|
ਮੁਕਾਈ ਜਾਵੇਂ ਜਿੰਦਗੀ.... |
ਚੱਲਦੀ ਹੀ ਜਾ ਰਹੀ, ਘਡੀ ਟਿਕ ਟਿਕ ਕਰਕੇ । ਜਿੰਦੇ ਰੱਬ ਨਾ ਧਿਆਇਆ, ਕਦੇ ਸੀਨੇ ਹੱਥ ਧਰਕੇ । ਮੁਡ ਜਨਮ ਨੀ ਮਿਲਣਾ ਏਹ, ਬੱਸ ਇਕ ਵਾਰ ਮਰਕੇ । ਐਵੇਂ ਨਿੱਤ ਨਵੇਂ ਪੰਗਿਆਂ ਚ, ਪਾਈਂ ਜਾਵੇਂ ਜ਼ਿੰਦਗੀ । ਕਿਉਂ ਕਾਮ-ਵਾਸਨਾ ਦੀ ਸੋਚ ਚ, ਮੁਕਾਈ ਜਾਵੇਂ ਜਿੰਦਗੀ ।
ਜਿਸਮਾ ਦੀ ਭੁੱਖ ਐਸੀ, ਕਦੇ ਨਹੀਓਂ ਮੁੱਕਣੀ । ਸਾਹਾਂ ਵਾਲੀ ਰੇਲ ਬੱਸ, ਇਕ ਵਾਰ ਈ ਹੈ ਰੁਕਣੀ । ਓਦੋਂ ਸੋਹਣੀ ਦੇਹ ਤੇਰੀ, ਲੁਕਾਇਆਂ ਵੀ ਨਾ ਲੁਕਣੀ । ਉਦਾਸੀਆਂ ਚ ਫੇਰ ਕਿਉਂ, ਬਿਤਾਈ ਜਾਵੇਂ ਜ਼ਿਂਦਗੀ । ਕਿਉਂ ਕਾਮ-ਵਾਸਨਾ ਦੀ ਸੋਚ ਚ, ਮੁਕਾਈ ਜਾਵੇਂ ਜਿੰਦਗੀ ।
ਦੇਖ ਹੋਰਾਂ ਦੀਆਂ ਚਡਾਈਆਂ, ਐਵੇਂ ਨਿੱਤ ਰਹਿਨੈ ਸਡਦੈਂ । ਨਵੇਂ ਪਟੋਲਿਆਂ ਨੂੰ ਪੱਟਣ ਦੀਆਂ, ਬੈਠ ਘਡਤਾਂ ਤੂੰ ਘਡਦੈਂ । ਔਕਾਤ ਨਾਲੋਂ ਵਧ ਚਡ, ਰੋਜ਼ ਗੱਲਾਂ ਰਹਿਨੈ ਕਰਦੈਂ । ਇੱਕ ਦਾ ਹੋ ਜਾ, ਨਾਲ ਜਿਸ ਦੇ ਨਿਭਾਈ ਜਾਵੇ ਜ਼ਿੰਦਗੀ । ਕਿਉਂ ਕਾਮ-ਵਾਸਨਾ ਦੀ ਸੋਚ ਚ, ਮੁਕਾਈ ਜਾਵੇਂ ਜਿੰਦਗੀ ।
ਮੰਨਦਾ ਮੈਂ ਤੇਰੇ ਲਈ, ਇਹ ਕੰਮ ਬਡਾ ਔਖਾ ਏ । ਪਰ ਜੋ ਤੂੰ ਕਰੀ ਜਾਨਾ, ਓਹੋ ਪਿਆਰ ਨਹੀਂ ਧੋਖਾ ਏ । ਫੇਰ ਕੀ ਹੋਇਆ, ਜੇ ਤੇਰੇ ਕੋਲ ਪੈਸਾ ਧੇਲਾ ਚੋਖਾ ਏ । ਚੰਗੇ ਕਰਮਾਂ ਤੋਂ ਬਿਨਾਂ, ਲੱਖਾਂ ਹੀ ਕਮਾਈ ਜਾਵੇਂ ਜ਼ਿੰਦਗੀ । ਕਿਉਂ ਕਾਮ-ਵਾਸਨਾ ਦੀ ਸੋਚ ਚ, ਮੁਕਾਈ ਜਾਵੇਂ ਜਿੰਦਗੀ ।
ਤੇਰੀ ਅੱਖਾਂ ਸਾਹਮਣੇ, ਬੱਸ ਛਾਇਆ ਪਾਪ ਦਾ ਹਨੇਰਾ ਏ । ਪੁੱਠੇ ਕੰਮਾ ਲਈ ਤੇਰੇ ਕੋਲ, ਸਮਾਂ ਵੀ ਬਥੇਰਾ ਏ । ਭੁੱਲ ਗਿਆਂ, ਅਸਲ ਵਿੱਚ ਮਾਲਕ ਜੋ ਤੇਰਾ ਏ । ਚੀਮੇ ਜਪ ਨਾਮ, ਆਖਰ ਨਾਲ ਸਾਂਈ ਜਾਵੇ ਜ਼ਿੰਦਗੀ । ਕਿਉਂ ਕਾਮ-ਵਾਸਨਾ ਦੀ ਸੋਚ ਚ, ਮੁਕਾਈ ਜਾਵੇਂ ਜਿੰਦਗੀ ।
|
|
20 Feb 2010
|