੇ ਮੈਦਾਨ ਅਤੇ ਖੁੱਲ੍ਹੇ ਅਸਮਾਨੀ ਰੰਗ, ਮਿਲਦੇ ਹਨ। ਵਿਸ਼ਾ ਅਤੇ ਰੂਪ ਦੋਵਾਂ ਪੱਖੋਂ ਪ੍ਰੋ. ਸਾਹਿਬ ਨੇ ਸੁਤੰਤਰ ਉਡਾਰੀਆਂ ਲਾਈਆਂ ਹਨ। ਉਨ੍ਹਾਂ ਦੀ ਵਾਰਤਕ ਰਚਨਾ ਦਾ ਇੱਕ ਹੋਰ ਸੁਚੱਜਾ ਨਮੂਨਾ ਉਨ੍ਹਾਂ ਦੁਆਰਾ ਲਿਖੇ ਖੁੱਲ੍ਹੇ ਲੇਖ ਜਾਂ ਨਿਬੰਧ ਹਨ ਜਿਨ੍ਹਾਂ ਵਿੱਚ ਵਿਚਾਰਾਧੀਨ ਵਿਸ਼ੇ ਨਾਲ ਸਬੰਧਤ ਸਾਰੇ ਪੱਖਾਂ ਨੂੰ ਦਲੀਲ ਦੀ ਵਰਤੋਂ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਉਜਾਗਰ ਕੀਤਾ ਗਿਆ ਹੈ। ਪ੍ਰੋ. ਪੂਰਨ ਸਿੰਘ ਸਿਰਫ਼ ਇੱਕ ਕਵੀ ਜਾਂ ਨਿਬੰਧਕਾਰ ਦੇ ਰੂਪ ਵਿੱਚ ਸਾਡੇ ਸਾਹਮਣੇ ਨਹੀਂ ਆਉਂਦੇ ਸਗੋਂ ਉਨ੍ਹਾਂ ਦੀ ਸਾਹਿਤਕ ਦੇਣ ਦਾ ਇੱਕ ਹੋਰ ਮਹੱਤਵਪੂਰਨ ਪੱਖ ਉਨ੍ਹਾਂ ਦੁਆਰਾ ਕੀਤੇ ਅਨੁਵਾਦਾਂ ਰਾਹੀਂ ਵੀ ਸਾਹਮਣੇ ਆਉਂਦਾ ਹੈ।
ਅੰਗਰੇਜ਼ੀ ਵਿੱਚ ਵੀ ਪ੍ਰੋ. ਪੂਰਨ ਸਿੰਘ ਦੀਆਂ ਦਰਜਨਾਂ ਅੰਗਰੇਜ਼ੀ ਦੀਆਂ ਮਹੱਤਵਪੂਰਨ ਰਚਨਾਵਾਂ ਹਨ। ਉਹ ਪਹਿਲੇ ਪੰਜਾਬੀ ਲੇਖਕ ਹਨ ਜਿਨ੍ਹਾਂ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨੂੰ ਅੰਗਰੇਜ਼ੀ ਵਿੱਚ ਪੇਸ਼ ਕੀਤਾ। ਪ੍ਰੋ. ਪੂਰਨ ਸਿੰਘ ਪੰਜਾਬ ਦਾ ਕਵੀ ਹਨ। ਇੱਥੋਂ ਦਾ ਜੀਵਨ, ਦਰਿਆ, ਬੇਲੇ, ਖੂਹ, ਤ੍ਰਿੰਝਣ, ਸ਼ਹਿਰ, ਗਿਰਾਂ ਉਸ ਦੀ ਕਵਿਤਾ ਦਾ ਵਿਸ਼ਾ ਹਨ।
ਪ੍ਰੋ. ਪੂਰਨ ਸਿੰਘ ’ਤੇ ਅਮਰੀਕਾ ਦੇ ਮਸਤ ਕਵੀ ਵਾਲਟ ਵਿਟਮੈਨ, ਸਵਾਮੀ ਰਾਮ ਤੀਰਥ ਅਤੇ ਭਾਈ ਵੀਰ ਸਿੰਘ ਦਾ ਪ੍ਰਭਾਵ ਸੀ। ਆਪ ਨੂੰ 14ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਪ੍ਰਧਾਨ ਹੋਣ ਦਾ ਵੀ ਮਾਣ ਹਾਸਲ ਹੋਇਆ। ਪੰਜਾਬ ਦੇ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਆਪ ਦੇ ਪਰਮ ਮਿੱਤਰ ਸਨ। ਗੁਰੂ ਸਾਹਿਬਾਨਾਂ ਦਾ ਪ੍ਰਭਾਵ ਉਨ੍ਹਾਂ ਦੀ ਰਗ ਰਗ ਵਿੱਚ ਰਮਿਆ ਹੋਇਆ ਸੀ। ਉਹ ਲਿਖਦੇ ਹਨ:
ਪੰਜਾਬ ਨਾ ਹਿੰਦੂ, ਨਾ ਮੁਸਲਮਾਨ।
ਪੰਜਾਬ ਸਾਰਾ ਜੀਂਦਾ, ਗੁਰੂ ਦੇ ਨਾਂ ’ਤੇ।
ਸੰਨ 1930 ਦੇ ਅਖੀਰ ਵਿੱਚ ਪ੍ਰੋ. ਪੂਰਨ ਸਿੰਘ ਨੂੰ ਤਪਦਿਕ ਦੀ ਬੀਮਾਰੀ ਹੋ ਗਈ ਅਤੇ 31 ਮਾਰਚ, 1931 ਦੇ ਦਿਨ, ਦੇਹਰਾਦੂਨ ਵਿਖੇ 50 ਸਾਲ ਦੀ ਉਮਰ ਵਿੱਚ ਆਪ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਆਪ ਦੀ ਕਵਿਤਾ ਸਦੀਆਂ ਤਕ ਪੰਜਾਬੀ ਕਵਿਤਾ ਦੇ ਇਤਿਹਾਸ ਨੂੰ ਸ਼ਿੰਗਾਰਦੀ ਰਹੇਗੀ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਕਲਾ ਪ੍ਰੇਮੀਆਂ ਲਈ ਹਮੇਸ਼ਾ ਪ੍ਰੇਰਨਾ ਦਾ ਸ੍ਰੋਤ ਬਣੀ ਰਹੇਗੀ।
*ਸੰਪਰਕ: 098713-12541

19 Feb 2012

Reply