Punjabi Music
 View Forum
 Create New Topic
 Search in Forums
  Home > Communities > Punjabi Music > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰੁਦਨ, ਰਾਵੀ ਦਿਆਂ ਪੱਤਣਾਂ ਦਾ…

ਬਾਹੀਂ, ਹਾਥੀ ਦੰਦ ਦੀਆਂ ਚੂੜੀਆਂ, ਨੱਕ ਦੇ ਸੱਜੇ ਪਾਸੇ ਟਾਪਸ ਵਰਗਾ ਹੀਰਿਆਂ ਦਾ ਚਮਕਦਾ ਕੋਕਾ, ਸਿਰ ’ਤੇ ਦੋਸ਼ੜੀਆ-ਹੇਠਾਂ ‘ਗੰਢੇ ਦੀ ਛਿੱਲ ਵਰਗਾ’ ਦੁਪੱਟਾ ਅਤੇ ਉੱਪਰ ਚਿਕਨ ਦਾ ਚਾਦਰਾ-ਪੈਰੀਂ ਸੁਨਹਿਰੀ ਤਿੱਲੇ ਵਾਲੀ ਜਰਕਵੀਂ ਜੁੱਤੀ, ਰੇਸ਼ਮਾ ਪਾਕਿਸਤਾਨ ਦੂਰਦਰਸ਼ਨ ’ਤੇ ਇੰਟਰਵਿਊ ਦੇ ਰਹੀ ਇੰਜ ਲੱਗਦੀ ਸੀ ਜਿਵੇਂ ਕੋਈ ਤਣੀਆਂ ਵਾਲੇ ਸੂਤ ਦੇ ਪੀਹੜੇ ’ਤੇ ਬੈਠੀ ਗਲੋਟੇ ਅਟੇਰ ਰਹੀ ਹੋਵੇ ਅਤੇ ਆਪਣੀ ਸਹੇਲੀ ਨਾਲ ਟੱਬਰ ਟੀਹਰ ਦੇ ਦੁੱਖ-ਸੁੱਖ ਵੀ ਸਾਂਝੇ ਕਰ ਰਹੀ ਹੋਵੇ ਅਤੇ ਉਹ ਵੀ ਅਤਿ ਸਹਿਜ ਸੁਭਾਅ ਹਰੇਕ ਪੁੱਛੇ ਸਵਾਲ ਦਾ ਬਿਨਾਂ ਕਿਸੇ ਉਚੇਚ ਜੁਆਬ ਦੇ ਰਹੀ ਸੀ। ਕੁਝ ਉਦਾਹਰਣਾਂ ਇਸ ਸੱਚ ਦੀ ਤੱਥਾਤਮਕ ਗਵਾਹੀ ਲਈ:
ਪ੍ਰਸ਼ਨਕਾਰ:ਰੇਸ਼ਮਾ ਜੀ, ਤੁਹਾਨੂੰ ਕਿਹੋ ਜਿਹੇ ਗੀਤ ਜ਼ਿਆਦਾ ਪਸੰਦ ਨੇ?
ਰੇਸ਼ਮਾ: ਓਹੀਓ ਜਿਹੜੇ ਦੁੱਖਾਂ-ਦਰਦਾਂ ਬਾਰੇ ਹੋਣ, ਮੈਂ ਗਾਉਂਦੀ ਵੀ ਉਨ੍ਹਾਂ ਨੂੰ ਚਾਅ ਨਾਲ ਅਤੇ ਡੁੱਬ ਕੇ ਹਾਂ।
ਪ੍ਰਸ਼ਨਕਾਰ: ਕੋਈ ਰਸਮੀ ਸਿੱਖਿਆ?
ਰੇਸ਼ਮਾ: ਬਸ ‘ਓਸ’ ਦਾ ਨਾਂ ਲੈਨੀ ਵਾਂ ਅਤੇ ਸ਼ੁਰੂ। ਮੈਨੂੰ ਤੇ ਇਸ ਖੇਤਰ ਵਿੱਚ ਲਿਆਉਣ ਵਾਲਾ ਵੀ ਓਹੀਓ ਅੱਲ੍ਹਾ ਤਾਲਾਹ, ਮੇਰੇ ਕੰਧੀ ਦਸਤ ਧਰਨ ਵਾਲਾ ਵੀ ਓਹੀਓ। ਇਹ ਬਖ਼ਸ਼ਿਸ਼ ਏ, ਸਿੱਖਿਆ ਦੀ ਕੀ ਲੋੜ?
ਪ੍ਰਸ਼ਨਕਾਰ: ਕੋਈ ਕਰਜ਼ਵੰਦ ਅਹਿਸਾਸ ਜੋ ਹਰ ਵੇਲੇ ਨਾਲ ਰਹਿੰਦਾ ਹੋਵੇ?
ਰੇਸ਼ਮਾ: ਉਸ ਦਾ ਜੀਹਨੇ ਬੇਘਰੀ, ਬੇ-ਆਸਰਾ, ਅਨਪੜ੍ਹ ਨੂੰ ਪੱਕੇ ਘਰੀਂ ਬੈਠਣ ਜੋਗੀ ਕਰ ਦਿੱਤਾ। ‘‘ਕਿੱਥੇ ਮੈਂ ਕਮਲੀ ਕਿੱਥੇ ਸ਼ਾਨ ਤੇਰੀ, ਮੈਂ ਕੀ ਸਾਂ ਕੀ ਬਣਾ ਲਿਆ ਵੇ’’ (ਉਹ ਗੁਆਚ ਜਾਂਦੀ ਹੈ ਤੇ ਭਰੇ ਗਲੇ ਨਾਲ ਗੁਣਗੁਣਾਉਣ ਲੱਗਦੀ ਹੈ)।
ਇਹ ਉਹੀ ਰੇਸ਼ਮਾ ਹੈ ਜਿਸ ਨੇ 1974 ਦੇ ਨੇੜੇ-ਤੇੜੇ ਆਪਣੇ ‘ਰੇਸ਼ਮਾ’ ਨਾਮੀਂ ਐਲ.ਪੀ. ਨਾਲ ਰਾਵੀ ਦਿਆਂ ਪੱਤਣਾਂ ਨੂੰ, ਮੋਹਨ ਸਿੰਘ ਤੋਂ ਉਧਾਰੇ ਲਏ ਬੋਲਾਂ ਵਿੱਚ, ਅੱਗ ਜਿਹੀ ਲਾ ਦਿੱਤੀ ਸੀ ਅਤੇ ਉਹ ਸੋਨੇ ਦੇ ਭਾਅ ਵੀ ਲੱਭਿਆ ਨਹੀਂ ਸੀ ਮਿਲਿਆ। ਯੂਨੀਵਰਸਿਟੀ ਦਿਆਂ ਕਾਫ਼ੀ ਹਾਊੁਸਾਂ ਵਿੱਚ ਬੈਠੇ ਵਿਦਵਾਨ ਉਸ ਦੀ ਹਨੇਰੀ ਵਰਗੀ ਚੜ੍ਹਤ ਬਾਰੇ ਗੱਲ ਕਰਨਾ ਮਾਣ ਸਮਝਦੇ ਸਨ ਅਤੇ ਹੋਸਟਲਾਂ ’ਚ ਰਹਿੰਦੇ ਵਿਦਿਆਰਥੀ ਕਾਰੀਡੋਰ ਦੇ ਜੰਗਲੇ ਫੜ ਕੇ ‘‘ਹਾਇ ਉਏ ਰੱਬਾ, ਨਹੀਓਂ ਲੱਗਦਾ ਦਿਲ ਮੇਰਾ’’ ਗਾ ਕੇ ਕੁਝ ਕਥਾਰਸਸ ਕਰਦੇ ਸਨ ਕਿਉਂਕਿ ਉਸ ਉਮਰੇ ਦਿਲ ਲੱਗਣਾ ਜੁਆਨੀ ਦੀ ਹੇਠੀ ਹੈ।
ਸਰੋਤਿਆਂ ਨੇ ਤਾਂ ਕੀ ਖ਼ੁਦ ਰੇਸ਼ਮਾ ਨੇ ਵੀ ਕਦੇ ਸੁਪਨਿਆਂ ਵਿੱਚ ਕਿਆਸਿਆ ਨਹੀਂ ਹੋਵੇਗਾ ਕਿ ਉਹ ਗਾਇਕਾ ਬਣ ਐਨੀ ਸ਼ੋਹਰਤ ਖੱਟੇਗੀ: ਉਸ ਦਾ ਜ਼ਿਕਰ ਪਾਕਿਸਤਾਨੀ ਹੀ ਨਹੀਂ ਸਗੋਂ ਸਮੁੱਚੀ ਪੰਜਾਬੀ ਗਾਇਕੀ ਵਿੱਚ ਇਸ ਬੁਲੰਦੀ ’ਤੇ ਪਹੁੰਚੇਗਾ। ਯਕੀਨਨ, ਉਹ ਕਿਸੇ ਤਦਬੀਰ ਰਾਹੀਂ ਨਹੀਂ, ਸਗੋਂ ਤਕਦੀਰ ਰਾਹੀਂ ਅਜੋਕੇ ਰਸ਼ਕ-ਯੋਗ ਮੁਕਾਮ ’ਤੇ ਪਹੁੰਚੀ ਹੈ। ਫ਼ਰਸ਼ ਤੋਂ ਅਰਸ਼ ਤਕ ਦਾ ਇਹ ਸਫ਼ਰ ਉਸ ਨੇ ਇੰਜ ਤੈਅ ਕੀਤਾ ਅਤੇ ਉਹ ਵੀ ਨਾਟਕੀ ਢੰਗ ਨਾਲ, ਜਿਵੇਂ ਕੋਈ ਗੈਬੀ ਸ਼ਕਤੀ ਕਿਸੇ ਨਿਮਾਣੇ ਅਤੇ ਨਿਤਾਣੇ ਨੂੰ ਅਚਨਚੇਤ ਬਾਹੋਂ ਫੜ ਕੇ ਤਾਜ ਪਹਿਨਾ ਦੇਵੇ, ਬਿਨਾਂ ਕਿਸੇ ਅਹਿਸਾਨ ਜਾਂ ਇਵਜ਼ਾਨੇ ਦੇ।
ਹੋਇਆ ਇੰਝ ਕਿ ਰੇਸ਼ਮਾ ਆਪਣੇ ਕਬੀਲੇ ਦਿਆਂ ਸਾਥੀ-ਸਾਥਣਾਂ ਸੰਗ ਇੱਕ ਤੋਂ ਦੂਜੀ ਥਾਂ ਭਟਕਦੀ ਫਿਰਦੀ ਸੀ। ਵਿਸ਼ਵਾਸ ਹੈ ਕਿ ਇਹ ‘ਗੱਡੀਆਂ ਵਾਲੇ’ ਕੁੱਲ ਉਮਰਾਂ ਆਪਣੀ ਛੱਤ ਨਹੀਂ ਬਣਾਉਂਦੇ। ਟੱਪਰੀਵਾਸਾਂ ਵਾਂਗ ‘ਪਿਛਲੇ ਪਹਿਰ ਮੁਕਾਮ ਜਿਨ੍ਹਾਂ ਦੇ ਪਹਿਲੇ ਪਹਿਰ ਤਿਆਰੀ’ ਵਾਲਾ ਜੀਵਨ ਜਿਊਂਦੇ ਹਨ। ਕਾਰਨ, ਇਹ ਖ਼ੁਦ ਜਾਂ ਰੱਬ ਹੀ ਜਾਣਦਾ ਹੈ। ਇਨਸਾਨੀ ਫ਼ਿਤਰਤ ਹੈ ਕਿ ਕੁਝ ਨਾ ਹੁੰਦੇ-ਸੁੰਦੇ ਵੀ ਈਸ਼ਵਰ ਨਾਲ ਗੁੱਸਾ ਗਿਲਾ ਤਾਂ ਕੀ ਕਰਨਾ ਹੈ, ਪੀਰਾਂ-ਫ਼ਕੀਰਾਂ ਦੇ ਮਜ਼ਾਰਾਂ ’ਤੇ ਜਾ ਕੇ ਆਪਣੀ ਅਕੀਦਤ ਦੇ ਨਜ਼ਰਾਨੇ ਪੇਸ਼ ਕਰਦੇ ਹਨ। ਅਜਿਹੇ ਹੀ ਇੱਕ ਖ਼ੁਸ਼ਕਿਸਮਤ ਵੇਲੇ ਰੇਸ਼ਮਾ ਅਲੀ ਸ਼ਾਹਬਾਜ਼  ਕਲੰਦਰ ਦੀ ਪਾਕ ਦਰਗਾਹ ’ਤੇ ਇਹ ਦਿਲ-ਚੀਰਵਾਂ ਗਾ ਰਹੀ ਸੀ:
‘‘ਮਾਵਾਂ ਨੂੰ ਪੀਰਾ ਬਚੜੇ ਦੇਨੈਂ,
ਭੈਣਾਂ ਨੂੰ ਦੇਨੈਂ ਵੀਰ ਭਲਾ
ਝੁੱਲੇ ਲਾਲਣ, ਸਿੰਧੜੀ ਦਾ, ਅਲੀ ਸ਼ਾਹਬਾਜ਼ ਕਲੰਦਰ
ਲਾਜ ਮੇਰੀ ਪੱਤ ਰੱਖੀਓ ਭਲਾ…
ਕਈ ਵਾਰ ਦੁਆਵਾਂ ਅਤੇ ਮੰਨਤਾਂ ਪੂਰੀਆਂ ਵੀ ਹੋ ਜਾਂਦੀਆਂ ਹਨ,ਰੇਸ਼ਮਾ ਦੀ ਵੀ ਹੋਈ। ਇੱਕ ਫਰਿਸ਼ਤੇ ਦੇ ਰੂਪ ਵਿੱਚ ਉÎੱਥੋਂ ਦੀ ਲੰਘਿਆ ਜਾ ਰਿਹਾ ਸੀ ਪਾਕਿਸਤਾਨ ਰੇਡੀਓ ਦਾ ਨਿਰਮਾਤਾ ਸਲੀਮ ਗਿਲਾਨੀ ਜਿਸ ਦੇ ਕੰਨੀ ਰੇਸ਼ਮਾ ਦੀ ਆਵਾਜ਼ ਇੰਜ ਪਈ ਜਿਵੇਂ ਕਦੇ ਵਰਡਜ਼ਵਰਥ ਦੇ ਕੰਨੀਂ ‘ਸੌਲੀਟਰੀ ਰੀਪਰ’ ਦੀ ਪਈ ਸੀ। ਉਹ ਕੁਝ ਛਿਣਾਂ ਲਈ ਕੀਲਿਆ ਗਿਆ, ਰੁਕ ਗਿਆ। ਰੇਸ਼ਮਾ ਲਈ ਹੋਇਆ ਰੇਡੀਓ ’ਤੇ ਰਸਮੀ  ਆਵਾਜ਼ ਟੈਸਟ। ਉਸ ਦਿਨ ਤੋਂ ਬਾਅਦ ਇਹ ਨਿਰਾ ਇਤਿਹਾਸ ਹੈ-ਉਸ ਨੇ ਪਿੱਛੇ  ਮੁੜ ਕੇ ਨਹੀਂ ਵੇਖਿਆ। ਛੇਤੀ ਹੀ ਰੇਸ਼ਮਾ ਦੇ ਗੀਤਾਂ ਦਾ ਇੱਕ ਐਲ.ਪੀ. ਉਸ ਦੇ ਨਾਂ ਦੇ ਹੀ ਸਿਰਲੇਖ ਹੇਠ ਰਿਲੀਜ਼ ਹੋਇਆ-ਰੇਸ਼ਮਾ ਰਾਤੋ-ਰਾਤ ਸਟਾਰ  ਬਣ ਗਈ ਸੀ। ਉਸ ਐਲ.ਪੀ. ਵਿੱਚ ਜ਼ਿਆਦਾ ਗੀਤ ਜਿਸ ਦੇ ਰਚੇ ਹੋਏ ਸਨ, ਉਸ ਦੀ ਵੀ ਆਪਣੀ ਹੀ ਕਹਾਣੀ ਹੈ। ਜਿਹੋ ਜਿਹਾ ਗਾਇਕ: ਓਹੋ ਜਿਹਾ ਗੀਤਕਾਰ।
ਉਹ ਸੀ ਮੰਨਜ਼ੂਰ ‘ਝੱਲਾ’। ਸਭ ਕਾਸੇ ਤੋਂ ਬੇਨਿਆਜ਼, ਰੱਬ ਦਾ ਬੰਦਾ, ਗਲੀਆਂ ਦੇ ਵਿੱਚ ਫਿਰਨ ਵਾਲਾ ਨਿਮਾਣਾ! ਥੱਕ ਟੁੱਟ ਕੇ ਕਿਸੇ ਬਿਰਖ ਦੀ ਛਾਵੇਂ ਜਾ ਬੈਠਦਾ, ਵਿਯੋਗੀ ਅਤੇ ਓਦਰੇ ਦਿਲ ਨਾਲ ਸੰਵਾਦ ਰਚਾਉਂਦਾ, ਉਹ ਗੀਤ ਬਣ ਜਾਂਦੇ। ਆਖਰ ‘ਪਿਆਰ ਵਿੱਚ ਮੋਏ ਬੰਦਿਆਂ ਦੇ ਮੁੱਖੋਂ ਨਿਕਲੇ ਬੋਲ ਹੀ ਕਵਿਤਾ ਹੁੰਦੇ ਹਨ’ ਕਿਉਂਕਿ ਮੰਨਜ਼ੂਰ ਵੀ ਤਾਂ ਅਲਬੇਲੇ ਅਤੇ ਅਨੋਖੇ ਕਵੀ ਪੂਰਨ ਸਿੰਘ ਦੇ ਕਬੀਲੇ ਨਾਲ ਹੀ ਸਬੰਧਤ ਹੈ। ਉਹ ਨਾ ਕਿਸੇ ਨੂੰ ਸੁਣਾਉਂਦਾ-ਛਪਵਾਉਣ ਦੀ ਤਾਂ ਗੱਲ ਹੀ ਬਹੁਤ ਦੂਰ ਦੀ ਹੈ। ਰੇਸ਼ਮਾ ਵਰਗੀ ਫ਼ਕੀਰਨ ਗਾਇਕਾ ਲਈ ਹੀ ਸ਼ਾਇਦ ਇਹ ਗੀਤ ਰਚੇ ਗਏ ਸਨ। ਇਨ੍ਹਾਂ ਨੂੰ ਸੰਗੀਤ ਵਿੱਚ ਸੰਵਾਰਿਆ ਫ਼ਕੀਰਾਨਾ ਨੱਥੂ ਰਾਮ ਨੇ। ਕੁਝ ਕੁ ਦਾ ਸੰਖੇਪ ਵਿਸ਼ਲੇਸ਼ਣ ਪ੍ਰਸੰਗਕ ਹੋਵੇਗਾ:
ਫੈਜ਼ ਅਹਿਮਦ ਫੈਜ਼ ਆਪਣੀਆਂ ਨਜ਼ਮਾਂ ਨੂੰ ਇੰਜ ਪੜ੍ਹਦਾ ਸੀ ਜਿਵੇਂ ਆਰਾਮ ਸਹਿਤ ਗੱਲਾਂ ਕਰ ਰਿਹਾ ਹੋਵੇ ਅਤੇ ਅਸ਼ੋਕ ਕੁਮਾਰ (ਮਸ਼ਹੂਰ ਹਿੰਦੀ ਫ਼ਿਲਮੀ ਅਦਾਕਾਰ) ਆਪਣਾ ਰੋਲ ਇਸ ਤਰ੍ਹਾਂ ਨਿਭਾਉਂਦਾ ਸੀ ਜਿਵੇਂ ਜਾਵੇਦ ਅਖ਼ਤਰ ਅਨੁਸਾਰ, ‘‘ਕੋਈ ਐਕਟਿੰਗ ਜੈਸੀ ਸ਼ੈਅ ਹੋ ਹੀ ਨਾ ਰਹੀ ਹੋ।’’ ਰੇਸ਼ਮਾ ਵੀ ਕਈ ਵਾਰ ਇੰਜ ਗਾਉਂਦੀ ਸੀ ਜਿਵੇਂ ਕੋਈ ਰਕਾਨ ਆਪਣੇ ‘ਓਸ’ ਨੂੰ ਸ਼ੱਕਰ ਘਿਓ ਨਾਲ ਰੋਟੀ ਖਵਾ ਰਹੀ ਹੋਵੇ। ਓਟੇ ਓਹਲੇ ਬੈਠੀ, ਨਾਲ-ਨਾਲ ਅਰਜ਼ੋਈ-ਨੁਮਾਂ ਦੁੱਖ-ਸੁੱਖ ਅਤੇ ਆਪਣੀ ਮੁਹੱਬਤ ਦਾ ਇਜ਼ਹਾਰ ਵੀ ਕਰ ਰਹੀ ਹੋਵੇ। ਅਜਿਹੀ ਗਾਇਕੀ ਸੁਣਨ ਵੇਲੇ ਸਰੋਤਾ ਭਾਗੀਦਾਰ ਬਣਨੋਂ ਨਹੀਂ ਰਹਿ ਸਕਦਾ:
‘‘ਸਾਨੂੰ ਭੁੱਲ ਜਾਈਂ
ਸਾਡਾ ਪਿਆਰ ਨਾ ਭੁਲਾਈਂ ਵੇ,
ਅੱਗੇ ਦੁਖੀ ਜਾਨ ਮੇਰੀ
ਹੋਰ ਨਾ ਸਤਾਈਂ ਵੇ।’’

ਕੁਝ ਭਾਵਨਾਵਾਂ ਆਪਣੇ ਆਪ ’ਚ ਹੀ ਕਵਿਤਾ ਹੁੰਦੀਆਂ ਹਨ: ਕੁਝ ਹੂਕਾਂ ਧੁਰ ਅੰਦਰੋਂ ਗੀਤ ਦਾ ਰੂਪ ਧਾਰ ਕੇ ਨਿਕਲਦੀਆਂ ਹਨ ਜਿਵੇਂ ਕਿ ਇਸ ਲਾਇਲਾਜ ਮਰਜ਼ ਦੇ ਇਲਾਜ ਦੀ ਤਾਂਘ:
‘‘ਦੱਸੋ ਨੀਂ ’ਲਾਜ ਕੋਈ ਟੁੱਟੇ ਹੋਏ ਦਿਲ ਦਾ,
ਕਰੋ ਨੀਂ ਬਹਾਨਾ ਦਿਲਬਰ ਨਹੀਓਂ ਮਿਲਦਾ
ਚਾਰ ਚੁਫੇਰੇ ਹੋਇਆ ਹਨੇਰਾ
ਹਾਇ ਓਏ ਰੱਬਾ ਨਹੀਓਂ ਲੱਗਦਾ ਦਿਲ ਮੇਰਾ!’’

ਮਨੁੱਖੀ ਅਸਮਝ ਜੀਵਨ ਦੀ ਵਿਡੰਬਣਾ ਕਹਿ ਲਵੋ ਚਾਹੇ ਕੋਈ ਰੱਬੀ ਭਾਣਾ: ਆਮ ਗਾਇਕ ਆਪਣੇ ਪ੍ਰੋਗਰਾਮ ਦੇ ਆਗਾਜ਼ ਵੇਲੇ ਸਰਸਵਤੀ ਵੰਦਨਾ ਕਰਦੇ ਹਨ: ਸ਼ਕਤੀ ਅਤੇ ਯੋਗਤਾ ਲਈ ਪ੍ਰਭੂ ਅੱਗੇ ਅਰਦਾਸ ਕਰਦੇ ਹਨ। ਅਜੋਕੀ ਪੰਜਾਬੀ ਦਾ ਸਭ ਤੋਂ ਲਾਡਲਾ ਗਾਇਕ ਗੁਰਦਾਸ ਮਾਨ ‘ਮੋਰੀ ਰੱਖੀਓ ਲਾਜ ਗੁਰਦੇਵ’ ਸ਼ਬਦਾਂ ਨਾਲ ਸਟੇਜ ’ਤੇ ਕਦਮ ਰੱਖਦਾ ਹੈ ਅਤੇ ਉਹ ਵੀ ਨੰਗੇ ਪਰ ਰੇਸ਼ਮਾ ਦੀ ਸਮੁੱਚੀ ਗਾਇਕੀ ਹੀ ਅੱਲ੍ਹਾ ਦੀ ਇਬਾਦਤ ਦੇ ਸ਼ਬਦਾਂ ਨਾਲ ਸ਼ੁਰੂ ਹੋਈ। ਇੱਥੋਂ ਤਕ ਕਿ ਉਸ ਦਾ ਅੱਜ ਤਕ ਦਾ ਸਭ ਤੋਂ ਵੱਧ ਮਕਬੂਲ ਤੇ ਸ਼ਿੱਦਤ ਨਾਲ ਗਾਇਆ ਹੋਇਆ ਵੀ ਸ਼ਾਇਦ ਇਹੋ ਹੀ ਹੈ। ਮੈਂ ਇਸ ਨੂੰ ਉਸ ਦੀ ਗਾਇਕੀ ਦੀ ਸਿਖਰ ਕਹਾਂਗਾ: ਰੰਗ ਅਤੇ ਨੂਰ ਪੱਖੋਂ ਵੀ।
‘‘ਦਮਾ ਦਮ ਮਸਤ ਕਲੰਦਰ, ਅਲੀ ਸ਼ਾਹਬਾਜ਼ ਕਲੰਦਰ…’’
ਬਹੁਤੇ ਕਲਾਕਾਰਾਂ ਦੇ ਉਲਟ ਰੇਸ਼ਮਾ ਦੀ ਗਾਇਕੀ ਸਫ਼ਰ ਵਿੱਚ ਕੋਈ ‘ਵਿਕਾਸ’ ਨਹੀਂ-ਇਸ ਤੋਂ ਉਲਟ ਉਸ ਦਾ ਸਫ਼ਰ ਅਖੀਰਲੇ ਪੜਾਅ ਤੋਂ ਹੀ ਸ਼ੁਰੂ ਹੁੰਦਾ ਹੈ-ਟੀਸੀ ਤੋਂ ਟੀਸੀ ਤਕ। ਆਪਣੇ ਪਹਿਲੇ ਐਲ.ਪੀ. ਵਿੱਚ ਹੀ ਉਸ ਨੇ ਆਪਣੀ ਗਾਇਕੀ ਦਾ ਕੈਪਸੂਲ-ਸਾਰੰਸ਼ ਪੇਸ਼ ਕਰ ਦਿੱਤਾ ਅਤੇ ਉਸ ਤੋਂ ਬਾਅਦ ਤਕਰੀਬਨ ਦੁਹਰਾਓ। ਉਸ ਦਾ ਇੱਕੋ ਇੱਕ ਗੁਰੂ ਉਸ ਦਾ ਅੰਦਰਲਾ ਸੰਸਾਰ ਹੈ, ਅਹਿਸਾਸ ਹੈ।
(ਨਸੀਬੋ ਲਾਲ ਜਿਸ ਦੀ ਅੱਜ ਕੱਲ੍ਹ ਪਾਕਿਸਤਾਨੀ ਗਾਇਕੀ ’ਚ ਬਹੁਤ ਚਰਚਾ ਹੈ, ਵੀ ਇਸੇ ਕਬੀਲੇ ਅਤੇ ਕਲਾਸ ਦੀ ਗਾਇਕਾ ਹੈ।)
ਫ਼ੈਸਲਾ ਕਰਨਾ ਔਖਾ ਹੈ ਕਿ ‘ਹੀਰ’ ਲਿਖਣ ਵਾਲਿਆਂ ਦੀ ਸੂਚੀ ਲੰਮੀ ਹੈ ਜਾਂ ਗਾਉਣ ਵਾਲਿਆਂ ਦੀ। ਫਿਰ ਵੀ ਇੱਕ ਫ਼ਰਕ ਜ਼ਰੂਰ ਹੈ, ਉਹ ਇਹ ਕਿ ਲਿਖਣ ਵਾਲਿਆਂ ’ਚ ਝੰਡਾਬਰਦਾਰ, ਸਰਬ-ਪ੍ਰਵਾਨਤੀ ਨਾਲ, ਮਖ਼ਦੂਮ ਕਸੂਰ ਦਾ ਸ਼ਾਗਿਰਦ ਵਾਰਸ ਸ਼ਾਹ ਰਿਹਾ ਹੈ, ਸ਼ਾਇਦ ਰਹੇਗਾ ਵੀ। ਇਸ ਦੇ ਉਲਟ ਗਾਇਕੀ ਵਿੱਚ ਅਜਿਹੀ ਸਿਰਮੌਰਤਾ ਅਤੇ ਸਦਾਰਤ ਅਜੇ ਕਿਸੇ ਦੇ ਹੱਥ ਨਹੀਂ ਆਈ। ਪ੍ਰਵਾਨਿਤ ਲੈਅ ਤੋਂ ਬਿਨਾਂ ਵੀ ਹੀਰ ਨੂੰ ਹੋਰਨਾਂ ਤਰਜ਼ਾਂ ’ਚ ਗਾਇਆ ਗਿਆ ਹੈ, ਜਿਵੇਂ ਕਿ ਲਾਲ ਚੰਦ ਨੇ ਝਾਂਗੀ ਤਰਜ਼ ’ਚ ਗਾਇਆ ਹੈ, ਖ਼ਾਸ ਕਰ ‘‘ਕਰ ਕੇ ਕੌਲ ਕਰਾਰ ਜੇ ਹਾਰਿਓਂ ਈ, ਤਾਰ ਇਸ਼ਕ ਦੀ ਦਿਲੋਂ ਨਾ ਤੋੜ ਹੀਰੇ’’ ਵਾਲੀਆਂ ਸਤਰਾਂ।
ਰੇਸ਼ਮਾ ਨੇ ਵੀ ਹੀਰ ਗਾਈ, ਆਪਣੇ ਨਿਰੋਲ ਰੰਗ ’ਚ ਵਾਰੇ ਸ਼ਾਹ ਨੂੰ ‘ਬਾਰੇ ਸ਼ਾਹ’ ਉਚਾਰ ਕੇ। ਇਹ ਆਸਾ ਸਿੰਘ ਮਸਤਾਨੇ ਵਾਲੀ ਸਜੀ, ਸੰਵਰੀ ਸ਼ਹਿਰੀ ਸ਼ਬਦ ਉਚਾਰਨ ਵਾਲੀ ਗਾਇਕੀ ਨਹੀਂ। ਸਤਰਾਂ ਹਨ ਅਤਿ ਮਕਬੂਲ, ਹੀਰ ਦਾ ਰੁਦਨ, ਫਟੇ ਹੋਏ ਆਪੇ ਦਾ ਸਰਾਪ… ‘‘ਹੀਰ ਆਖਦੀ ਜੋਗੀਆ ਝੂਠ ਬੋਲੇ…’’ ਸੁੰਦਰਤਾ ਇਹ ਹੈ ਕਿ ਕਈ ਵਾਰੀ ਰੇਸ਼ਮਾ ਨਹੀਂ ਖ਼ੁਦ ਹੀਰ ਹੀ ਦੁਖੜਾ ਬਿਆਨ ਕਰਦੀ ਲੱਗਦੀ ਹੈ। ਇਹ ਇੱਕਮਿੱਕਤਾ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ। ਰੇਸ਼ਮਾ ਦੀ ਗਾਇਕੀ-ਚੰਗੇਰ ਵਿੱਚ ਇੱਕ ਦੋਗਾਣਾ ਜਿਸ ਦੀ ਖ਼ਾਸ ਮਹੱਤਤਾ ਹੈ, ਖ਼ੁਦ ਰੇਸ਼ਮਾ ਅਤੇ ਸਰੋਤਿਆਂ ਲਈ, ਉਹ ਹੈ, ‘‘ਮੈਂ ਜਾਣਾ ਪਰਦੇਸ’ ਅਤੇ ਸਾਥ ਹੈ ਮਸ਼ਹੂਰ ਸੰਜੀਦਾ ਗਾਇਕ ਪ੍ਰਵੇਜ਼ ਮਹਿੰਦੀ ਦਾ। ਜਿਸ ਬੇਵਸੀ ਨਾਲ ਪ੍ਰਵੇਜ਼ ਜਾਣ ਦੀ ਮਜਬੂਰੀ ਬਿਆਨ ਕਰਦਾ ਹੈ, ਰੇਸ਼ਮਾ ਉਸ ਨਾਲ ਜਾਣ ਦੀ ਮੁਹੱਬਤੀ ਜ਼ਿਦ ‘‘ਮੈਂ ਜਾਣਾ ਤੇਰੇ ਨਾਲ’’ ਆਪਣੇ ਧੁਰ ਅੰਦਰੋਂ ਬੋਲਦੀ ਹੈ। ‘ਜਾਣ ਵਾਲੇ’ ਦਾ ਪੱਲੜਾ ਭਾਰੀ ਹੈ ਜਾਂ ‘ਨਾਲ ਜਾਣ ਵਾਲੇ ਦਾ’ ਫ਼ੈਸਲਾ ਕਰਨਾ ਅਸਾਹਿਤਕ ਲੱਗਦਾ ਹੈ।
ਆਜ਼ਮ ਚਿਸ਼ਤੀ ਦੁਆਰਾ ਰਚਿਆ ਅਤੇ ਗ਼ੁਲਾਮ ਕਾਦਰ ਖਾਂ ਪੰਡਤ ਦੁਆਰਾ ਸੰਗੀਤ ਨਾਲ ਸੰਵਾਰਿਆ ਅਤੇ ਰੇਸ਼ਮਾ ਦੀ ਆਵਾਜ਼ ’ਚ ਵਿਯੋਗਣ ਸੁਰ ’ਚ ਗਾਇਆ ਗੀਤ ਹੈ:‘‘ਗਲ਼ ਇਸ਼ਕ ਦੀ ਮਾਲਾ ਪਾ ਕੇ; ਕੀ ਖੱਟਿਆ ਦਿਲ ਲਾ ਕੇ।’’ ਇੰਜ ਹੀ ਬੇਵਸੀ ਹੇਠਾਂ ਸੁਲਗਦਾ ਹੋਇਆ ਇੱਕ ਹੋਰ ਗੀਤ ਹੈ,‘‘ਮਨ ਮੈਥੋਂ ਨਹੀਓਂ ਮੰਨਦਾ, ਰੱਬਾ ਸਾਡਾ ਮਾਹੀ ਮੋੜਦੇ।’’ ਜਿਸ ਦੇ ਬੋਲ ਇਸਮਾਇਲ ਕਲੰਦਰ ਦੇ ਹਨ ਅਤੇ ਸੰਗੀਤ ਇੱਕ ਵਾਰ ਫੇਰ ਗ਼ੁਲਾਮ ਐਚ. ਕਾਦਰੀ ਦਾ।
ਅਧਿਐਨ ਉਪਰੰਤ ਸਪਸ਼ਟ ਹੁੰਦਾ ਹੈ ਕਿ ਰੇਸ਼ਮਾ ਨੇ ਜ਼ਿਆਦਾ ਉਹ ਗੀਤ ਗਾਏ ਹਨ ਜਿਨ੍ਹਾਂ ਵਿੱਚ ਵਿਛੋੜੇ ਦਾ ਸਦਮਾ ਤੇ ਸੱਲ ਬਹੁਤ ਜ਼ਿਆਦਾ ਹਨ ਅਤੇ ਵਸਲ ਦੇ ਅਨੰਦਮਈ ਪਲਾਂ ਦੇ ਮੰਜ਼ਰ ਬਹੁਤ ਹੀ ਘੱਟ। ਇੱਕ ਖ਼ਾਸ ਰੁਦਨ ਹੈ ਜਿਸ ਦੀ ਭਾਵਨਾ ਹੈ ਇਨ੍ਹਾਂ ਗੀਤਾਂ ਵਿੱਚ। ਕਿਸੇ ਦੇ ਦੂਰ ਬਸਤੀਆਂ ਵਸਾਉਣ ਦਾ ਦੁੱਖ ਜਾਂ ਕਿਸੇ ਦੇ ਉੱਠ ਜਾਣ ਦਾ ਡਰ ਅਤੇ ਝੋਰਾ। ਇਨ੍ਹਾਂ  ’ਚ ਸਿਰਤਾਜ ਗੀਤ ਹੈ ਬੁੱਲ੍ਹੇਸ਼ਾਹ ਦਾ ਜਿਸ ਦੇ ਕੁਝ ਬੋਲ ਹਨ:
‘‘ਉੱਠ ਗਏ ਗੁਆਂਢੋ ਯਾਰ,
ਰੱਬਾ ਹੁਣ ਕੀ ਕਰੀਏ,
ਹੋਇਆ ਸਾਜ ਸਾਮਾਨ ਤਿਆਰ,
ਰੱਬਾ ਹੁਣ ਕੀ ਕਰੀਏ’’

ਇੱਕ ਸਮਾਂ ਸੰਗੀਤ ਦੁਨੀਆਂ ਵਿੱਚ ਉਹ ਵੀ ਸੀ ਜਦੋਂ ਰੇਸ਼ਮਾ ਦਾ ਨਾਂ ਜੁੜਨਾ ਹੀ ਮਾਣ ਵਾਲੀ ਗੱਲ ਸੀ,ਜਿਵੇਂ ਫ਼ਿਲਮ ‘ਨਿਕਾਹ’ ਵਿੱਚ ਬੀ.ਆਰ. ਚੋਪੜਾ ਨੇ ਗੁਲਾਮ ਅਲੀ ਦਾ ‘ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ’’ ਗਵਾ ਕੇ ਫ਼ਿਲਮ ਨੂੰ ਨਵਾਂ ਰੰਗ ਦੇ ਦਿੱਤਾ ਸੀ। ਫ਼ਿਲਮ ‘ਹੀਰੋ’ ਵਿੱਚ ਰੇਸ਼ਮਾ ਦੀ ਦਰਦ ਪਰੁਚੀ ਆਵਾਜ਼ ਵਿੱਚ ‘ਚਾਰ ਦਿਨਾਂ ਦਾ ਮੇਲ ਓ ਰੱਬਾ, ਬੜੀ ਲੰਬੀ ਜੁਦਾਈ’ ਵੀ ਇਹ ਰੋਲ ਅਦਾ ਕਰਦਾ ਹੈ।
ਰੇਸ਼ਮਾ ਦੇ ਪਹਿਲੇ ਐਲ.ਪੀ. ਦੀ ਜੈਕਟ ਤੇ ਉਸ ਦੇ ਕਿਸੇ ਚਹੇਤੇ ਅਤੇ ਸੰਗੀਤ ਦੇ ਰਸੀਏ (ਜਿਸ ਨੇ ਆਪਣਾ ਨਾਂ ਗੁਪਤ ਰੱਖਿਆ ਹੈ) ਨੇ ਕੁਝ ਸਤਰਾਂ ਲਿਖੀਆਂ ਹਨ ਜਿਨ੍ਹਾਂ ਨੂੰ ਇੱਕ ਨਜ਼ਮ ਕਿਹਾ ਜਾ ਸਕਦਾ ਹੈ ਅਤੇ ਉਹ ਵੀ ਅੰਗਰੇਜ਼ੀ ਵਿੱਚ। ਨਜ਼ਮ ਨੂੰ ਅਨੁਵਾਦ ਕਰਨਾ ਕਿਸੇ ਫੁੱਲ ਨੂੰ ਪੱਤੀ-ਪੱਤੀ ਕਰਨਾ ਹੁੰਦਾ ਹੈ ਅਤੇ ਪਿੱਛੇ ਵੀ ਬਹੁਤ ਕੁਝ ਨਹੀਂ ਬਚਦਾ। ਇਸ ਲਈ ਉਨ੍ਹਾਂ ਨੂੰ ਮੌਲਿਕ ਰੂਪ ਵਿੱਚ ਪੇਸ਼ ਕਰਨ ਦੀ ਗੁਸਤਾਖ਼ੀ ਕਰਨ ਦੀ ਮਜਬੂਰੀ ਹੈ:
‘‘Reshma, a famous gypsy singer, is much like a wild flower that acquires full bloom in Nature’s care. Her sweet voice has been compared to that of a bird which echoes in deserts, valleys and hill backs. She moved round from place to place imbued the rural atmosphere with the magic of melody”
ਅਤੇ ਮੈਂ ਐਨਾ ਤਾਂ ਕੰਮਜ਼ਰਫ਼ ਨਹੀਂ ਕਿ ਇਨ੍ਹਾਂ ਭਾਵਨਾਤਮਕ ਅਤੇ ਕਾਵਿਕ ਸ਼ਬਦਾਂ ਨਾਲ ਗੁੰਦੇ ਗੁੰਚੇ ਉੱਪਰ ਅਖੌਤੀ ਆਲੋਚਨਾਤਮਕ ਕੰਕਰ ਮਾਰ ਇਨ੍ਹਾਂ ਦੀ ਸੰਯੁਕਤ ਸੁੰਦਰਤਾ ਖੰਡਤ ਕਰ ਦੇਵਾਂ!
ਇੱਕ ਦਿਨ ਪੰਮੀ ਬਾਈ ਦਾ ਫ਼ੋਨ ਆਇਆ।
‘‘ਆਹ ਗੱਲ ਕਰੋ’’ ਅੱਗਿਓਂ ਰੇਸ਼ਮਾ ਬੋਲ ਰਹੀ ਸੀ, ਜੋ ਚੰਡੀਗੜ੍ਹ ਆਈ ਹੋਈ ਸੀ।
‘‘ਬੇ ਬੀਰਾ ਪੰਮੀ ਦੱਸਦਾ ਏ ਤੁਹੀਂ ਮੇਰੇ ਬਾਰੇ ਬੜੀ ਮੁਹੱਬਤ ਨਾਲ ਗੱਲਾਂ ਕਰਦੇ ਓ ਤੇ ਲਿਖਦੇ ਬੀ ਓ।’’
ਮੈਂ ਚੁੱਪ ਚਾਪ ਸੁਣਦਾ ਰਿਹਾ।
‘‘ਹੁਣ ਤਾਂ ਬੀਰਾ ਦਰਦੇ-ਦਿਲ ਦੀ ਥਾਂ ਦਰਦੇ-ਗਲ਼ ਨੇ ਮੱਲ ਲਈ ਏ’’ ਕੁਝ ਹੱਸ ਕੇ ਜਿਹੇ ਕਿਹਾ ਉਸ ਨੇ।
ਓਹੀ ਗੱਲ ਹੋਈ। ਰਾਵੀ ਪਾਰੋਂ ਖ਼ਬਰ ਆਈ।
‘‘ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ ਦੀ ਲਾਹੌਰ ਦੇ ਇੱਕ ਹਸਪਤਾਲ ਵਿੱਚ ਗਲ ਦੇ ਕੈਂਸਰ ਕਾਰਨ ਮੌਤ ਹੋ ਗਈ। ਉਹ ਮਹੀਨੇ ਤੋਂ ਕੋਮਾ ਵਿੱਚ ਸਨ।’’
(ਪਾਕਿਸਤਾਨ ਦੀ ਹੀ ਗਾਇਕਾ ਕਿਉਂ? ਮੈਂ ਅੰਦਰੋ ਅੰਦਰੀ ਕਿਹਾ)
ਵਿਡੰਬਣਾ ਵੇਖੋ ਜਿਹੜਾ ਗਲੇ ਕਰ ਕੇ ਉਹ ਅੰਬਰੀਂ ਚੜ੍ਹੀ, ਉਸੇ ਕਰ ਕੇ ਕਬਰੀਂ ਪਈ। ਜਿਵੇਂ ਕੋਈ ਜਾਨੋਂ ਪਿਆਰਾ ਜਾਨ ਲੈ ਲਵੇ-ਲੈਂਦੇ ਆਏ। ਕਸੀਦੇ ਕੁਤਬੇ ਬਣਦੇ ਆਏ। ਮੈਨੂੰ ਕਿਹੜਾ ਪਤਾ ਸੀ, ਉਸ ਦੀ ਸਿਫ਼ਤ ’ਚ ਲਿਖਿਆ ਇਹ ਸਿਜਦਾਤਮਕ ਲੇਖ ਉਸ ਲਈ ਮਰਸੀਆ ਬਣ ਜਾਵੇਗਾ। ਤਕਦੀਰ ਅੱਲ੍ਹਾ ਦੀ ਨੂੰ ਕੌਣ ਮੇਟੇ!

- ਸੁਰਜੀਤ ਮਾਨ
ਸੰਪਰਕ: 98153-18755

29 Nov 2013

Sandeep Sharma
Sandeep
Posts: 715
Gender: Male
Joined: 27/Mar/2014
Location: Garshankar
View All Topics by Sandeep
View All Posts by Sandeep
 
Nice to read about Great Reshma g..
TFS Bittu bhaji..
25 May 2014

Reply