ਖਾਮੋਸ਼ ਬੇਸੁਰਤ ਹੋਈਆਂ ਫਿ਼ਜ਼ਾਵਾਂ ਦਾ ਕੀ ਦੋਸ਼ ਆਕੇ ਤਾਂ ਦੱਸ ,
ਸਦਾ ਵਸਲ ਲਈ ਤੜਫੀਆਂ ਬਾਹਵਾਂ ਦਾ ਕੀ ਦੋਸ ਆਕੇ ਤਾਂ ਦੱਸ ।
ਠੀਕ ਏ ਤੂੰ ਬਦਲ ਗਿਆ ਓਹਨਾ ਵਗਦੀਆਂ ਹਵਾਵਾਂ ਦੇ ਵਾਗੂੰ,
ਪਰ ਵਗਦੇ ਹੋਏ ਓਹਨਾ ਸਾਹਵਾਂ ਦਾ ਕੀ ਦੋਸ਼ ਆ ਕੇ ਤਾਂ ਦੱਸ ।
ਉਹ ਤਾਂ ਅੱਜ ਵੀ ਤੈਨੂੰ ਉਡੀਕਦੇ ਨੇ , ਬੱਸ ਓਥੇ ਹੀ ਖੜੇ ਹੋਏ ,
ਰਾਹ ਤੇਰਾ ਤੱਕਦੇ ਓਹਨਾ ਰਾਹਵਾਂ ਦਾ ਕੀ ਦੋਸ਼ ਆ ਕੇ ਤਾਂ ਦੱਸ ।
ਤੂੰ ਵੀ ਜਿੰਦਾ ਏਂ ਤੇ ਮੈਂ ਜਿੰਦਾ ਹਾਂ ਕਤਲ ਤਾਂ ਦੋਸਤੀ ਦਾ ਹੋਇਆ ,
ਜੋ ਰੁੱਖਾਂ ਤੋਂ ਮਿਟੇ ਨਾ ਓਹਨਾ ਨਾਵਾਂ ਦਾ ਕੀ ਦੋਸ਼ ਆ ਕੇ ਤਾਂ ਦੱਸ ।
ਥੱਲੇ ਦਰਿਆ ਦੋ ਵਗਦੇ ਰਹੇ ਹੁੰਦਾ ਹੰਝੂਆਂ ਦਾ ਵਾਸ਼ਪੀਕਰਨ ,
ਉਤੋਂ ਰੋਦੀਆਂ ਜੋ ਲੰਘਦੀਆਂ ਘਟਾਵਾਂ ਦਾ ਕੀ ਦੋਸ਼ ਆ ਕੇ ਤਾਂ ਦੱਸ ।
ਕਬਰਸਤਾਨ ਸੀ ਦਿਲ ਮੇਰਾ ਤੇਰੀਆਂ ਗਲਤੀਆਂ ਦਫਨਾਉਂਦਾ ਰਿਹਾ,
ਜੋ ਬਿਨਾ ਜੁਰਮ ਦਿੱਤੀਆਂ ਸਜ਼ਾਵਾਂ ਦਾ ਕੀ ਦੋਸ਼ ਆ ਕੇ ਤਾਂ ਦੱਸ ।
ਨਫਰਤਾਂ ਦੇ ਖੰਜ਼ਰ ਨਾਲ ਤੂੰ ਕਤਲ' ਕਰਦਾ ਰਿਹਾ ਖਾਅਬਾਂ ਨੂੰ ,
ਸਹਿਕਦੇ ਅਰਮਾਨ ਸਧਰਾਂ ,ਭਾਵਨਾਵਾਂ ਦਾ ਕੀ ਦੋਸ਼ ਆ ਕੇ ਤਾਂ ਦੱਸ ।
ਤਾਰੇ ਅੰਬਰਾਂ ਤੋਂ ਟੁੱਟਦੇ ਰਹੇ , ਹੱਥ ਦੁਆ ਦੇ ਲਈ ਉੱਠਦੇ ਰਹੇ
ਜੈਲੀ ਤੇਰੇ ਲਈ ਜੋ ਮੰਗੀਆਂ ਦੁਆਵਾਂ ਦਾ ਕੀ ਦੋਸ਼ ਆ ਕੇ ਤਾਂ ਦੱਸ ।
|