Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਮਾਜਿਕ ਸੀਮਾਵਾਂ ਮਜ਼ਬੂਤ ਕਰਨ ਦਾ ਵੇਲਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਮਾਜਿਕ ਸੀਮਾਵਾਂ ਮਜ਼ਬੂਤ ਕਰਨ ਦਾ ਵੇਲਾ


ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਸੀ:
”ਵੀਹ ਹਜ਼ਾਰ ਸਾਲ ਹੋਏ ਨੇ
ਸੱਭਿਅਤਾ ਨੂੰ ਬਣਿਆਂ
ਅੱਜ ਵੀ ‘ਕੱਲੀ ਔਰਤ ਵੇਖ ਕੇ,
ਖਾਣ ਨੂੰ ਪੈਂਦਾ ਏ ਆਦਮੀ
ਭੁੱਖੇ ਦਾ ਭੁੱਖਾ, ਵਹਿਸ਼ੀ ਦਾ ਵਹਿਸ਼ੀ।”

ਇਨ੍ਹੀਂ ਦਿਨੀਂ ਸਾਡੇ ਆਲੇ-ਦੁਆਲੇ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਨੇ ਕਈ ਦਹਾਕੇ ਪਹਿਲਾਂ ਰਚੀਆਂ ਇਨ੍ਹਾਂ ਸਤਰਾਂ ਨੂੰ ਸੱਜਰੀਆਂ ਕਰ ਵਿਖਾਇਆ ਹੈ। ਵਿਰਲੇ ਲੋਕਾਂ ਦਾ ਇੱਕ ਵਰਗ ਇਸ ਵਹਿਸ਼ੀਪੁਣੇ ਨੂੰ ਠੱਲ੍ਹ ਪਾਉਣ ਦੇ ਵਸੀਲੇ ਵੀ ਤਲਾਸ਼ ਰਿਹਾ ਹੈ ਪਰ ਬਹੁਤੇ ਲੋਕਾਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਕਿਸੇ ਨੂੰ ਕੋਈ ਸਬਕ ਪੱਲੇ ਨਹੀਂ ਪਿਆ। ਮਨੁੱਖ ਦੀਆਂ ਇਹੋ ਜਿਹੀਆਂ ਗਰਕ ਹੋਈਆਂ ਬਿਰਤੀਆਂ ਨੂੰ ਵੇਖ ਕੇ ਲੱਗਦਾ ਹੈ, ਅੱਜ ਤਕ ਹੋਈ ਤਰੱਕੀ ਨੇ ਸਿਰਫ਼ ਦੇਹੀ ਸੁਖ-ਸਾਧਨਾਂ ਜਾਂ ਚੰਮ-ਖ਼ੁਸ਼ੀਆਂ ਨੂੰ ਹੀ ਟੀਚਾ ਸਾਧ ਲਿਆ ਹੈ। ਖੋਖਲੇ ਹੋਏ ਲੋਕਾਂ ਦੀ ਇਸ ਭਟਕਣ ਨੇ ਹੀ ਸਭ ਨੂੰ ਸੱਖਣਾ, ਨਿਰਾਸ਼, ਉਦਾਸ, ਗ਼ਮਗੀਨ ਅਤੇ ਇਕੱਲਾ ਕਰ ਦਿੱਤਾ ਹੈ। ਅਜਿਹੀ ਉਲਾਰ ਅਤੇ ਆਪਹੁਦਰੀ ਲਾਲਸਾ ਨੂੰ ਭੁੱਖ ਨਹੀਂ ਸਗੋਂ ਹਵਸ ਕਿਹਾ ਜਾ ਸਕਦਾ ਹੈ। ਭੁੱਖ ਮਿਟਾਈ ਜਾ ਸਕਦੀ ਹੈ ਪਰ ਹਵਸ ਨਹੀਂ ਮਿਟ ਸਕਦੀ। ਜੇ ਇਸ ਹਵਸ ਦੇ ਕਾਰਨਾਂ ਵੱਲ ਨੀਝ ਲਾ ਕੇ ਵੇਖੀਏ ਤਾਂ ਕੇਵਲ ਲੰਘ ਚੱਲੇ ਪਲਾਂ ਹਵਾਲੇ ਹੋ ਕੇ ਜਿਉਣ ਦੀ ਇਹ ਪੱਛਮੀ-ਤਰਜ਼ੇ ਜ਼ਿੰਦਗੀ ਨੇ ਸਾਡੇ ਬੀਤੇ ਵੱਲ ਪਿੱਠ ਕਰ ਕੇ ਸਾਡੀਆਂ ਭਵਿੱਖੀ ਸੰਭਾਵਨਾਵਾਂ ਨੂੰ ਵੀ ਤਾਰ-ਤਾਰ ਕਰ ਦਿੱਤਾ ਲੱਗਦਾ ਹੈ। ਸਾਡੇ ਸਕੂਲ ਵਿੱਚ ਜਦੋਂ ਅੰਗਰੇਜ਼ੀ ਦੇ ਅਧਿਆਪਕ ਨੇ ਪਹਿਲੀਆਂ ਜਮਾਤਾਂ ਵਿੱਚ ‘ਟੈਂਸ’ ਸਿਖਾਏ ਸਨ ਤਾਂ ਅਭੋਲ ਮਨ ਨੇ ਸਮੇਂ ਦੀ ਇਸ ਤਰਤੀਬ ਨੂੰ ਗੌਲਿਆ ਨਹੀਂ ਸੀ। ਹੁਣ ਜਦੋਂ ਕਈ ਦਹਾਕੇ ਵੱਖੀ ਨਾਲੋਂ ਝੜ ਗਏ ਹਨ ਤਾਂ ਆਲੇ-ਦੁਆਲੇ ਉਸਰਦੀ ਪਨੀਰੀ ਦੀਆਂ ਕਿਲਕਾਰੀਆਂ ਸਭ ਅਣਗੌਲਿਆਂ ਕਰ ਅੱਗਾ ਦੌੜ ਤੇ ਪਿੱਛਾ ਚੌੜ ਕਰਦੀ ਹੈ ਤਾਂ ਸਮੇਂ ਦੀ ਓਹੀ ਤਰਤੀਬ ਮੂੰਹ ਜ਼ੋਰ ਹੋ ਕੇ ਖੜ੍ਹਦੀ ਹੈ।
ਚਾਹੀਦਾ ਤਾਂ ਇਹ ਸੀ ਕਿ ਅਸੀਂ ਚੌਗਿਰਦੇ ਦੀਆਂ ਸਭ ਖ਼ੂਬਸੂਰਤੀਆਂ ਚੁਗ ਕੇ ਇੱਕ ਨਵਾਂ ਨਰੋਆ ਸੰਸਾਰ ਸਿਰਜਦੇ ਅਤੇ ਜੀਓ ਤੇ ਜਿਉਣ ਦਿਓ ਦੇ ਸਿਧਾਂਤ ਨੂੰ ਅਪਣਾਉਂਦੇ ਪਰ ਅਸੀਂ ਉਪਰਲੀ ਤਹਿ ਤੋਂ ਵੀ ਆਪਣੀ ਸੁਵਿਧਾ ਅਨੁਸਾਰ ਗੁਆਂਢੀਆਂ ਦੇ ਗੁਣ ਛੱਡ ਕੇ ਔਗੁਣ ਚੁਗ ਲੈਣ ਦੀ ਠਾਣੀ ਫਿਰਦੇ ਹਾਂ। ਅੱਜ ਪਲਦੇ ਇਸ ਨਿੱਜ ਨੇ ਤਾਂ ਰੱਬ ਦਾ ਸਿੰਘਾਸਨ ਵੀ ਡੋਲਣ ਲਾ ਦਿੱਤਾ ਹੈ। ਉਸ ਦਾ ਡਰ ਚੱਕ ਕੇ ਸੰਜਮ, ਸੰਤੋਖ, ਸਬਰ, ਸਹਿਣਸ਼ੀਲਤਾ ਜਾਂ ਰੂਹ ਦੀਆਂ ਬਾਤਾਂ ਪਾਉਂਦੇ ਸਭ ਧਰਮੀ ਉਪਦੇਸ਼ ਹੂੰਝ ਧਰੇ ਹਨ। ਰੱਬ ਵੱਲ ਕੀਤੀ ਇਸ ਪਿੱਠ ਕਰਕੇ ‘ਮੈਂ’ ਨੂੰ ਪੱਠੇ ਪਾ ਕੇ ਉਲਾਰ ਲਾਲਸਾਵਾਂ ਹੀ ਕਾਬਜ਼ ਬਿਰਤੀ ਪਾਲਦੀਆਂ ਹਨ। ਹਰ ਵਸਤ ਨੂੰ ਹੀ ਕਬਜ਼ੇ ਹੇਠ ਕਰਨ ਜਾਂ ਕਲਾਵੇ ‘ਚ ਨਪੀੜਨ ਦੀ ਇਸ ਲੂਹਰੀ ਅਧੀਨ ਔਰਤ ਵੀ ਵਸਤ ਵਾਂਗ ਵਿਕਾਊ ਹੋ ਗਈ ਹੈ। ਔਰਤ ਵੀ ਮਰਦ ਦੇ ਬਾਹੂਬਲ ਅੰਦਰ ਨਪੀੜੀ ਜਾ ਰਹੀ ਹੈ। ਵਪਾਰੀ ਲੋਕ ਔਰਤ ਦੇਹੀ ਨੂੰ ਵੀ ਵਸਤ ਵਾਂਗ ਹੀ ਮੰਡੀ ਦੇ ਹੋਕੇ ਹੇਠ ਖ਼ਰੀਦ-ਵੇਚ ਰਹੇ ਹਨ। ਚੀਜ਼ ਦੀ ਨੁਮਾਇਸ਼ ਵਿੱਚ ਔਰਤ ਦੀ ਮੁਸਕਾਨ, ਔਰਤ ਦੀ ਨਜ਼ਰ ਅਤੇ ਦੇਹੀ ਦੀ ਹਰ ਅਦਾ ਪ੍ਰਦਰਸ਼ਿਤ ਹੋ ਰਹੀ ਹੈ। ਇਸੇ ਲਈ ਢਲਦੀ ਉਮਰ ਦੇ ਪਿਤਾ ਨੂੰ ਸੜਕ ‘ਤੇ ਸਕਰਟ ਪਾਈ ਜਾਂਦੀ ਬੱਚੀ ਵਿੱਚੋਂ ਧੀ ਦਾ ਝਾਉਲਾ ਪੈਣੋਂ ਹਟ ਕੇ ਟੀ.ਵੀ. ‘ਤੇ ਦਿੱਸਦੀ ਵਸਤ ਵਾਂਗ ਹੀ ਨਜ਼ਰ ਆਉਣ ਲੱਗੀ ਹੈ। ਮੰਡੀ ਨੇ ਵਸਤਾਂ ਦੀ ਚਕਾਚੌਂਧ ਵਿੱਚ ਸਭ ਨੂੰ ਭਰਮਾ ਲਿਆ ਹੈ। ਦਿਮਾਗ ਨੂੰ ਬੰਦ ਕਰ ਦਿੱਤਾ ਹੈ। ਮਨੁੱਖ ਅੰਦਰ ਪਲਦੇ ਹੈਵਾਨ ਨੂੰ ਠੱਲ੍ਹ ਪਾਉਣ ਦੀ ਥਾਂ ਹਵਸ ਦਾ ਚੋਗਾ ਸੁੱਟਿਆ ਜਾ ਰਿਹਾ ਹੈ। ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਠੇਸ ਪੁੱਜ ਰਹੀ ਹੈ। ਔਰਤ-ਮਰਦ ਵਿਚਕਾਰ ਪਲਦੀ ਧੁੱਪ-ਛਾਂ ਦੀ ਤਮੀਜ਼ ਖੀਣ ਹੋ ਚੁੱਕੀ ਹੈ। ਹੁਣ ਤਕ ਸ਼ਿੱਦਤ ਨਾਲ ਹੰਢਾਏ ਰਿਸ਼ਤੇ-ਨਾਤੇ ਦੇ ਨਿੱਘ ਨੂੰ ਖੋਰਾ ਲੱਗ ਗਿਆ ਹੈ। ਜਿਨਸੀ ਸਬੰਧਾਂ ਦੇ ਪਵਿੱਤਰ ਪਾਣੀ ਗੰਧਲੇ ਹੋ ਚੁੱਕੇ ਹਨ।
ਖੋਖਲੇ ਅਤੇ ਉਲਾਰ ਬਿਰਤੀ ਆਖੇ ਲੱਗ ਕੁਕਰਮ ਕਰਦੇ ਅਜਿਹੇ ਦੁਸ਼ਟਾਂ ਨੂੰ ਸਜ਼ਾ ਦੇਣ ਸਮੇਂ ਵੀ ਸਾਨੂੰ ਸਰਕਾਰ, ਕਾਨੂੰਨ, ਦਲੀਲ ਜਾਂ ਅਪੀਲ ਦੀ ਉਡੀਕ ਬਿਨਾਂ ਤੱਤਫੱਟ ਨਿਬੇੜਾ ਕਰਨਾ ਬਣਦਾ ਹੈ। ਲੋਕਾਂ ਦਾ ਇਕੱਠ ਹੀ ਇਸ ਕਾਰਜ ਨੂੰ ਸਿਰੇ ਲਾ ਸਕਦਾ ਹੈ। ਅਜਿਹਾ ਕਰਨ ਦੀ ਸਮਰੱਥਾ, ਸਮਾਂ ਜਾਂ ਰੁਚੀ ਸਰਕਾਰਾਂ ਕੋਲ ਨਹੀਂ, ਲੋਕਾਂ ਕੋਲ ਹੀ ਹੁੰਦੀ ਹੈ। ਸਭ ਦਾਨਸ਼ਵਰਾਂ ਨੂੰ ਵਾਸਤਾ ਹੈ ਕਿ ਕਿਨਾਰਿਆਂ ਤੋਂ ਡੁੱਲ੍ਹਦੀਆਂ ਬਿਰਤੀਆਂ ਦੁਆਲੇ ਅੱਜ ਤਕ ਵਲੀਆਂ ਲਛਮਣ ਰੇਖਾਵਾਂ ਨੂੰ ਮੁੜ ਸੁਰਜੀਤ ਕਰੋ। ਬਾਬਾ ਨਾਨਕ ਦੇ ਉਪਦੇਸ਼ ‘ਮਨ ਨੂੰ ਜਿੱਤ ਕੇ ਜੱਗ ਜਿੱਤਣ’ ਵੱਲ ਗ਼ੌਰ ਕਰੋ। ਗਲਤੀ ਸਾਡੀ ਰਹੀ ਹੈ ਅਸੀਂ ਮੰਡੀ ਯੁੱਗ ਵਿੱਚ ਆਪਣੀ ਔਲਾਦ ਨੂੰ ਵਧੀਆ ਇਨਸਾਨ ਦੀ ਥਾਂ ਵਧੀਆ ਵਸਤ ਬਣਾਉਣ ਦੀ ਦੌੜ ਵਿੱਚ ਰੁੱਝੇ ਰਹੇ। ਆਓ, ਇਨ੍ਹਾਂ ਵਧੀਆ ਵਸਤਾਂ ਨੂੰ ਵਧੀਆ ਇਨਸਾਨ ਵੀ ਬਣਾਈਏ।

 

 ਡਾ. ਬਲਵਿੰਦਰ ਕੌਰ ਬਰਾੜ * ਸੰਪਰਕ:98883-59881

08 May 2013

Reply