ਇੱਕ ਵਾਰ ਫਿਰ ਤੋਂ ਹਾਜਿਰ ਹਾਂ ਜੀ ਇੱਕ ਨਵੀਂ ਰਚਨਾ ਲੈਕੇ, ਜੋ ਕਿ ਕਾਫੀ ਲੰਬੇ ਸਮੇਂ ਤੋਂ ਅੱਧ ਵਿਚਕਾਰ ਪਈ ਸੀ (incomplete)...
ਉਮੀਦ ਹੈ ਆਪ ਸਭ ਪਸੰਦ ਕਰੋਗੇ...ਤੇ ਇੱਕ ਵਾਰ ਫਿਰ ਉਹੀ ਬੇਨਤੀ ਕਿ ਆਪਣੇ ਕੀਮਤੀ ਸੁਝਾਅ ਜਰੂਰ ਦੇਣਾ ਜੀ ਕਿਉਂਕਿ ਮੈਂ ਅਜੇ ਸਿੱਖਣ ਦੀ ਸਥਿਤੀ ਵਿੱਚ ਹੀ ਹਾਂ...ਇਸ ਲਈ ਇੰਤਜਾਰ ਰਹੇਗੀ ਜੀ ਮੈਨੂੰ.....
ਆਪੇ ਲਿਖਿਆ ਹੈ ਜਾਂਦਾ, ਮੈਂ ਕਦੋਂ ਲਿਖਦਾ ਹਾਂ
ਮਜ਼ਦੂਰ ਦਿਆਂ ਪੈਰਾਂ ਦੀਆਂ ਪਾਟੀਆਂ ਬਿਆਈਆਂ
ਜਿੰਦਾ ਸੌਂ ਜਾਂਦੀਆਂ ਨੇ ਜਿੱਥੇ ਭੁੱਖੀਆਂ ਤਿਹਾਈਆਂ
ਜਦੋਂ ਵੀ ਸੁਪਨੇ 'ਚ ਦੇਖਾਂ, ਮੈਂ ਉੱਠ ਬੈਠਦਾ ਹਾਂ
ਆਪੇ ਲਿਖਿਆ ਹੈ ਜਾਂਦਾ, ਮੈਂ ਕਦੋਂ ਲਿਖਦਾ ਹਾਂ
ਜਿਹੜੇ ਹੋਰਾਂ ਲਈ ਬਣਾਉਂਦੇ, ਨਿੱਤ ਮਹਿਲ ਮੁਨਾਰੇ
ਤੇ ਆਪ ਸੌਂ ਜਾਂਦੇ ਭੁੱਖੇ ਢਿੱਡ, ਸੜਕ ਕਿਨਾਰੇ
ਇਹ ਦੇਖ ਭਰੇ ਹੋਏ ਫੋੜੇ ਵਾਂਗ ਰਿਸਦਾ ਹਾਂ
ਆਪੇ ਲਿਖਿਆ ਹੈ ਜਾਂਦਾ, ਮੈਂ ਕਦੋਂ ਲਿਖਦਾ ਹਾਂ
ਜਦੋਂ ਧਰਮਾ ਦੇ ਨਾਂ ਤੇ ਝੁੱਲੇ ਖੂੰਨੀ ਹਨੇਰੀ
ਸਾਂਝੀ ਧਰਤ ਜੋ ਸਾਡੀ ਹੋ ਜਾਵੇ ਤੇਰੀ ਮੇਰੀ
ਮੈਂ ਧਰਤੀ ਦੇ ਪਿੰਡੇ ਉੱਤੇ ਲਾਸਾਂ ਜਦੋਂ ਵੇਖਦਾ ਹਾਂ
ਆਪੇ ਲਿਖਿਆ ਹੈ ਜਾਂਦਾ, ਮੈਂ ਕਦੋਂ ਲਿਖਦਾ ਹਾਂ
ਲਾਹਾ ਦੇਸ ਦੀ ਅਜਾਦੀ ਦਾ ਇਹ ਮੁੱਠੀ ਭਰ ਲੈਗੇ
ਸਾਡੇ ਭਗਤ, ਸਰਾਭੇ ਬੱਸ ਗੀਤਾਂ ਵਿੱਚ ਰਹਿਗੇ
ਕਿਵੇਂ ਬਦਲੂ ਨਿਜ਼ਾਮ, ਮੈਂ ਕਲਾ ਇਹੋ ਸਿੱਖਦਾ ਹਾਂ
ਆਪੇ ਲਿਖਿਆ ਹੈ ਜਾਂਦਾ, ਮੈਂ ਕਦੋਂ ਲਿਖਦਾ ਹਾਂ
ਜਾਗੋ ਦੇਸ ਦੇ ਕਿਸਾਨੋ, ਮਜਦੂਰੋ ਕਾਹਤੋਂ ਸੁੱਤੇ
ਆਪਾਂ ਵੈਰੀ ਨੂੰ ਹਰਾਉਣਾ ਆਜੋ ਤਾਣ ਲਵੋ ਮੁੱਕੇ
"ਸੰਧੂ" ਜਿੱਤਾਂਗੇ ਜਰੂਰ, ਮੈਂ ਇਹ ਮਿੱਥਦਾ ਹਾਂ
ਆਪੇ ਲਿਖਿਆ ਹੈ ਜਾਂਦਾ, ਮੈਂ ਕਦੋਂ ਲਿਖਦਾ ਹਾਂ
ਆਪੇ ਲਿਖਿਆ ਹੈ ਜਾਂਦਾ....
ਆਪੇ ਲਿਖਿਆ ਹੈ ਜਾਂਦਾ....
-ਬਲਿਹਾਰ ਸੰਧੂ
01/11/2010
ਮੈਲਬੌਰਨ,ਅਸਟਰੇਲੀਆ