ਉਹ
ਤਕੜਾ ਨਗਮਾ-ਨਿਗਾਰ ਹੋਣਾ ਸੀ |
ਸੁੰਞਾ ਉਸ ਬਿਨਾਂ
ਹਰ ਕਵੀ ਦਰਬਾਰ ਹੋਣਾ ਸੀ |
ਪਰ
ਪੱਲੇ ਉਸਦੇ
ਨਹੀਂ ਸੀ ਧੇਲਾ,
ਉਪਰੋਂ ਨਹੀਂ ਸੀ
ਕੰਮ ਤੋਂ ਵੇਹਲਾ |
ਉਹ
ਸਿਰ 'ਤੇ ਚੁੱਕੀ ਵੱਟੇ,
ਜਿੰਨਾਂ
ਨਗਨ ਤਲੇ ਸੀ ਚੱਟੇ |
ਬੜੇ ਹੀ
ਅਫ਼ਸਾਨੇ ਘੜ ਦਿੰਦਾ ਸੀ,
ਵਰਕ ਤੇ ਨਹੀਂ, ਆਪਣੇ ਦਿਮਾਗ਼ 'ਚ ਹੀ
ਸੋਹਣੇ ਲਫ਼ਜ਼ਾਂ ਦੀਆਂ
ਮੇਖਾਂ ਜੜ ਦਿੰਦਾ ਸੀ |
ਉਹੀ ਮੇਖਾਂ ਆਖਿ਼ਰ
ਫੁਰਸਤ ਨਾ ਕਰਕੇ
ਹੋ ਗਈਆਂ ਜੰਗ-ਜੰਗ |
ਦਿਮਾਗ਼ ਜੋ ਬੜਾ ਖੁੱਲਾ ਹੈ
ਫਿ਼ਲਾਸਫਰਾਂ ਦੇ ਮਾਅਨੇ,
ਕਿੰਨੀਆਂ ਹੀ ਲਾਇਬਰੇਰੀਆਂ
ਸਮਾ ਜਾਣ ਨਾ ਜਾਣੇ,
ਉਸ ਲਈ ਹੋ ਗਿਆ ਤੰਗ-ਤੰਗ |
ਆਖਿ਼ਰ
ਲਫਜ਼ਾਂ ਦੀਆਂ ਮੇਖਾਂ ਮਰ ਗਈਆਂ,
ਦਿਮਾਗ਼ ਦੀਆਂ ਨਸਾਂ ਨੂੰ
ਅੰਦਰੇ-ਅੰਦਰ
ਖੋਖਲਾ ਕਰ ਗਈਆਂ |
ਅੱਜਕੱਲ
ਉਹ ਗੁੰਮਸ਼ੁਦਾ
ਮਾਨਸਿਕ-ਬੀਮਾਰ ਹੈ |
ਉਸ ਦੇ ਮਾਲਿਕਾਂ
ਜਿੰਨਾਂ ਦਾ ਕਰਜ਼ਦਾਰ ਹੈ,
ਛਪਵਾਇਆ ਅਖਬਾਰ 'ਚ
ਬੜਾ ਵੱਡਾ,
ਸੋਹਣਾ ਇਸ਼ਤਿਹਾਰ ਹੈ |
**ਇਕਬਾਲ ਸਿੰਘ ਗਿੱਲ**
|