|
|
ਤੇਜ਼ ਗਤੀ ਦਾ ਇਹ ਨਾਚ ਖ਼ਾਸ ਕਿਸਮ ਦੇ ਸਰੀਰਿਕ ਹਿਲੌਰੇ ਦਾ ਨਾਚ ਸੀ ਪਰੰਤੂ ਪਰ ਇਹ ਹੁਣ ਉਤਨਾ ਪ੍ਰਚਲਿਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਹੀ ਸੀਮਿਤ ਹੋ ਚੁੱਕਾ ਹੈ। 'ਖਲੀ', 'ਹੇਮੜੀ', 'ਡੰਡਾਸ', 'ਅਖਾੜਾ', 'ਗੱਤਕਾ', 'ਪਠਾਣੀਆਂ', 'ਫੁੰਮਣੀਆਂ' ਜਿਹੇ ਲੋਕ-ਨਾਚ ਵੀ ਸੀਮਤ ਖੇਤਰੀ ਲੋਕ-ਨਾਚ ਬਣਦੇ-ਬਣਦੇ ਆਂਪਣੀ ਹੋਂਦ ਇੱਕ-ਇੱਕ, ਦੋ-ਦੋ ਮੁਦਰਾਵਾਂ ਤੱਕ ਸੀਮਿਤ ਕਰਕੇ ਲਗ-ਪਗ ਖ਼ਤਮ ਹੀ ਹੋ ਗਏ ਜਾਪਦੇ ਹਨ। ਇਸੇ ਤਰ੍ਹਾ 'ਭਗਤ ਨਾਚ', 'ਜੰਗਮ ਨਾਚ', 'ਨਾਮਧਾਰੀ ਨਾਚ', 'ਸੁਥਰਾ ਨਾਚ', 'ਮਰਕਤ ਨਾਚ', 'ਗੁੱਗਾ-ਨਾਚ', ਆਦਿ ਲੋਕ-ਨਾਚ ਵੀ ਲਗਪਗ ਲੁਪਤ ਹੋ ਚੁੱਕੇ ਹਨ। ਇਹਨਾਂ ਲੋਕ-ਨਾਚਾਂ ਦੇ ਲੁਪਤ ਹੋ ਜਾਣ ਜਾਂ ਨਾਮ-ਮਾਤਰ ਰਹਿ ਜਾਣ ਦੇ ਫਲਸਰੂਪ ਵਿਸ਼ਾਲ ਪੰਜਾਬੀ ਸੱਭਿਆਚਾਰ ਦੇ ਕਈ ਮੁੱਲ-ਵਿਧਾਨ ਅਤੇ ਇਸ ਦੀ ਕਦਰ-ਪ੍ਰਣਾਲੀ ਸੰਬੰਧੀ ਗਿਆਨ ਵੀ ਪੀੜ੍ਹੀ-ਦਰ-ਪੀੜ੍ਹੀ ਸੀਮਤ ਜਾਂ ਖਤਮ ਹੋ ਗਿਆ ਹੈ।
ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਨੇ ਇੱਥੋਂ ਦੇ ਲੋਕ-ਨਾਚਾਂ ਵਿੱਚ ਵੀ ਕਾਫ਼ੀ ਬਦਲਾਵ ਲੈ ਆਂਦਾ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਸੱਭਿਆਚਾਰਿਕ ਕੇਂਦਰਾਂ.....ਪਿੰਡਾਂ, ਪਿੜਾਂ, ਖੇਤਾਂ, ਬੇਲਿਆਂ ਆਦਿ ਤੋਂ ਸਟੇਜ, ਫ਼ਿਲਮਾਂ ਅਤੇ ਟੈਲੀਵੀਜ਼ਨ ਤੱਕ ਦੇ ਸਫ਼ਰ ਨੂੰ ਤਹਿ ਕਰ ਚੁੱਕੇ ਹਨ। ਇਸ ਪੜਾਅ ਤੇ ਆ ਕੇ ਲੋਕ-ਨਾਚ ਆਪਣੇ ਪ੍ਰਯੋਜਨ, ਨਿਭਾਓ-ਪ੍ਰਸੰਗ ਅਤੇ ਨਚਾਰਾਂ ਦੇ ਪੱਧਰ ਤੇ, ਕਈ ਪ੍ਰਕਾਰ ਦੇ ਬਦਲਾਵ ਗ੍ਰਹਿਣ ਕਰ ਚੁੱਕੇ ਹਨ। ਇਹ ਬਦਲਾਵ ਮੁਦਰਾਵਾਂ ਦੇ ਸੰਚਾਲਨ, ਗਤੀ ਦੀ ਤੀਬਰਤਾ, ਨਵ-ਸਿਰਜਕ ਨਿਜੀ ਗੀਤ-ਮੁੱਖੀ ਬੋਲੀਆਂ, ਸਟੇਜੀ ਜ਼ਰੂਰਤਾਂ, ਪੁਸ਼ਾਕ, ਹਾਰ-ਸ਼ਿੰਗਾਰ, ਸਾਜ਼-ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿਖਲਾਈ ਆਦਿ ਦੇ ਕਈ ਪੱਖਾਂ ਵਿੱਚੋਂ ਪ੍ਰਗਟ ਹੁੰਦੇ ਹਨ। ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਬਦਲਾਵ ਆਪਣੇ ਸੱਭਿਆਚਾਰਿਕ-ਇਤਿਹਾਸਿਕ ਚੌਖਟੇ ਵਿੱਚ ਰੱਖ ਕੇ ਉਸਾਰੂ ਕਰਦ-ਪ੍ਰਣਾਲੀ ਨੂੰ ਗ੍ਰਹਿਣ ਕਰਨ ਹਿੱਤ ਕਰਨਾ ਹੀ ਉਚਿਤ ਹੈ। ਇਹਨਾਂ ਵਿੱਚ ਵਿਦੇਸੀ ਪ੍ਰਭਾਵ ਪ੍ਰਤੀ ਚੇਤੰਨ ਹੋਣਾ ਲਾਜ਼ਮੀ ਹੈ। ਅਜਿਹਾ ਸੰਭਵ ਹੋਣ ਤੇ ਹੀ ਇਹ ਲੋਕ-ਨਾਚ ਸਮੂਹ ਪੰਜਾਬੀਆਂ ਦੇ ਸਰਬ-ਪੱਖੀ ਸੱਭਿਆਚਾਰਿਕ ਵਰਤਾਰੇ ਦਾ ਪ੍ਰਮਾਣਿਕ ਰੂਪ ਉਘਾੜਨ ਦੇ ਸਮਰੱਥ ਹੋਣਗੇ।
|
|
15 Jan 2010
|