ਸਾਰੇ ਮੈਬਰ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ ਜੀ , , ,
ਇਹ ਕਵਿਤਾ ਗੋਮਤੀ ਨਦੀ ਨੂੰ ਮੁਖਾਤਿਬ ਹੈ , , ਜਿਸ ਨੇ ਬਿਹਾਰ ਵਿਚ ਕਹਿਰ ਮਚਾਇਆ ਹੈ , , ਆਪਣਾ ਰੁੱਖ ਬਦਲ ਲਿਆ ਹੈ , ,
ਏਹ ਤੇਰੀ ਮਰਜ਼ੀ ਸੀ
ਕਿ ਤੂੰ ਆਪਣਾ ਰੁੱਖ ਮੋੜ ਲਿਆ
ਕਿਨੇ ਜਾਨ ਤੋਂ ਗਏ
ਤੇ ਕਿਨਿਆਂ ਨੂੰ ਤੂੰ
ਆਪਨੇ ਘਰ ਤੋਂ ਬੇਘਰ ਕਰ ਦਿਤਾ
ਐ ਗੋਮਤੀ
ਤੇਰਾ ਵਹਿਣਾ ਨਿਰੰਤਰ ਜਾਰੀ ਹੈ
ਤੇਰੇ ਲਈ ਇਹ ਸੁਭਾਵਿਕ ਜਿਹਾ ਹੈ
ਪਰ ਕਫਨ ਤੋਂ ਬਿਨਾ ਰੁਲਦੀਆਂ ਲਾਸ਼ਾਂ
ਉਚੇ ਟਿਬਿਆਂ ਤੇ ਬੈਠੇ
ਕੁਸ਼ ਮਨੁੱਖੀ ਸਰੀਰ
ਰੋਟੀ ਦੇ ਟੁਕੜੇ ਦੀ ਉਡੀਕ ਵਿਚ ਫੈਲੇ ਹੱਥ
ਗਹਿਰੀਆਂ ਡੂੰਘੀਆਂ ਅੱਖਾਮ ਵਿਚ ਸੁੱਕੇ ਹੰਝੂ
ਕਿਸੇ ਹੈਲੀਕਾਪਟਰ ਨੂੰ ਵੇਖ
ਹਿਲਦੇ ਹੱਥ
ਨਿਰੰਤਰ ਮੌਤ ਨੂੰ ਉਡੀਕ ਰਹੇ ਹਨ
ਤੂੰ ਵੀ ਇਹ ਸੱਚ ਕਰ ਦਿਖਾਇਆ
ਕਿ ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ
ਸਿਆਸਤ ਆਪਣੀ ਚਰਮ ਸੀਮਾ ਤੇ ਹੈ
ਇੱਕ ਦੂਜੇ ਨੂੰ ਕੋਸਦੇ ਨੇਤਾ
ਕਹਿਣ ਲਈ ਤੇ ਸੁਨਾਣ ਵਿਚ ਯਕੀਨ ਕਰਦੇ ਹਨ
ਪਰ ਕੁਝ ਕਰਨ ਦੀ ਪ੍ਰਵਿਰਤੀ ਓਹਨਾਂ ਦੀ ਨਹੀਂ ਹੈ
ਕਿੰਨਾ ਚੰਗਾ ਹੁੰਦਾ
ਜੇ ਤੇਰਾ ਰੁੱਖ ਸਾਡੀ ਸਿਆਸਤ ਦੇ ਘਰ ਵੱਲ ਮੁੜ ਜਾਂਦਾ
ਏਸ ਵਿਚ ਵਹਿ ਜਾਂਦੇ ਸਭ ਓਹ ਮੂਕ ਦਰਸ਼ਕ
ਝੂਠੇ ਵਾਦੇ ਫੋਕੀਆਂ ਤਹਿਰੀਰਾਂ
ਕਰਸੀਆਂ ਦੀ ਦੌੜ
ਝੂਠੇ ਡੰਮ੍ਹ
ਭਾਈ ਭਤੀਜਾਵਾਦ
ਜੋ ਪਿਛਲੇ ਛੇ ਦਹਾਕਿਆਂ ਤੋਂ
ਸਾਡੀਆਂ ਜੜਾਂ ਖੋਖਲੀਆਂ ਕਰ ਰਹੇ ਹਨ
ਸੋਨ-ਚਿੜੀ ਦੇ ਖੰਭ ਨੋਚ ਰਹੇ ਹਨ
ਐ ਗੋਮਤੀ
ਤੂੰ ਅਹਿਸਤਾ ਅਹਿਸਤਾ ਸੱਚ ਕਹਿਣਾ ਸਿੱਖ ਲੈ
ਸੱਚ ਨੂੰ ਜਿਉਣਾ ਬਹੁਤ ਔਖਾ ਹੈ
ਪਰ ਤੂੰ ਕਿਸੇ ਹੱਦ ਵਿਚ ਨਹੀਂ ਬੱਧੀ ਹੋਈ
ਇੱਕ ਤੂੰ ਹੀ ਤਾਂ ਹੈ ਜੋ ਇਸ ਦੇਸ਼ ਵਿਚ ਅਜ਼ਾਦ ਹੈ
ਤੇਰੀ ਅਜ਼ਾਦੀ ਨਾਲ ਬੇਸ਼ੱਕ ਅਸੀਂ ਘਰ ਤੋਂ ਬੇਘਰ ਹੋ ਗਏ ਹਾਂ
ਕਫਨ ਤਲਾਸ਼ਦੀਆਂ ਲਾਸ਼ਾਂ ਦੀ ਕਸਮ ਐ ਤੈਨੂੰ
ਕਿ ਇਸ ਵਾਰ ਆਪਣਾ ਰੁੱਖ ਮੋੜ ਦਵੀਂ
ਭਰਿਸ਼ਟਾਚਾਰ ਵੱਲ, ਕੋਝੀ ਸਿਆਸਤ ਵੱਲ
ਬੇਰੁਜ਼ਗਾਰੀ ਦੇ ਦੈਂਤ ਵੱਲ
ਝੂਠੇ ਡੇਰਿਆਂ ਵੱਲ
ਰਾਜਸੀ ਮਹਿਲਾਂ ਵਿਚ ਵੱਸਦੇ
ਜ਼ਮੀਰ ਰਹਿਤ ਲੀਡਰਾਂ ਵੱਲ
ਸ਼ਾਹੀ ਠਾਠ-ਬਾਠ ਨੂੰ ਭੋਗਦੇ
ਵਿਲਾਸੀ ਪ੍ਰਵਿਰਤੀ ਦੇ ਚੁਨਿਂਦਾ ਬਸ਼ਿਦਿਆਂ ਵੱਲ
ਤਾਂ ਕਿ ਬਾਕੀ ਰਹਿ ਗਈ ਮਨੁੱਖਤਾ
ਤੇਰੀ ਰਿਣੀ ਹੋ ਸੱਕੇ
ਕਿਉਂ ਕਿ ਤੇਰੀ ਵਹਾ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ , , ,
ਕਿਉਂ ਤੇਰੀ ਵਹਾ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ , , ,
|