|
|
|
|
|
|
Home > Communities > Punjabi Culture n History > Forum > messages |
|
|
|
|
|
|
|
ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਹੋਲੀ ਤੌ ਅਗਲੇ ਦਿਨ, ਚੇਤ ਵਦੀ ਪਹਿਲੀ ਨੂੰ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ਉੱਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ 'ਹੋਲਾ ਮਹੱਲਾ' ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਸ਼ਾਸਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ, ਦੋ ਦਲ ਬਣਾ ਕੇ, ਉਹਨਾਂ ਵਿੱਚ ਮਸਨੂਈ ਲੜਾਈ ਕਰਵਾਉਦੇ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸ਼ਦੇ। ਉਦੋਂ ਤੋ, ਹਰ ਸਾਲ ਅਨੰਦਪੁਰ ਵਿੱਚ, ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ।
ਤਰਨ ਤਾਰਨ ਦੀ ਮੱਸਿਆ ਤਰਨ ਤਾਰਨ ਵਿੱਚ ਉਂਙ ਤਾਂ ਹਰ ਮੱਸਿਆ ਨੂੰ ਮੇਲਾ ਲਗਦਾ ਹੈ ਪਰ ਭਾਦੋ ਦੀ ਮੱਸਿਆ ਨੂੰ ਇੱਕ ਬੜਾ ਭਾਰੀ ਉਤਸਵ ਮਨਾਇਆ ਜਾਂਦਾ ਹੈ। ਲੋਕੀ ਦੂਰੋਂ ਦੂਰੋਂ ਹੁੰਮ-ਹੁੰਮਾ ਕੇ ਇਸ ਮੇਲੇ ਵਿੱਚ ਆਉਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਥਾਨਾਂ ਤੇ ਵੀ ਮੋਰਿੰਡਾ, ਚਮਕੋਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੱਡੇ ਜੋੜ-ਮੇਲੇ ਲਗਦੇ ਹਨ।
ਪੰਜਾਬੀਆਂ ਦੀ ਆਪਣੇ ਮਹਿਬੂਬ ਪਾਤਰਾਂ ਤੇ ਕਵੀਆਂ ਪ੍ਰਤੀ ਵੀ ਸਨੇਹ ਤੇ ਸ਼ਰਧਾ ਹੈ। ਜਗਦੇਉ ਕਲਾਂ ਵਿੱਚ ਹਾਸ਼ਮ ਸ਼ਾਹ ਤੇ ਲੁਧਿਆਣੇ ਵਿੱਚ ਪ੍ਰੋ: ਮੋਹਨ ਸਿੰਘ ਦੀ ਯਾਦ ਵਿੱਚ ਮੇਲੇ ਲਗਦੇ ਹਨ।
|
|
14 Jan 2010
|
|
|
|
ਤਿਉਹਾਰ ਪੰਜਾਬ ਵਿੱਚ ਤਿਉਹਾਰਾਂ ਦਾ ਲੰਮਾ ਕਾਫ਼ਲਾ ਤੁਰਿਆ ਰਹਿੰਦਾ ਹੈ। ਚੰਨ ਦੀਆਂ ਤਿੱਥਾਂ ਨਾਲ ਸੰਬੰਧਿਤ ਪੁਰਬ ਏਕਾਦਸ਼ੀ, ਪੂਰਨਮਾਸ਼ੀ ਤੇ ਮੱਸਿਆ ਆਦਿ ਖੂਹ ਦੀਆਂ ਟਿੰਡਾਂ ਵਾਂਗ ਗੇੜੇ ਪਏ ਰਹਿੰਦੇ ਹਨ। ਫਿਰ ਸੰਗਰਾਂਦ ਹਰ ਮਹੀਨੇ ਨਵੇਂ ਮੂੰਹ ਆਉਦੀ ਹੈ।
ਪੰਜਾਬ ਵਿੱਚ ਨਵਾਂ ਵਰ੍ਹਾਂ ਚੇਤਰ ਦੀ ਏਕਮ ਤੋਂ ਸ਼ੁਰੂ ਹੁੰਦਾ ਹੈ। ਇਸ ਦਿਨ 'ਨਵਾਂ ਸੰਮਤ' ਮਨਾਇਆ ਜਾਂਦਾ ਹੈ। ਇਸ ਰੁੱਤ ਵਿੱਚ ਬਹਾਰ ਭਰ ਜੋਬਨ ਵਿੱਚ ਹੁੰਦੀ ਹੈ। ਸੋ, ਰੁੱਤ ਦਾ ਸਵਾਦ ਮਾਨਣ ਲਈ, ਇਸ ਦਿਨ ਨਵੀਂ ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ। ਇਸ ਰੀਤ ਨੂੰ 'ਅੰਨ ਨਵਾਂ ਕਰਨਾ' ਕਹਿੰਦੇ ਹਨ।
ਚੇਤਰ ਸੁਦੀ ਅੱਠਵੀ ਨੂੰ ਦੇਵੀ ਦੇ ਉਪਾਸ਼ਕ ਕੰਜਕਾਂ ਕਰਦੇ ਹਨ। ਇਸ ਦਿਨ ਕਵਾਰੀਆਂ ਕੁੜੀਆਂ ਨੂੰ ਜਿਨ੍ਹਾਂ ਨੂੰ 'ਕੰਜਕਾਂ' ਕਹਿੰਦੇ ਹਨ, ਦੇਵੀ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਤੇ ਉਹਨਾਂ ਨੂੰ ਕੜਾਹ ਪੂੜੀਆਂ ਤੇ ਕੁਝ ਪੈਸੇ ਪੈਸੇ ਦੱਖਣਾ ਵਜੋਂ ਭੇਟ ਕੀਤੇ ਜਾਂਦੇ ਹਨ। ਇਹ ਵਿਸ਼ਵਾਸ ਹੈ ਕਿ ਕੰਜਕਾਂ ਕਰਨ ਨਾਲ ਮਾਤਾ ਰਾਣੀ ਪ੍ਰਸੰਨ ਰਹਿੰਦੀ ਹੈ ਤੇ ਬੱਚੇ ਨਰੋਏ।
ਚੇਤਰ ਸੁਦੀ ਨੂੰ ਰਾਮ-ਨੋਮੀ ਦਾ ਤਿਉਹਾਰ ਪੈਂਦਾ ਦਾ ਹੈ। ਇਸ ਤਿੱਥ ਨੂੰ ਸ਼੍ਰੀ ਰਾਮ ਚੰਦਰ ਨੇ ਜਨਮ ਲਿਆ ਸੀ। ਰਾਮ ਨੋਮੀ ਨੂੰ ਮੰਦਰਾਂ ਵਿੱਚ ਸ੍ਰੀ ਰਾਮ ਚੰਦਰ ਜੀ ਦੀ ਮਹਿਮਾ ਵਿੱਚ ਭਜਨ ਗਾਏ ਜਾਂਦੇ ਹਨ ਅਤੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ।
ਜੇਠ ਹਾੜ ਦੀਆਂ ਤਪਦੀਆਂ ਲੂਆਂ ਪਿੱਛੋ ਸਾਵਣ ਦੇ ਮੀਹਾਂ ਦਾ ਆਪਣਾ ਸਵਾਦ ਹੈ। ਇਸ ਰੁੱਤ ਦਾ ਰਸ ਤੇ ਸਵਰਗੀ ਝੂਟਾ ਮਾਨਣ ਲਈ, ਦੀ ਤੀਜੀ ਤਿੱਥ ਨੂੰ ਤੀਆਂ ਮਨਾਈਆਂ ਜਾਂਦੀਆਂ ਹਨ। ਹਰ ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣ ਭਰਾ ਦੇ ਨਿਰਮਲ ਪਿਆਰ ਤੇ ਇੱਕ ਦੂਜੇ ਪ੍ਰਤੀ ਮਿੱਠੀਆਂ ਨਿਰਛਲ ਭਾਵਨਾਵਾਂ ਦਾ ਬੋਧਿਕ ਹੈ। ਭੈਣ ਬੜੇ ਚਾਅ ਨਾਲ ਰਾਵਾਂ ਦੀ ਬੀਣੀ ਤੇ ਰੱਖੜੀ ਦਾ ਸੂਤਰ ਬੰਨਦੀਆਂ ਹਨ।
ਭਾਦਰੋ ਦੀ ਮਹੀਨੇ ਗੁੱਗਾ ਨੋਮੀ ਦਾ ਤਿਉਹਾਰ ਆਉਦਾ ਹੈ। ਗੁੱਗੇ ਦੇ ਭਗਤ ਗੁੱਗੇ ਦੀ ਪ੍ਰਸੰਨਤਾ ਲਈ, ਸੱਪਾਂ ਦੀਆਂ ਖੁੱਡਾਂ ਵਿੱਚ ਕੱਚੀ ਲੱਸੀ ਪਾਉਦੇ ਹਨ। ਘਰਾਂ ਵਿੱਚ ਮਿੱਠੀਆਂ ਸੇਵੀਆਂ ਰਿੰਨ੍ਹੀਆਂ ਜਾਂਦੀਆਂ ਹਨ।
|
|
14 Jan 2010
|
|
|
|
ਇਸੇ ਰੁੱਤੇ ਦੁਆਪਰ ਯੁਗ ਵਿੱਚ ਕ੍ਰਿਸ਼ਨ ਜੀ ਨੇ ਅਵਤਾਰ ਧਾਰਨ ਕੀਤਾ ਸੀ। ਇਹਨਾਂ ਦਾ ਪੁਰਬ ਭਾਦਰੋਂ ਦੀ ਕ੍ਰਿਸ਼ਨਾ-ਪੱਖ ਦੀ ਅਠੱਵੀਂ ਨੂੰ 'ਜਨਮ ਅਸ਼ਟਮੀ' ਵਾਲੇ ਦਿਨ ਮਨਾਇਆ ਜਾਂਦਾ ਹੈ।
ਅਸੂ ਦੇ ਮਹੀਨੇ ਅਕਾਸ਼ ਦੀ ਨੀਲੀ ਭਾਹ ਵੇਖਣ ਵਾਲੀ ਹੁੰਦੀ ਹੈ। ਲੋਕਾਂ ਨੂੰ ਤਾਰਿਆਂ ਵਿੱਚ ਆਪਣੇ ਪਿਤਰ ਵਿਖਾਈ ਦਿੰਦੇ ਹਨ। ਇਸ ਮਹੀਨੇ ਹਨੇਰੇ-ਪੱਖ ਦੀਆਂ ਪੰਦਰਾਂ ਤਿਥਾਂ ਨੂੰ ਸਰਾਧ ਕੀਤੇ ਜਾਂਦੇ ਅਥਵਾ ਪਿਤਰਾਂ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਜਾਂਦੀ ਹੈ। ਸਰਾਧ ਇੱਕ ਧਾਰਮਿਕ ਰੀਤ ਹੈ, ਜਿਸ ਦਾ ਮਨੋਰਥ, ਪਿਤਰਾਂ ਨੂੰ ਅਗਲੇ ਲੋਕ ਵਿੱਚ ਭੋਜਨ ਪਹੁੰਚਾਣਾ ਹੈ।
ਸਰਾਧਾਂ ਦੇ ਮੁਕਦਿਆਂ ਹੀ ਨੌਰਾਤੇ ਸ਼ੁਰੂ ਹੋ ਜਾਂਦੇ ਹਨ, ਜੋ ਅੱਸੂ ਮਹੀਨੇ ਦੇ ਚਾਨਣ-ਪੱਖ ਦੀ ਏਕਮ ਤੋਂ ਨੌਵੀਂ ਤਿਥ ਤੱਕ ਰਹਿੰਦੇ ਹਨ। ਇਹਨਾਂ ਤਿਥਾਂ ਵਿੱਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਹ ਮੰਗਲ ਕਾਰਜਾਂ ਲਈ ਬੜੀਆਂ ਸ਼ੁਭ ਮੰਨੀਆਂ ਜਾਂਦੀਆਂ ਹਨ।
ਪਹਿਲੇ ਨੌਰਾਤੇ ਵਾਲੇ ਦਿਨ ਕੁੜੀਆਂ, ਘਰ ਦੀ ਕਿਸੇ ਨੁੱਕਰੇ ਜਾਂ ਕੋਰੇ ਕੁੱਜੇ ਵਿੱਚ ਜੌਂ ਬੀਜਦੀਆਂ ਹਨ, ਜਿਸ ਨੂੰ ਉਹ 'ਖੇਤਰੀ' ਜਾਂ 'ਗੋਰਜਾਂ ਦੀ ਖੇਤੀ' ਆਖਦੀਆਂ ਹਨ। ਦੁਸਹਿਰੇ ਵਾਲੇ ਦਿਨ ਤੱਕ ਇਸ ਖੇਤਰੀ ਵਿੱਚੋਂ ਜੌਂਆਂ ਦੇ ਬੁੰਬਲ ਨਿਕਲ ਆਉਂਦੇ ਹਨ ਤੇ ਕੁੜੀਆਂ ਇਹਨਾਂ ਬੁੰਬਲਾਂ ਨੂੰ ਆਪਣੇ ਅੰਗ-ਸਾਕਾਂ ਦੀਆਂ ਪੱਗਾਂ ਵਿੱਚ ਟੁੰਗਦੀਆਂ ਤੇ ਉਹਨਾਂ ਤੋਂ ਸ਼ਗਨ ਵਜੋਂ ਭੇਟਾ ਲੈਂਦੀਆਂ ਹਨ।
|
|
14 Jan 2010
|
|
|
|
ਨੌਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਨੌਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ, ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ। ਮੂਰਤੀ ਵਿੱਚ, ਕਲਾਤਮਿਕ ਸੁੰਦਰਤਾ ਭਰਨ ਲਈ, ਕਈ ਵਿਧੀਆਂ ਵਰਤੀਆਂ ਜਾਂਦੀਆਂ ਹਨ। ਉਸ ਨੂੰ ਫੁੱਲਾਂ, ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁਬਦਾ ਵਿਖਾਈਆ ਜਾਂਦਾ ਹੈ। ਕਈ ਘਰਾਂ ਵਿੱਚ ਸਾਂਝੀ ਦੇਵੀ ਦੀ ਮੂਰਤੀ ਦੀ ਥਾਂ ਕੇਵਲ ਉਸ ਦਾ ਚਿੱਤਰ ਹੀ ਉਲੀਕਿਆ ਜਾਂਦਾ ਹੈ। ਸਾਂਝੀ ਦੀ ਮੂਰਤੀ ਤੇ ਚਿੱਤਰ ਲੋਕ-ਕਲਾ ਦਾ ਸੋਹਣਾ ਨਮੂਨਾ ਹਨ ਤੇ ਇਸ ਵਿੱਚੋਂ ਲੋਕ-ਪ੍ਰਤਿਭਾ ਪੂਰੇ ਜਲੌ ਵਿੱਚ ਰੂਪਮਾਨ ਹੋਈ ਹੈ। ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ। ਦੁਸਹਿਰੇ ਵਾਲੇ ਦਿਨ, ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।
ਨੌਰਾਤਿਆਂ ਵਿੱਚ ਹੀ ਕਸਬਿਆਂ ਤੇ ਸ਼ਹਿਰਾਂ ਵਿੱਚ, ਪੰਜਾਬ ਦਾ ਸਭ ਤੋਂ ਵੱਡਾ ਲੋਕ-ਨਾਟ ਰਾਮ-ਲੀਲ੍ਹਾ ਖੇਡਿਆ ਜਾਂਦਾ ਹੈ। ਦਸਵੇਂ ਨੌਰਾਤੇ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ।
ਕੱਤਕ ਤੋਂ ਸਰਦੀ ਦੀ ਰੁੱਤ ਸ਼ੁਰੂ ਹੁੰਦੀ ਹੈ। ਇਹ ਰੁੱਤ ਚਾਨਣ ਬੀਜ ਕੇ ਜੰਮੀ ਜਾਪਦੀ ਹੈ। ਇਸ ਰੁੱਤ ਦੀ ਠੰਢ ਵਿੱਚ ਇੱਕ ਨਿੱਘ ਹੈ, ਸਵੇਰ ਵਾਂਗ ਸੱਜਰੀ ਤੇ ਰਾਤ ਵਾਂਗ ਅਲਸਾਈ। ਇਸ ਰੁੱਤ ਵਿੱਚ ਸਭ ਤੋਂ ਵੱਡੇ ਉਸਤਵ ਮਨਾਏ ਜਾਂਦੇ ਹਨ।
ਕੱਤਕ ਦੀ ਪੂਰਨਮਾਸ਼ੀ ਨੂੰ, ਸਾਰੇ ਪੰਜਾਬ ਵਿੱਚ, ਗੁਰੂ ਨਾਨਕ ਦੇਵ ਦਾ ਜਨਮ ਉਤਸਵ, ਬੜੀ ਧੂਮ ਧਾਮ ਨਾਮ ਮਨਾਇਆ ਜਾਂਦਾ ਹੈ।
ਕੱਤਕ ਦੇ ਮਹੀਨੇ ਜੀਵਨ ਦੀ ਕਣੀ ਪ੍ਰਜਵੱਲਿਤ ਹੁੰਦੀ ਹੈ। ਇਸ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ 'ਕਰਵਾ ਚੌਥ' ਦਾ ਪੂਰਬ ਆਉਂਦਾ ਹੈ। ਇਸ ਦਿਨ ਸੁਹਾਗਣ ਇਸਤਰੀਆਂ ਨਿਰਜਲ ਵਰਤ ਰਖ ਕੇ ਆਪਣੇ ਆਪਣੇ ਪਤੀ ਦੀ ਲੰਮੀ ਆਯੂ ਲਈ ਕਾਮਨਾ ਕਰਦੀਆਂ ਤੇ ਅਹੋਈ ਦੇਵੀ ਦੀ ਪੂਜਾ ਕਰਦੀਆਂ ਹਨ।
|
|
14 Jan 2010
|
|
|
|
ਪਰ ਕੱਤਕ ਦਾ ਸਭ ਤੋਂ ਵੱਡਾ ਲੋਕ-ਪੁਰਬ ਦਿਵਾਲੀ ਦਾ ਹੈ, ਜੋ ਮੱਸਿਆ ਨੂੰ ਸਾਰੇ ਭਾਰਤ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ। ਲੋਕੀਂ ਆਪਣੇ ਘਰਾਂ ਨੂੰ ਲਿੰਬ-ਪੋਚ ਕੇ ਸੰਵਾਰ-ਸ਼ਿੰਗਾਰ ਲੈਂਦੇ ਹਨ। ਉਹ ਘਰ ਦੀਆਂ ਦੀਵਾਰਾਂ ਉੱਤੇ ਲੱਛਮੀ ਦੇਵੀ, ਉਸ ਦਾ ਵਾਹਣ ਮੋਰ ਅਤੇ ਫੁੱਲ, ਵੇਲਾਂ ਤੇ ਬੂਟੇ ਉਲੀਕ ਕੇ, ਉਹਨਾਂ ਵਿੱਚ ਰੰਗ ਭਰਦੇ ਹਨ।
ਰਾਤ ਵੇਲੇ, ਘਰਾਂ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਕੋਠਿਆਂ ਦੇ ਬਨੇਰਿਆਂ ਉੱਤੇ, ਦੀਵਿਆਂ ਨੂੰ ਪਾਲਾਂ ਵਿੱਚ ਸਜਾ ਕੇ ਬਾਲਿਆ ਜਾਂਦਾ ਹੈ। ਇਸ ਰਾਤ ਕਈ ਲੋਕ ਲਖਸ਼ਮੀ ਦੇਵੀ ਦੀ ਪੂਜਾ ਕਰਦੇ ਹਨ।
ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਦਾ ਜਲੌ ਵੇਖਣ ਵਾਲਾ ਹੁੰਦਾ ਹੈ। ਅੰਮ੍ਰਿਤਸਰ ਵਿੱਚ ਦਿਵਾਲੀ ਦਾ ਮੁੱਢ ਗੁਰੂ ਹਰਿਗੋਬਿੰਦ ਦੇ ਵੇਲੇ ਬੱਝਿਆ। ਜਦੋਂ ਗੁਰੂ ਹਰਿਗੋਬਿੰਦ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ, ਬੰਦੀ ਤੋਂ ਛੁਡਵਾ ਕੇ ਅੰਮ੍ਰਿਤਸਰ ਪੁੱਜੇ ਤਾਂ ਉਸ ਦਿਨ ਸਬੱਬ ਨਾਲ ਦਿਵਾਲੀ ਸੀ। ਉਹਨਾਂ ਦੇ ਸਵਾਗਤ ਵਿੱਚ ਸਾਰਾ ਸ਼ਹਿਰ ਤੇ ਹਰਿਮੰਦਰ ਜਗਮਗਾ ਉਠਿਆ। ਉਦੋਂ ਤੋਂ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਨੂੰ ਉਚੇਚੀ ਰੋਸ਼ਨੀ ਕੀਤੀ ਜਾਂਦੀ ਹੈ।
ਦਿਵਾਲੀ ਮੌਸਮੀ ਉਤਸਵ ਹੈ-ਅੰਦਰ ਦੀ ਜੀਵਨ ਕਣੀ ਕੁਦਰਤ ਦੀ ਕਣੀ ਨਾਲ ਇਕਸੁਰ ਹੋ ਕੇ ਜਗਣ ਦਾ ਉਤਸਵ ਹੈ, ਕੁਦਰਤ ਦੀ ਜੋਤ ਨਾਲ ਅੰਦਰ ਦੀ ਜੋਤੀ ਨੂੰ ਪ੍ਰਜਵੱਲਿਤ ਕਰਨਾ। ਦੀਵਿਆਂ ਦੀ ਜੋਤ ਤਾਂ ਇਸ ਦਾ ਪ੍ਰਤੀਕ ਹੈ। ਪਰ ਮਿਥਿਹਾਸ ਕਹਿੰਦਾ ਹੈ ਰਾਮ ਚੰਦਰ ਰਾਵਨ ਉੱਤੇ ਵਿਜੈ ਪ੍ਰਾਪਤ ਕਰਨ ਪਿੱਛੋਂ ਸੀਤਾ ਨੂੰ ਨਾਲ ਲੈ ਕੇ ਜਦੋਂ ਅਜੁਧਿਆ ਪਹੁੰਚੇ ਤਾਂ ਉਹਨਾਂ ਦੇ ਸਵਾਗਤ ਵਿੱਚ ਸਾਰਾ ਸ਼ਹਿਰ ਜਗਮਗਾ ਉਠਿਆ।
|
|
14 Jan 2010
|
|
|
|
|
ਪੋਹ ਦੇ ਮਹੀਨੇ ਦੇ ਅਖ਼ੀਰਲੇ ਦਿਨ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਦੇ ਪੁਰਬ ਤੋਂ ਕੁਝ ਦਿਨ ਪਹਿਲਾਂ, ਛੋਟੇ ਛੋਟੇ ਬੱਚੇ, ਟੋਲੀਆਂ ਬਣਾ ਕੇ, ਸੁਰੀਲੀ ਲੈਅ ਵਿੱਚ ਗੀਤ ਅਲਾਪਦੇ ਹੋਏ ਲੋਹੜੀ ਲਈ ਲੱਕੜਾਂ, ਗੋਹੇ ਤੇ ਢਿੰਗਰ ਆਦਿ ਇਕੱਠਾ ਕਰਦੇ ਹਨ। ਕਿਸੇ ਕਿਸੇ ਗੀਤ ਵਿੱਚ ਤਾਂ ਇਤਿਹਾਸ ਦਾ ਕੋਈ ਅੰਸ਼ ਵੀ ਉਸਲਵੱਟੇ ਲੈ ਰਿਹਾ ਹੈ। 'ਸੁੰਦਰ ਮੁੰਦਰੀਏ' ਗੀਤ ਵਿੱਚ ਦੁੱਲ੍ਹੇ ਭੱਟੀ ਦੇ ਜੀਵਨ ਦੀ ਇੱਕ ਘਟਨਾ ਵਲ ਸੰਕੇਤ ਹੈ।
ਲੋਹੜੀ ਵਾਲੀ ਰਾਤ ਉਂਞ ਤਾਂ ਹਰ ਗਲੀ-ਮਹੱਲੇ ਵਿੱਚ ਹੀ ਲੋਹੜੀ ਬਾਲੀ ਜਾਂਦੀ ਹੈ, ਪਰ ਜਿਸ ਘਰ ਪੁੱਤਰ ਜੰਮਿਆ ਹੋਵੇ ਜਾਂ ਨਵਾਂ ਨਵਾਂ ਵਿਆਹ ਹੋਇਆ ਹੋਵੇ, ਉਹ, ਲੋਹੜੀ ਨੂੰ ਉਚੇਚੇ ਸ਼ਗਨਾਂ ਨਾਲ ਮਨਾਉਂਦੇ ਹਨ ਅਤੇ ਗਲੀ ਮਹੱਲੇ ਵਿੱਚ ਗੁੜ ਤੇ ਚਿੜਵੇ-ਰਿਓੜੀਆਂ ਵੰਡਦੇ ਹਨ।
ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ, ਜਿਸ ਨੂੰ 'ਮਕਰ ਸੰਕ੍ਰਾਂਤੀ' ਵੀ ਕਿਹਾ ਜਾਂਦਾ ਹੈ। ਮੁਕਤਸਰ ਦਾ ਪ੍ਰਸਿਧ ਮੇਲਾ ਮਾਘੀ ਨੂੰ ਹੀ ਲਗਦਾ ਹੈ। ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਪੁਰਬ ਆਉਂਦਾ ਹੈ।
ਇਸ ਤਰ੍ਹਾਂ ਪੰਜਾਬ ਵਿੱਚ ਮੇਲਿਆਂ ਅਤੇ ਤਿਉਹਾਰਾਂ ਦਾ ਕਾਫ਼ਲਾ ਨਿਰੰਤਰ ਤੁਰਦਾ ਰਹਿੰਦਾ ਹੈ।
|
|
14 Jan 2010
|
|
|
|
|
|
|
|
|
|
|
|
|
|
|
|