Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਰਿੰਡ- ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਭਰਿੰਡ- ਰੂਪ ਢਿੱਲੋਂ

ਚਾਨਣੀ ਰਾਤ ਆਈ ਅਤੇ ਚੰਨ ਨੇ ਅਪਣੇ ਮੁਖੜੇ ਅੱਗੋਂ ਘੁੰਡ ਲਾਹ ਦਿੱਤਾ। ਚਾਨਣੀ ਨੇ ਸਾਰੇ ਸ਼ਿਕਾਰ, ਅਵਾਰਾ ਜੰਤੂਆਂ ਨੂੰ ਹਨੇਰੇ ਵਿੱਚੋਂ ਉਘਾੜ ਦਿੱਤਾ। ਰਾਤ ਦੇ ਪ੍ਰੇਮ ਪਿਆਸੇ, ਰੰਡੀਬਾਜ਼ ਅਤੇ ਅਮਲੀ ਹੁਣ ਹਨੇਰੇ ਵਿੱਚ ਲੁਕ ਨਹੀਂ ਸਕਦੇ ਸੀ। ਸਭ ਕੁਝ ਦਿੱਸਦਾ ਸੀ। ਚੰਦ ਨੇ ਜੋ ਓਹਲੇ ਸੀ ਸਾਹਮਣੇ ਕਰ ਦਿੱਤਾ।

ਇਸ ਚਾਨਣੀ ਰਾਤ ਵਿੱਚ ਹੀਰਾ ਰੁਲਿਆ ਭੁਲਿਆ ਤੁਰਦਾ ਫਿਰਦਾ ਸੀ। ਹੀਰਾ ਚਾਨਣ ਵਿੱਚ ਦੇਖਣ ਵਾਲਿਆਂ ਨੂੰ ਤੁਰਦਾ ਫਿਰਦਾ ਲਾਸ਼ ਵਾਂਗ ਜਾਪਦਾ ਹੋਵੇਗਾ। ਲੋਇਣ ਬੇਜਾਨ ਸਨ; ਸ਼ਰੀਰ ਵਿੱਚੋਂ ਜਾਨ ਚੱਲੀ ਗਈ ਸੀ। ਸਾਰਾ ਦਿਨ ਅਫੀਮ ਖਾ ਖਾ ਕੇ ਇਸ ਖਸਤੇ ਹਾਲਤ ਵਿੱਚ ਪਹੁੰਚ ਗਿਆ ਸੀ।

ਹੀਰਾ ਸਾਰਾ ਦਿਨ ਸੜਕ ਦੇ ਪਾਸੇ ਬਹਿਕੇ ਆਪਣੋ ਆਪ ਨੂੰ ਨਸ਼ਾ ਚੜ੍ਹਾਉਂਦਾ ਸੀ। ਇੱਦਾਂ ਗੁੰਮ ਸੁਮ ਰਹਿੰਦਾ ਸੀ। ਪਤਾ ਨਹੀਂ ਜੀਣ ਦੀ ਆਸ ਨੇ ਹੀਰੇ ਨੂੰ ਛੱਡ ਦਿੱਤਾ ਜਾਂ ਆਸ ਨੇ ਹੀਰੇ ਨੂੰ। ਉਹਦਾ ਸਾਥ ਲਫੰਗੇ ਪਨ ਦੀ ਜ਼ਿੰਦਗੀ ਨੇ। ਅਪਣੇ ਆਪ ਤੋਂ ਦੂਰ ਹੋ ਗਿਆ, ਨਾਲੇ ਟੱਬਰ ਤੋਂ।

ਹੀਰੇ ਦੇ ਮਾਂ-ਪਿਉ ਨੇ ਬਹੁਤ ਕੋਸ਼ਿਸ਼ ਕੀਤੀ ਸੀ ਉਸਨੂੰ ਚੁੰਗੇ ਰਾਹ ਰੱਖਣ ਦੀ। ਪਰ ਕੀ ਕਰੇ? ਜ਼ਮੀਨ ਚਾਰ ਭਰਾਵਾਂ ਵਿੱਚ ਵੰਡੀ, ਫਿਰ ਹਰੇਕ ਦੇ ਨਿਆਣਿਆਂ ਨੂੰ ਹਿੱਸੇ ਮਿਲੇ। ਹੀਰੇ ਲਈ ਕੁਝ ਬੱਚਿਆ ਨਹੀਂ; ਨਾਲੇ ਜੋ ਸੀਗਾ, ਮਸਤੀਆਂ ਵਿੱਚ, ਮਿਤਰਾਂ ਨਾਲ ਆਨੰਦ ਕਰਦੇ ਨੇ ਖਰਚ ਦਿੱਤਾ। ਬਾਹਰਲਿਆਂ ਨੇ ਘਰ ਦਾ ਕੰਮ ਕੀਤਾ ਤੇ ਹੀਰੇ ਨੇ ਅਰਾਮ ਕੀਤਾ। ਫਿਰ ਜੋ ਖਰਚ ਵੱਧੇ ਤੇ ਪਿਉ ਨੇ ਕਰਜ਼ ਚੱਕਿਆ, ਪਰ ਲਾਹ ਨਹੀਂ ਸਕਿਆ। ਹਾਰਕੇ ਮਜਬੂਰੀ ਵਿੱਚ ਉਸਨੂੰ ਇੱਕ ਹੀ ਰਾਹ ਦਿੱਸਿਆ: ਆਤਮਹੱਤਿਆ ਕਰ ਲਈ। ਉਸ ਤੋਂ ਬਾਅਦ ਸਾਰਾ ਕਾਰੋਬਾਰ ਹੀਰ ਦੇ ਹੱਥਾਂ ਵਿੱਚ ਰਹਿ ਗਿਆ। ਪਰ ਹੀਰੇ ਨੇ ਤਾਂ ਫਾਹਾ ਵੱਢ ਦਿੱਤਾ। ਮਾਂ ਭੈਣ ਰਿਹ ਗਏ, ਪਰ ਹੀਰੇ ਦੇ ਸਹਾਰੇ ਤੋਂ ਬਿੰਨਾ ਕੀ ਕਰ ਸਕਦੇ ਸੀ? ਨੌਕਰੀ ਨਹੀਂ ਮਿਲੀ, ਨਾ ਹੀ ਪਰਦੇਸ ਜਾਣ ਲਈ ਪੈਸੇ ਸੀ। ਸੋ ਗਲਤ ਰਾਹ ਪੈ ਗਿਆ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਹੀਰੇ ਦੀ ਆਨ ਨੇ ਉਸਨੂੰ ਕਾਮੇ ਬਣਨ ਤੋਂ ਰੋਕ ਦਿੱਤਾ। ਜਦ ਪੰਜਾਬੀਆਂ ਦੇ ਥਾਂ ਬਾਹਰਲਿਆਂ ਨੂੰ ਕੰਮ ਮਿਲ ਗਿਆ, ਸਮਝੋਂ ਹੀਰੇ ਵਰਗਿਆਂ ਨੇ ਪੰਜਾਬ ਉਨ੍ਹਾਂ ਦੇ ਹਵਾਲੇ ਕਰ ਦਿੱਤਾਂ। ਉਸਦੀ ਆਕੜ ਨੇ ਖੇਤੀ ਤੋਂ ਛੁੱਟ ਹੋਰ ਕੰਮ ਕਰਨ ਨਹੀਂ ਦਿੱਤਾ। ਫਿਰ ਰਹਿ ਕੀ ਗਿਆ? ਅਫੀਮ ਦਾ ਸ਼ੌਕੀ ਬਣ ਗਿਆ। ਰੋਜ ਠੇਕਿਆਂ 'ਚੋਂ ਨਸ਼ੇ ਖਰੀਦ ਦਾ ਸੀ। ਜਦ ਸ਼ਰਾਬ ਨਾਲ ਸਰੂਰ ਚੜ੍ਹ ਜਾਂਦਾ ਤਾਂ ਹੀਰਾ ਕਿਸੇ ਕੰਮ ਦੇ ਲਾਇਕ ਨਹੀਂ ਰਹਿੰਦਾ। ਮਾਂ ਦੇ ਦਰਿਆ ਦੇ ਵਹਿਣ ਵਾਂਗੂੰ ਅਥਰੂ ਵਗੇ ਸਨ। ਪਰ ਭੈਣ ਇੰਨ੍ਹੀ ਪੋਲੀ ਨਹੀਂ ਸੀ। ਉਸਨੇ ਵਿਆਹ ਕਰਕੇ ਫਟਾ ਫਟ ਵੀਰ ਨੂੰ ਬੇਘਰ ਕਰ ਦਿੱਤਾ। ਜਦ ਹੀਰਾ ਸੋਫੀ ਹੋ ਜਾਂਦਾ, ਫਿਰ ਸ਼ਰਮ ਆ ਜਾਂਦੀ ਸੀ। ਇਸ ਸ਼ਰਮ ਨੇ ਹਨੇਰੇ ਵਿੱਚ ਹੀਰੇ ਨੂੰ ਕੈਦ ਕਰ ਦਿੱਤਾ। ਸਵੇਰੇ ਅਪਣਾ ਚਿਹਰਾ ਗੱਟਰ ਵਿੱਚ ਲੁਕਾਕੇ ਬੈਠਦਾ ਸੀ ਤੇ ਰੈਣ ਦੀ ਬੁਲਕ ਵਿੱਚ ਇਧਰ ਉਧਰ ਚਰਸ ਖਰੀਦਦਾ ਫਿਰਦਾ ਸੀ।

ਚੜਦਾ ਦਿਨ ਸਭ ਨੂੰ ਹੀਰੇ ਦਾ ਮੁਖ ਖੁਲ੍ਹੀ ਤਰ੍ਹਾਂ ਦਿਖਾਉਂਦਾ ਸੀ। ਰਾਤ ਉਸਦੇ ਬੁਰੇ ਹਾਲ, ਨਾਲੇ ਨਿਕੰਮੀ ਜ਼ਿੰਦਗੀ ਨੂੰ, ਛੁਪਾਕੇ ਰੱਖਦੀ ਸੀ। ਹਨੇਰਾ ਉਸਦੇ ਉੱਤੇ ਰਹਿਮ ਕਰਦਾ ਸੀ, ਕਿਉਂਕਿ ਹੀਰੇ ਵਰਗੇ ਕਈ ਗਵਾਚੇ ਰੁਲੇ ਰਾਤ ਦੇ ਪਰਦੇ ਪਿੱਛੇ ਲੁਕ ਸਕਦੇ ਸੀ। ਇਸ ਵੇਲੇ ਉਨ੍ਹਾਂ ਵਰਗੇ ਲੋਕ, ਜਾਨਵਰ ਅਤੇ ਹੋਰ ਅਜੀਬ ਸਜੀਵ ਬਾਹਰ ਆਉਂਦੇ ਸਨ। ਪਰ ਅੱਜ ਦੀ ਰਾਤ ਗੱਲ ਹੋਰ ਸੀ। ਜਦ ਚੰਦ ਨੇ ਹੇਠਾ ਝਾਤੀ ਮਾਰੀ, ਉਸਨੂੰ ਗੁੱਸਾ ਆਗਿਆ। - ਰਾਤ ਤੂੰ ਕਿਉਂ ਇਸ ਪਾਪੀਆਂ ਨੂੰ ਲੁਕਾਉਂਦੀ ਹੈ? ਇਸ ਮੂਡ ਵਿੱਚ ਚੰਦ ਨੇ ਧਰਤੀ ਵੱਲ ਚਾਨਣ ਸੁੱਟ ਦਿੱਤਾ।

ਹੀਰਾ ਦੇ ਮਨ ਵਿੱਚ ਇੱਕ ਹੀ ਗੱਲ ਸੀ। ਉਹ ਆਪਣੀਆਂ ਨਾੜਾਂ ਵਿੱਚ ਸੂਈ ਖੋਭਕੇ ਨਸ਼ੇ ਵਿੱਚ ਗੁੰਮਣਾ ਚਾਹੁੰਦਾ ਸੀ। ਜਦ ਰੈਣ ਨੇ ਉਸਨੂੰ ਧ੍ਰੋਹ ਕੀਤਾ, ਪਾਰਕ ਦੇ ਗੰਦੇ ਖੂੰਜੇ ਬੈਂਚ ਟੋਲਕੇ ਰੁੱਖਾਂ ਦੀ ਛਾਂ ਥੱਲੇ ਬਹਿ ਗਿਆ। ਆਪਣੀ ਬਾਂਹ ਨੰਗੀ ਕੀਤੀ। ਫਿਰ ਇੱਕ ਰੱਸੀ ਜੋਰ ਦੇਣੀ ਬਾਂਹ ਉੱਤੇ ਲੁਪੇਟ ਦਿੱਤੀ। ਇਸ ਨਾਲ ਨਾੜ ਰਾਤ ਦੇ ਚਾਨਣ ਵਿੱਚ, ਦਰਖਤਾਂ ਦੇ ਛਾਂ ਹੇਠਵੀ ਦਿੱਸਦੀ ਸੀ। ਉਂਗਲੀ ਨਾਲ ਨਾੜ ਦਬੀ। ਜਦ ਨਾੜ ਵੱਖ ਹੋ ਗਈ, ਤਾਂ ਇੱਕ ਸੂਈ ਵਿੱਚ ਚੋਭ ਦਿੱਤੀ। ਪਿਚਕਾਰੀ ਨੂੰ ਦਬਕੇ ਅਫੀਮ ਦਾ ਸ਼ੋਟ ਲਹੂ ਵਿੱਚ ਪਾ ਦਿੱਤਾ। ਹੌਲੀ ਹੌਲੀ ਨਸ਼ੇ ਵਿੱਚ ਗੁਮ ਗਿਆ। ਜੇ ਇਸ ਵੇਲੇ ਹੀਰੇ ਨੇ ਉਪਰ ਝਾਤੀ ਮਾਰੀ ਹੁੰਦੀ, ਤਾਂ ਉਸਨੂੰ ਅਨੋਖੀ ਚੀਜ਼ ਦਿੱਸਣੀ ਸੀ। ਪਰ ਨਾਂ ਹੀ ਓਨ੍ਹੇ ਦੇਖਿਆ, ਨਾਂ ਹੀ ਸੁਣਿਆ।

ਉਪਰ ਕੁਝ ਭੀਂ ਭੀਂ ਕਰਦਾ ਸੀ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਪੁਲਾੜ ਦੇ ਹਨੇਰੇ ਵਿੱਚੋਂ ਆਇਆ ਸੀ। ਭੂਮੀ ਵੱਲ ਖਿਚ ਨੇ ਉਸਨੂੰ ਲਿਆਂਦਾ, ਕਣੇ ਕੁਝ ਭਾਲਦਾ ਸੀ। ਉਸਦੀ ਆਵਾਜ਼ ਭੀਂ ਭੀਂ ਕਰਦੀ ਸੀ। ਉਸ ਦੀਆਂ ਅੱਖਾਂ ਆਦਮੀ ਤੋਂ ਵੱਖਰੀਆਂ ਦਿਖਾਈ ਦਿੰਦੀਆਂ ਸਨ। ਇਸ ਨੂੰ ਸਭ ਕੁਝ ਅਜੀਬ ਲਗਦਾ ਸੀ। ਹਨੇਰੇ ਵਿੱਚ ਉਸਨੇ ਰੁੱਖ ਹੇਠ ਇੱਕ ਬੰਦਾ ਦੇਖ ਲਿਆ ਸੀ। ਬੰਦੇ ਤਾਂ ਬਥੇਰੇ ਹੋਰ ਤੁਰਦੇ ਫਿਰਦੇ ਸੀ, ਪਰ ਇਸ ਆਦਮੀ ਵੱਲ ਖਿੱਚ ਸੀ। ਪਤਾ ਨਹੀਂ ਕਿਉਂ, ਪਰ ਖਿੱਚ ਸੀਗੀ। ਉਹ ਬੰਦੇ ਦੇ ਨੇੜੇ ਉੱਡਕੇ ਗਿਆ। ਉਸਨੂੰ ਅਪਣਾ ਪਰਛਾਵਾਂ ਹੀਰੇ ਦੀਆਂ ਅੱਖਾਂ ਦੀਆਂ ਪੁਤਲੀਆਂ ਵਿੱਚ ਦਿੱਸਦਾ ਸੀ। ਉਂਝ ਉਸਦੇ ਨੈਣਾਂ ਨੂੰ ਤਾਂ ਹਜ਼ਾਰ ਹਜ਼ਾਰ ਦਾਣੇ ਦੀਂਦੇ ਸਨ, ਪਰ ਜੇਕਰ ਆਦਮੀ ਦੇ ਲੋਇਣ ਹੁੰਦੇ, ਸਾਫ਼ ਭਰਿੰਡ ਦਾ ਰੂਪ ਦਿੱਸਣਾ ਸੀ। ਇੱਕ ਡੇਹਮੂ ਦਾ ਚਿਹਰਾ ਪੁਤਲੀਆਂ ਵਿੱਚੋਂ ਵਾਪਸ ਝਾਕਦਾ ਸੀ।

ਉਸ ਪੁਲਾੜ ਦੇ ਭਰਿੰਡ ਨੂੰ ਨੰਗੀ ਬਾਂਹ ਵਿੱਚ ਹਾਲੇ ਫਸਾਈ ਸੂਈ ਦਿੱਸ ਗਈ। ਨਾੜ ਵੱਲ ਖਿੱਚ ਪੈ ਗਈ। ਆਪਣੀ ਸੂਈ ( ਕਹਿਣ ਦਾ ਮਤਲਬ ਡੰਗਣ) ਨੂੰ ਬਾਂਹ ਵਿੱਚ ਚੋਭ ਦਿੱਤੀ। ਆਦਮੀ ਨੂੰ ਤਾਂ ਮਹਿਸੂਸ ਨਹੀਂ ਹੋਇਆ। ਜਦ ਜ਼ਹਿਰ ਨਾੜਾਂ ਵਿੱਚ ਦੌੜ ਗਈ, ਡੇਜਮੂ ਖੋਭੀ ਸੂਈ ਵਿੱਚ ਛੱਡਕੇ ਭੀਂ ਭੀਂ ਕਰਦਾ ਉੱਡ ਗਿਆ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਜਦ ਹੀਰਾ ਉੱਠਿਆ, ਦਿਨ ਚੜ੍ਹ ਗਿਆ ਸੀ। ਕੀ ਪਤਾ ਸੂਰਜ ਨੂੰ ਉਸ ਉੱਤੇ ਤਰਸ ਆਇਆ, ਜਾਂ ਹਾਲੇ ਅਫ਼ੀਮ ਦਾ ਅਸਰ ਉਤਰਿਆ ਨਹੀਂ, ਪਰ ਗਰਮੀ ਓਹਨੂੰ ਮਹਿਸੂਸ ਨਹੀਂ ਹੋਈ। ਦਿਨ ਘੰਟੇ ਘੰਟੇ ਬਾਅਦ ਬਹੁਤ ਗਰਮ ਹੋਗਿਆ। ਹੀਰਾ ਬੈਂਚ ਤੋਂ ਦੁਪਹਿਰ ਤੱਕ ਨਹੀਂ ਹਿੱਲਿਆ। ਜਦ ਉੱਠਿਆ, ਤਾਂ ਸ਼ਰੀਰ ਇੱਕ ਦਮ ਹੋਰ ਨਸ਼ਾ ਭਾਲਦਾ ਸੀ। ਬਾਗ ਵਿੱਚੋਂ ਨਿਕੱਲਕੇ ਬਿਨਾ ਦੇਖੇ ਸੜਕ ਨੂੰ ਪਾਰ ਕਰਨ ਲੱਗ ਪਿਆ। ਦੋਨੋਂ ਪਾਸੋਂ ਗੱਡੀਆਂ ਬੱਸਾਂ ਆਉਂਦੀਆਂ ਜਾਂਦੀਆਂ ਸੀ। ਅੱਧਾ ਤਾਂ ਬੇਹੋਸ਼ ਸੀ। ਜਦ ਕੋਈ ਟਰੱਕ ਦੇ ਸਾਹਮਣੇ ਡਿੱਗਦਾ ਫਿਰਦਾ ਥਿੜਕਿਆ, ਹਾਰਨ ਹੱਸਦੇ ਸੀ, ਲੋਕ ਗਾਲਾਂ ਕੱਢਦੇ ਸੀ। ਇੱਕ ਬੱਸ ਤਾਂ ਵਿੱਚ ਵੱਜਣ ਹੀ ਲੱਗੀ ਸੀ, ਉਸਦੀ ਗ੍ਰਿੱਲ ਹੀਰੇ ਨੂੰ ਚੁੰਮਣ ਹੀ ਲੱਗੀ ਸੀ। ਡ੍ਰਾਈਵਰ ਨੇ ਹੀਰੇ ਦੇ ਮਾਂ ਭੈਣ ਇਕ ਕਰ ਦਿੱਤੀ, ਪਰ ਹੀਰਾ ਹੱਥ ਉੱਪਰ ਕਰਕੇ ਬੇਫਿਕਰ ਹੋਕੇ ਤੁਰੀ ਗਿਆ।

ਹੀਰੇ ਦੇ ਮਨ ਵਿੱਚ ਤਾਂ ਇੱਕ ਹੀ ਸੋਚ ਸੀ; ਉਸਨੇ ਭਵਨ ਸਿਉਂ ਦੇ ਕੋਲੇ ਪਹੁੰਚਣਾ ਸੀ। ਭਵਨ ਸਿਉਂ ਦਾ ਖਾਸ ਖਰੀਦਦਾਰ ਸੀ, ਹੀਰਾ। ਹੀਰੇ ਨੂੰ ਉਸ ਤੋਂ ਭੰਗ, ਡੋਡੇ ਅਤੇ ਕਈ ਹੋਰ ਕੁਝ ਮਿਲਦਾ ਸੀ।

ਭਵਨ ਦੇ ਕੋਲ ਨਿਕੀ ਜਹੀ ਦੁਕਾਨ ਸੀ ਵੱਡੇ ਮਾਲ ਦੇ ਦਰਿਆਂ ਨਾਲ। ਦਰਅਸਲ ਕੇਵਲ ਕੁਲਫ਼ੀ ਵੇਚਣ ਵਾਲੀ ਛਤਰੀ ਸੀ। ਉਂਝ ਦੇਖਣ ਵਾਲੇ ਨੂੰ ਤਾਂ ਇੱਦਾਂ ਹੀ ਲਗਦਾ ਸੀ। ਸਾਫ਼ ਸੁਥਰਾ ਬੰਦਾ ਸੀ। ਪੱਗ ਟੋਹਰ ਨਾਲ ਬੰਨ੍ਹੀ ਸੀ। ਹਮੇਸ਼ਾ ਅੰਗ੍ਰੇਜ਼ੀ ਪੈਂਟ ਕਮੀਜ਼ ਪਾਏ ਸਨ। ਕੁੰਡੀਆਂ ਮੁੱਛਾ ਤੇ ਅੱਖਾਂ ਨਕਾਬੀ ਐਨਕ ਦੇ ਪਿੱਛੇ ਲੁਕੋਈਆਂ ਸਨ, ਜਿੱਦਾਂ ਕੋਈ ਰਾਜ਼ ਛੁਪਾਇਆ ਸੀ। ਸੱਚ ਮੁੱਚ ਭੇਤ ਸੀ, ਕਿਉਂਕਿ ਕੁਲਫ਼ੀ ਨਾਲ ਹੱਥ ਦੀ ਸੁਫਾਈ ਨਾਲ ਖਾਸ ਗਾਹਕ ਨੂੰ ਅਫ਼ੀਮ ਫੜਾ ਦੇਂਦਾ ਸੀ। ਆਮ ਗਾਹਕ ਨੂੰ ਮਹਿਸੂਸ ਨਹੀਂ ਹੁੰਦਾ ਸੀ ਕਿ ਭਵਨ ਦੇ ਖਾਸ ਖਰੀਦਦਾਰ ਕੁਲਫ਼ੀ ਦੇ ਮੁਲ ਤੋਂ ਵੱਧ ਪੈਸੇ ਉਸਦੇ ਹੱਥ'ਚ ਰੱਖ ਦੇ ਸੀ। ਲੋਕਾਂ ਨੂੰ ਤਾਂ ਬਹੁਤ ਮਹਾਨ ਮਰਦ ਲੱਗਦਾ ਸੀ। ਉਸਦੇ ਛਤਰੀ ਦੇ ਆਲੇ ਦੁਆਲੇ ਗੁਰੂਆਂ, ਸੰਤਾਂ, ਪੀਰਾਂ ਦੀਆਂ ਕਈ ਤਸਵੀਰਾਂ ਸਨ। ਹਰ ਰੋਜ ਸਾਰਿਆਂ ਸਾਹਮਣੇ ਮੱਥਾ ਟੇਕਦਾ ਸੀ। ਗੁਰੁਦਵਾਰੇ ਰੋਜ ਜਾਂਦਾ ਸੀ, ਆਪਣੀ ਵਹੁਟੀ ਅਤੇ ਸਾਊ ਧੀਆਂ ਨਾਲ। ਪਰ ਅੰਦਰਲਾ ਚੱਕਰ ਤਾਂ ਹੋਰ ਹੀ ਸੀ।

ਭਵਨ ਫਫੜੇ ਹੱਥਾ ਸੀ। ਸਮਾਜ ਵਿੱਚ ਇੱਜ਼ਤ ਨਾਲ ਖੜ੍ਹਦਾ ਸੀ, ਗਿਆਨੀ ਵਾਂਗ ਧਾਰਮਿਕ ਜਾਪਦਾ ਸੀ। ਪਰ ਅੱਧੀ ਰਾਤ ਹੋਰ ਕਿਸੇ ਦੀਆਂ ਧੀਆਂ ਨੂੰ ਸਕੂਟਰੀ ਸਵਾਰ ਲੈ ਕੇ ਦਲਾਲੀ ਦਾ ਕੰਮ ਕਰਦਾ ਸੀ। ਪਹਿਲਾਂ ਇਮਾਨਦਾਰੀ ਦਾ ਪੈਸਾ ਰੱਖਿਆ ਸੀ। ਪਰ ਫਿਰ ਭਵਨ ਸੋਚਦਾ ਸੀ ਹੁਣ ਸਾਰਾ ਪੰਜਾਬ ਦੋਗਲਾ ਹੈ। ਕਹਾਣੀਆਂ ਛਾਪਣ ਵਾਲਿਆਂ ਤੋਂ ਲੈ ਕੇ ਡਾਕਟਰ ਤੋਂ ਪੁਲਸੀਏ ਤੋਂ ਰਾਜਸਭਾ'ਚ ਬਹਿਣ ਵਾਲਿਆਂ ਤੱਕ ਸਭ ਹੀ ਠੱਗ ਨੇ । ਫਿਰ ਮੈਂ ਕਿਉਂ ਨਾ ਆਪਣਾ ਫ਼ਾਇਦਾ ਕਰਾਂ? ਅਪਣਾ ਸਵਾਰਥ ਪਹਿਲਾਂ ਰੱਖਾਂ? ਆਪਣਾ ਫ਼ਾਇਦਾ ਕਰਨ ਵਿੱਚ ਹੀਰੇ ਵਰਗਿਆਂ ਨੂੰ ਕੈਪਸੂਲ ਜਾਂ ਅਫੀਮ ਦਿੰਦਾ ਸੀ। ਤਿਜੌਰੀ ਭਾਰੀ ਹੋਈ ਗਈ, ਤੇ ਓਹਦੇ ਖ਼ਰੀਦ ਦਾਰਾਂ ਦੀ ਖਾਲੀ।

ਹੀਰਾ ਹਾਰਕੇ ਭਵਨ ਦੀ ਛਤਰੀ ਕੋਲ ਪਹੁੰਚ ਗਿਆ। ਭਵਨ ਨੇ ਧਿਆਨ ਕੀਤਾ ਕਿ ਹੀਰੇ ਦੇ ਹੱਥ ਕੰਬਦੇ ਸੀ। ਉਸਨੂੰ ਹੋਰ ਟੀਕਾ ਚਾਹੀਦਾ ਸੀ।

“ ਕਿਉਂ ਹੀਰਿਆ, ਤੈਨੂੰ ਕੁਲਫ਼ੀ ਦਾ ਲੋੜ ਹੈ?”, ਭਵਨ ਨੇ ਭੇੜੀਏ ਵਾਂਗ ਮੁਸਕਾ ਕੇ ਆਖਿਆ।
“ ਹਾਂਜੀ ਜਨਾਬ”, ਹੀਰਾ ਤਾਂ ਬਿਲਕੁਲ ਲਚਾਰ ਸੀ।
“ ਗਰਮੀ ਤਿੱਖੀ ਹੈ। ਆਈਸ ਕਰੀਮ ਨੇ ਠੰਢਾ ਕਰਦੇਣਾ”, ਇੱਕ ਹੋਰ ਗਾਹਕ ਆਗਿਆ ਸੀ, ਆਪਣੇ ਨਿਆਣਿਆਂ ਨਾਲ। “ ਠਹਿਰ, ਇੰਨ੍ਹਾਂ ਨੂੰ ਪਹਿਲਾਂ ਦੇਖਦਾਂ”। ਹੀਰੇ ਤੋਂ ਟਿੱਕ ਕੇ ਖੜ੍ਹ ਨਹੀਂ ਹੁੰਦਾ ਸੀ। ਭਵਨ ਅਰਾਮ ਨਾਲ ਵਕਤ ਲਾਉਂਦਾ ਸੀ। ਭਵਨ ਨੇ ਹੀਰੇ ਦੇ ਸਾਹਮਣੇ ਹੌਲੌ ਹੌਲੀ ਨਿਆਣਿਆਂ ਨੂੰ ਕੁਲਫ਼ੀਆਂ ਦਿੱਤੀਆਂ। ਫਿਰ ਹੌਲੀ ਹੌਲੀ ਪੈਸੇ ਲਏ। ਨਿਆਣਿਆਂ ਵਿੱਚੋਂ ਇੱਕ ਕੁੜੀ ਇਸ ਅਜੀਬ ਅਵਾਰੇ ਵੱਲ ਤਾੜਦੀ ਸੀ। ਹੀਰੇ ਨੇ ਜਾਣ-ਬੁੱਝ ਕੇ ਆਪਣੀਆਂ ਅੱਖਾਂ ਚੌੜੀਆਂ ਕੀਤੀਆਂ। ਬੱਚੀ ਡਰਕੇ ਰੋਣ ਲਗ ਪਈ। “ਦਫਾ ਹੋ!”, ਭਵਨ ਨੇ ਗਾਹਕ ਨੂੰ ਖ਼ੁਸ਼ ਕਰਨ ਲਈ ਝਿੜਕ ਮਾਰੀ। ਹੀਰਾ ਪਾਸੇ ਜਾਕੇ ਥੋੜ੍ਹੇ ਚਿਰ ਲਈ ਖੜ੍ਹ ਗਿਆ। ਜਦ ਛਤਰੀ ਦੇ ਸਾਹਮਣੇ ਹੋਰ ਕੋਈ ਖੜ੍ਹੋਤਾ ਨਹੀਂ ਸੀ, ਵਾਪਸ ਆਗਿਆ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

“ ਕਿਉਂ ਬੱਚਿਆਂ ਨੂੰ ਡਰਾਉਂਦਾ? ਚੁੱਪ ਚਾਪ ਨਹੀਂ ਖੜ੍ਹ ਸਕਦਾ?”,
“ ਭਵਨ ਮੈਨੂੰ ਟਿੱਕਾ ਵਿੱਚ ਪਾਉਣ ਜੋਗਾ ਚਾਹੀਦਾ। ਇਸੀ ਵਕਤ। ਮੇਰਾ ਤਾਂ ਨਸ਼ਾ ਟੁਟ ਗਿਆ। ਅਨੰਦ ਨਹੀਂ ਆਉਂਦਾ”।
“ ਠੀਕ ਏ। ਕੋਈ ਦੇਖਦਾ ਹੋਵੇਗਾ। ਪੈਸੇ ਕੱਢ”, ਹੀਰੇ ਦੇ ਹਿਲਦੇ ਹੱਥ ਨੇ ਜੋ ਜੇਬ ਵਿੱਚ ਸੀ ਦੇ ਦਿੱਤਾ।
“ ਏ ਕੀ ਏ? ਕੁਲਫ਼ੀ ਤਾਂ ਇਦੋਂ ਵੱਧ ਏ! ਜਾ! ਵਾਪਸ ਤਾਂ ਆਈ, ਜੇ ਤੇਰੇ ਕੋਲ ਕੁਝ ਹੈ! ਪਤਾ ਨ੍ਹੀਂ ਮੈਨੂੰ ਕੀ ਸਮਝਦਾ!”। ਹੀਰੇ ਨੂੰ ਜੁਆਬ ਦੇਣਦਾ ਮੌਕਾ ਹਾਲੇ ਮਿੱਲਿਆ ਨਹੀਂ ਸੀ, ਜਦ ਹੋਰ ਗਾਹਕ ਆਗਿਆ।“ ਸਸਰੀਕਾਲ ਭੈਣ ਜੀ!”, ਭਵਨ ਨੇ ਹੀਰੇ ਨੂੰ ਅੱਖੋਂ ਓਹਲੇ ਕਰਕੇ ਗਾਹਕ ਨੂੰ ਕੁਲਫੀ ਦਿੱਤੀ। ਜਦ ਜਨਾਨੀ ਚੱਲੇ ਗਈ, ਭਵਨ ਨੇ ਦੇਖਿਆ ਕੇ ਹੀਰਾ ਹਾਲੇ ਵੀ ਓਥੇ ਖਲੋਇਆ ਸੀ। “ ਤੂੰ ਗਿਆ ਨਹੀਂ?”।
“ ਮੇਰੇ ਪੈਸੇ?”,
“ ਤੇਰੇ ਪੈਸੇ? ਮੈਂ ਸੰਭਾਲ ਦਾ! ਜਾ ਭੀਖ ਮੰਗ ਕੇ ਹੋਰ ਲਿਆ।ਫਿਰ ਤੈਨੂੰ ਮਿਲਜੂਗੀ!”। ਜਦ ਹੀਰਾ ਹਿੱਲਿਆ ਨਹੀਂ, ਕਰਾਰੀਆਂ ਗਾਲ੍ਹਾਂ ਕੱਢੀਆਂ, ਇੱਕ ਦੋ ਲਾਕੇ ਭਵਨ ਨੇ ਉਸਨੂੰ ਭੇਜ ਦਿੱਤਾ।

ਉਸ ਦਿਨ ਹੀਰੇ ਨੇ ਸਾਰਿਆਂ ਦੀਆਂ ਮਿੰਨਤਾਂ ਕੀਤੀਆਂ। ਉਸਦੀ ਕੰਗਾਲੀ ਉੱਤੇ ਕਿਸੇ ਨੇ ਤਰਸ ਨਹੀਂ ਕੀਤੀ। ਲੋਕਾਂ ਦੇ ਅੱਗੇ ਹੱਥ ਕੀਤੇ, ਪਰ ਸਾਰਿਆਂ ਨੇ ਗਾਲ੍ਹੀ ਦੇ ਕੇ ਪਰੇ ਧੱਕ ਦਿੱਤਾ। ਉਸਦਾ ਮਨ ਅਫੀਮ ਲਈ ਲਚਾਰ ਸੀ।

ਪਹਿਲਾ ਦਰਬਾਰ ਸਾਹਿਬ ਦੇ ਬਾਹਰ ਸੜਕਾਂ 'ਚ ਭੀਖ ਮੰਗਦਾ ਸੀ। ਉਸਨੂੰ ਸਾਫ਼ ਪਤਾ ਸੀ ਕਿ ਕੋਈ ਸ਼ਹਿਰ ਦੇ ਆਵਾਸੀ ਨੇ ਤਾਂ ਰਹਿਮ ਨਹੀਂ ਕਰਨਾ, ਪਰ ਕੀ ਪਤਾ ਕੋਈ ਪਰਦੇਸੀ ਤਿੱਤਰ ਤਰਸ ਕਰੂਗਾ।ਐਪਰ ਕਾਮਯਾਬ ਨਹੀਂ ਹੋਇਆ ਕਿਉਂਕਿ ਇਸ ਥਾਂ ਹੋੜ ਬਹੁਤ ਸੀ। ਸਾਰੇ ਪਾਸੇ ਤੀਵੀਆਂ ਅਪਣੇ ਬਾਲਕਾਂ ਨੂੰ ਗੋਦ ਵਿੱਚ ਪਾਕੇ ਜਾਂ ਬਾਹਾਂ ਵਿੱਚ ਫੜ੍ਹਕੇ ਸੈਲਾਨਿਆਂ ਤੋਂ ਭੀਖ ਮੰਗ ਦੀਆਂ ਸਨ। ਹੀਰਾ ਤਾਂ ਇੱਕ ਬੰਦਾ ਸੀ, ਅਤੇ ਦੇਖਣ ਵਿੱਚ ਡਰਾਉਣਾ ਵੀ ਸੀ। ਜਦ ਕੰਮ ਨਹੀਂ ਬਣਿਆ, ਭਾਂਜ ਖਾਕੇ ਦਰਬਾਰ ਸਾਹਿਬ ਵਿੱਚ ਅੰਦਰ ਚੱਲੇ ਗਿਆ; ਕੰਮ ਸੇ ਕੰਮ ਖਾਣਾ ਤਾਂ ਮਿਲੂਗਾ। ਜਦ ਬਾਹਰ ਵਾਪਸ ਆਇਆ, ਢਿੱਡ ਭਾਵੇਂ ਭਰਿਆ ਸੀ, ਪਰ ਅਫੀਮ ਲਈ ਹਾਲੇ ਵੀ ਭੁੱਖ ਸੀ। ਕਿਸ ਤਰ੍ਹਾਂ ਦਾ ਆਦਮੀ ਗੁਰਦੁਆਰੇ ਤੋਂ ਰੋਟੀ ਖਾਕੇ ਫਿਰ ਇਸ ਤਰ੍ਹਾਂ ਦੀ ਨੀਚੀ ਖੋਜ ਕਰਦਾ ਹੈ? ਹੀਰੇ ਜੈਸਾ ਲਫੰਗਾ ਇਸ ਰਾਹ ਹੀ ਜਾ ਸਕਦਾ ਹੈ। ਪਰ ਰੱਬ ਦੀ ਨਜ਼ਰ ਨੂੰ ਸਭ ਕੁਝ ਦੀਂਦਾ ਹੈ। ਉਂਝ ਦਰਬਾਰ ਸਾਹਿਬ ਵਿੱਚ ਚੰਗੇ ਮਾੜੇ ਬਰਾਬਰ ਹਨ, ਜਿੰਨ੍ਹਾ ਚਿਰ ਕੋਈ ਪਾਪ ਨਹੀਂ ਉਸ ਪਾਕ ਥਾਂ ਕਰਦੇ। ਜੇ ਦੋਸ਼ੀ ਦਰਬਾਰ ਵਿੱਚ ਅਪਣੇ ਅਪਰਾਧ ਲਈ ਖਿਮਾ ਨਹੀਂ ਮੰਗ ਸਕਦਾ, ਫਿਰ ਕਿਥੇ ਮੰਗਣੀ ਹੈ?

ਹੀਰਾ ਬਾਹਰ ਜਾਕੇ ਇੱਕ ਮੈਲੀ ਸੜਕ ਦੇ ਪਾਸੇ ਬਹਿ ਗਿਆ। ਰੋਟੀ ਲਈ ਪੈਸੇ ਮੰਗਣ ਲੱਗ ਪਿਆ ( ਲੋਕਾਂ ਨੂੰ ਤਾਂ ਦੇਖਾਉਣਾ ਸੀ ਕਿ ਭੁੱਖਾ ਨਖੱਤਾ ਹੈ)। ਫਿਰ ਵੀ ਗੰਗੀ ਭੀੜ ਭੜੱਕਾ ਤਾਂ ਉਸਦੀ ਕਦਰ ਨਹੀਂ ਕਰਦਾ ਸੀ; ਸਮਾ ਲਹਿਰ ਵਾਂਗ ਤੁਰੀ ਗਿਆ। ਉਸਨੂੰ ਇੱਕ ਮਾਂ ਦਿੱਸ ਪਈ, ਅਪਣੇ ਨਿਆਣੇ ਨੂੰ ਫੜ੍ਹਕੇ ਇੱਕ ਨਿੱਕੀ ਜਹੀ ਗਲ਼ੀ 'ਚ ਵੜਦੀ। ਭਿਖਾਰਣੀਆਂ ਦੇ ਟੋਲੇ ਤੋਂ ਵੱਖਰੀ ਹੋ ਗਈ ਸੀ। ਤਿੱਖੀ ਨਜ਼ਰ ਨਾਲ ਹੀਰਾ ਉਸ ਵੱਲ ਝਾਕੇ। ਚੁੰਨੀ ਵਿੱਚ ਪੈਸਿਆ ਦੀ ਪੰਡ ਸੀ। ਸਾਰੇ ਦਿਨ ਦੀ ਕਮਾਈ ਸੀ। ਲੋਕ ਤਾਂ ਆਪਣੇ ਫ਼ਿਕਰਾਂ'ਚ ਬਿੱਜ਼ੀ ਸੀ; ਕਿਸੇ ਨੇ ਬੇਘਰ ਔਰਤ ਦੇਖੀ ਨਹੀਂ। ਹੀਰਾ ਉੱਠਕੇ ਉਸਦਾ ਪਿੱਛਾ ਕਰਨ ਲੱਗ ਪਿਆ। ਗਲ਼ੀ ਇੱਕ ਤੰਗ ਥਾਂ ਲੈ ਗਈ। ਆਸ ਪਾਸ ਕੁਝ ਨਹੀਂ ਸੀ। ਕੇਵਲ ਕੂੜਾ, ਅਤੇ ਲੋਹੇ ਦੇ ਟੁਕੜਿਆਂ ਦੀ ਮੈਲ਼ੀ ਬਸਤੀ ਬਣਾਈ ਸੀ। ਜਨਾਨੀ ਨੇ ਨਿਆਣਾ ਹੇਠਾ ਰੱਖ ਦਿੱਤਾ। ਅਪਣੇ ਘਰ ਵਿੱਚ ਵੜਣ ਹੀ ਲਗੀ ਸੀ ਜਦ ਲੰਗੂਰ ਨੇ ਜੋਰ ਦੇਣੀ ਉਸਦੇ ਥੱਪੜ ਮਾਰਿਆ। ਨਿਆਣਾ ਰੋਣ ਲੱਗ ਗਿਆ। ਵਿਚਾਰੀ ਚੀਕਣ ਲੱਗੀ, ਪਰ ਹੈਵਾਨ ਨੇ ਮੌਕਾ ਨਹੀਂ ਦਿੱਤਾ। ਮੂੰਹ ਉੱਤੇ ਹੱਥ ਰੱਖਕੇ ਦੁਪਟੇ ਵਿੱਚੋਂ ਪੰਡ ਖਿੱਚ ਲਈ। ਪੈਸੇ ਗਿਣੇ। ਕੁਲਫ਼ੀ ਲਈ ਤਾਂ ਬੱਥੇਰੇ ਸੀ। ਅਪਣੀ ਜੇਬ ਵਿੱਚ ਪਾ ਲੇ- “ ਚੁੱਪ!”, ਤੀਵੀਂ ਨੂੰ ਚੇਤਾਵਣੀ ਦਿੱਤੀ। ਫਿਰ ਛੱਡਕੇ ਤੁਰਨ ਲੱਗਾ ਸੀ ਜਦ ਬੱਚੇ ਨੇ ਲੱਤ ਫੜ ਲਈ। ਡੰਗਰ ਨੇ ਜੋਰ ਦੇਣੀ ਕਿੱਕ ਮਾਰੀ ਅਤੇ ਨਿਆਣਾ ਥਿੜਕ ਗਿਆ। ਜੇ ਕੋਈ ਬਸਤੀ ਅੰਦਰੋਂ ਦੇਖਦਾ ਸੀ, ਬਾਹਰ ਆਕੇ ਓਨ੍ਹਾਂ ਦੀ ਮਦਦ ਨਹੀਂ ਕੀਤੀ। ਅਸੁਰ ਨੇ ਬੱਚੇ ਦੇ ਢਿੱਡ ਵਿੱਚ ਪੈਰ ਮਾਰਿਆ। ਫਿਰ ਨਿਆਣਾ ਪਾਸੇ ਸੁੱਟ ਦਿੱਤਾ। ਮਾਂ ਉੱਠਕੇ ਦੈਂਤ ਉੱਤੇ ਬੈਠ ਗਈ, ਪਰ ਕਮਜ਼ੋਰ ਔਰਤ ਕੀ ਕਰ ਸਕਦੀ ਹੈ? ਰਾਖ਼ਸ਼ ਨੇ ਮੁਖ ਉੱਤੇ ਮੁੱਕਾ ਮਾਰਕੇ ਕੰਮ ਲਾਮ ਕਰ ਦਿੱਤਾ। ਵਿਚਾਰੀ ਭੁੰਜੇ ਡਿੱਗ ਪਈ। ਬੇਮਤਲਬ ਢਿੱਡ ਵਿੱਚ ਲੱਤ ਮਾਰੀ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

“ ਜਾ ਕੋਈ ਚੱਜ ਦਾ ਕੰਮ ਕਰ! ਐਮੇ ਨਿਆਣੇ ਨੂੰ ਚੁੱਕ ਕੇ ਅਪਣੀ ਗਰੀਬੀ ਲੋਕਾਂ ਦੇ ਗਿੱਟਿਆਂ'ਚ ਮਾਰਦੀ!”। ਦੋ ਚਾਰ ਗੰਦੀਆਂ ਗਾਲ੍ਹੀਆਂ ਕੱਢਕੇ ਰੋਂਦੀ ਮਾਂ ਅਤੇ ਭੁੱਖੇ ਬਾਲ ਨੂੰ ਉਸ ਗੰਦੀ ਬਸਤੀ ਵਿੱਚ ਸੜਕ ਉੱਤੇ ਰਹਿਣ ਦਿੱਤਾ। ਜਦ ਗੱਲੀ ਵਿੱਚੋਂ ਬਾਹਰ ਆਗਿਆ, ਚੋਰੀ ਕੀਤੇ ਪੈਸੇ ਫਿਰ ਗਿਣੇ।ਅਫੀਮ ਜੋਗੇ ਵੀ ਸੀ, ਸ਼ਰਾਬ ਵੀ। ਨਾਗ ਭਵਨ ਦੀ ਛਤਰੀ ਵੱਲ ਤੁਰ ਪਿਆ।

ਗਲ਼ੀ ਵਿੱਚ ਇੱਕ ਮਾਂ ਨੇ ਹੱਥ ਰੱਬ ਵਲ ਵਧਾਇਆ। ਪਰ ਰੱਬ ਨੇ ਰਹਿਮ ਕੀ ਕਰਨਾ ਸੀ? ਇਸ ਮੈਲ਼ੇ ਦੈਂਤ ਨੇ ਇੱਕ ਵਾਰੀ ਤਾਂ ਅੱਜ ਹੀ ਪੈਰ ਦਰਬਾਰ ਸਾਹਿਬ ਵਿੱਚ ਰੱਖਿਆ ਸੀ। ਕੀ ਹੁਣ ਤੋਂ ਬਾਅਦ ਉਸਨੂੰ ਮਨ੍ਹਾ ਹੋਵੇਗਾ? ਹੁਣ ਕੋਈ ਸਜ਼ਾ ਮਿਲੇਗੀ? ਹੁਣ ਤਾਂ ਉਸ ਪਵਿੱਤਰ ਥਾਂ ਤੇ ਬਾਹਰ ਸੀ। ਹੁਣ ਕੋਈ ਹਿਫਾਜਤ ਹੋਣੀ ਨਹੀਂ ਚਾਹੀਦੀ। ਪਰ ਸੱਚਾਈ ਹੈ, ਜੋ ਜ਼ਬਰਦਸਤੀ ਨਾਲ ਕੁਝ ਲੈਂਦਾ, ਇਹ ਸੰਸਾਰ ਓਨ੍ਹਾਂ ਨੂੰ ਹੀ ਦਿੰਦਾ; ਜੋ ਅਸੂਲ ਵਾਲੇ ਹਨ, ਉਹ ਓਥੇ ਖੜ੍ਹੇ ਖਲੋਏ ਰਹਿ ਜਾਂਦੇ ਨੇ, ਧਰਤੀ ਤਾਂ ਘੁੰਮੀ ਜਾਂਦੀ ਹੈ। ਔਰਤ ਅਪਣੇ ਲਹੂ ਦੇ ਛੱਪੜ ਵਿੱਚ ਲੰਮੀ ਪਈ ਸੀ। ਕਹਿ ਸਕਦੇ ਹਾਂ ਕਿ ਨਰਕ ਕੁੰਡ ਵਿੱਚ ਪਈ ਸੀ। ਰੱਬ ਨੇ ਜੁਆਵ ਤਾਂ ਦਿੱਤਾ ਨਹੀਂ। ਵਧਿਆ ਹੋਇਆ ਹੱਥ ਆਪਣੇ ਆਪ ਹੀ ਪਿਛਾਹ ਨੂੰ ਹਟ ਗਿਆ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਹੀਰਾ ਭਵਨ ਦੀ ਛਤਰੀ ਕੋਲ ਪਹੁੰਚ ਗਿਆ। ਭਵਨ ਨੇ ਪੰਡ ਵੱਲ ਨਜ਼ਰ ਸੁਟੀ ਅਤੇ ਓਹਦੇ ਮੂੰਹ ਉੱਤੇ ਮੁਸਕਾਨ ਚੜ੍ਹ ਗਈ, “ ਕਿਉਂ ਹੀਰਿਆ। ਕੇਲੇ ਵਾਲੇ ਫਲੇਵਰ ਦੀ ਲੈਣੀ?”।

“ ਆਹੋ। ਐ ਲੈ”, ਹੀਰੇ ਨੇ ਭਵਨ ਦੇ ਹੱਥ ਵਿੱਚ ਰੁਪਏ ਰੱਖ ਦਿੱਤੇ। ਇੱਕ ਕੁਲਫ਼ੀ ਹੀਰੇ ਨੂੰ ਫੜਾ ਦਿੱਤੀ।

“ ਸ਼ੁਕਰੀਆ”, ਹੀਰੇ ਨੇ ਭਵਨ ਤੋਂ ਡੱਬੀ ਲੈ ਕੇ ਛੇਤੀ ਘੁੰਮਕੇ ਤੁਰ ਪਿਆ। ਭਵਨ ਹੀਰੇ ਵੱਲ ਹਸਦਾ ਦੇਖਦਾ ਸੋਚਣ ਲੱਗਾ, - ਇਹ ਨੇ ਜ਼ਿੰਦਗੀ ਦੀ ਬਾਜ਼ੀ ਕੁਝ ਕੁਝ ਮਾੜੀ ਤਰ੍ਹਾਂ ਹੀ ਖੇਡੀ ਸੀ-। ਇੱਕ ਹਨੇਰੇ ਵਿੱਚ ਲੁਕੀ ਹੋਈ ਗਲ਼ੀ ਵਿੱਚ ਵੜ ਗਿਆ। ਕੁਲਫ਼ੀ ਭੁੰਜੇ ਸੁਟ ਦਿੱਤੀ। ਡੱਬੀ ਦੇ ਹੇਠਾ ਟੇਪ ਨਾਲ ਅਫੀਮ ਦਾ ਲਫ਼ਾਫ਼ਾ ਜੋੜਿਆ ਹੋਇਆ ਸੀ। ਲਫ਼ਾਫ਼ੇ ਵਿੱਚੋਂ ਅਫੀਮ ਕੱਢਕੇ ਥੱਲੇ ਖੂੰਜੇ'ਚ ਬਹਿ ਗਿਆ। ਅਪਣੀ ਜੇਬ ਵਿੱਚੋਂ ਚਮਚਾ ਕੱਢਕੇ, ਜੋ ਲਫ਼ਾਫ਼ੇ ਵਿੱਚ ਸੀ ਚਮਚੇ'ਚ ਪਾ ਦਿੱਤਾ। ਫਿਰ ਜੇਬ ਵਿੱਚੋਂ ਲਾਇਟਰ ਕੱਢਕੇ ਚਮਚੇ ਦੇ ਚੌੜੇ ਸਿਰ ਨੂੰ ਹੇਠੋ ਗਰਮ ਕਰ ਦਿੱਤਾ। ਚਮਚਾ ਨਿੱਘਾ ਹੋਗਿਆ, ਅਤੇ ਅਫੀਮ ਦਾ ਪਾਣੀ ਬਣ ਗਿਆ। ਇਸ ਜਲ ਨੂੰ ਪਿਚਕਾਰੀ ਵਿੱਚ ਭਰ ਦਿੱਤਾ। ਫਿਰ ਇੱਕ ਵਾਰੀ ਹੋਰ ਅਪਣੀ ਬਾਂਹ ਉੱਤੇ ਰਸੀ ਲਪੇਟ ਦਿੱਤੀ ਅਤੇ ਨੰਗੀ ਨਾੜ ਨੂੰ ਟੋਲਣ ਲੱਗ ਪਿਆ। ਸੂਈ ਵਿੱਚ ਖੋਭ ਦਿੱਤੀ। ਨਸ਼ਾ ਚੜ੍ਹ ਗਿਆ। ਢੂਹੀ ਉੱਤੇ ਸਰੂਰ ਵਿੱਚ ਪੈ ਗਿਆ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਜਦ ਸੂਈ ਹੀਰੇ ਦੀ ਨਾੜ ਵਿੱਚ ਚੁਭੀ, ਉਸਦੇ ਦੁੱਖ ਛੇਤੀ ਹੀ ਹਨੇਰੇ ਵਿੱਚ ਅਲੋਪ ਹੋ ਗਏ। ਉਂਝ ਸਰੀਰ ਦੀ ਮੌਤ ਓਨ੍ਹੀਂ ਅੱਗੇ ਆ ਗਈ, ਅਫੀਮ ਕਰਕੇ। ਸੱਚ ਮੁੱਚ ਨਸ਼ਾ ਮੌਤ ਦੇ ਮੂੰਹ ਵਿੱਚ ਬੰਦੇ ਨੂੰ ਲੈ ਜਾਂਦਾ ਹੈ। ਪਰ ਉਸਦੇ ਅਸਰ ਲਈ ਆਦਮੀ ਖਾਂਦਾ ਹੈ। ਜਿੱਦਾਂ ਸਕੂਲ ਦੇ ਬਲੈਕ ਬੋਰਡ ਤੋਂ ਚਾਕ ਲਾਹੀਦਾ ਹੈ, ਉਸ ਤਰ੍ਹਾਂ ਜੋ ਫਿਕਰ ਸਨ, ਮਿਟਾ ਦਿੱਤੇ। ਪਰ ਸਰੀਰ ਸਰੂਰ ਵਿੱਚ ਡੁਬਿਆ ਕਰਕੇ ਮਨ ਦਾ ਖੌਫ਼ ਤਾਂ ਨਹੀਂ ਤੋੜ ਸਕਦਾ ਸੀ।

ਹੀਰੇ ਦੀ ਕਲਪਨਾ ਨੇ ਉਸਨੂੰ ਬਹੁਤ ਅਜੀਬ ਥਾਂ ਸੁਟ ਦਿੱਤਾ। ਬੇਅਰਾਮੀ ਨਾਲ ਉਂਘਣ ਲੱਗਾ। ਉਸਦੇ ਮਨ ਦੀ ਅੱਖ ਨੇ ਓਹਦੇ ਸਾਹਮਣੇ ਬਹੁਤ ਅਨੋਖਾ ਦ੍ਰਿਸ਼ ਪੈਦਾ ਕੀਤਾ। ਆਲੇ ਦੁਆਲੇ ਡੇਹਮੂ ਸਨ। ਸਾਰੇ ਪਾਸੇ। ਪਰ ਨਿੱਕੇ ਨਹੀਂ ਸੀ। ਹਾਥੀ ਜਿੱਡੇ ਸੀ! ਡੰਗਣੀਆਂ ਅੱਠ ਫੁੱਟ ਲੰਬੀਆਂ ਸਨ! ਹੀਰਾ ਡਰ ਗਿਆ। ਅਪਣੇ ਸੁਪਨੇ ਤੋਂ ਨੱਸ ਨਹੀਂ ਸਕਦਾ ਸੀ! ਕਿੱਥੇ ਨੱਠੇ? ਅਪਣੀਆਂ ਸੋਚਾਂ ਵਿੱਚ ਇੱਧਰ ਉੱਧਰ ਦੌੜਦਾ ਦੌੜਦਾ ਥੱਕੀ ਗਿਆ। ਫਿਰ ਇੱਕ ਡੇਹਮੂ ਨੇ ਉਸਨੂੰ ਦੇੱਖ ਲਿਆ! ਡੇਹਮੂ ਹੀਰੇ ਮਗਰ ਉੱਡ ਗਿਆ, ਉੱਚੀ ਦੇਣੀ ਭੀਂ ਭੀਂ ਕਰਦਾ, ਹੀਰੇ ਨੂੰ ਇੱਕ ਗੱਲੀ ਦਿੱਸ ਗਈ, ਅਪਣੀ ਹਿਮਤ ਨਾਲ ਉਸ ਪਾਸੇ ਭੱਜੀ ਗਿਆ, ਭੱਜੀ ਗਿਆ, ਭੱਜੀ ਗਿਆ, ਪਰ ਭਰਿੰਡ ਨੇ ਪਿੱਛਾ ਨਹੀਂ ਛੱਡਿਆ, ਸਗੋਂ ਹੋਰ ਡੇਹਮੂ ਉਸਦੇ ਮਗਰ ਤੀਰ ਦੇ ਰੂਪ ਵਿੱਚ ਆ ਗਏ, ਹੀਰਾ ਨੱਠੀ ਗਿਆ, ਨੱਠੀ ਗਿਆ, ਹਾਰਕੇ ਲੱਤਾਂ ਕੰਬਣ ਲੱਗ ਗੀਆਂ, ਸਾਹ ਭਰਨ ਦੀ ਲੋੜ ਸੀ, ਪਰ ਡੇਹਮੂ ਆਈ ਗਏ, ਬੱਸ, ਬਥੇਰਾ ਹੋਗਿਆ, ਹੀਰੇ ਨੂੰ ਚੱਕਰ ਆ ਗਿਆ, ਓਥੇਂ ਹੀ ਭੁੰਜੇ ਡਿੱਗ ਗਿਆ। ਥੱਲੇ ਪਏ ਦਾ ਕਰੀਬ ਕਰੀਬ ਸਾਹ ਹੀ ਨਿਕਲ ਗਿਆ। ਜਦ ਹੀਰੇ ਨੇ ਉਪਰ ਝਾਤੀ ਮਾਰੀ, ਇੱਕ ਮਹਾਨ ਡੇਹਮੂ ਹਵਾ ਵਿੱਚ ਇੱਕ ਥਾਂ ਟਿਕ ਕੇ ਹੀਰੇ ਵੱਲ ਤੱਕਦਾ ਸੀ। ਪਤੰਗੇ ਦੀ ਚੁੰਝ ਪੀਲੀ ਸੀ, ਅੱਖਾਂ ਰਗਬੀ ਬਾਲ ਤੋਂ ਤਿੰਨ ਗੁਣਾ ਵੱਡੀਆਂ; ਅੱਖਾਂ ਛੇ ਭੁਜ ਸ਼ੀਸ਼ੇ ਵਾਂਗ ਸਨ। ਇੱਕ ਇੱਕ ਠੀਕਰੀ ਆਈਨਾ ਸੀ। ਹਰੇਕ ਵਿੱਚੋਂ ਹੀਰੇ ਦਾ ਮੁਖ ਵਾਪਸ ਦੇਖਦਾ ਸੀ। ਉਪਰਲਾ ਸਰੀਰ ਕਾਲਾ ਸੀ, ਵਾਲਾਂ ਨਾਲ ਭਰਿਆ, ਟੋਹਣੀਆਂ ਅੱਧੀਆਂ ਪੀਲੀਆਂ, ਅੱਧੀਆਂ ਕਾਲੀਆਂ ਸਨ। ਹੇਠਲਾ ਜਿਸਮ ਕਾਲਾ ਪੀਲਾ ਸੀ। ਭਿਆਨਕ ਦ੍ਰਿਸ਼ ਸਾਮ੍ਹਣੇ ਉੱਡਦਾ ਸੀ! ਸੁਪਨਾ ਹੀਰੇ ਦੇ ਬਦਨ ਵਿੱਚੋਂ ਜਾਨ ਚੂਸਦਾ ਸੀ। ਕਦੋਂ ਸੁਰਤ ਆਉਗੀ! ਜਾਨ ਨਿਚੋੜ ਗਈ!

ਫਿਰ ਹੈਰਾਨੀ ਵਾਲੀ ਗੱਲ ਹੋਈ। ਇੱਕ ਸੁੱਕੀ ਲੱਤ ਹੀਰੇ ਵੱਲ ਡੇਹਮੂ ਨੇ ਅੱਗੇ ਕੀਤੀ, ਜਿੱਦਾਂ ਇਸ਼ਾਰਾ ਦੇਂਦਾ ਸੀ, ਕਿ ਸਭ ਕੁਝ ਠੀਕ ਠਾਕ ਹੈ, ਮੈਂ ਬੁਰਾਈ ਨਹੀਂ ਕਰੂੰਗਾ। ਹੀਰੇ ਨੇ ਅੱਖਾਂ ਮੀਚਕੇ ਫੜ ਲਈ। ਜਦ ਨੈਣ ਖੋਲ੍ਹੇ, ਉਸ ਭਰਿੰਡ ਦੇ ਪਿੱਠ ਉੱਤੇ ਸਵਾਰ ਸੀ। ਹਵਾ ਵਿੱਚ ਉੱਡਦਾ ਸੀ।

ਹੀਰੇ ਦਾ ਪਿੰਡਾ ਨੰਗਾ ਸੀ, ਪਰ ਸਾਰੇ ਪਾਸੇ ਪੀਲਾ ਕਾਲਾ ਰੰਗ ਲਾਇਆ ਸੀ। ਜਿੱਦਾਂ ਖੁਦ ਭਰਿੰਡ ਬਣਨਾ ਚਾਹੁੰਦਾ। ਜਦ ਪਿੱਛੇ ਦੇਖਿਆ, ਪੂਰੀ ਫੌਜ ਡੇਹਮੂਆਂ ਦੀ ਮਗਰ ਉੱਡਦੀ ਸੀ। ਜਿਸ ਡੇਹਮੂ ਉਪਰ ਹੀਰਾ ਸਵਾਰ ਸੀ, ਭੀਂ ਭੀਂ ਕਰਦਾ ਸੀ।

ਹੇਠਾ ਇੱਕ ਬਹੁਤ ਵੱਡਾ ( ਹੀਰੇ ਨੂੰ ਤਾਂ ਸ਼ਹਿਰ ਜਿਡਾ ਜਾਪਦਾ ਸੀ) ਮਖਿਆਲ਼-ਛੱਤਾ ਸੀ। ਉਸਦੇ ਆਲੇ ਦੁਆਲੇ ਹਜ਼ਾਰ ਹਜ਼ਾਰ ਸ਼ਹਿਦ ਦੀਆਂ ਮੱਖੀਆਂ ਸਨ। ਆਦਮੀ ਜਿਡੀਆਂ ਸਨ। ਹੀਰੇ ਦਾ ਡੇਹਮੂ ਓਥੇਂ ਹੀ ਹਵਾ ਵਿੱਚ ਰੁਕ ਗਿਆ; ਪਰ ਦੂਜੇ ਸਾਰੇ ਡੇਹਮੂ ਛੱਤਾ ਵੱਲ ਉੱਡ ਗਏ। ਫਿਰ ਹੀਰੇ ਦੇ ਸਾਮ੍ਹਣੇ ਸ਼ਾਹਿਦ ਦੀਆਂ ਮੱਖੀਆਂ ਦੀ ਹੱਤਿਆ ਕੀਤੀ। ਇੱਕ ਡੇਹਮੂ ਨੇ ਵੀਹ ਵੀਹ ਮਾਰੀਆਂ; ਕਿਸੇ ਨੂੰ ਡੰਕ ਮਾਰਕੇ, ਕਿਸੇ ਦਾ ਸੀਸ ਅਪਣੀ ਚੂੰਝ ਨਾਲ ਕੱਟ ਦਿੱਤਾ। ਘੰਟੇ ਵਿੱਚ ਸ਼ਾਇਦ ਸਾਰੀਆਂ ਮਾਰਕੇ ਖਾਣ ਲੱਗ ਪਏ। ਹੀਰੇ ਨੂੰ ਉਲਟੀ ਆ ਗਈ। ਕੀ ਪਤਾ ਅਫੀਮ ਨੇ ਜਾਣ ਨਿਚੋੜ ਦਿੱਤੀ ਸੀ?

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਹੀਰਾ ਪਲਸੇਟੇ ਮਾਰਦਾ ਅਤੇ ਨੀਂਦ ਵਿੱਚ ਹਾਉਂਕੇ ਪਿਆ ਭਰਦਾ ਸੀ। ਮੱਥੇ ਉੱਤੋਂ ਪਸੀਨਾ ਚੋਂਦਾ ਸੀ। ਸੁਪਨੇ ਨੇ ਡਰਾ ਦਿੱਤਾ ਸੀ, ਪਰ ਅਫੀਮ ਦੇ ਅਸਰ ਨੇ ਉਸਨੂੰ ਹਾਲੇ ਡੂੰਘੀ ਨੀਂਦ ਵਿੱਚ ਕੈਦ ਰਖਿਆ ਸੀ। ਫਿਰ ਸਭ ਕੁਝ ਚੇਤਾ ਭੁੱਲਾ ਦਿੱਤਾ। ਡੂੰਘੀ ਨੀਂਦ ਵਿੱਚ ਡੁੱਬ ਗਿਆ।

ਸ਼ਾਇਦ ਮਿੰਟ ਕੁ ਪਿਛੋਂ, ਸ਼ਾਇਦ ਘੰਟਾ ਕੁ ਪਿਛੋਂ ਚਾਨਣ ਖਾਸਾ ਹੋ ਗਿਆ। ਹੀਰੇ ਕੋਲ ਕੋਈ ਅੰਦਾਜ਼ਾ ਨਹੀਂ ਸੀ। ਰਾਤ ਦਾ ਭਿਆਨਕ ਸੁਪਨਾ ਧੁੰਦ ਵਿੱਚ ਗੁਮ ਗਿਆ ਸੀ। ਨਸ਼ਾ ਹੁਣ ਬਿਲਕੁਲ ਲਹਿ ਗਿਆ। ਪਰ ਸਰੀਰ ਦੁੱਖਦਾ ਸੀ। ਕਮਜ਼ੋਰ ਹੋਗਿਆ ਸੀ, ਹੀਰਾ। ਸੂਰਜ ਨੇ ਹੀਰੇ ਦੀਆਂ ਅੱਖਾਂ ਵਿੱਚ ਤਕਿਆ। ਆਪਣੇ ਆਪ ਨੂੰ ਘਸੀਟਦਾ ਕੁਝ ਖਾਣ ਲਈ ਲੱਭਣ ਗਿਆ। ਅੰਗ੍ਰੇਜ਼ੀ ਠੇਕੇ ਨਾਲ ਉਸਦੀ ਅੱਖ ਲੜ ਗਈ। ਜਿੰਨੇ ਪੈਸੇ ਜੇਬ ਵਿੱਚ ਸੀ, ਇਥੇ ਖਰਚ ਦਿੱਤੇ। ਐਤਕੀ, ਜਦ ਗੁਰਦਆਰੇ ਦੇ ਦਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਰਾਖੀ ਨੇ ਉਸਦਾ ਹਾਲ ਦੇਖ ਲਿਆ। ਨੇਜ਼ਾ ਸਾਮ੍ਹਣਾ ਰੱਖਕੇ ਸਾਫ਼ ਮਨ੍ਹਾ ਕੀਤਾ ਅੰਦਰ ਵੜਣ ਤੋਂ। ਹੀਰੇ ਕੋਲ ਹਿਮਤ ਨਹੀਂ ਸੀ ਸਾਮ੍ਹਣਾ ਕਰਨ ਦੀ। ਆਵਾਰੇ ਕੁੱਤੇ ਵਾਂਗ ਸਾਰਾ ਦਿਨ ਸੜਕਾਂ ਉੱਤੇ ਘੁੰਮੀ ਗਿਆ, ਕੂੜੇ ਦੇ ਢੋਲ'ਚੋਂ ਖਾਣ ਲਈ ਟੁਕੜੇ ਕੱਢਦਾ। ਇਹ ਚੱਕਰ ਸੀ ਅਮਲੀ ਦਾ। ਇੱਕ ਢੋਲ ਕੋਲੇ ਕਈ ਭਰਿੰਡ ਵੀ ਸਨ। ਯਾਦ ਤਾਂ ਆਇਆ ਨਹੀਂ, ਮੈਂ ਕਿਉਂ ਡਰਦਾ, ਪਰ ਡਰਕੇ ਪਰੇ ਹੋਗਿਆ। ਹੌਲੀ ਹੌਲੀ ਜਿਸਮ ਨੂੰ ਭੁੱਖ ਫਿਰ ਲਗਣ ਲੱਗ ਗਈ। ਇੱਦਾਂ ਹੀ ਦਿਨ ਬੀਤ ਗਿਆ।

ਜਦ ਦਿਨ ਸੌ ਗਿਆ ਅਤੇ ਰਾਤ ਉੱਠ ਗਈ, ਚੰਦ ਦਾ ਚਿਤ ਨਹੀਂ ਸੀ ਕਰਦਾ ਕਿਸੇ ਨੂੰ ਚਾਨਣੀ ਨਾਲ ਛੋਹਣ। ਹੀਰੇ ਵਰਗੇ ਭੁੱਖੇ ਡੰਗਰ ਇਸਦਾ ਹਮੇਸ਼ਾ ਫਾਇਦਾ ਲੈਂਦੇ ਸੀ। ਕਾਲ ਦੀ ਬੁੱਕਲ ਹੇਠ, ਕੰਧਾਂ ਨੇੜੇ ਤੁਰਦੇ ਸੀ, ਜਿੱਦਾਂ ਕੋਈ ਭੂੰਡ ਦੀਵਾਰ ਉੱਤੇ ਰੀਂਗਦਾ ਸੀ। ਭੁੱਖ ਨਾਲ ਹੰਝੂ ਛਲਕ ਪਏ। ਅੱਧੀ ਭੁੱਖ ਰੋਟੀ ਲਈ, ਅੱਧੀ ਡੋਡਿਆਂ ਲਈ। ਨਾੜ ਸੂਈ ਮੰਗਦੀ ਸੀ। ਪਰ ਹੀਰੇ ਕੋਲ ਕੋਈ ਪੈਸਾ ਨਹੀਂ ਸੀ। ਭਾਨ ਵੀ ਨਹੀਂ ਸੀ। ਹੀਰੇ ਦੀ ਅੱਖਾਂ ਨੂੰ ਇੱਕ ਸ਼ਿਕਾਰ ਦਿੱਸ ਪਿਆ। ਇੱਕ ਆਦਮੀ ਸੜਕ ਦੇ ਦੂਜੇ ਪਾਸੇ ਇਕੱਲਾ ਤੁਰਦਾ ਸੀ। ਕੱਪੜੇ ਸੋਹਣੇ ਸੀ। ਪੈਸੇ ਜਰੂਰ ਹੋਣਗੇ।

ਬੰਦੇ ਦਾ ਪਿੱਛਾ ਕੀਤਾ। ਓਹਲੇ ਓਹਲੇ ਤੁਰਦਾ ਰਿਹਾ, ਇਸ ਕਰਕੇ ਭਾਲ ਨੂੰ ਮਹਿਸੂਸ ਨਹੀਂ ਹੋਇਆ; ਹੋਰ ਪੈਦਲ ਤੁਰਨ ਵਾਲਿਆਂ ਨੂੰ ਵੀ ਨਹੀਂ ਦਿੱਸਿਆ। ਹੀਰਾ ਸਾਇਆ ਵਾਂਗ ਹਿੱਲਦਾ ਸੀ। ਫਿਰ ਇੱਕ ਪਲ ਲਈ ਆਦਮੀ ਹਨੇਰੇ ਵਿੱਚ ਲੁਪੇਟੀ ਗੱਲੀ ਦੇ ਬਾਹਰ ਠਹਿਰਿਆ। ਵਿਚਾਰੇ ਨੂੰ ਪਤਾ ਨਹੀਂ ਲੱਗਿਆ ਕਿ ਕੀ ਹੋਇਆ। ਗਿਦੜ ਨੇ ਛਾਲ ਮਾਰਕੇ ਗੱਲੀ ਵਿੱਚ ਧੱਕ ਦਿੱਤਾ। ਇੱਕ ਦੋਂ ਆਵਾਰੇ ਗੱਲੀ ਦੇ ਮੂੰਹ ਕੋਲ ਬੈਠੇ ਸਨ, ਪਰ ਓਨ੍ਹਾਂ ਨੇ ਕੁਝ ਨਹੀਂ ਕਿਹਾ; ਕੁਝ ਕੀਤਾ ਨਹੀਂ। ਬਣ ਮਾਣਸ ਵਾਂਗ ਬੰਦੇ ਦੇ ਸਰੀਰ ਉਪਰ ਬਾਹਾਂ ਲੱਤਾਂ ਮਾਰੀਆਂ। ਖੂਨ ਦਾ ਛੱਪੜ ਆਸ ਪਾਸ ਡੁਲ੍ਹ ਗਿਆ। ਫਿਰ ਜੇਬਾਂ'ਚੋਂ ਜੋ ਲੱਭਦਾ ਸੀ, ਚੋਰੀ ਕਰ ਲਿਆ। ਬਟੂਆ, ਘੜੀ, ਸੋਨੇ ਦਾ ਕੜਾ। ਆਦਮੀ ਨੂੰ ਨੰਗਾ ਕਰਕੇ ਨਾਗ ਵਾਂਗ ਤਿਲਕ ਕੇ, ਹਨੇਰੇ ਵਿੱਚ ਅਲੋਪ ਹੋਗਿਆ।

ਹੀਰੇ ਨੇ ਪੈਸੇ ਗਿਣੇ; ਅਫੀਮ ਜੋਗੇ ਸੀ। ਭੋਜਨ ਉੱਤੇ ਇੱਕ ਭਾਨ ਵੀ ਨਹੀਂ ਖਰਚਣਾ ਚਾਹੁੰਦਾ ਸੀ। ਭੋਜਨਸ਼ਾਲਾ ਵੱਲ ਤੁਰ ਪਿਆ। ਓਥੇ ਹੀਰਾ ਬਾਬਾ ਚਿਕਨ ਦੇ ਬਾਹਰ ਕਾਲੇ ਖੁੰਜੇ ਖੜ੍ਹਾ ਰਿਹਾ। ਜਦ ਕੋਈ ਕਾਮੇ ਨੇ ਰਸੋਈ ਦਾ ਬੂਹਾ ਖੋਲ੍ਹਿਆ, ਇੱਕ ਚਾਨਣ ਦੀ ਤਿਕੋਣੀ ਰੌਸ਼ਨੀ ਧਰਤੀ ਉੱਤੇ ਡਿੱਗੀ। ਜੇ ਕਾਮੇ ਨੇ ਅੱਖ ਖੋਲ੍ਹ ਕੇ ਰੱਖੀ ਸੀ, ਉਸਨੂੰ ਹੀਰੇ ਦਾ ਸਾਇਆ ਤਿਕੋਣ ਉੱਤੇ ਮੈਲੀ ਬੱਜ ਵਿਛਾਉਂਦਾ ਦਿੱਸਣਾ ਸੀ। ਪਰ ਕਾਮੇ ਦਾ ਧਿਆਨ ਆਪਣੇ ਮੋਬਾਇਲ ਉੱਤੇ ਨੰਬਰ ਘੁੰਮਾਉਣ ਵਿੱਚ ਸੀ। ਉਸਦੇ ਪਿੱਛੇ ਛਾਇਆ ਅੰਦਰ ਵੜ ਗਿਆ। ਹੀਰੇ ਨੂੰ ਪਤਾ ਸੀ ਕਿ ਰਸੋਈ ਵਿੱਚ ਵੀ ਰਸੋਈਏ ਹੋਣਗੇ। ਲੁਕ ਲੁਕਕੇ ਜੇਬਾਂ ਵਿੱਚ ਜੋ ਪਾ ਸੱਕਿਆ ਪਾ ਲਿਆ। ਕਿਸੇ ਦੀ ਨਿਗਾਹ ਪੈਣ ਤੋਂ ਪਹਿਲਾਂ ਹੀਂ ਥਾਂ ਨੂੰ ਅਲਵਿਦਾ ਕਹਿ ਗਿਆ। ਕਾਮੇ ਨੂੰ ਧੌਣ ਉੱਤੇ ਹਵਾ ਮਹਿਸੂਸ ਹੋਈ, ਪਰ ਜਿੰਨ ਤੱਕਿਆ ਨਹੀਂ। ਹੀਰਾ ਗਾਇਬ ਹੋਗਿਆ। ਹੁਣ ਭਵਨ ਦੀ ਭਾਲ'ਚ ਚੱਲੇ ਗਿਆ।

13 Mar 2011

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਹੀਰੇ ਨੂੰ ਅੰਦਾਜ਼ਾ ਸੀ ਕਿਥੇ ਇਸ ਵੇਲੇ ਭਵਨ ਹੋਵੇਗਾ। ਸ਼ਹਿਰ ਵਿੱਚ ਇੱਕ ਥਾਂ ਸੀ ਜਿਥੇ ਠੇਕੇ ਨਾਲ ਢਾਬਾ ਸੀ। ਇਸ ਢਾਬੇ ਦੇ ਬਾਹਰ ਕੁਰਸੀਆਂ ਉੱਤੇ ਹਰੇਕ ਰਾਤ ਮੁੰਡਿਆਂ ਦਾ ਟੋਲਾ ਹੁੰਦਾ ਸੀ। ਕਈ ਵਾਰੀ ਭਵਨ ਦੇ ਗਾਹਕ ਵੀ ਇਥੇ ਹੁੰਦੇ ਸੀ। ਅਫੀਮ ਲਈ ਨਹੀਂ। ਕੁੜੀਆਂ ਦੇ ਜਿਸਮ ਦਾ ਸੌਦਾ ਇਥੇ ਹੁੰਦਾ ਸੀ। ਢਾਬੇ ਦੇ ਉਲਟੇ ਪਾਸੇ, ਬੇਚਾਨਣ ਕੋਣੇ ਵਿੱਚ ਬੁੱਕਲ ਮਾਰਕੇ ਹੀਰਾ ਖੜ੍ਹਾ ਰਿਹਾ। ਘੰਟਾ ਬੀਤ ਗਿਆ। ਜਿੱਦਾਂ ਅਪਣੇ ਜਾਲ ਦੇ ਖੁੰਜੇ ਮੱਕੜੀ ਧੀਰਜ ਨਾਲ ਮੱਖੀ ਲਈ ਠਹਿਰੀ ਹੁੰਦੀ, ਇਸ ਤਰ੍ਹਾਂ ਹੀਰਾ ਹਨੇਰੇ ਵਿੱਚ ਲੁਕਿਆ ਰਿਹਾ। ਹਾਰਕੇ ਇੱਕ ਸਕੂਟਰੀ ਆ ਗਈ। ਭਵਨ ਦੇ ਪਿੱਛੇ ਲੜਕੀ ਬੈਠੀ ਸੀ। ਉਮਰ ਵਿੱਚ ਭਵਨ ਦੀ ਧੀ ਜਿੱਡੀ ਹੀ ਸੀ। ਹੀਰੇ ਦੀ ਨਜ਼ਰ ਵਿੱਚ ਤਾਂ ਭਵਨ ਉਸ ਤੋਂ ਵੀ ਨੀਚਾ ਬੰਦਾ ਸੀ।

ਸਕੂਟਰੀ ਘੁੰਮਕੇ ਢਾਬੇ ਸਾਹਮਣੇ ਖੜ੍ਹ ਗਈ। ਭਵਨ ਪੂਰਾ ਬੇਵਕੂਫ਼ ਨਹੀਂ ਸੀ। ਕੁੜੀ ਓਥੇ ਛੱਡਕੇ ਇੱਕ ਮੇਜ਼ ਵੱਲ ਤੁਰਪਿਆ। ਢਾਬੇ ਦੇ ਰੇਡੀਓ ਵਿੱਚੋਂ ਮੁਹੰਮਦ ਰਫ਼ੀ ਦਾ ਪਿਆਰਾ ਗੀਤ ਸੁਣਦਾ ਸੀ। “ਜੀ ਕਰਦਾ ਹੈ, ਇਸ ਦੁਨੀਆ ਨੂੰ ਹੱਸਕੇ ਟੱਕਰ ਮਾਰ ਦਿਆ”। ਹੀਰਾ ਅਪਣੀ ਮੱਖੀ ਮਗਰ ਬਾਹਰ ਆਗਿਆ। ਢਾਬੇ ਦੇ ਨੇੜੇ ਖੜ੍ਹੋਤਾ, ਓਨ੍ਹਾਂ ਦੀਆਂ ਗੱਲਾਂ ਸੁਣਦਾ ਸੀ। ਕੋਈ ਮੁੰਡਾ ਜਿਸਦਾ ਨਾਂ ਨੇਕ ਸੀ, ਭਵਨ ਨਾਲ ਕੁੜੀ ਵਾਰੇ ਗੱਲ ਕਰਦਾ ਸੀ। ਲੁਧਿਆਣੇ ਤੋਂ ਟੋਲਾ ਆਇਆ ਸੀ। ਨੇਕ ਨਾਲ ਬਿੱਟੂ ਸੀ। ਇਹ ਸਾਰੇ ਨਾਂ ਸੁਣੇ। ਹੀਰੇ ਨੂੰ ਇਹ ਵੀ ਪਤਾ ਲੱਗਾ ਗਿਆ ਕਿਥੇ ਕੁੜੀ ਨੂੰ ਭਵਨ ਨੇ ਛੱਡਣਾ ਸੀ ( ਕਿਉਂਕਿ ਇਥੇ ਤਾਂ ਮੁੰਡਿਆਂ ਦੇ ਹੱਥ ਨਹੀਂ ਦੇਣੀ ਸੀ। ਸੰਸਾਰ ਜਿਓ ਦੇਖਦਾ ਸੀ)। ਸਿਰਨਾਵਾਂ ਦਾ ਜਦ ਹੀਰੇ ਨੂੰ ਪਤਾ ਲੱਗ ਗਿਆ, ਫੱਟਾ ਫੱਟ ਓਥੇ ਨੱਸ ਗਿਆ।

ਹੀਰਾ ਇਸ ਥਾਂ ਪੌਣੇ ਘੰਟੇ ਵਿੱਚ ਪਹੁੰਚ ਗਿਆ। ਇੱਕ ਝਾੜੀ ਓਹਲੇ ਖੜ੍ਹ ਗਿਆ। ਦਸ ਮਿੰਟਾ ਬਾਅਦ ਕੁੜੀ ਨਾਲ ਭਵਨ ਪਹੁੰਚ ਗਿਆ। ਇੱਕ ਦਮ ਝਾੜੀਆਂ'ਚੋਂ ਬਾਹਰ ਨਿਕਲ ਕੇ ਉਸਨੂੰ ਹੀਰੇ ਨੇ ਘੇਰ ਲਿਆ।

“ ਓਏ, ਤੂੰ ਏਥੇ ਕੀ ਕਰਦਾ ਸਾਲਿਆ!”, ਭਵਨ ਨੇ ਸ਼ੁਰੂ ਕੀਤਾ। ਹੀਰਾ ਪੰਡ ਕੱਢਕੇ ਅਫੀਮ ਮੰਗੀ ਗਿਆ। ਗੁਸਾ ਤਾਂ ਸੀ, ਪਰ ਭਵਨ ਨੇ ਫਿਰ ਵੀ ਪੈਸੇ ਫੜ ਲਏ। ਫਿਰ ਕੁੜੀ ਨੂੰ ਅੰਦਰ ਲੈ ਕੇ ਚੱਲਾ ਸੀ ਜਦ ਹੀਰੇ ਨੇ ਫੜ ਲਿਆ, “ ਦੇਖ, ਮੈਨੂੰ ਹੁਣੇ ਦੇ!”। ਭਵਨ ਘੁੰਮਕੇ ਜਵਾਬ ਦੇਣ ਲੱਗ ਪਿਆ। ਕਦੀ ਕੁੜੀ ਵੱਲ ਇਸ਼ਾਰੇ ਕੀਤੇ ਕਦੀ ਸੜਕ ਵੱਲ। ਹੀਰਾ ਤਾਂ ਡਰ ਗਿਆ। ਭਵਨ ਦੀ ਆਵਾਜ਼ ਦੇ ਥਾਂ ਉਸਦੇ ਹੋਠ ਤੋਂ ਹੀਰੇ ਨੂੰ ਸਿਰਫ਼ ਭੀਂ ਭੀਂ ਹੀ ਸੁਣਦੀ ਸੀ। ਜਿੰਨਾ ਭਵਨ ਬੋਲੇ, ਓਨੀ ਹੀ ਭੀਂ ਭੀਂ ਕਰੇ। ਹਾਰਕੇ ਭਿਣਕਾਰ ਦੇ ਵਿਚਾਲੇ ਕੋਈ ਲਫਜ਼ਾਂ ਦੀ ਸਮਝ ਲੱਗੀ। “ ਕਾਲੂ ਛਤਰੀ ਕੋਲ ਜਾਈ”, ਭਵਨ ਨੇ ਝਾੜੀਆਂ ਵੱਲ ਹੀਰੇ ਨੂੰ ਧੱਕ ਕੇ ਅੰਦਰ ਕੁੜੀ ਨਾਲ ਵੜ ਗਿਆ।

13 Mar 2011

Showing page 1 of 2 << Prev     1  2  Next >>   Last >> 
Reply