Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੋਤੇ, ਤੰਤਰ ਤੇ ਲੋਕਤੰਤਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤੋਤੇ, ਤੰਤਰ ਤੇ ਲੋਕਤੰਤਰ

ਕੋਲਾ ਘੁਟਾਲੇ ਬਾਰੇ ਸੀ.ਬੀ.ਆਈ. ਵੱਲੋਂ ਦਾਖ਼ਲ ਹਲਫ਼ਨਾਮੇ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਬਿਊਰੋ ਨੂੰ ਸਖ਼ਤ ਝਾੜ ਪਾਉਂਦਿਆਂ ਇਸ ਨੂੰ ਪਿੰਜਰੇ ਵਿੱਚ ਬੰਦ ਸਰਕਾਰੀ ਤੋਤਾ ਕਿਹਾ ਹੈ। ਸੀ.ਬੀ.ਆਈ. ਦੇ ਡਾਇਰੈਕਟਰ ਰਣਜੀਤ ਸਿਨਹਾ ਨੇ ਮੰਨਿਆ ਕਿ ਤੋਤਾ-ਬੋਲੀ ਹੀ ਉਨ੍ਹਾਂ ਦੀ ਰਾਜ-ਭਾਸ਼ਾ ਹੈ। ਭਾਵ, ਕੇਂਦਰੀ ਜਾਂਚ ਬਿਊਰੋ ਉਹੀ ਬੋਲੀ ਬੋਲਦਾ ਹੈ ਜੋ ਇਸ ਨੂੰ ਰਟਾਈ ਜਾਂਦੀ ਹੈ। ਇਸ ਸੰਗਿਆ ਤੋਂ ਬਾਅਦ ਸਿਨਹਾ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਨੂੰ ਰੱਟੂ ਤੋਤੇ ਦਾ ‘ਸਨਮਾਨ’ ਮਿਲਦਾ ਹੈ। ਉਨ੍ਹਾਂ ਨੂੰ ਪਹਿਲਾਂ ਵਾਂਗ ਸਮਾਜਿਕ ਸਮਾਗਮਾਂ ਵਿੱਚ ਹਾਜ਼ਰ ਹੋਣ ਲਈ ਹੁਣ ਟਾਵੇਂ-ਟਾਵੇਂ ਸੱਦਾ-ਪੱਤਰ ਮਿਲਦੇ ਹਨ।
ਤੋਤੇ ਅਨੇਕਾਂ ਆਕਾਰ ਅਤੇ ਰੰਗ ਦੇ ਹੁੰਦੇ ਹਨ। ਤੋੜੇਦਾਰ ਬੰਦੂਕ ਦੇ ਘੋੜੇ ਅਤੇ ਤੋੜੇ ਨੂੰ ਪਲੀਤੇ ਵਿੱਚ ਲਾਉਣ ਦੀ ਚਿਮਟੀ ਨੂੰ ਵੀ ਤੋਤਾ ਕਹਿੰਦੇ ਹਨ। ਤੋਤੇ ਵਾਂਗ ਅੱਖ ਝਪਕਣ ਜਾਂ ਬਦਲਣ ਵਾਲੇ ਨੂੰ ਤੋਤਾਚਸ਼ਮ ਕਿਹਾ ਜਾਂਦਾ ਹੈ। ਕੇਂਦਰੀ ਜਾਂਚ ਬਿਊਰੋ ਵਿੱਚ ਉਪਰੋਕਤ ਸਾਰੇ ‘ਗੁਣ’ ਹਨ। ਪਿੰਜਰੇ ਵਿੱਚ ਪਏ ਤੋਤੇ ਦੀ ਹਾਲਤ ਹੋਰ ਵੀ ਤਰਸਯੋਗ ਹੁੰਦੀ ਹੈ।

12 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੱਥੇ ਕਵੀ ਗੁਰੂਦੇਵ ਰਬਿੰਦਰ ਨਾਥ ਟੈਗੋਰ ਦੀ ਤੋਤੇ ਬਾਰੇ ਲਿਖੀ ਕਹਾਣੀ ਯਾਦ ਆਉਂਦੀ ਹੈ। ਤੋਤੇ ਵੱਲੋਂ ਬਾਗ਼ ਦੇ ਪੱਕੇ ਫਲਾਂ ਨੂੰ ਠੂੰਗੇ ਮਾਰਨਾ, ਫੁਦਕਣਾ ਅਤੇ ‘ਲਟ-ਪਟ ਪੰਛੀ ਚਤਰ ਸੁਜਾਨ…’ ਗਾਉਣਾ ਬਾਦਸ਼ਾਹ ਨੂੰ ਪਸੰਦ ਨਹੀਂ ਸੀ। ਉਸ ਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਤੋਤੇ ਨੂੰ ਚੰਗੀ ਤਰ੍ਹਾਂ ਪੜ੍ਹਾ-ਲਿਖਾ ਕੇ ਅਕਲਮੰਦ ਬਣਾਇਆ ਜਾਵੇ। ਆਪਣੀ ਇਸ ਇੱਛਾ ਨੂੰ ਪੂਰੀ ਕਰਨ ਲਈ ਬਾਦਸ਼ਾਹ ਨੇ ਆਪਣੇ ਭਤੀਜੇ ਦੀ ਡਿਊਟੀ ਲਗਾਈ। ਭਤੀਜੇ ਨੇ ਸਭ ਤੋਂ ਪਹਿਲਾਂ ਸੁਨਿਆਰੇ ਨੂੰ ਸੱਦ ਕੇ ਤੋਤੇ ਲਈ ਸੋਨੇ ਦਾ ਖ਼ੂਬਸੂਰਤ ਪਿੰਜਰਾ ਬਣਵਾਇਆ। ਫਿਰ ਪੰਡਤ ਜੀ ਅਤੇ ਵਿਦਵਾਨਾਂ ਨੂੰ ਸੱਦ ਕੇ ਤੋਤੇ ਨੂੰ ਪੜ੍ਹਾਉਣ ਲਈ ਕਿਹਾ ਗਿਆ। ਸੋਨੇ ਦੇ ਪਿੰਜਰੇ ਵਿੱਚ ਤਾੜੇ ਹੋਏ ਪੰਛੀ ਨੂੰ ਦੇਖ ਕੇ ਲੋਕ ਉਸ ਨੂੰ ਭਾਗਾਂ ਵਾਲਾ ਕਹਿਣ ਲੱਗੇ। ਭਤੀਜੇ ਦੇ ਇੱਕ ਇਸ਼ਾਰੇ ਤੋਂ ਬਾਅਦ ਪਿੰਜਰੇ ਦੇ ਬਾਹਰ ਕਿਤਾਬਾਂ ਦੇ ਢੇਰ ਲੱਗ ਗਏ। ਬਾਦਸ਼ਾਹ ਨੇ ਭਤੀਜੇ ਦੀ ਸਿਫ਼ਾਰਸ਼ ’ਤੇ ਸਭ ਨੂੰ ਹੀਰੇ ਜਵਾਹਰਾਤ ਨਾਲ ਮਾਲਾ-ਮਾਲ ਕਰ ਦਿੱਤਾ। ਆਜ਼ਾਦ ਪੰਛੀ ਨੇ ਖੰਭ ਫੜਫੜਾਏ ਤੇ ਉਸ ਨੇ ਆਪਣੀ ਚੁੰਝ ਨਾਲ ਸੋਨੇ ਦੀਆਂ ਸਲਾਖਾਂ ਨੂੰ ਕੱਟਣ ਦੀ ਹਿਮਾਕਤ ਕੀਤੀ। ਤੋਤੇ ਦੀ ਇਸ ਗੁਸਤਾਖ਼ੀ ਤੋਂ ਬਾਅਦ ਲੁਹਾਰ ਨੂੰ ਬੁਲਾਇਆ ਗਿਆ ਜਿਸ ਨੇ ਆਪਣੇ ਸੰਦਾਂ ਨਾਲ ਉਸ ਦੇ ਖੰਭ ਨੋਚ ਸੁੱਟੇ ਤਾਂ ਜੋ ਤੋਤਾ ਭੁੱਲ ਕੇ ਵੀ ਉੱਡਣ ਦਾ ਸੁਪਨਾ ਨਾ ਲੈ ਸਕੇ। ਤੋਤੇ ਦੇ ਸੰਘ ਵਿੱਚ ਉੱਚ-ਪੱਧਰੀ ਸਿੱਖਿਆ ਦੀਆਂ ਕਿਤਾਬਾਂ ਦੇ ਪੰਨੇ ਤੂਸੇ ਜਾਣ ਲੱਗ ਪਏ। ਤੋਤਾ ਨਿਢਾਲ ਹੋ ਗਿਆ। ਬਾਦਸ਼ਾਹ ਨੇ ਇਸ ਵਿੱਦਿਆਦਾਨ ਬਦਲੇ ਭਤੀਜਾ ਸ੍ਰੀ ਨੂੰ ਸ਼ਾਬਾਸ਼ ਦਿੱਤੀ। ਫਿਰ ਬਾਦਸ਼ਾਹ ਨੇ ਉੱਚ-ਸਿੱਖਿਆ ਹਾਸਲ ਤੋਤੇ ਨੂੰ ਦੇਖਣ ਦੀ ਇੱਛਾ ਪ੍ਰਗਟਾਈ। ਚਾਰ-ਚੁਫ਼ੇਰੇ ਸ਼ਹਿਨਾਈਆਂ, ਗੀਤ-ਸੰਗੀਤ ਅਤੇ ਮੰਤਰ ਹਵਾ ਵਿੱਚ ਤੈਰ ਰਹੇ ਸਨ। ਬਾਦਸ਼ਾਹ ਖ਼ੁਸ਼ ਹੋਇਆ ਕਿ ਪਿੰਜਰੇ ਵਿੱਚ ਦਾਣੇ ਅਤੇ ਪਾਣੀ ਦੀ ਬਜਾਏ ਕਿਤਾਬਾਂ ਦੇ ਵਰਕੇ ਖਿੱਲਰੇ ਪਏ ਸਨ। ਕੁਝ ਕਾਗਜ਼ ਤੋਤੇ ਦੇ ਹਲਕ ਵਿੱਚ ਫਸੇ ਹੋਏ ਸਨ। ‘ਗੰਗਾ ਰਾਮ ਚੂਰੀ ਖਾਣੀ ਆ…’ ਕਿਸੇ ਨਹੀਂ ਸੀ ਪੁੱਛਿਆ। ਗੰਗਾ ਰਾਮ ਤਾਂ ‘ਸਭ ਦਾ ਰਾਖਾ ਸ੍ਰੀ ਭਗਵਾਨ’ ਵੀ ਕਹਿਣਾ ਭੁੱਲ ਚੁੱਕਿਆ ਸੀ। ਆਖਰ ਪੰਛੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਇਹ ਖ਼ਬਰ ਉੱਡਦੀ-ਉੱਡਦੀ ਬਾਦਸ਼ਾਹ ਦੇ ਕੰਨ ੀ ਪੈਂਦੀ ਹੈ। ਪੁੱਛਣ ’ਤੇ ਭਤੀਜਾ ਕਹਿੰਦਾ ਹੈ ਕਿ ਤੋਤੇ ਦੀ ਵਿੱਦਿਆ ਸੰਪੂਰਨ ਹੋ ਚੁੱਕੀ ਹੈ। ਟੈਗੋਰ ਦੀ ਇਸ ਅਮਰ ਕਹਾਣੀ ਦੇ ਪਾਠ ਤੋਂ ਬਾਅਦ ਹੀ ਸ਼ਾਇਦ ਖੱਬੇ ਪੱਖੀ ਮੋਰਚੇ ਦੇ ਆਗੂਆਂ ਨੇ ਪਹਿਲੀ ਵਾਰ ਗੁਰੂਦੇਵ ਦੀ ਕੋਲਕਾਤਾ ਵਿਖੇ 152ਵੀਂ ਜੈਅੰਤੀ ਮਨਾਈ ਹੈ। ਪਹਿਲਾਂ ਉਹ ਟੈਗੋਰ ਨੂੰ ਬੁਰਜੂਆ ਸਾਹਿਤਕਾਰ ਮੰਨ ਕੇ ਦੂਰੀ ਬਣਾਈ ਰੱਖਦੇ ਸਨ।
ਸਵਾਰਥੀ ਅਤੇ ਮੂਰਖ ਲੋਕਾਂ ਦਾ ਸ਼ਬਦ-ਚਿੱਤਰ ਉਲੀਕਦਿਆਂ ਭਾਈ ਗੁਰਦਾਸ ਨੇ ਤੋਤੇ ਅਤੇ ਬਾਂਦਰ ਦੀ ਉਦਾਹਰਨ ਦਿੱਤੀ ਹੈ:
    ਤੋਤਾ ਨਲੀ ਨ ਛਡਈ ਆਪਣ ਹਥੀਂ ਫਾਥਾ ਚੀਕੈ
    ਬਾਂਦਰੁ ਮੁਠਿ ਨ ਛਡਈ ਘਰ ਘਰਿ ਨਚੈ ਝੀਕਣੁ ਝੀਕੇ

(ਭਾਵ, ਤੋਤਾ ਨਲੀ ਨਹੀਂ ਛੱਡਦਾ ਅਤੇ ਆਪਣੇ ਹੱਥੀਂ ਆਪ ਹੀ ਫਸ ਕੇ ਚੀਕਦਾ ਹੈ। ਇਸੇ ਤਰ੍ਹਾਂ ਘੜੇ ਵਿੱਚ ਪਏ ਛੋਲਿਆਂ ਦੀ ਮੁੱਠ ਭਰ ਕੇ ਬਾਂਦਰ ਫਸ ਜਾਂਦਾ ਹੈ। ਲਾਲਚ ਵੱਸ ਉਹ ਮੁੱਠ ਨਹੀਂ ਖੋਲ੍ਹਦਾ ਜਿਸ ਕਰ ਕੇ ਉਹ ਫੜਿਆ ਜਾਂਦਾ ਹੈ। ਇਹ ਲਾਲਚ ਉਸ ਨੂੰ ਘਰ-ਘਰ ਨੱਚਣ ਲਈ ਮਜਬੂਰ ਕਰਦਾ ਹੈ। ਸੋਟੇ ਦੇ ਡਰ ਨਾਲ ਉਹ ਝਈਆਂ ਲੈਂਦਾ ਹੈ ਪਰ ਕਰ ਕੁਝ ਨਹੀਂ ਸਕਦਾ)।

12 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕੇਂਦਰੀ ਜਾਂਚ ਬਿਊਰੋ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ। ਸਰਕਾਰ ਬਦਲਦੀ ਹੈ ਤਾਂ ਤੋਤਾਚਸ਼ਮ ਅਫ਼ਸਰਸ਼ਾਹੀ ਵੀ ਅੱਖਾਂ ਬਦਲ ਲੈਂਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤੋਤੇ (ਸੀ.ਬੀ.ਆਈ.) ਨੂੰ ਆਜ਼ਾਦ ਕਰਨ ਦੀ ਲੋੜ ਹੈ। ਇਸ ਵੇਲੇ ਇਹ ਓਹੀ ਬੋਲੀ ਬੋਲ ਰਹੀ ਹੈ ਜੋ ਇਸ ਦਾ ਮਾਲਕ ਸਿਖਾਉਂਦਾ ਹੈ। ਵੇਖਿਆ ਜਾਵੇ ਤਾਂ ਸੀ.ਬੀ.ਆਈ. ਦੀ ਹਾਲਤ ਪਿੰਜਰੇ ਵਿੱਚ ਬੰਦ ਤੋਤੇ ਤੋਂ ਵੀ ਬਦਤਰ ਹੈ। ਮਾਲਕ (ਸਰਕਾਰ) ਬਦਲਣ ਨਾਲ ਇਸ ਨੂੰ ਨਵੇਂ ਮਾਲਕ ਦਾ ਸਬਕ ਰਟਣਾ ਪੈਂਦਾ ਹੈ। ਸੋਨੇ ਦੇ ਪਿੰਜਰੇ ਵਿੱਚ ਡੱਕੇ ਤੋਤੇ ਵਾਂਗ ਜਦੋਂ ਇਸ ਨੂੰ ਨਵੀਂ ਇਬਾਰਤ ਵਾਲੇ ਕਾਗਜ਼ ਚਿੱਥਣੇ ਪੈਂਦੇ ਹਨ ਤਾਂ ਫਿਰ ਰੱਬ ਹੀ ਰਾਖਾ ਹੁੰਦਾ ਹੈ।
ਇਹ ਵੀ ਇੱਕ ਇਤਫ਼ਾਕ ਹੈ ਕਿ ਪਵਨ ਕੁਮਾਰ ਬਾਂਸਲ ਅਤੇ ਅਸ਼ਵਨੀ ਕੁਮਾਰ ਦੀ ਕੇਂਦਰੀ ਕੈਬਨਿਟ ਵਿੱਚੋਂ ਛੁੱਟੀ ਹੋਣ ਦਾ ਕਾਰਨ ਸੀ.ਬੀ.ਆਈ. ਹੈ। ਦੋਵੇਂ ਪੰਜਾਬੀ ਹਨ, ਜਿਸ ਕਰਕੇ ਸੂਬੇ ਦੀ ਬਦਨਾਮੀ ਹੋਈ ਹੈ। ਜਿੱਥੇ ਬਾਂਸਲ ਨੂੰ ਭਣੇਵੇਂ ਵੱਲੋਂ ਕਰੋੜਾਂ ਦੀ ਰਿਸ਼ਵਤ ਲੈਣ ਦੇ ਮਾਮਲੇ ਤੋਂ ਬਾਅਦ ਅਸਤੀਫ਼ਾ ਦੇਣਾ ਪਿਆ, ਉੱਥੇ ਅਸ਼ਵਨੀ ਕੁਮਾਰ ਦੀ ਛੁੱਟੀ ਕੋਲਾ ਘੁਟਾਲੇ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਕੇ ਹੋਈ ਹੈ। ਪੰਜਾਬ ਦੇ ਮਾਲਵਾ ਖੇਤਰ ਤੋਂ ਜਦੋਂ ਬਾਂਸਲ ਚੰਡੀਗੜ੍ਹ ਆਏ ਸਨ ਤਾਂ ਉਨ੍ਹਾਂ ਕੋਲ ਮੋਪਿਡ ਹੋਇਆ ਕਰਦੀ ਸੀ। ਮੋਪਿਡ ਤੋਂ ਰੇਲ ਮੰਤਰੀ ਤਕ ਦਾ ਸਫ਼ਰ ਕਰਨ ਵਾਲੇ ਬਾਂਸਲ ਦਾ ਜਨਤਕ ਅਕਸ ਸਾਫ਼-ਸੁਥਰਾ ਸਮਝਿਆ ਜਾਂਦਾ ਸੀ। ਉਹ ਅਕਸਰ ਹੋਰਨਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਇਆ ਕਰਦੇ ਸਨ। ਉਹ ਕਹਿੰਦੇ ਸਨ ਕਿ ਭ੍ਰਿਸ਼ਟਾਚਾਰੀ ਸਭ ਤੋਂ ਵੱਧ ਭ੍ਰਿਸ਼ਟ ਹੁੰਦਾ ਹੈ। ਦੇਖਦੇ ਹੀ ਦੇਖਦੇ ਉਹ ਆਪਣੇ ਰਿਸ਼ਤੇਦਾਰਾਂ ਦੇ ਝੁਰਮਟ ਵਿੱਚ ਫਸ ਗਏ ਜਿਹੜੇ ਕੁਝ ਕੁ ਵਰ੍ਹਿਆਂ ਵਿੱਚ ਕਰੋੜਾਂ-ਅਰਬਾਂਪਤੀ ਬਣ ਗਏ। ਕਹਿੰਦੇ ਹਨ ਜਿਨ੍ਹਾਂ ਨੂੰ ਨੋਟ ਖਾਣ ਦੀ ਆਦਤ ਪੈ ਜਾਵੇ, ਉਨ੍ਹਾਂ ਦੀ ਭੁੱਖ ਕਿਸੇ ਹੋਰ ਸ਼ੈਅ ਨਾਲ ਨਹੀਂ ਮਿਟ ਸਕਦੀ। ਇਨ੍ਹਾਂ ਨੋਟ ਖਾਣ ਵਾਲੇ ਤੋਤਿਆਂ ਦੀ ਥਾਂ ਸੋਨੇ ਦੇ ਪਿੰਜਰੇ ਨਹੀਂ ਸਗੋਂ ਲੋਹੇ ਦੀਆਂ ਸਲਾਖਾਂ ਹੁੰਦੀਆਂ ਹਨ। ‘…ਤੋਤਿਆ, ਮਨਮੋਹਤਿਆ’ ਦੇ ਸੰਬੋਧਨ ਨਾਲ ਬੱਚੇ ਤੋਤਿਆਂ ਨੂੰ ਮੰਦੇ ਕੰਮਾਂ ਤੋਂ ਵਰਜਣ ਲਈ ਗੀਤ ਗਾਇਆ ਕਰਦੇ ਹਨ:
    ਤੋਤਾ ਏ ਸਿਕੰਦਰ ਦਾ
    ਪਾਣੀ ਪੀਵੇ ਮੰਦਰ ਦਾ
        …
    ਵੇ ਤੋਤਿਆ, ਮਨਮੋਹਤਿਆ
    ਤੈਨੂੰ ਆਖ ਰਹੀ
    ਤੈਨੂੰ ਵਰਜ ਰਹੀ
    ਤੂੰ ਓਸ ਗਲੀ ਨਾ ਜਾਹ
    ਓਸ ਗਲੀ ਦੇ ਲੋਕ ਬੁਰੇ
    ਜੋ ਲੈਂਦੇ ਫਾਹੀਆਂ ਪਾ

ਬਾਂਸਲ ਸਾਹਿਬ ਦਾ ਭਣੇਵਾਂ ਇਸ ਵੇਲੇ ਭਾਵੇਂ ਸਲਾਖਾਂ ਪਿੱਛੇ ਹੈ ਪਰ ਉਹ ਅਜੇ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਮੰਤਰਾਲੇ ਨੇ ਸਭ ਕੁਝ ‘ਨਿਯਮਾਂ’ ਮੁਤਾਬਕ ਕੀਤਾ ਹੈ। ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਸਾਬਕਾ ਕਾਨੂੰਨ ਮੰਤਰੀ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਜੋ ਕੀਤੈ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਹੈ। ਲੋਕਰਾਜ ਵਿੱਚ ਦਰਅਸਲ ਲੋਕਲਾਜ ਖ਼ਤਮ ਹੁੰਦੀ ਜਾ ਰਹੀ ਹੈ। ਰਾਜ-ਭਾਗ ਮਿਲਣ ਤੋਂ ਬਾਅਦ ਲੋਕ ਚੰਮ ਦੀਆਂ ਚਲਾਉਂਦੇ ਹਨ। ਦੋਵਾਂ ਮੰਤਰੀਆਂ ਨੇ ਕੁਝ ਮਹੀਨਿਆਂ ਵਿੱਚ ਅਜਿਹਾ ਹੀ ਕੀਤਾ ਹੈ। ‘ਚੰਮ ਦੇ ਸਿੱਕੇ’ ਚਲਾਉਣੇ ਪੰਜਾਬੀ ਦਾ ਮੁਹਾਵਰਾ ਹੈ। ਕਹਿੰਦੇ ਹਨ ਕਿ ਨਿਜ਼ਾਮ ਚਿਸ਼ਤੀ ਨੇ ਹਮਾਯੂੰ ਬਾਦਸ਼ਾਹ ਨੂੰ ਇੱਕ ਵੇਰਾਂ ਡੁੱਬਣ ਤੋਂ ਬਚਾਇਆ ਸੀ ਅਤੇ ਇਸ ਉਪਕਾਰ ਬਦਲੇ ਉਸ ਨੂੰ ਅੱਧੇ ਦਿਨ ਦੀ ਬਾਦਸ਼ਾਹਤ ਮਿਲੀ ਸੀ। ਇੰਨੇ ਘੱਟ ਸਮੇਂ ਵਿੱਚ ਉਸ ਨੇ ਧਾਤ ਦੇ ਸਿੱਕਿਆਂ ਦੀ ਥਾਂ ਚੰਮ ਦੇ ਸਿੱਕੇ ਚਲਾ ਦਿੱਤੇ ਸਨ।
ਕੁਝ ਟੀ.ਵੀ. ਚੈਨਲਾਂ ਨੇ ਬਾਂਸਲ ਵੱਲੋਂ ਆਪਣੀ ਕੁਰਸੀ ਬਚਾਉਣ ਲਈ ਚਿੱਟੇ ਬੱਕਰੇ ਦੀ ਬਲੀ ਦੇਣ ਬਾਰੇ ਫੁਟੇਜ ਦਿਖਾਈ ਹੈ। ਨਤੀਜਾ ਸਭ ਦੇ ਸਾਹਮਣੇ ਹੈ, ਬੱਕਰੇ ਦੀ ਜਾਨ ਗਈ ਤੇ ਬਾਂਸਲ ਦੀ ਕੁਰਸੀ। ਲੋਕਤੰਤਰ ਅਤੇ ਤੰਤਰ ਨੂੰ ਰਲਗੱਡ ਕਰਨ ਦੇ ਬਾਵਜੂਦ ਬੱਕਰੇ ਦੀ ਮਾਂ ਆਖਰ ਕਦੋਂ ਤਕ ਖੈਰ ਮਨਾਉਂਦੀ? ਨਤੀਜੇ ਵਜੋਂ ਲੋਕਤੰਤਰ ਅਤੇ ਤੰਤਰ, ਦੋਵਾਂ ਦਾ ਘਾਣ ਹੋ ਗਿਆ। ‘ਤੰਤਰ’ ਨੂੰ  ਪ੍ਰਾਚੀਨ ਭਾਰਤ ਵਿੱਚ ਜਾਦੂ-ਚਿੰਤਨ ਜਾਂ ਇਸ ਨਾਲ ਸਬੰਧਤ ਗਿਆਨ ਨੂੰ ਤੰਤਰ-ਸ਼ਾਸਤਰ ਕਿਹਾ ਜਾਂਦਾ ਸੀ। ਤੰਤਰ ਵਿੱਦਿਆ ਵਿੱਚ ਜੰਤਰ ਅਤੇ ਮੰਤਰ, ਦੋਵੇਂ ਸ਼ਾਮਲ ਹਨ। ਸਵਾਲ ਇਹ ਉੱਠਦਾ ਹੈ ਕਿ ਲੋਕਤੰਤਰ ਵਿੱਚ ਤੋਤਿਆਂ ਜਾਂ ਕਿਸੇ ਹੋਰ ਤੰਤਰ ਦੀ ਥਾਂ ਹੈ?

ਵਰਿੰਦਰ ਵਾਲੀਆ

12 May 2013

Reply