Punjabi Poetry
 View Forum
 Create New Topic
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1719
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸਿੱਖੀ ਮਾਰਗ

ਅੱਜ ਸ੍ਰੀ ਕਲਗੀਧਰ ਜੀ ਦੇ ਪਿਆਰੇ ਖਾਲਸਾ ਜੀ ਦਾ ਜਨਮ ਦਿਹਾੜਾ ਹੈ - ਸਭ ਨੂੰ ਬਹੁਤ ਬਹੁਤ ਵਧਾਈਆਂ ਜੀਓ !!!


 

ਸਿੱਖੀ ਮਾਰਗ   

 

ਹੈ ਓਸ ਗੁਰੂ ਦਾ ਵਰ ਸਿੱਖੀ

ਜੋ ਸਭੇ ਕਾਜ ਸਿੱਧ ਕਰ ਜਾਣੇ,

ਜੋ ਈਨ ਕਿਸੇ ਦੀ ਮੰਨੇ ਨਾ,

ਹਰ ਕਸ਼ਟ ਰਜ਼ਾ ਵਿਚ ਜਰ ਜਾਣੇ |

 

ਜੋ ਊਚ ਨੀਚ ਦੀ ਕੰਧ ਢਾਹ ਕੇ 

ਚਹੁੰ ਵਰਣਾਂ ਨੂੰ ਇਕ ਕਰ ਜਾਣੇ, 

ਇਹ ਸਿੱਖੀ ਮਹਿਲ ਨਿਰਾਲਾ ਏ

ਕੋਈ ਲਾਕੇ ਨੀਝ ਅਗਰ ਸਿਞਾਣੇ |

 

ਸਮਰੱਥ ਗੁਰੂ ਦੇ ਬਚਨ ਨਾਲ

‘ਮਰਦਾਨੇ’ ਹੋ ਗਏ ਮਰ ਜਾਣੇ |

ਮਾੜੇ ਨੂੰ ਮੂਲ ਨਾ ਰੋਹਬ ਦਏ,

ਨਾ ਸ਼ਾਹਾਂ ਤੋਂ ਇਹ ਡਰ ਜਾਣੇ |

 

ਇਹ ਨਗਰੀ ਸੰਤ ਸਿਪਾਹੀ ਦੀ,

ਜੋ ਦੀਨ ਲਈ ਲੜ ਮਰ ਜਾਣੇ,

ਕਿਰਤ ਕਰੇ, ਫਿਰ ਵੰਡ ਛਕੇ,

ਤੇ ‘ਇਕ’ ਦਾ ਨਾਮ ਸਿਮਰ ਜਾਣੇ |

 

ਸਿਰ ਦੇ ਕੇ ਗੱਲ ਦਾ ਮੁੱਲ ’ਤਾਰੇ

ਨਾ ਕਰਕੇ ਬਚਨ ਮੁਕਰ ਜਾਣੇ |

ਤੇ ਛੱਡ ਕੇ ਪਿੱਛਾ ਪੰਜਾਂ ਦਾ,

ਜੋ ਲਾੜੀ ਮੌਤ ਨੂੰ ਵਰ ਜਾਣੇ |

 

ਇੱਥੇ ਗੱਲੀਂ ਬਾਤੀਂ ਨਹੀਂ ਸਰਦਾ,

ਭਾਵੇਂ ਹੋਰ ਸਭੇ ਕੰਮ ਸਰ ਜਾਣੇ |

ਇਸ ਪ੍ਰੇਮ ਗਲੀ ਚੋਂ ਉਹ ਲੰਘਦਾ,

ਜੋ ਸੀਸ ਤਲੀ ਤੇ ਧਰ ਜਾਣੇ |

 

ਕਸੌਟੀ ਦੀ ਅਹਿਰਣ 'ਤੇ ਰੱਖ ਕੇ 

ਰਹਿਣੀ ਦੇ ਹਥੌੜੇ ਦਾ ਚੰਡਿਆ,

ਸੱਚ ਨਿਆਂ ਦੀ ਗੁੜਤੀ ਲੈ,

ਗੁਰੂ ਨਾਲ ਜਾਇ ਜਾਂ ਲੜ ਗੰਢਿਆ |

 

ਫਿਰ ਸੱਚ ਨੂੰ ਡਟ ਕੇ ਸੱਚ ਆਖੇ,

ਨਾ ਝੂਠ ਦੀ ਹਾਮੀ ਭਰ ਜਾਣੇ |

ਇਹ ਪ੍ਰੇਮ ਸਮੁੰਦਰ ਡੂੰਘਾ ਏ,

ਕੋਈ ਡੁੱਬ ਜਾਣੇ, ਕੋਈ ਤਰ ਜਾਣੇ |

 

ਪੀ ਸਹਿਜ ਅਵਸਥਾ ਦੀ ਘੁੱਟੀ,

ਨਾ ਤਪ ਜਾਣੇ, ਨਾ ਠਰ ਜਾਣੇ |

ਫਿਰ ਸਿਦਕੋਂ ਕਦੇ ਵੀ ਡੋਲੇ ਨਾ,

ਉਹ ਸ਼ਾਂਤ ਚਰਖੜੀ ਚੜ੍ਹ ਜਾਣੇ |

 

ਉਹ ਰਾਜਾ ਆਪਣੀ ਮਰਜ਼ੀ ਦਾ,

ਨਾ ਕਿਸੇ ਗੁਲਾਮੀ ਕਰ ਜਾਣੇ |

ਝੱਟ ਹੱਥ ਵਧਾਵੇ ਮਦਦ ਲਈ,  

ਨਾ ਭੀਖ ਲਈ ਅੱਗੇ ਕਰ ਜਾਣੇ |

 

ਕੁਝ ਵੀ ਅਸੰਭਵ ਨਾ ਕਹਿੰਦੇ

ਕਦੇ ਢੇਰੀ ਢਾਅ ਕੇ ਨਾ ਬਹਿੰਦੇ |

ਇਹ ਕਈ ਵਸੀਲੇ ਲੱਭ ਲੈਂਦੇ,

ਜਦ ਕੋਈ ਵੀ ਕੁਝ ਨਾ ਕਰ ਜਾਣੇ |

 

ਜਦ ਯੁੱਧ ਦੀ ਨ੍ਹੇਰੀ ਝੁੱਲ ਜਾਂਦੀ,

ਹਰ ਗੱਲ ਤਾਂ ਇਸਨੂੰ ਭੁੱਲ ਜਾਂਦੀ,

ਉਹ ਪੁਰਜ਼ਾ ਪੁਰਜ਼ਾ ਕਟ ਮਰੇ,

ਨਾ ਖੇਤ ਛੱਡੇ, ਨਾ ਹਰ ਜਾਣੇ |

 

ਹਰ ਸਿਰ ਤੇ ਆਈ ਔਕੜ ਨੂੰ,

ਕਰ ਰੱਬ ਦਾ ਭਾਣਾ ਜਰ ਜਾਣੇ, 

ਅਤੇ ਝੂਠ ਦੀ ਕਾਲੀ ਮੱਸਿਆਂ ਵਿਚ,  

ਉਹ ਲੋਅ ਸੱਚ ਦੀ ਕਰ ਜਾਣੇ |

 

ਜਗਜੀਤ ਸਿੰਘ ਜੱਗੀ

 

 

ਨੋਟ:


ਪੰਜ - ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ; ਸਿਞਾਣੇ - ਪਛਾਣੇ; ਕਸੌਟੀ - ਕਸਵੱਟੀ; ਕੋਈ ਡੁੱਬ ਜਾਣੇ - ਕੋਈ ਇਸ ਵਿਚ ਸਰਾਬੋਰ ਹੋ ਕੇ ਜਾਣਦਾ ਹੈ;  ਕੋਈ ਤਰ ਜਾਣੇ - ਕੋਈ ਇਸਦੇ ਸਿਧਾਂਤਾਂ ਦਾ ਲੜ ਫੜ ਕੇ ਤਰ ਕੇ ਜਾਣਦਾ ਹੈ |

13 Apr 2019

Reply