|
|
| ਰੱਜ |
ਮੇਰਾ ਬੜਾ ਜੀਅ ਕਰਦਾ ਬੇਫਿਕਰੇ ਰੱਬ ਦੀਆਂ ਭਾਜੜਾਂ ਪਵਾਵਾਂ, ...ਤੰਗ ਕਰਾਂ, ਰੇਤੇ ਦੀ ਉਂਝਲ ਭਰ ਭਰ ਉਸ ਉੱਤੇ ਸੁੱਟਾਂ, ਉਸਦੇ ਘੋੜੇ ਦੇ ਗਜ਼ਾਂ ਵਿੱਚ ਡੰਡਾ ਫਸਾ ਉਸਨੂੰ ਇਕੋ ਥਾਂ ਜਾਮ ਕਰ ਦੇਆਂ, ਤੇ ਉਹ ਆਪਣੇ ਕੱਪੜੇ ਭੂੰਜਦਾ ਗਾਲਾਂ ਕੱਢਦਾ ਮੇਰੇ ਪਿੱਛੇ ਭੱਜੇ,
ਬੜਾ ਚਿਤ ਕਰਦਾ, ਉਸਦੇ ਸਾਰੇ ਪਹਾੜਾਂ ਦੀਆਂ ਚੋਟੀਆਂ ਨੂੰ ਕੁੱਕੜੀਆਂ ਦੇ ਵਾਲਾਂ ਵਾਂਗੂ ਮੁੰਨ ਦਿਆਂ, ਉਸਦੇ ਦਰਿਆਵਾਂ ਦੇ ਨੱਕੇ ਤੋੜ ਦੇਵਾਂ, ਸਾਰੀ ਹਰਿਆਲੀ ਉੱਤੇ ਪੱਕੇ ਰੰਗਾਂ ਦੀਆਂ ਪਿਚਕਾਰੀਆਂ ਪਾ ਦੇਵਾਂ, ਸਮੁੰਦਰ ਦੇ ਬੱਠਲ ਨੂੰ ਥਲਾਂ ਦੀ ਬਰੇਤੀ ਉੱਤੇ ਮੂਧਾ ਮਾਰ ਦੇਵਾਂ, ਤੇ ਉੁਹ ਗਾਰੇ ਵਿੱਚ ਨੰਗੇ ਪੈਰਾਂ ਨਾਲ ਗੁੜਚ-ਗੁੜਚ ਕਰਦਾ ਮੇਰੇ ਪਿੱਛੇ ਭੱਜੇ,
ਭੱਜਦਿਆਂ ਭੱਜਦਿਆਂ ਉਹ ਥੱਕ ਜਾਵੇ, ਤੇ ਕਿਸੇ ਖੂਹ ਤੇ ਪਾਣੀ ਪੀਣ ਲਈ ਰੁਕੇ, ਪਿਛੋਂ ਮੈਂ ਉਸਦੀ ਧਰਤੀ ਨੂੰ ਖੁਦੋ ਬਣਾ ਫੁੱਟਵਾਲ ਖੇਡਣ ਲੱਗ ਜਾਵਾਂ, ਉਹ ਖਿਝਿਆ ਤਲਖ ਬੋਲ ਬੋਲਦਾ ਭਰੇ ਗਲਾਸ ਨੂੰ ਜਮੀਨ ਤੇ ਪਟਕਾਅ ਫਿਰ ਮੇਰੇ ਪਿੱਛੇ ਭੱਜੇ, ਉਸਦੇ ਸੂਰਜ ਨੂੰ ਫਰੰਗੀ ਕਹਿ ਕੇ ਅੱਖਰਾਂ ਦੇ ਬੁੱਲੇ ਨਾਲ ਉਸਦੀ ਬੱਤੀ ਬੁਝਾ ਦੇਆਂ, ਤੇ ਅੰਧੇਰੇ ਦੇ ਕਿਸੇ ਕੋਨੇ ਵਿੱਚੋਂ ਉਸਨੂੰ ਅਵਾਜ਼ ਦੇਵਾਂ, ਉਹ ਮੇਰੇ ਨਾਲ ਕੰਚ ਦੀਆਂ ਗੋਲੀਆਂ ਖੇਡਣ ਦਾ ਸਮਝੌਤਾ ਕਰੇ, ਤੇ
ਮੈਥੋਂ ਘੁੱਤੀ ਪੌਣੇ ਖੇਡ ਵਿੱਚ ਆਪਣੇ ਸਾਰੇ ਚੰਦ ਤਾਰੇ ਹਾਰ ਜਾਵੇ,
ਫਿਰ ਘਰ ਦੇ ਬੂਹੇ ਲਾਂਭਾ ਦੇਣ ਆਵੇ, ਤੇ ਮੈਂ ਅੱਖ ਦੇ ਫਰਨੇ ਵਿੱਚ ਸਾਰੇ ਚੰਦ ਤਾਰੇ ਗੋਲੀਆਂ ਦੇ ਕੁੱਝੇ ਵਿੱਚ ਰਲਾ ਦੇਵਾਂ, ਉਹ ਪੱਬਾਂ ਭਾਰ ਬੈਠਾ, ਕਾਹਲੀ ਕਰਦਾ ਭਰਿਆ ਕੁੱਝਾ ਡੋਲ ਦੇਵੇ,
ਮੇਰੇ ਰੱਜ ਦੀ ਅਖੀਰ ਹੋਵੇ ਤੇ ਮੈਂ ਉਸਦੇ ਘਨੇੜੇ ਚੜ ਲੋਕਾਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਸਾਰੇ ਚੰਦ ਤਾਰੇ ਉਸੇ ਜਗਾ ਚਿਣ ਦੇਵਾਂ, ਤੇ ਝਲਾਣੀ ਵਿੱਚ ਜੱਗਦੇ ਦੀਵੇ ਤੋਂ ਲੋਅ ਲੈ ਕੇ ਸੂਰਜ ਨੂੰ ਜਗਦਾ ਕਰ ਆਵਾਂ;
ਹਰਪ੍ਰੀਤ ਸਿੰਘ
|
|
01 Nov 2012
|