ਅੱਜ ਮੇਰੀ ਕਲਮ,
ਪਤਾ ਨਹੀਂ ਕਿਉਂ,
ਤੇਰੇ ਨਾਂਅ ਤੇ ਆ ਕੇ ਰੁੱਕ ਗਈ|
ਅੱਖਰ ਵੀ,
ਤੇਰੇ ਨਾਂਅ ਵਾਲੇ ਛੱਡ,
ਸਾਰੇ ਕਿਧਰੇ ਦੂਰ ਜਿਵੇਂ ਚਲੇ ਗਏ ਨੇ|
ਕਦੇ ਕਲਮ,
ਤੇ ਕਦੇ ਕਾਗਜ਼,
ਮੈਂ ਵਾਰ ਵਾਰ ਵੇਖੀ ਜਾਵਾਂ|
ਪਾਣੀ ਵਾਂਗ,
ਵਹਿੰਦੀ ਉਹ ਕਲਮ,
ਅੱਜ ਤੇਰੇ ਨਾਂਅ ਤੇ ਅੜ ਗਈ|
ਕੀ ਸੀ?
ਕੁਝ ਵੀ ਤੇ ਨਹੀਂ,
ਆਮ ਜਿਹਾ ਹੀ ਤੇ ਨਾਂਅ ਸੀ|
ਝਾਕੀਂ ਜ਼ਰਾ ਅੰਦਰ,
ਕਲਮ ਕਹਿੰਦੀ,
ਤੇਰੀ ਤੇ ਦੁਨੀਆ ਇਸੇ ਨਾਂਅ 'ਚ ਸੀ|
ਫਿਰ ਊਹ ਕਲਮ,
ਕਰ ਗੱਲਾਂ,
ਮੈਨੂੰ ਤੇਰੇ ਵੱਲ ਲਿਜਾਣ ਲੱਗੀ|
ਕਹਿੰਦੀ,
ਸੋਚ ਜ਼ਰਾ,
ਕੀ ਰੱਖਿਆ ਇਸ ਨਾਂਅ ਵਿੱਚ|
ਚੁਭੀ ਮਾਰ,
ਆਪਣੇ ਮਨ ਵਿੱਚ,
ਮੈਂ ਫਿਰ ਤੇਰੇ ਨਾਂਅ ਦਾ ਮੋਤੀ ਕੱਢਿਆ|
ਅਤੇ ਕਿਹਾ ਵੇਖ!
ਮੇਰੇ ਜੀਵਨ ਦਾ,
ਸਭ ਤੋਂ ਅਨਮੋਲ ਖ਼ਜ਼ਾਨਾ, ਇਹ ਨਾਂਅ|
ਮੇਰੇ ਸਾਹਿਂ ,
ਮੇਰੇ ਖਿਆਲਾਂ ਵਿੱਚ,
ਰੱਬ ਤੋਂ ਬਾਦ ਇਹ ਹੀ ਤਾਂ ਹੈ!
ਮੇਰੀ ਸੋਚ,
ਮੇਰੀ ਦੁਨੀਆ ਵਿੱਚ,
ਪਹਿਲਾ ਰੱਬ, ਦੂਜਾ ਇਹ ਹੀ ਤਾਂ ਹੈ!
ਫਿਰ ਵੀ ਹਾਰ ਕੇ,
ਆਪ ਨੂੰ ਪੁੱਛਾਂ,
ਕੀ ਰੱਖਿਆ ਹੈ ਇਸ ਤੇਰੇ ਨਾਂਅ ਵਿੱਚ|
ਪਤਾ ਨਹੀਂ,
ਕੀ ਹੈ,
ਅਜਬ ਜਿਹੇ ਤੇਰੇ ਇਸ ਨਾਂਅ ਵਿੱਚ
|