ਪਿੰਡ ਦੀ ਯਾਦ
ਪਿੰਡ ਦੀ ਯਾਦ
ਪਿੰਡ ਵਾਲੀ ਜਿੰਦਗੀ ਦੀ ਯਾਦ ਜਦ ਆਂਦੀ ਏ,
ਅੱਖ ਸਿੱਲ੍ਹੀ ਕਰ ਸੀਨੇ ਠੰਢ ਪਾ ਜਾਂਦੀ ਏ |
ਲੁੱਕ ਛਿਪ ਸੰਝ ਨੂੰ ਖਲਾੜਿਆਂ 'ਚ ਜਾਣਾ,
ਫਲ੍ਹਿਆਂ ਤੇ ਝੂਟੇ ਲੈ ਕੇ ਬੜਾ ਮਜ਼ਾ ਆਣਾ,
ਉਹ ਕਾਰ ਦੇ ਝੂਟੇ ਨੂੰ ਵੀ ਬੁੱਲੀਆਂ ਝਕਾਂਦੀ ਏ | ਪਿੰਡ ਵਾਲੀ...
ਬੇਲੀਆਂ 'ਚ ਨਿੱਠ ਬੈਠ ਪੜ੍ਹਨਾ ਪੜ੍ਹਾਉਣਾ,
ਗੰਨੇ ਚੂਪ, ਦਾਣੇ ਚੱਬ, ਨੀਂਦ ਨੂੰ ਭੱਜਾਉਣਾ,
ਕੀਤੀ ਮੌਜ ਕਦੇ ਕਦੇ ਸੁਪਨੇ 'ਚ ਆਂਦੀ ਏ | ਪਿੰਡ ਵਾਲੀ...
ਪਾੜ੍ਹਿਆਂ ਤੇ ਹਾਲੀਆਂ ਦੇ ਸਿੰਗ ਫਸ ਜਾਣਾ,
ਜੂਲੇ ਤੇ ਪੰਜਾਲੀ ਦਾ ਫਰਕ ਸਮਝਾਉਣਾ,
ਬਦਲੇ ਸੁਨਾਣੀ ਫਿਲਮੀ ਕਹਾਣੀ ਪੈ ਜਾਂਦੀ ਏ | ਪਿੰਡ ਵਾਲੀ...
ਅਧ ਰਿੜਕਾ ਪੀਣਾ ਵਿਚ ਰੋਕ ਕੇ ਮਧਾਣੀਆਂ,
ਫੁੱਟਾਂ, ਹੋਲਾਂ ਛੱਲੀਆਂ ਵੀ ਭੁੰਨ ਭੁੰਨ ਖਾਣੀਆਂ,
ਸਕੂਲੋਂ ਛੁੱਟ, ਅੱਗੇ ਪਿੱਛੇ ਭੱਜ ਭੱਜ ਕੇ,
ਮਲ੍ਹਿਆਂ ਦੇ ਬੇਰ ਖਾਣੇ ਰੱਜ ਰੱਜ ਕੇ,
ਅਜੋਕੀ ਰਹਿਣੀ ਉਦ੍ਹੇ ਅੱਗੇ ਪਿੱਲੀ ਪੈ ਜਾਂਦੀ ਏ | ਪਿੰਡ ਵਾਲੀ...
ਕੋਟਲਾ-ਛਪਾਕੀ, ਕੌਡੀ ਖੇਡ ਰੌਲਾ ਪਾਣਾ,
ਲੱਭਣਾ, ਗੁਹਾਰੇ, ਕੁੱਪਾਂ ਓਹਲੇ ਲੁੱਕ ਜਾਣਾ,
ਰੋਂਡੀ ਪੀਂਦਾ ਵਾਰੀ ਜਿਦ੍ਹੀ ਪਿਦਨੇ ਦੀ ਆਂਦੀ ਏ | ਪਿੰਡ ਵਾਲੀ...
ਗਰਮੀਂ 'ਚ ਖੂਹ ਦੀਆਂ ਟਿੰਡਾਂ ਦਾ ਪਾਣੀ,
ਮੂੰਹ ਧੋਅ ਕੇ ਘੁੱਟ ਭਰ, ਠੰਡ ਪੈ ਜਾਣੀ,
ਕੋਕ ਦੀ ਬੋਤਲ ਮੀਲਾਂ ਪਿੱਛੇ ਰਹਿ ਜਾਂਦੀ ਏ,
ਪਿੰਡ ਵਾਲੀ ਜਿੰਦਗੀ ਦੀ ਯਾਦ ਜਦ ਆਂਦੀ ਏ,
ਅੱਖ ਸਿੱਲ੍ਹੀ ਕਰ ਸੀਨੇ ਠੰਢ ਪਾ ਜਾਂਦੀ ਏ |
ਜਗਜੀਤ ਸਿੰਘ ਜੱਗੀ
੨੬ ਮਾਰਚ 2014